ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵਿੱਚ ਅਨੇਕਾਂ ਥੰਮ ਸਨ ਜਿਨਾਂ ਨੇ ਮਰਦੇ ਦਮ ਤੱਕ ਮੈਦਾਨੇ ਜੰਗ ਵਿੱਚ ਆਪਣੇ ਆਪ ਨੂੰ ਸਿੱਖ ਰਾਜ ਦੇ ਤਹਿਤ ਸਮਰਪਤ ਕੀਤਾ ਤਾਂ ਜੋ ਸਿੱਖ ਰਾਜ ਸਦਾ ਕਾਇਮ ਰਹਿ ਸਕੇ। ਸਿੱਖ ਰਾਜ ਦੇ ਰਾਜਾ ਮਹਾਰਾਜਾ ਰਣਜੀਤ ਸਿੰਘ ਦੀ ੧੮੩੯ ਵਿੱਚ ਹੋਈ ਮੌਤ ਤੋਂ ਬਾਅਦ ਸਿੱਖ ਰਾਜ ਆਪਸੀ ਭਰਾ ਮਾਰੂ ਜੰਗ ਦਾ ਅਜਿਹਾ ਸ਼ਿਕਾਰ ਹੋਇਆ ਕਿ ਆਖੀਰ ਇੱਕ ਛੋਟਾ ਮਾਲਕ ਮਹਾਰਾਜ ਦਲੀਪ ਸਿੰਘ ਤੇ ਉਸਦੀ ਮਾਤਾ ਮਹਾਰਾਣੀ ਜਿੰਦ ਕੌਰ ਹੀ ਬੱਚ ਸਕੇ। ਸਿੱਖ ਰਾਜ ਦੇ ਜਰਨੈਲਾਂ ਵਿਚੋਂ ਇੱਕ ਮਹਾਨ ਯੋਧਾ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਇਸ ਭਰਾ ਮਾਰੂ ਤੇ ਗਦਾਰੀਆਂ ਨਾਲ ਭਰੀ ਹੋਈ ਸਿੱਖ ਰਾਜ ਦੀ ਦਾਸਤਾਨ ਤੋਂ ਪ੍ਰੇਸ਼ਾਨ ਹੋ ਕੇ ਮੂੰਹ ਮੋੜ ਕੇ ਆਪਣੇ ਜੱਦੀ ਪਿੰਡ ਅਟਾਰੀ ਜਾ ਬੈਠਾ ਸੀ। ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਉਹ ਵਿਅਕਤੀ ਸੀ ਜਿਸਦੀ ਆਪਣੀ ਧੀ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੌਨਿਹਾਲ ਸਿੰਘ ਨਾਲ ਵਿਆਹੀ ਹੋਈ ਸੀ। ਨੌਨਿਹਾਲ ਸਿੰਘ ਨੂੰ ਵੀ ਸਿੱਖ ਰਾਜ ਅੰਦਰ ਬੈਠੇ ਗਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਛੇਤੀ ਹੀ ਮੁਕਾ ਦਿੱਤਾ ਸੀ। ਸ਼ਾਮ ਸਿੰਘ ਅਟਾਰੀਵਾਲਾ ਦਾ ਜਨਮ ੧੭੯੦ ਈਸਵੀ ਵਿੱਚ ਇੱਕ ਨਾਮਵਰ ਜੱਟ ਸਿੱਖ ਪਰਿਵਾਰ ਦੇ ਘਰੇ ਹੋਇਆ ਸੀ। ਜੋ ਵੱਡੀਆਂ ਜ਼ਮੀਨਾਂ ਦੇ ਮਾਲਕ ਸਨ। ਬਚਪਨ ਵਿੱਚ ਉਨਾਂ ਨੇ ਗੁਰਮੁਖੀ ਅਤੇ ਪਰਸ਼ੀਅਨ ਦੀ ਪੜ੍ਹਾਈ ਕੀਤੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਦੀ ਕਮਾਂਡ ਸੰਭਾਲੀ ਤਾਂ ਉਨ੍ਹਾਂ ਨੇ ਸ਼ਾਮ ਸਿੰਘ ਅਟਾਰੀਵਾਲਾ ਵਾਲਾ ਨੂੰ ਆਪਣੀ ਫੌਜ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਅਤੇ ੧੮੧੭ ਵਿੱਚ ਸ਼ਾਮ ਸਿੰਘ ਅਟਾਰੀਵਾਲਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੀ ਕਮਾਂਡ ਸੰਭਾਲ ਲਈ ਅਤੇ ਇੰਨਾਂ ਦੀ ਕਮਾਂਡ ਥੱਲੇ ੫੦੦੦ ਦੀ ਫੌਜ ਮੁਕਰੱਰ ਕੀਤੀ ਗਈ। ਮਹਾਂਰਾਜਾ ਰਣਜੀਤ ਸਿੰਘ ਨੂੰ ਪਤਾ ਸੀ ਉਹ ਸ਼ਾਮ ਸਿੰਘ ਅਟਾਰੀਵਾਲਾ ਸਿੱਖ ਰਾਜ ਨਾਲ ਜੁੜਿਆ ਹੋਇਆ ਅਤੇ ਇਸ ਪ੍ਰਤੀ ਕੋਈ ਵੀ ਕੁਰਬਾਨੀ ਕਰਨ ਤੋਂ ਪਿੱਛੇ ਨਹੀਂ ਹੋਵੇਗਾ। ਆਪਣੀ ਯੋਗਤਾ ਨੂੰ ਸਿੱਧ ਕਰਦਿਆਂ ਸ਼ਾਮ ਸਿੰਘ ਅਟਾਰੀਵਾਲਾ ਨੇ ਸਿੱਖ ਰਾਜ ਦੇ ਦੌਰਾਨ ਅਨੇਕਾਂ ਜੰਗਾਂ ਲੜੀਆਂ ਜਿਵੇਂ ਕਿ ਮੁਲਤਾਨ ਦੀ ਲੜਾਈ, ਕਸ਼ਮੀਰ ਦੀ ਲੜਾਈ ਤੇ ਅਫਗਾਨਾਂ ਨਾਲ ਵੀ ਸਿੱਧੀ ਟੱਕਰ ਲਈ। ਇੰਨਾਂ ਜੰਗਾਂ ਵਿੱਚ ਹਮੇਸ਼ਾ ਸਿੱਖ ਰਾਜ ਦਾ ਝੰਡਾ ਬੁਲੰਦ ਰੱਖਿਆ। ਕਦੇ ਇਹ ਕਿਹਾ ਜਾਂਦਾ ਸੀ ਕਿ ਸਿੱਖ ਰਾਜ ਅਜਿਹੀ ਤਾਕਤ ਬਣ ਚੁੱਕਿਆ ਸੀ ਕਿ ਇਸ ਤੋਂ ਅੰਗਰੇਜ਼ ਸਾਮਰਾਜ ਵੀ ਘਬਰਾਉਂਦਾ ਸੀ। ਇਸ ਕਰਕੇ ਹੀ ਉਹਨਾਂ ਨੇ ਆਪਣੀ ਹੱਦ ਸੱਤਲੁਜ ਤੱਕ ਸੀਮਤ ਕਰ ਲਈ ਸੀ। ਪਰ ਸਿੱਖ ਰਾਜ ਨੂੰ ਮਿਟਾਉਣ ਲਈ ਅੰਗਰੇਜ਼ ਸਾਮਰਾਜ ਹਮੇਸ਼ਾ ਵਿਉਂਤਾ ਬੁਣਦਾ ਰਹਿੰਦਾ ਸੀ ਤੇ ਅਖੀਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਹ ਆਪਣੀ ਵਿਉਂਤਬੰਦੀ ਵਿੱਚ ਕਾਮਯਾਬ ਰਿਹਾ ਤੇ ਉਸ ਸਮੇਂ ਦੇ ਸਿੱਖ ਮਹਾਰਾਜੇ ਤੇ ਮਹਾਰਾਣੀ ਜਿੰਦਾ ਨੂੰ ਮਜ਼ਬੂਰ ਕਰ ਦਿੱਤਾ ਕਿ ਉਹ ਅੰਗਰੇਜਾਂ ਨਾਲ ਜੰਗ ਛੇੜਨ। ਇਸੇ ਦੌਰਾਨ ਜਦੋਂ ਸਿੱਖ ਰਾਜ ਜੰਗਾਂ ਵਿੱਚ ਜਿੱਤਣ ਤੋਂ ਬਾਅਦ ਆਪਣੇ ਜਰਨੈਲਾਂ ਦੀਆਂ ਗਦਾਰੀਆਂ ਕਰਕੇ ਪਛੜਨ ਲੱਗ ਪਿਆ ਸੀ ਤਾਂ ਆਖਰੀ ਸਮੇਂ ਜਦੋਂ ਸਭਰਾਉਂ ਦੀ ਜੰਗ ਹੋਈ ਤਾਂ ਮਹਾਰਾਣੀ ਜਿੰਦ ਕੌਰ ਨੇ ਸ਼ਾਮ ਸਿੰਘ ਅਟਾਰੀਵਾਲਾ ਨੂੰ ਚਿੱਠੀ ਲਿਖੀ ਤੇ ਸਿੱਖ ਰਾਜ ਦੀ ਹੋਂਦ ਬਚਾਉਣ ਦੀ ਦੁਹਾਈ ਦਿੱਤੀ। ਜਿਸ ਨੂੰ ਪੜ੍ਹ ਕੇ ਸ਼ਾਮ ਸਿੰਘ ਅਟਾਰੀਵਾਲਾ ਨੇ ਸਿੱਖ ਰਾਜ ਨੂੰ ਬਰਕਰਾਰ ਰੱਖਣ ਲਈ ੧੦ ਫਰਵਰੀ ੧੮੪੬ ਨੂੰ ਸਭਰਾਉਂ ਦੀ ਜੰਗ ਵਿੱਚ ਸ਼ਿਰਕਤ ਕੀਤੀ ਪਰ ਉਸ ਸਮੇਂ ਸਿੱਖ ਕੌਮ ਦੀ ਕਮਾਂਡ ਗਦਾਰ ਡੋਗਰਿਆਂ ਕੋਲ ਹੋਣ ਕਰਕੇ ਸਿੱਖ ਫੌਜ ਪਛੜ ਗਈ ਪਰ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੇ ਆਪਣਾ ਕੌਲ ਨਿਭਾਉਂਦਿਆਂ ਹੋਇਆ ਸਹੀਦੀ ਪ੍ਰਾਪਤ ਕੀਤੀ। ਸਿੱਖ ਰਾਜ ਬਾਰੇ ਸ਼ਾਹ ਮੁਹੰਮਦ ਜੋ ਮਸ਼ਹੂਰ ਕਵੀ ਹੋਇਆ ਹੈ ਨੇ ਲਿਖਿਆ ਸੀ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰ ਗਈਆਂ। ਸ਼ਾਮ ਸਿੰਘ ਅਟਾਰੀਵਾਲਾ ਵਰਗੇ ਮਹਾਨ ਯੋਧੇ ਆਪਣੀ ਬਿਰਧ ਅਵਸਥਾ ਵਿੱਚ ਸਿੱਖ ਰਾਜ ਲਈ ਸ਼ਹਾਦਤਾਂ ਦੇ ਗਏ। ਸਿੱਖ ਕੌਮ ਨੇ ਅਜਿਹੇ ਮਹਾਨ ਯੋਧੇ ਦਾ ਸ਼ਹੀਦੀ ਦਿਵਸ ਜੋ ੧੦ ਫਰਵਰੀ ਨੂੰ ਸੀ, ਬਿਲਕੁੱਲ ਹੀ ਵਿਸਾਰ ਦਿੱਤਾ ਹੈ ਤੇ ਇੰਝ ਹੀ ਹੋਰ ਵੀ ਮਹਾਨ ਸ਼ਖਸ਼ੀਅਤਾਂ ਨੂੰ ਸਿੱਖ ਕੌਮ ਵਿਸਾਰਦੀ ਜਾ ਰਹੀ ਹੈ।