ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈੈ। 11 ਫਰਵਰੀ ਨੂੰ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ 63 ਸੀਟਾਂ ਹਾਸਲ ਕੀਤੀਆਂ ਹਨ ਅਤੇ ਆਪਣੇ ਆਪ ਨੂੰ ਸਿਆਸਤ ਦੇ ਧੁਰੰਤਰ ਸਮਝੇ ਜਾਂਦੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਕੇਵਲ 7 ਸੀਟਾਂ ਤੇ ਹੀ ਸਬਰ ਕਰਨਾ ਪਿਆ ਹੈੈ। ਪਰਤੀਸ਼ਤ ਦੇ ਹਿਸਾਬ ਨਾਲ ਭਾਜਪਾ ਨੇ ਆਪਣੀਆਂ ਸੀਟਾਂ 3 ਤੋਂ 7 ਕਰ ਲਈਆਂ ਹਨ ਜੋ ਕਿ 100 ਫੀਸਦੀ ਤੋਂ ਵੀ ਜਿਆਦਾ ਬਣਦੀਆਂ ਹਨ।

ਦਿੱਲੀ ਵਿਧਾਨ ਸਭਾ ਜੋ ਕਿ ਇੱਕ ਮਿਉਂਸਪਲ ਕਮੇਟੀ ਤੋਂ ਵੱਧ ਕੁਝ ਨਹੀ ਹੈੈ ਦੀਆਂ ਚੋਣਾਂ ਜਿਸ ਹਿਸਾਬ ਨਾਲ ਲੜੀਆਂ ਗਈਆਂ ਉਸ ਹਿਸਾਬ ਨਾਲ ਲਗਦਾ ਸੀ ਕਿ ਦੇਸ਼ ਦੇ ਪਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਲਈ ਵਕਾਰ ਦਾ ਸਵਾਲ ਬਣ ਗਈਆਂ ਹਨ। ਲਗਾਤਾਰ ਜਿੱਤਾਂ ਦੇ ਘੋੜੇ ਤੇ ਸਵਾਰ ਸੱਤਾਧਾਰੀਆਂ ਦੇ ਪੈਰਾਂ ਵਿੱਚ ਜਦੋਂ ਹਰ ਕੋਈ ਡਿਗਣ ਲੱਗੇ ਤਾਂ ਉਨ੍ਹਾਂ ਨੂੰ ਗੁਮਾਨ ਹੋ ਜਾਣਾਂ ਸੁਭਾਵਕ ਹੀ ਹੈੈੈ। ਪਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਜੋੜੀ ਉਸ ਗੁਮਾਨ ਵਿੱਚ ਹੀ ਦਿੱਲੀ ਦੇ ਚੋਣ ਮੈਦਾਨ ਵਿੱਚ ਉਤੀੇ ਸੀ।

ਵਿਕਾਉੂ ਮੀਡੀਆ ਦੇ ਬਲਬੂਤੇ ਤੇ ਆਪਣੇ ਆਪ ਨੂੰ ਭਾਰਤੀ ਰਾਜਨੀਤੀ ਦੇ ਚਾਣਕਿਆ ਸਦਵਾਉਣ ਵਾਲੇ ਅਮਿਤ ਸ਼ਾਹ ਲਈ ਦਿੱਲੀ ਦੀਆਂ ਚੋਣਾਂ ਵਕਾਰ ਦਾ ਸੁਆਲ ਬਣ ਗਈਆਂ ਸਨ। ਸਾਮ, ਦਾਮ ਦੰਡ ਭੇਦ ਰਾਹੀਂ ਚੋਣਾਂ ਜਿੱਤਣ ਦੇ ਮਾਹਰ ਇਸ ਸਿਆਸਤਦਾਨ ਨੇ ਉਹ ਹਰ ਹਰਬਾ ਵਰਤਿਆ ਜੋ ਭਾਰਤ ਦੀ ਰਾਜਨੀਤੀ ਵਿੱਚ ਵਰਤਿਆ ਜਾਂਦਾ ਹੈੈ। ਮੁਸਲਮਾਨਾਂ ਦੇ ਖਿਲਾਫ ਜਿੰਨੀ ਗੰਦੀ ਭਾਸ਼ਾ ਕੋਈ ਬੋਲ ਸਕਦਾ ਹੈ ਅਤੇ ਜਿਸ ਹੱਦ ਤੱਕ ਕੋਈ ਜਾ ਸਕਦਾ ਹੈ, ਇਨ੍ਹਾਂ ਚੋਣਾਂ ਦੌਰਾਨ ਭਾਜਪਾ ਦੇ ਨੇਤਾ ਗਏ।

ਮੁਸਲਮਾਨਾਂ ਨੂੰ ਗੋਲੀਆਂ ਮਾਰ ਦੇਣ ਦੇ ਹੋਕਿਆਂ ਦੇ ਨਾਲ ਨਾਲ ਹਿੰਦੂਆਂ ਨੂੰ ਭੈਅ-ਭੀਤ ਕਰਨ ਲਈ ਇਹ ਆਖਿਆ ਗਿਆ ਕਿ ਜੇ ਇਹ ਕੌਮ ਸਿਰ ਚੁਕਣ ਜੋਗੀ ਹੋ ਗਈ ਤਾਂ ਦਿਨ ਦਿਹਾੜੇ ਤੁਹਾਡੇ ਘਰਾਂ ਵਿੱਚ ਵੜਕੇ, ਵੁਹਾਡੀਆਂ ਬੱਚੀਆਂ ਦੀ ਬੇਪਤੀ ਕਰੇਗੀ। ਅਸੀਂ ਕਹਿ ਸਕਦੇ ਹਾਂ ਕਿ ਦਿੱਲੀ ਚੋਣਾਂ ਦੌਰਾਨ ਭਾਜਪਾ ਨੇ ਨੀਵਾਣਪੁਣੇ ਦੀਆਂ ਸਾਰੀਆਂ ਹੱਦਾਂ ਛੋਹੀਆਂ। ਸਿਰਫ ਚੋਣਾਂ ਜਿੱਤਣਾਂ ਹੀ ਜਦੋਂ ਇੱਕੋ ਇੱਕ ਮਕਸਦ ਰਹਿ ਜਾਵੇ ਤਾਂ, ਕਥਿਤ ਜਮਹੂਰੀਅਤ ਵਿੱਚ ਅਜਿਹਾ ਕੁਝ ਹੀ ਹੁੰਦਾ ਹੈੈ।

ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਕੀਤੇ ਹੋਏ ਕੰਮਾਂ ਦੇ ਅਧਾਰ ਤੇ ਲੋਕਾਂ ਤੋਂ ਵੋਟ ਮੰਗੇ। ਬਿਨਾਸ਼ੱਕ ਕੇਜਰੀਵਾਲ ਨੇ ਲੋਕ ਹਿੱਤਾਂ ਵਿੱਚ ਬਹੁਤ ਸਾਰੇ ਅਜਿਹੇ ਕੰਮ ਕੀਤੇ ਸਨ ਜਿਨਾਂ ਕਰਕੇ ਦਿੱਲੀ ਦੀ ਜਨਤਾ ਨੇ ਉਸਨੂੰ ਫਿਰ ਭਾਰੀ ਬਹੁਮਤ ਨਾਲ ਜਿਤਾ ਦਿੱਤਾ।

ਦਿਲਚਸਪ ਗੱਲ ਇਹ ਰਹੀ ਕਿ 1984 ਵਿੱਚ ਜਿਸ ਦਿੱਲੀ ਨੂੰ ਆਪਣੀ ਮਲਕੀਅਤ ਸਮਝਕੇ ਕਾਂਗਰਸ ਨੇ ਕਤਲੇਆਮ ਕਰਵਾਇਆ ਸੀ ਉਸ ਦਿੱਲੀ ਵਿੱਚ ਹੁਣ ਉਸਦੇ ਪੈਰ ਵੀ ਨਹੀ ਲੱਗ ਰਹੇ। ਜਿਹੜੇ ਕਹਿੰਦੇ ਸੀ ਕਿ ਦਿੱਲੀ ਤੇ ਸਾਡੀ ਹੀ ਮਾਲਕੀ ਹੈ ਅਸੀਂ ਦਿੱਲੀ ਅਤੇ ਕੇਂਦਰ ਦੇ ਰਾਜ-ਪਰਬੰਧ ਨਾਲ ਕਿਸੇ ਨੂੰ ਵੀ ਕਤਲ ਕਰ ਸਕਦੇ ਹਾਂ, ਅੱਜ ਉਨ੍ਹਾਂ ਦੇ ਵਾਰਸਾਂ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈੈ।

ਦਿੱਲੀ ਦੀਆਂ ਚੋਣਾਂ ਨੇ ਇਹ ਸਬਕ ਦਿੱਤਾ ਹੈ ਕਿ ਨਫਰਤ ਦੀ ਰਾਜਨੀਤੀ ਹਮੇਸ਼ਾ ਨਹੀ ਚਲਦੀ ਹੁੰਦੀ। ਬੇਸ਼ੱਕ ਨਫਰਤ ਦੇ ਵਣਜਾਰਿਆਂ ਨੇ ਭਾਰਤ ਦੇ ਮੱਧ ਵਰਗ ਅਤੇ ਉੱਚ ਵਰਗ ਨੂੰ ਵਰਗਲਾ ਕੇ ਆਪਣੇ ਪਿੱਛੇ ਲਗਾ ਲਿਆ ਹੈ ਪਰ ਦਿੱਲੀ ਦੇ ਲੋਕਾਂ ਨੇ ਦੱਸਿਆ ਹੈ ਕਿ ਕੂੜ ਪਰਚਾਰ ਨਾਲ ਹਮੇਸ਼ਾ ਚੋਣਾਂ ਨਹੀ ਜਿੱਤੀਆਂ ਜਾਂਦੀਆਂ।

ਆਮ ਆਦਮੀ ਪਾਰਟੀ ਦਿੱਲੀ ਜਿੱਤਣ ਤੋਂ ਬਾਅਦ ਹੁਣ ਪੰਜਾਬ ਨੂੰ ਜਿੱਤਣ ਦੇ ਦਾਅਵੇ ਕਰਨ ਲੱਗ ਪਈ ਹੈੈ। ਉਸਦੇ ਵਰਕਰ ਇਹ ਸਮਝਣ ਲੱਗ ਪਏ ਹਨ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਜਿੱਤ ਸਕਦੀ ਹੈੈ। ਪਰ ਪੰਜਾਬ ਵਾਲੀ ਖੀਰ ਉਨ੍ਹਾਂ ਤੋਂ ਬਹੁਤ ਦੂਰ ਹੈੈ। ਪੰਜਾਬ ਦੀ ਸਿਆਸਤ, ਮਹਿਜ਼ ਚੰਗੇ ਪਰਸ਼ਾਸ਼ਨ ਦੀ ਸਿਆਸਤ ਨਹੀ ਹੈ ਬਲਕਿ ਇੱਥੇ ਡੁੱਲੇ ਹੋਏ ਲਹੂ ਦੀ ਸਿਆਸਤ ਹੈੈ।

ਲੱਖਾਂ ਲੋਕਾਂ ਨੇ ਇਸ ਧਰਤੀ ਦੀ ਇੱਜਤ ਨੂੰ ਬਚਾਉਣ ਲਈ ਆਪਣਾਂ ਲਹੂ ਡੋਲ੍ਹਿਆ ਹੈੈ। ਹਜਾਰਾਂ ਹਾਲੇ ਵੀ 30-30- ਸਾਲ ਤੋਂ ਜੇਲ੍ਹ ਵਿੱਚ ਹਨ।

ਪੰਜਾਬ ਦੀ ਸਿਆਸਤ ਤੇ ਉਹ ਤੀਜੀ ਧਿਰ ਹੀ ਆਪਣੀ ਪਕੜ ਬਣਾ ਸਕੇਗੀ ਜੋ ਇਮਾਨਦਾਰ ਹੋਵੇਗੀ ਅਤੇ ਡੁੱਲੇ੍ਹ ਹੋਏ ਲਹੂ ਨਾਲ ਇਨਸਾਫ ਕਰਨ ਦਾ ਵਾਅਦਾ ਕਰੇਗੀ। ਪਰਸ਼ਾਸ਼ਨਿਕ ਤੌਰ ਤੇ ਵੀ ਪੰਜਾਬ ਅਤੇ ਦਿੱਲੀ ਦਾ ਫਰਕ ਹੈੈ। ਦਿੱਲੀ ਸਿਰ 2.70 ਲੱਖ ਦਾ ਕਰਜ਼ਾ ਨਹੀ ਹੈ ਜੋ ਭਾਰਤ ਸਰਕਾਰ ਨੇ ਪੰਜਾਬ ਖਿਲਾਫ ਜੰਗ ਲੜਕੇ ਪੰਜਾਬ ਸਿਰ ਚੜ੍ਹਾਇਆ ਹੈੈ। ਦਿੱਲੀ ਦੀ ਜਮੀਨ ਸੋਨੇ ਦੇ ਭਾਅ ਵਿਕਦੀ ਹੈ ਅਤੇ ਦਿੱਲੀ ਦੇਸ਼ ਦੀ ਦੂਜੀ ਵਪਾਰਕ ਰਾਜਧਾਨੀ ਹੈੈ, ਮੁੰਬਈ ਤੋਂ ਬਾਅਦ। ਟੈਕਸ ਦੇ ਰੂਪ ਵਿੱਚ ਦਿੱਲੀ ਨੂੰ ਜੋ ਆਉਂਦਾ ਹੈ ਉਹ ਪੰਜਾਬ ਨੂੰ ਨਹੀ ਆਉਂਦਾ।

ਵੈਸੇ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਜੋ ਗੁੱਲ ਖਿਲਾ ਦਿੱਤੇ ਹਨ ਉਹ ਕਿਸੇ ਤੋਂ ਲੁਕੇ ਹੋਏ ਨਹੀ। ਹੁਣ ਪੰਜਾਬ ਵਾਲੀ ਦਿੱਲੀ ਦੂਰ ਹੈੈੈ।