ਅੱਜ ਵੀ ਦੁਨੀਆਂ ਵਿੱਚ ਜਰਮਨੀ ਦੇ ਹਿਟਲਰ, ਇਟਲੀ ਦੇ ਮੂਸੋਲਿਨੀ ਵਰਗੇ ਤਾਨਸ਼ਾਹ ਅਤੇ ਆਪਣੇ ਆਪ ਤੇ ਕੇਂਦਰਿਤ ਸ਼ਾਸਕ ਹਨ, ਜਿਨਾਂ ਨੇ ਆਪਣੀ ਸੋਚ ਲਈ ਦੁਨੀਆਂ ਅਤੇ ਆਪਣੇ ਮੁਲਕਾਂ ਵਿੱਚ ਵਹਿਸ਼ੀਆਨਾ ਜ਼ੁਲਮ ਕੀਤੇ ਹਨ। ਉਸ ਤਰਾਂ ਦੀ ਸੋਚ ਅਜੇ ਵੀ ਦੁਨੀਆਂ ਵਿੱਚ ਵੱਖ ਵੱਖ ਰੂਪਾਂ ਵਿੱਚ ਪ੍ਰਚਲਿਤ ਹੈ। ਅਮਰੀਕਾਂ ਵਿੱਚ ਅੱਜ ਵੀ ਰਾਸ਼ਟਰਪਤੀ ਵੱਲੋਂ ਕਿਸੇ ਵੀ ਅਜਿਹੀ ਟਿੱਪਣੀ, ਜੋ ਉਸਦੇ ਸ਼ਾਸ਼ਨਕਾਲ ਵਿਰੁੱਧ ਉੱਠਦੀ ਹੋਵੇ ਤੇ ਪ੍ਰੈਸ ਵੱਲੋਂ ਉਸਦੀ ਤਰਜ਼ਮਾਨੀ ਕੀਤੀ ਜਾ ਰਹੀ ਹੋਵੇ, ਨੂੰ ਝੂਠੀ ਕਰਾਰ ਦੇ ਕੇ ਨਕਾਰ ਦਿੱਤਾ ਜਾਂਦਾ ਹੈ। ਇਸੇ ਤਰਾਂ ਦੂਜੀ ਸੰਸਾਰ ਜੰਗ ਤੋਂ ਬਾਅਦ 1940 ਦੇ ਅਖੀਰ ਤੋਂ ਲੈ ਕੇ 1950 ਦੀ ਅਖੀਰ ਤੱਕ ‘McCarthy era’ ਆਇਆ ਸੀ ਜਿਸ ਨੇ ਅਮਰੀਕਾ ਦੇ ਸ਼ਾਸਕਾਂ ਖਿਲਾਫ ਕਿਸੇ ਤਰਾਂ ਦੀ ਅਵਾਜ ਨੂੰ ਦਬਾਉਣ ਲਈ ਖੱਬੇ ਪੱਖੀ ਅਵਾਜ ਕਹਿ ਕੇ ਪੱਤਰਕਾਰਾਂ, ਵਿਦਵਾਨਾਂ, ਫਿਲਮੀ ਹਸਤੀਆਂ, ਰਾਜਨੀਤਿਕ ਅਤੇ ਸਮਾਜਿਕ ਕਾਰਜਸ਼ੀਲ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਇਆ ਸੀ। ਕਈਆਂ ਨੂੰ ਦੇਸ਼ ਧ੍ਰੋਹੀ ਦੇ ਇਲਜ਼ਾਮ ਲਾ ਕੇ ਲੰਮੀਆਂ ਕੈਦਾਂ ਕੀਤੀਆਂ ਸਨ। ਇਸ ਲਈ ਅੱਜ ਦੇ ਯੁੱਗ ਵਿੱਚ ਦੁਨੀਆਂ ਦੇ ਨਾਮੀ 500 ਵਿਦਵਾਨਾਂ, ਪੱਤਰਕਾਰਾਂ, ਸਮਾਜਿਕ ਕਾਰਜਸ਼ੀਲ਼ ਕਾਰਕੁੰਨਾਂ ਤੇ ਮਨੁੱਖੀ ਅਧਿਕਾਰਾਂ ਦੇ ਬਾਰੇ ਚਿੰਤਤ ਗਰੁੱਪਾਂ ਨੇ ਨੋਬਲ ਪੁਰਸਕਾਰ ਜੇਤੂਆਂ ਨਾਲ ਰਲ ਕੇ ਦੁਨੀਆਂ ਸਾਹਮਣੇ ਇੱਕ ਚਿੱਠੀ ਪ੍ਰਕਾਸ਼ਤ ਕੀਤੀ ਹੈ ਜਿਸ ਰਾਹੀ ਉਨਾਂ ਨੇ ਦੱਸਣਾ ਚਾਹਿਆ ਹੈ ਕਿ ਦੁਨੀਆਂ ਜਿੱਥੇ ਕੋਵਿਡ ਵਾਇਰਸ ਦੀ ਭਿਆਨਕ ਮਾਰ ਝੱਲ ਰਹੀ ਹੈ ਉਥੇ ਇਸਦੀ ਆੜ ਵਿੱਚ ਲੋਕਤੰਤਰ ਜ਼ਮਹੂਰੀ ਹੱਕ ਅਤੇ ਪ੍ਰੈਸ ਦੀ ਅਜਾਦੀ ਡਗਮਗਾ ਰਹੀ ਹੈ। ਜਿਸ ਕਾਰਨ ਦੁਨੀਆਂ ਵਿੱਚ ਦੇਸ਼ਾਂ ਦੇ ਸ਼ਾਸ਼ਕਾਂ ਨੇ ਆਪਣੇ ਰਾਜਨੀਤਿਕ, ਸਮਾਜਿਕ ਅਤੇ ਪੱਤਰਕਾਰ ਵਿਰੋਧੀਆਂ ਨੂੰ ਲੋਕਤੰਤਰ ਤੇ ਆਪਣੇ ਸ਼ਾਮਨ-ਕਾਲ ਨੂੰ ਖਤਰਾ ਦੱਸ ਕੇ ਸੌਆਂ ਬੱਧੀ ਦੇਸ਼ ਧ੍ਰੋਹੀ ਦੇ ਕੇਸਾਂ ਹੇਠ ਜੇਲਾਂ ਵਿੱਚ ਡਕਿਆ ਹੋਇਆ ਹੈ ਜਾਂ ਡੱਕਣ ਦੀ ਤਿਆਰੀ ਵਿੱਚ ਹਨ। ਅੱਜ ਅਜਾਦੀ ਦੇ ਅਸਲੀ ਅਰਥ, ਜਿਸ ਰਾਹੀਂ ਲੋਕਾਂ ਦੀ ਸੰਪੂਰਨ ਅਜ਼ਾਦੀ ਤੇ ਪ੍ਰਸ਼ਨ ਚਿੰਨ ਲੱਗ ਗਿਆ ਹੈ। ਇੰਨਾਂ ਸਖਸ਼ੀਅਤਾਂ ਦੇ ਕਹਿਣ ਮੁਤਾਬਕ ਅੱਜ ਅਜਾਦੀ ਲਈ ਨਿਆਂ ਮੰਗਣਾਂ ਵੀ ਇੱਕ ਜ਼ੁਰਮ ਮੰਨਿਆ ਜਾਣ ਲੱਗ ਪਿਆ ਹੈ। ਇਸਦਾ ਮੁੱਖ ਨਿਸ਼ਾਨਾ ਪੱਤਰਕਾਰੀ, ਚਿੰਤਕ, ਰਾਜਨੀਤਿਕ, ਸਮਾਜਿਕ ਕਾਰਜਸ਼ੀਲ ਲੋਕ ਬਣੇ ਹਨ। ਇਸ ਅਜਾਦੀ ਬਾਰੇ ਕਦੀ 1600 ਈਸਵੀ ਵਿੱਚ ਇੱਕ ਮਸ਼ਹੂਰ ਅੰਗਰੇਜੀ ਕਵੀ ਨੇ ਆਪਣੇ ਅਜਾਦੀ ਬਾਰੇ ਵਿਚਾਰ ਪ੍ਰਗਟਾਉਂਦਿਆਂ ਹੋਇਆ ਇਹ ਦਰਸਾਇਆ ਸੀ ਕਿ ਕਿਸੇ ਵੀ ਰਾਜਨੀਤਿਕ ਤੇ ਸਮਾਜਿਕ ਸਿਰਜਣਾ ਲਈ ਇਸਨੂੰ ਲੋਕਾਂ ਦਾ ਮੁਢਲਾ ਹੱਕ ਦਰਸਾਇਆ ਸੀ ਤੇ ਇਸ ਪ੍ਰਤੀ ਉੱਠੀ ਸੱਚ ਦੀ ਅਵਾਜ ਨੂੰ ਰੱਬ ਦੀ ਅਵਾਜ ਦੱਸਿਆ ਸੀ। ਹੁਣ ਇਸ ਅਵਾਜ ਨੂੰ ਦੁਨੀਆਂ ਸਾਹਮਣੇ ਲਿਆਉਣ ਵਾਲੇ ਪੱਤਰਕਾਰ ਮੁੱਖ ਰੂਪ ਵਿੱਚ ਰਾਜ-ਸੱਤਾ ਤੇ ਕਾਬਜ ਸਾਸਕਾਂ ਵੱਲੋਂ ਮੁੱਖ ਨਿਸ਼ਾਨਾ ਬਣ ਰਹੇ ਹਨ ਤੇ ਕਿਸੇ ਨਾ ਕਿਸੇ ਰੂਪ ਵਿੱਚ ਉਨਾ ਨੂੰ ਦਬਾਉਣ ਲਈ ਪੁਰਾਣੇ ਘਸੇ ਪਿਟੇ ਅੰਗਰੇਜ ਸਾਸਕਾਂ ਵੱਲੋਂ ਬਣਾਏ ਕਾਨੂੰਨ ਰਾਹੀਂ ਫਸਾਇਆ ਜਾ ਰਿਹਾ ਹੈ। ਇਸਦੀ ਮੁੱਖ ਉਦਾਹਰਣ 2014 ਤੋਂ ਬਾਅਦ ਸਿਰਜਿਆ ਗਿਆ ਭਾਰਤ ਦਾ ਨਿਜ਼ਾਮ ਹੈ ਜਿਸ ਵਿੱਚ ਅੱਜ ਹਰ ਰੋਜ਼, ਖਾਸ ਕਰਕੇ ਇਸ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਕਿਸੇ ਨਾ ਕਿਸੇ ਨਾਮੀਂ ਪੱਤਰਕਾਰ ਨੂੰ ਕਨੂੰਨੀ ਦਾਅ-ਪੇਚ ਉਲਝਾਇਆ ਜਾ ਰਿਹਾ ਹੈ। ਕਿਉਂ ਕਿ ਉਹ ਲੋਕਾਂ ਦੀ ਰਾਇ ਜਾਣ ਦੇ ਸਰਕਾਰਾਂ ਦੀਆਂ ਜ਼ਿਆਦਤੀਆਂ ਵਾਲੀਆਂ ਨੀਤੀਆਂ ਨੂੰ ਆਪਣੀਆਂ ਪੱਤਰਕਾਰੀ ਰਾਹੀ ਉਜ਼ਾਗਰ ਕਰ ਰਹੇ ਹਨ। ਅੱਜ ਸੂਫੀ ਕਵੀ ਬੁੱਲੇ ਸ਼ਾਹ ਦੇ ਕਹੇ ਸ਼ਬਦ “ਝੂਠ ਆਖਾਂ ਤੇ ਕੁਝ ਬਚਦਾ ਏ, ਸੱਚ ਆਖਿਆਂ ਭਾਂਬੜ ਮੱਦਾ ਏ, ਜੀ ਦੋਹਾਂ ਗੱਲਾਂ ਤੋਂ ਜੱਚਦਾ ਏ, ਜਚ-ਜਚ ਕੇ ਜੀਬਾ ਕਹਿੰਦੀ ਏ ਜੀਭ ,ਜਚ ਜਚ ਕੇ ਸੱਚ ਬੋਲਦੀ ਹੈ।” ਅੱਜ ਵੀ ਅਜਿਹਾ ਹੀ ਮਹੌਲ ਹੈ। ਇਸ ਮਹੌਲ ਨਾਲ ਭਾਰਤ ਸਰਕਾਰ ਅਤੇ ਹੋਰ ਕਈ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਹੀ ਲੋਕਾਂ ਨੂੰ ਦਬਾਅ ਕੇ ਰੱਖਣ ਵਿੱਚ ਕਾਮਯਾਬ ਹੋ ਰਹੀਆਂ ਹਨ। ਭਾਰਤ ਵਿੱਚ ਤਾਂ ਸਰਕਾਰ ਦੀ ਹਮਾਇਤ ਵਿੱਚ ਬਹੁਤ ਵੱਡਾ ਹਿੱਸਾ ਪ੍ਰੈਸ ਤੇ ਇਲੈਕਟ੍ਰੋਨਿਕ ਮੀਡੀਆ ਅਜਿਹਾ ਖੜਾ ਹੈ ਕਿ ਜੋ ਸਰਕਾਰ ਤੋਂ ਵਧੇਰੇ ਸਰਕਾਰ ਦੇ ਹਰ ਇੱਕ ਤਰਾਂ ਦੇ ਵਿਰੋਧ ਤੇ ਵਿਰੋਧੀਆਂ ਨੂੰ ਦਬਾਉਣ ਵਿੱਚ ਸਹਾਈ ਹੋ ਰਿਹਾ ਹੈ ਭਾਵੇ ਇਸ ਵਿੱਚ ਉਨਾਂ ਦੇ ਆਪਣੇ ਹੀ ਪੱਤਰਕਾਰ ਕਿਉਂ ਨਾ ਦਬ ਰਹੇ ਹੋਣ ਜਾਂ ਵਧੀਕੀ ਦਾ ਸ਼ਿਕਾਰ ਹੋ ਰਹੇ ਹੋਣ।