ਇਸ ਸਾਲ ਨਾਰੀ ਦਿਵਸ ਦਿਨ ਜੋ ਕਿ ੮ ਮਾਰਚ ਨੂੰ ਕਾਫੀ ਸਮੇਂ ਤੋਂ ਦੁਨੀਆਂ ਵਿੱਚ ਮਨਾਇਆ ਅਤੇ ਨਾਰੀ ਦਿਨ ਵਜੋਂ ਜਾਣਿਆ ਜਾਂਦਾ ਹੈ। ਇਸ ਦਿਨ ਭਾਰਤ ਵਿੱਚ ਅਤੇ ਦੁਨੀਆਂ ਵਿੱਚ ਇਕ ਇਸਤਰੀ ਦੀ ਦਿਨ ਪ੍ਰਤੀ ਦਿਨ ਤਰਾਸਦੀ ਨਾਲ ਸਬੰਧਤ ਇਕ documentary ‘India’s Daughter’ ਜੋ ਕਿ ਇਕ ਬਰਤਾਨਵੀ ਇਸਤਰੀ ਲੈਸਲੀ ਉਡਾਵਿਨ (Leslee Udwin) ਵਲੋਂ ਤਿਆਰ ਕੀਤੀ ਗਈ ਸੀ, ਦਾ ਪ੍ਰਸਾਰਨ ਹੋਣਾ ਸੀ। ਇਹ ਛੋਟੀ ਫਿਲਮ ਦੇ ਰੂਪ ਵਿੱਚ ਬਣਾਈ ਗਈ ਸੀ ਅਤੇ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਤਿੰਨ ਸਾਲ ਦੇ ਕਰੀਬ ਪਹਿਲਾ ਵਾਪਰੇ ਦਰਦਨਾਕ ਬਲਾਤਕਾਰ ਨਾਲ ਜੁੜੀ ਦਾਸਤਾਨ ਬਾਰੇ ਬਣਾਈ ਗਈ ਹੈ। ਇਹ ਫਿਲਮ ਜੋ ਕਿ ਦਰਦਨਾਕ ਬਲਾਤਕਾਰ ਦੀ ਮੁਖ ਕੜੀ ਵਿਚਾਰੀ ਮੈਡੀਕਲ ਦੀ ਵਿਦਿਆਰਥਣ ਜਿਸ ਨਾਲ ਦਰਦਨਾਕ ਬਲਾਤਕਾਰ ਤੇ ਬਾਅਦ ਵਿੱਚ ਵੈਸ਼ੀਆਨਾ ਤਾਰੀਕੇ ਨਾਲ ਇਹਨਾਂ ਜੁਲਮ ਕੀਤਾ ਗਿਆ ਜਿਸ ਸਦਕਾ ਉਸਦੀ ਮੌਤ ਹੋ ਗਈ ਤੇ ਆਧਾਰਿਤ ਇਹ ਦਸਤਾਵੇਜ਼ੀ ਫਿਲਮ ਹੈ। ਇਹ ਦਸਤਾਵੇਜ਼ੀ ਫਿਲਮ ਜੋ ਕਿ ਅੱਡ-ਅੱਡ ਜਿੰਦਗੀ ਅਤੇ ਸਮਾਜ਼ ਨਾਲ ਸੰਬਧਤ ਸੂਝਵਾਨ ਵਿਅਕਤੀਆਂ ਦੇ ਦ੍ਰਿਸ਼ਟੀਕੋਨ ਅਤੇ ਇਸ ਘਟਨਾ ਨਾਲ ਮੁਖ ਰੂਪ ਵਿੱਚ ਦੋਸ਼ੀ ਵਿਅਕਤੀ ਅਤੇ ਇਸ ਭਿਆਨਿਕ ਹਾਦਸੇ ਦੀ ਸ਼ਿਕਾਰ ਲੜਕੀ ਦੇ ਮਾਤਾ ਪਿਤਾ ਨਾਲ ਕੀਤੀ ਵਿਚਾਰ ਗੋਸ਼ਟੀ ਨਾਲ ਸਬੰਧਤ ਵਿਚਾਰਾਂ ਦੇ ਆਧਾਰ ਤੇ ਤਿਆਰ ਕੀਤੀ ਗਈ ਹੈ।

ਇਸ ਫਿਲਮ ਦੀ ਮੁੱਖ ਨਿਰਮਾਤਾ ਉਡੀਵਿਨ ਜੋ ਕਿ ਆਪ ਆਪਣੀ ਜ਼ਿੰਦਗੀ ਵਿੱਚ ਬਲਤਕਾਰ ਦਾ ਸ਼ਿਕਾਰ ਦੱਸੀ ਜਾਂਦੀ ਹੈ ਨੇ ਇਸ ਦਸ਼ਤਾਵੇਜ਼ੀ ਫਿਲਮ ਰਾਂਹੀ ਇਹ ਦਰਸਾਉਣਾ ਚਾਹਿਆ ਹੈ ਕਿ ਭਾਰਤ ਦੇਸ਼ ਜੋ ਕਿ ਅੱਜ ਦੁਨਿਆਂ ਵਿੱਚ ਆਪਣੀ ਤਰੱਕੀ ਜਾਫਤਾ ਅਤੇ ਅਗਾਂਹ ਵਧੂ ਸੋਚ ਨੂੰ ਉਜਾਗਰ ਕਰਨ ਲਈ ਪੂਰੀ ਵਾਹ ਲਾ ਰਿਹਾ ਹੈ ਦੀਆਂ ਪੈੜਾਂ, ਸਮਾਜ਼ ਦੀਆਂ ਤਰੇੜਾਂ ਅਤੇ ਕੱਚੀ ਸੋਚ ਵਿੱਚ ਬੁਰੀ ਤਰਾਂ ਜਕੜੇ ਹੋਏ ਦੇਸ਼ ਦੀ ਇਕ ਨਾਰੀ ਪੱਖੀ ਸੋਚ ਦਾ ਦਸ਼ਤਾਵੇਜ਼ੀ ਫਿਲਮ ਰਾਂਹੀ ਸਰਵੇਖਣ ਦਰਸਾਉਣ ਦੀ ਕੋਸ਼ਿਸ ਕੀਤੀ ਗਈ ਹੈ। ਇਹ ਦੇਸ਼ ਜਿਸ ਵਿੱਚ ਨਾਰੀ ਦੇ ਰੂਪ ਵਿੱਚ ਹਜ਼ਾਰਾਂ ਹੀ ਰੱਬ ਦਾ ਰੂਪ ਦੇਵੀਆਂ ਨੂੰ ਮੰਦਰਾਂ ਵਿੱਚ ਵੱਡੀ ਬਹੁਸੰਖਿਆਂ ਵਲੋਂ ਸ਼ਰਧਾ ਅਤੇ ਸਤਿਕਾਰ ਨਾਲ ਭਾਵੇ ਵੱਡੇ ਵਡੇਰਿਆ ਰਾਂਹੀ ਪੂਜਿਆਂ ਅਤੇ ਨਿਵਾਜਿਆ ਜਾਂਦਾ ਹੈ ਉਥੇ ਹੀ ਅੱਜ ਦੇ ਇਸ ਦੇਸ਼ ਵਿੱਚ ਜੋ ਦੁਨੀਆਂ ਅੰਦਰ ਆਪਣੀ ਵੱਡੀ ਜਮੂਹਰੀਅਤ ਨੂੰ ਦੱਸ ਆਪਣੀ ਵੱਡੀ ਜਗਾਹ ਬਨਾਉਣ ਲਈ ਉਤਾਵਲਾ ਹੈ ਵਿੱਚ ਹਰ ੨੦ ਮਿੰਟਾਂ ਬਾਅਦ ਇਕ ਬੱਚੀ, ਜਾਂ ਔਰਤ, ਜਾਂ ਨਾਰੀ ਨਾਲ ਹੋ ਰਹੇ ਬਲਾਤਕਾਰ ਦਾ ਸ਼ਿਕਾਰ ਮੁਲਕ ਹੈ। ਇਸ ਫਿਲਮ ਨੇ ਇਹ ਦੱਸਣ ਦੀ ਕੋਸ਼ਿਸ ਕੀਤੀ ਹੈ ਕਿ ਭਾਰਤ ਅੰਦਰ ਅੱਜ ਵੀ ਇਹ ਸੋਚ ਅਤੇ ਸਮਝ ਭਾਰੀ ਹੈ ਜੋ ਬਲਤਕਾਰ ਦੀ ਸ਼ਿਕਾਰ ਨਾਰੀ ਨੂੰ ਹੀ ਕਿਸੇ ਨਾ ਕਿਸੇ ਰੂਪ ਵਿੱਚ ਚਾਹੇ ਉਸਦੇ ਸ਼ਾਮ ਦੇ ਹਨੇਰੇ ਵਿੱਚ ਇੱਕਲੇ ਘੁੰਮਣ ਕਰਕੇ, ਜਾਂ ਗਰੀਬੀ ਕਰਕੇ ਜਾਂ ਦਲਿਤ ਸਮਾਜ ਨਾਲ ਸੰਬਧਿਤ ਹੋਣ ਕਰਕੇ ਜਾਂ ਕੱਪੜੇ ਆਪਣੀ ਮਨ-ਪੰਸਦ ਦੇ ਪਹਿਨਣ ਕਰਕੇ ਜਾਂ ਆਪਣੇ ਕਿਸੇ ਮਰਦ ਜਾਂ ਮੁੰਡੇ ਨਾਲ ਘੁੰਮਣ ਕਰਕੇ ਹੀ ਇਸ ਗੈਰਇਨਸਾਨੀਅਤ ਵਤੀਰੇ ਦਾ ਜਿੰਮੇਵਾਰ ਠਹਰਾਉਣ ਦੀ ਹੀ ਸਮਝ ਅਤੇ ਸੋਚ ਨੂੰ ਭਾਰੂ ਦਰਸਾਇਆ ਹੈ। ਇਸ ਦਸਤਾਵੇਜੀ ਫਿਲਮ ਨੂੰ ਨਿਰਮਾਣ ਕਰਨ ਵਾਲੀ ਔਰਤ ਨੇ ਇੱਕ ਔਰਤ ਦੇ ਪੱਖ ਤੋਂ ਭਾਰਤ ਦੇਸ਼ ਅੰਦਰ ਬਣ ਚੁੱਕੀ ਨਾਰੀ ਪ੍ਰਤੀ ਪਛਾਣ ਜੋ ਕਿ ਕਿਸੇ ਮਰਦ ਜਾਂ ਪਰਿਵਾਰ ਦੇ ਆਲੇ-ਦੁਆਲੇ ਹੀ ਦਰਸਾਈ ਜਾ ਸਕਦੀ ਹੈ ਨੂੰ ਇੱਕ ਵੱਖਰੇ ਰਾਹ ਰਾਹੀਂ ਦਰਸਾਉਣਾ ਚਾਹਿਆ ਹੈ ਕਿ ਭਾਰਤੀ ਨਾਰੀ ਨੂੰ ਮੁੱਖ ਰੂਪ ਵਿੱਚ ਇੱਕ ਕੁੜੀ ਇੱਕ ਪਤਨੀ ਜਾਂ ਇੱਕ ਔਰਤ ਦੀ ਬਜਾਇ ਇੱਕ ਇਨਸਾਨ ਵਜੋਂ ਪਛਾਣ ਮਿਲਣੀ ਚਾਹੀਦੀ ਹੈ।

ਭਾਰਤ ਦੀ ਸਰਕਾਰ ਨੇ ਅਪਾਣੇ ਅਗਾਂਹ-ਵਧੂ ਅਤੇ ਵੱਡੀ ਜਮਹੂਰੀਅਤ ਦਾ ਦਾਅਵਾ ਦਰਸਾਉਂਦਿਆ ਆਪਣੇ ਸਰਕਾਰੀ ਤੰਤਰ ਦੇ ਜ਼ੋਰ ਰਾਹੀਂ ਇਸ ਦਸਤਾਵੇਜੀ ਫਿਲਮ ਨੂੰ ਭਾਰਤ ਅੰਦਰ ਕਿਸੇ ਵੀ ਰੂਪ ਵਿੱਚ ਦਿਖਾਉਣ ਅਤੇ ਪ੍ਰਸਾਰਨ ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਇਸ ਦਾ ਮੁੱਖ ਕਾਰਨ ਭਾਰਤ ਦੀ ਸਰਕਾਰ ਵਲੋਂ ਇਹ ਦੱਸਿਆ ਗਿਆ ਹੈ ਕਿ ਇਸ ਫਿਲਮ ਰਾਹੀਂ ਭਾਰਤ ਦੀ ਨਾਰੀ ਦਾ ਅਪਮਾਨ ਹੋ ਰਿਹਾ ਹੈ। ਜੋ ਦ੍ਰਿਸ਼ ਇਹ ਦਸਤਾਵੇਜੀ ਫਿਲਮ ਭਾਰਤ ਦੀ ਅੰਦਰੂਨੀ ਸਮਝ ਅਤੇ ਸੋਚ ਦੀਆ ਤਰੇੜਾਂ ਤੇ ਦਿਖਾਵਿਆਂ ਨੂੰ ਦਰਸਾਉਂਣਾ ਚਾਹੁੰਦੀ ਹੈ ਉਸ ਨਾਲ ਦੁਨੀਆਂ ਅੱਗੇ ਭਾਰਤ ਦੇ ਤਰੱਕੀ ਵੱਲ ਨੂੰ ਦੱਸੇ ਜਾਂਦੇ ਕਦਮਾਂ ਤੇ ਦ੍ਰਿਸ਼ਟੀਕੋਣ ਦਾ ਅਕਸ ਗੰਧਲਾ ਹੋ ਕਿ ਸਾਹਮਣੇ ਆਵੇਗਾ। ਜਿਸ ਨਾਲ ਭਾਰਤ ਦੀ ਵੱਧ ਰਹੀ ਤਰੱਕੀ ਵਿੱਚ ਰੁਕਾਵਟ ਬਣੇਗੀ। ਜੋ ਸਰਕਾਰ ਅੱਜ ਦੇ ਆਧੁਨਿਕ ਯੁੱਗ ਵਿੱਚ ਇਹ ਸੋਚ ਤੇ ਪਹਿਰਾ ਦੇ ਰਹੀ ਹੈ ਕਿ ਆਪਣੇ ਮੁਲਕ ਵਿੱਚ ਸਰਕਾਰੀ ਜੋਰ ਨਾਲ ਇੱਕ ਨਾਰੀ ਨੂੰ ਇਨਸਾਨ ਵਜੋਂ ਦਰਸਾਉਣ ਦੀ ਕੋਸ਼ਿਸ਼ ਕਰਦੀ ਛੋਟੀ ਜਿਹੀ ਦਸਤਾਵੇਜੀ ਫਿਲਮ ਦਾ ਪ੍ਰਸਾਰਣ ਰੋਕ ਕੇ ਆਪਣੇ ਤਰੱਕੀ ਦੇ ਦਾਅਵਿਆਂ ਨੂੰ ਹਾਸਲ ਕਰ ਸਕੂਗੀ ਇਸ ਤੋਂ ਵੱਡੀ ਅੱਜ ਦੇ ਯੁੱਗ ਵਿੱਚ ਸੋਚ ਅਤੇ ਸਮਝ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਇਹ ਇਕੀਵੀਂ ਸਦੀ ਦੇ ਯੁੱਗ ਪ੍ਰਤੀ ਪੂਰੀ ਤਰਾਂ ਅਣਜਾਣ ਅਤੇ ਬੇਮੁੱਖ ਹੋਈ ਸੋਚ ਦਾ ਪ੍ਰਤੀਕ ਸਰਕਾਰ ਹੈ।