ਪੰਜਾਬੀ ਜਗਤ ਦਾ ਚ੍ਰਚਿਤ ਅਤੇ ਸਭ ਤੋਂ ਵਧੇਰੇ ਪੜਿਆ ਜਾਣ ਵਾਲਾ ਮਹਾਨ ਲੇਖਕ ਜਸਵੰਤ ਸਿੰਘ ਕੰਵਲ ਆਪਣੀ ਜਿੰਦਗੀ ਦੇ ੧੦੦ ਵਰੇ ਪੂਰੇ ਕਰਕੇ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਭਾਵੇਂ ਉਹ ਦਸਵੀਂ ਪਾਸ ਵੀ ਨਹੀਂ ਸੀ ਪਰ ਉਹ ਪੰਜਾਬੀ ਜਗਤ ਨੂੰ ਆਪਣੀ ਲਿਖਤਾਂ ਰਾਹੀਂ ਸੋਚਣ ਤੇ ਝੰਜੋੜਨ ਲਈ ਮਜ਼ਬੂਰ ਕਰਦਾ ਰਿਹਾ ਹੈ। ਜਸਵੰਤ ਸਿੰਘ ਕੰਵਲ ਮਾਲਵੇ ਦਾ ਹੋਣ ਕਰਕੇ ਹਮੇਸ਼ਾਂ ਆਪਣੇ ਨਾਵਲਾਂ ਤੇ ਲਿਖਤਾਂ ਰਾਹੀਂ ਵਧੇਰੇ ਕਰਕੇ ਮਾਲਵੇ ਖੇਤਰ ਤੇ ਕੇਂਦਰਿਤ ਰਿਹਾ ਹੈ ਪਰ ਇਸਦੀਆਂ ਲਿਖਤਾਂ ਮਾਝੇ ਤੇ ਦੁਆਬੇ ਵਿੱਚ ਵੀ ਬੜੇ ਮਾਣ ਨਾਲ ਪੜੀਆਂ ਜਾਂਦੀਆਂ ਰਹੀਆਂ ਹਨ। ਇਹ ਪਹਿਲਾ ਲੇਖਕ ਸੀ ਜਿਸਨੇ ਆਪਣੀਆਂ ਕਿਤਾਬਾਂ ਤੋਂ ਕਮਾਏ ਧਨ ਦਾ ਟੈਕਸ ਵੀ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਦੂਸਰੀ ਪੰਜਾਬੀ ਲੇਖਿਕਾ ਜਿਸਨੇ ਟੈਕਸ ਦਿੱਤਾ ਸੀ ਉਹ ਅ੍ਰੰਮਿਤਾ ਪ੍ਰੀਤਮ ਸੀ। ਇਹ ਇੱਕ ਅਜਿਹਾ ਲੇਖਕ ਸੀ ਜਿਸਦੀ ਕਿਤਾਬ ਛਾਪਣ ਲਈ ਪ੍ਰਕਾਸ਼ਕ ਲਾਈਨਾਂ ਬਣਾ ਕੇ ਖੜੇ ਰਹਿੰਦੇ ਸੀ ਅਤੇ ਕਈ ਵਾਰ ਤਾਂ ਤਿੰਨ ਤਿੰਨ ਪ੍ਰਕਾਸ਼ਕਾਂ ਨੇ ਇੰਨਾਂ ਦੀ ਇੱਕ ਹੀ ਕਿਤਾਬ ਨੂੰ ਛਾਪਿਆ ਸੀ। ਜਸਵੰਤ ਸਿੰਘ ਕੰਵਲ ਵੱਲੋਂ ਲਿਖੀਆਂ ਕਿਤਾਬਾਂ, ਨਾਵਲਾਂ ਅਤੇ ਲਿਖਤਾਂ ਦੀ ਕੋਈ ਗਿਣਤੀ ਨਹੀਂ ਹੈ। ਹੋ ਸਕਦਾ ਹੈ ਕਿ ਕਿਸੇ ਵਿਦਿਆਰਥੀ ਨੇ ਇਹਨਾਂ ਦੀਆਂ ਲਿਖਤਾਂ ਅਤੇ ਨਾਵਲਾਂ ਨੂੰ ਅਧਾਰ ਬਣਾ ਕੇ ਪੀ.ਐਚ.ਡੀ. ਵੀ ਕੀਤੀ ਹੋਵੇ। ਸਨਮਾਨ ਅਤੇ ਇਨਾਮ ਤਾਂ ਦੇਸ਼ਾ-ਵਿਦੇਸ਼ਾਂ ਵਿੱਚ ਕੰਵਲ ਸਾਹਿਬ ਨੂੰ ਬਹੁਤ ਮਿਲੇ ਹਨ ਪਰ ਜਿਹੜੀ ਕਦਰ ਇਸ ਅਨੋਖੇ ਨਾਵਲਕਾਰ ਦੀ ਹੋਣੀ ਚਾਹੀਦੀ ਸੀ ਉਸਤੋਂ ਇਹ ਮਹਾਨ ਸਾਹਿਤਕਾਰ ਵਾਂਝਾ ਹੀ ਰਿਹਾ ਹੈ। ਇਹ ਇਸ ਤਰਾਂ ਦਾ ਬੇਵਾਕ ਅਤੇ ਦਲੇਰ ਲੇਖਕ ਸੀ ਜਿਸਨੇ ਆਪਣੇ ਨਾਵਲ ਪੁੰਨਿਆਂ ਦਾ ਚੰਨ ਵਿੱਚ ਲਾਲਾ ਲਾਜਪਤ ਗਏ ਜੋ ਕੰਵਲ ਸਾਹਿਬ ਦੇ ਪਿੰਡ ਹੀ ਆਪਣੇ ਨਾਨਕਿਆਂ ਦੇ ਘਰ ਜੰਮਿਆ, ਪਲਿਆ ਸੀ ਅਤੇ ਜਿਸ ਨੂੰ ਅਜ਼ਾਦੀ ਦਾ ਮਹਾਨ ਸ਼ਹੀਦ ਕਿਹਾ ਜਾਂਦਾਂ ਹੈ  ਦੇ ਬਾਰੇ ਜਸਵੰਤ ਸਿੰਘ ਕੰਵਲ ਨੇ ਆਪਣੇ ਕਲਮ ਤੋਂ ਲਿਖਿਦਿਆਂ ਦਰਸਾਇਆ ਹੈ ਕਿ ਇਹ ਸਖਸ ਫੋਕਾ ਹੀ ਸ਼ਹੀਦ ਸੀ। ਜਸਵੰਤ ਸਿੰਘ ਕੰਵਲ ਸਾਰੀ ਉਮਰ ਮਨੁੱਖੀ ਹਿਤਾਂ ਲਈ, ਪੰਜਾਬ ਤੇ ਪੰਜਾਬੀਅਤ ਲਈ ਸੰਘਰਸ਼ਸ਼ੀਲ ਰਿਹਾ ਹੈ। ਇਹੀ ਇੱਕ ਲੇਖਕ ਹੈ ਜਿਸਨੇ ਸਰਕਾਰਾਂ ਨੂੰ ਆਪਣੀਆਂ ਲਿਖਤਾਂ ਰਾਹੀਂ ਜਫਰਨਾਮਾ ਦੇ ਰੂਪ ਵਿੱਚ ਲਲਕਾਰਿਆ ਸੀ। ਇਥੋਂ ਤੱਕ ਕੇ ੯੩ ਸਾਲ ਦੀ ਉਮਰ ਵਿੱਚ ਵੀ ਜਦੋਂ ਦਿੱਲੀ ਯੂਨੀਵਰਸਿਟੀ ਨੇ ਪੰਜਾਬੀ ਵਿਸ਼ੇ ਨੂੰ ਬੰਦ ਕਰਨਾ ਚਾਹਿਆਂ ਤਾਂ ਇਹ ਮੋਮਬੱਤੀਆਂ ਫੜ ਕੇ ਦਿੱਲੀ ਦੀਆਂ ਸੜਕਾਂ ਤੇ ਉਤਰਿਆ। ਜਸਵੰਤ ਸਿੰਘ ਕੰਵਲ ਨੇ ਆਪਣੇ ਪਹਿਲੇ ਨਾਵਲ ‘ਸੱਚ ਨੂੰ ਫਾਂਸੀਂ’ ਰਾਹੀਂ ਅੰਗਰੇਜਾਂ ਦੀ ਨਿਆਂ ਪ੍ਰਣਾਲੀ ਨੂੰ ਨੰਗਿਆਂ ਕੀਤਾ ਸੀ। ਅਜ਼ਾਦੀ ਵੇਲੇ ਹੋਏ ਕਤਲੇਆਮ ਨੇ ਇੰਨਾਂ ਦੇ ਦਿਲ ਨੂੰ ਗਹਿਰੀ ਸੱਟ ਮਾਰੀ। ਇੰਨਾ ਦੇ ਕਈ ਦੋਸਤ ਉਸ ਵੰਡ ਵਿੱਚ ਵੰਡੇ ਗਏ। ਇਸੇ ਤਰਾਂ ਇੰਨਾ ਨੇ ਪੰਜਾਬ ਅੰਦਰ ਜੋ ਵੀ ਸੰਘਰਸ਼ ਜਾਂ ਤਰਕ ਉਠਿਆ ਉਸ ਨਾਲ ਹਮੇਸ਼ਾ ਆਪਣੇ ਆਪ ਨੂੰ ਜੋੜ ਕੇ ਉਸਦੀ ਹਮਾਇਤ ਵਿੱਚ ਲਿਖਤਾਂ ਵੀ ਲਿਖੀਆ ਤੇ ਪੰਜਾਬ ਦੇ ਸੰਘਰਸ਼ਾਂ ਦੀ ਕਹਾਣੀ ਨੂੰ ਨਾਵਲਾਂ ਰਾਹੀਂ ਵੀ ਚਿਤਰਿਆ। ਜਸਵੰਤ ਸਿੰਘ ਕੰਵਲ ਦੇ ਮਨ ਦੀ ਚਾਹਤ ਸੀ ਕਿ ਮੇਰਾ ਪੰਜਾਬ ਬੇਗਮਪੁਰਾ ਬਣੇ। ਪਰ ਇਹ ਤਾਂਘ ਉਹ ਮਨ ਵਿੱਚ ਹੀ ਲੈ ਕੇ ਦੁਨੀਆਂ ਨੂੰ ਅਲਵਿਦਾ ਕਹਿ ਗਏ।