ਵੈਸੇ ਤਾਂ ਸਿੱਖ ਰਾਜਨੀਤੀ ਦਾ ਸਰੂਪ ਬਹੁਤ ਦੇਰ ਤੋਂ ਬਦਲ ਚੁੱਕਾ ਹੈ ਪਰ ਇਨ੍ਹਾਂ ਦਿਨਾਂ ਵਿੱਚ ਇਸ ਵਿੱਚ ਨਿਘਾਰ ਦੇ ਜਿਹੋ ਜਿਹੇ ਲੱਛਣ ਪਨਪਦੇ ਮਹਿਸੂਸ ਹੋ ਰਹੇ ਹਨ ਉਹ ਭਵਿੱਖ ਦੀਆਂ ਸਿੱਖ ਪੀੜ੍ਹੀਆਂ ਲਈ ਕਾਫੀ ਦੁਖਦਾਈ ਬਣਦੇ ਨਜ਼ਰ ਆ ਰਹੇ ਹਨ। ਖ਼ਾੜਕੂ ਸਿੱਖ ਲਹਿਰ ਦੇ ਜ਼ਲਜ਼ਲੇ ਤੋਂ ਬਾਅਦ ਅਕਾਲੀ ਦਲ ਨੇ ਸਿੱਖ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਕੇ ਜੋ ਰੂਪ ਅਤੇ ਰਸਤਾ ਅਖਤਿਆਰ ਕੀਤਾ ਸੀ ਉਸਦਾ ਅਗਲਾ ਪੜਾਅ ਏਨਾ ਦੁਖਦਾਈ ਹੋਵੇਗਾ ਇਹ ਬਹੁਤੇ ਸਿਆਸੀ ਮਾਹਰਾਂ ਨੇ ਕਿਆਸਿਆ ਨਹੀ ਸੀ। ਇਸ ਗੱਲ ਦਾ ਜ਼ਿਕਰ ਵਾਰ ਵਾਰ ਹੋ ਚੁੱਕਾ ਹੈ ਕਿ ਅਕਾਲੀ ਦਲ ਨੇ ਸਿੱਖ ਸ਼ਹੀਦਾਂ ਦੀ ਪਾਰਟੀ ਨੂੰ ਇੱਕ ‘ਧੰਦਾ ਗਰੁੱਪ’ ਵੱਜੋਂ ਉਸਾਰ ਲਿਆ ਹੈ। ਅਕਾਲੀ ਦਲ ਹੋਰਨਾ ਪਾਰਟੀਆਂ ਵਾਂਗ ਧੰਦਾ ਕਰਨ ਵਾਲੇ ਗਰੁੱਪ ਦਾ ਨਾਅ ਬਣਕੇ ਰਹਿ ਗਿਆ ਹੈ। ਸਿੱਖ ਕਿਰਦਾਰ ਦੀ ਬੁਲੰਦੀ ਜਾਂ ਕਿਰਦਾਰ ਦਾ ਵਿਕਾਸ ਇਸ ਸਮੂਹ ਦੇ ਏਜੰਡੇ ਤੋਂ ਬਹੁਤ ਦੂਰ ਚਲਾ ਗਿਆ ਹੈ। ਜਿਨ੍ਹਾਂ ਅਲਮਤਾਂ ਦੀ ਗੁਰੂ ਸਾਹਿਬ ਨੇ ਮਨਾਹੀ ਕੀਤੀ ਸੀ ਉਹ ਸਾਰੀਆਂ ਅਲਾਮਤਾਂ ਇਸ ਗਰੁੱਪ ਵਿੱਚ ਹੁਣ ਦੇਖੀਆਂ ਜਾ ਸਕਦੀਆਂ ਹਨ। ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰ ਦਾਸ ਜੀ ਨੇ ਕਿਸੇ ਕੌਮ ਦੇ ਆਗੂ (ਭਗਤ) ਦੀ ਵਿਆਖਿਆ ਕਰਦਿਆਂ ਆਖਿਆ ਸੀ ਕਿ ਉਸਦੀ ਸ਼ਖਸ਼ੀਅਤ ਵਿੱਚੋਂ ਲਭੁ, ਲੋਭ, ਹੰਕਾਰ ਅਤੇ ਤ੍ਰਿਸ਼ਨਾ ਦਾ ਬਿਲਕੁਲ ਖਾਤਮਾ ਹੋਣਾਂ ਚਾਹੀਦਾ ਹੈ। ਗੁਰੂ ਸਾਹਿਬ ਨੇ ਇਹ ਵੀ ਆਖਿਆ ਸੀ ਕਿ ਆਗੂ ਉਚਾ ਬੋਲਣ ਵਾਲਾ ਨਾ ਹੋਵੇ। ਅਨੰਦ ਸਾਹਿਬ ਵਿੱਚ ਆਪ ਨੇ ਆਖਿਆ ਹੈ-

ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ।।

ਬਹੁਤ ਨਾਹੀ ਬੋਲਣਾਂ ਦਾ ਭਾਵ ਹੈ ਕਿ ਉਹ ਨਿਮਰ ਸੁਭਾਅ ਦਾ ਹੋਵੇ, ਸਾਊ ਹੋਵੇ ਅਤੇ ਸਟੇਜਾਂ ਤੇ ਬਾਹਾਂ ਉਲਾਰ ਉਲਾਰ ਕੇ ਗੱਜ ਪਾਉਣ ਵਾਲਾ ਨਾ ਹੋਵੇ। ਵੈਸੇ ਤਾਂ ਭਾਰਤ ਦੀ ਰਾਜਨੀਤੀ ਵਿੱਚ ਹੀ ਗੁਰੂ ਸਾਹਿਬ ਵੱਲੋਂ ਵਰਨਣ ਕੀਤੀਆਂ ਹੋਈਆਂ ਕਮਜ਼ੋਰੀਆਂ ਦੀ ਭਰਮਾਰ ਹੈ ਪਰ ਸਿੱਖ ਰਾਜਨੀਤੀ ਇਨ੍ਹਾਂ ਕਮਜ਼ੋਰੀਆਂ ਦੀ ਵੱਡੀ ਪੱਧਰ ਤੇ ਸ਼ਿਕਾਰ ਬਣੀ ਨਜ਼ਰ ਆ ਰਹੀ ਹੈ। ਗੁਰੂ ਸਾਹਿਬ ਨੇ ਲੀਡਰ ਦੀ ਪਰਿਭਾਸ਼ਾ ਦੇਂਦਿਆਂ ਉਸਦੇ ਸਾਊਪੁਣੇ ਦੀ ਸ਼ਰਤ ਰੱਖੀ ਹੈ ਪਰ ਸਿੱਖ ਰਾਜਨੀਤੀ ਵਿੱਚ ਸਾਊਪੁਣੇ ਨੂੰ ਹਿਕਾਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਸਾਊ ਬੰਦਾ ਲੀਡਰ ਨਹੀ ਹੋ ਸਕਦਾ, ਸਿੱਖ ਰਾਜਨੀਤੀ ਵਿੱਚ ਇਹ ਧਾਰਨਾ ਘਰ ਕਰ ਗਈ ਹੈ। ਇਸੇ ਲਈ ਅਕਾਲੀ ਦਲ ਵਿੱਚ ਕੋਈ ਇੱਕ ਵੀ ਸਾਊ ਬੰਦਾ ਲੱਭਣਾ ਮੁਸ਼ਕਿਲ ਹੋਇਆ ਪਿਆ ਹੈ।

ਖ਼ੈਰ ਅਕਾਲੀ ਦਲ ਨੇ ਤਾਂ ਸਿੱਖ ਰਾਜਨੀਤੀ ਦਾ ਸਰੂਪ ਜਿੰਨਾ ਕੁ ਬਦਲਣਾਂ ਸੀ ਉਸਨੇ ਬਦਲ ਦਿੱਤਾ। ਹੁਣ ਸਿੱਖ ਰਾਜਨੀਤੀ ਸਾਹਮਣੇ ਜੋ ਨਵਾਂ ਖ਼ਤਰਾ ਖੜ੍ਹਾ ਹੈ ਉਹ ਅਕਾਲੀ ਦਲ ਨਾਲ ਭਾਜਪਾ ਦੇ ਤਿੜਕਦੇ ਰਿਸ਼ਤਿਆਂ ਦੇ ਸੰਦਰਭ ਵਿੱਚ ਬਣ ਰਹੀ ਨਵੀ ਸਫਬੰਦੀ ਹੈ। ਅਕਾਲੀ ਦਲ ਤੋਂ ਨਰਾਜ਼ ਚੱਲ ਰਹੇ ਬਹੁਤ ਸਾਰੇ ਅਜਿਹੇ ਸੱਜਣ ਜਿਨ੍ਹਾਂ ਨੇ ਕਿਸੇ ਹੱਦ ਤੱਕ ਆਪਣੇ ਸਖਸ਼ੀ ਜੀਵਨ ਅਤੇ ਸਿੱਖ ਕਿਰਦਾਰ ਨੂੰ ਬਚਾ ਕੇ ਰੱਖਿਆ ਹੋਇਆ ਸੀ ਜਦੋਂ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਜਾਣ ਦੀਆਂ ਖਬਰਾਂ ਆ ਰਹੀਆਂ ਹਨ ਉਸਨੇ ਸਿੱਖ ਕੌਮ ਦੇ ਭਵਿੱਖ ਸਾਹਮਣੇ ਨਵੇਂ ਸੁਆਲੀਆ ਚਿੰਨ੍ਹ ਲਗਾ ਦਿੱਤੇ ਹਨ। ਸਾਰੇ ਜੀਵਨ ਦੀ ਕਮਾਈ, ਸਿੱਖੀ ਦੇ ਰੰਗ ਵਿੱਚ ਰੰਗਿਆ ਹੋਇਆ ਜੀਵਨ ਜਦੋਂ ਇਹ ਆਖ ਰਿਹਾ ਹੈ ਕਿ ਜੇ ਸੰਘ ਪਰਿਵਾਰ ਸਿੱਖੀ ਦਾ ਪਰਚਾਰ ਕਰ ਰਿਹਾ ਹੈ ਤਾਂ ਸਾਨੂੰ ਇਤਰਾਜ਼ ਨਹੀ ਹੋਣਾਂ ਚਾਹੀਦਾ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਸਿੱਖਾਂ ਦੀ ਅਤੇ ਸਿੱਖੀ ਦੀ ਵਿਆਖਿਆ ਕਰਨ ਵਾਲੇ ਕਿੱਥੇ ਤੱਕ ਪਹੁੰਚ ਗਏ ਹਨ। ਇਸ ਵਰਤਾਰੇ ਦਾ ਹੱਥ ਪਸਾਰ ਕੇ ਸਵਾਗਤ ਕਰਨ ਵਾਲੇ ਇਹ ਭੁੱਲ ਰਹੇ ਹਨ ਕਿ ਧਰਮ ਅਤੇ ਸੱਭਿਆਚਾਰਕ ਯਾਦ (religion and cultural memory) ਦਾ ਕੌਮਾਂ ਦੇ ਇਤਿਹਾਸ, ਜੀਵਨ ਅਤੇ ਵਜੂਦ ਵਿੱਚ ਬਹੁਤ ਉਤਮ ਅਸਥਾਨ ਹੁੰਦਾ ਹੈ। ਇਸਦੀ ਪਹਿਰੇਦਾਰੀ ਕਰਨੀ ਕੌਮ ਦੀਆਂ ਜਾਗਦੀਆਂ ਰੂਹਾਂ ਦੀ ਜਿੰਮੇਵਾਰੀ ਹੁੰਦੀ ਹੈ। ਇਹ ਜਿੰਮੇਵਾਰੀ ਦੀ ਭਾਵਨਾ ਕਿਸੇ ਵੀ ਲੋਭ ਅਤੇ ਲਾਲਚ ਨਾਲ਼ੋਂ ਵੱਡੀ ਅਤੇ ਪਵਿੱਤਰ ਹੁੰਦੀ ਹੈ। ਜਰਮਨੀ ਦੇ ਫਿਲਾਸਫਰ ਜਾਨ ਐਸਮਾਨ ਨੇ ਆਪਣਾਂ ਸਾਰਾ ਬੌਧਿਕ ਜੀਵਨ ਹੀ ਧਰਮ ਦੀ ਇਸ ਅਦੁੱਤੀ ਵਿਆਖਿਆ ਅਤੇ ਧਰਮ ਦੇ ਸੱਭਿਆਚਾਰਕ ਜੀਵਨ ਨਾਲ ਰਿਸ਼ਤੇ ਦੀ ਖੋਜ ਕਰਦਿਆਂ ਲਗਾ ਦਿੱਤਾ ਹੈ। ਉਸਦੇ ਥੀਸਿਸ religion and cultural memory ਉਤੇ ਦੁਨੀਆਂ ਭਰ ਵਿੱਚ ਪੀ.ਐਚ.ਡੀਜ਼ ਹੋ ਰਹੀਆਂ ਹਨ।

ਪਰ ਸਾਡੇ ਸਿੱਖ ਲੀਡਰ ਹਨ ਕਿ ਸੰਵੇਦਨਾ ਦੇ ਇੱਕ ਕਿਣਕੇ ਤੋਂ ਬਿਨਾ ਆਪਣਾਂ ਮਾਣ, ਆਪਣਾਂ ਗੌਰਵ ਅਤੇ ਆਪਣੇ ਆਪ ਨੂੰ ਪਰਿਭਾਸ਼ਤ ਕਰਨ ਦਾ ਹੱਕ ਵੀ ਦੂਜਿਆਂ ਨੂੰ ਦੇ ਰਹੇ ਹਨ।

ਨਿਰਸੰਦੇਹ ਭਵਿੱਖ ਦੀਆਂ ਸਿੱਖ ਪੀੜ੍ਹੀਆਂ ਲਈ ਇਹ ਸਮਾਂ ਕਾਫੀ ਦੁਖਦਾਈ ਚੁਣੌਤੀਆਂ ਲੈ ਕੇ ਆ ਰਿਹਾ ਹੈ। ਇਸ ਦੌਰ ਵਿੱਚ Genocide ਨਹੀ ਹੋਵੇਗਾ ਬਲਕਿ ‘memoricide’ ਹੋਣ ਜਾ ਰਿਹਾ ਹੈ। ਸਿੱਖਾਂ ਨੂੰ ਆਪਣੀ ਤਵਾਰੀਖ ਨਾਲੋਂ ਵੱਖ ਕਰ ਦੇਣ ਦੀ ਕਵਾਇਦ ਪੰਜਾਬ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਏਨੇ ਵੱਡੇ ਖਤਰੇ ਦੇ ਸਨਮੁੱਖ ਸਾਡੇ ਜਥੇਦਾਰ ਸਾਹਿਬਾਨ ਗੁਰੂ ਸਾਹਿਬ ਦੇ ਗੁਰਪੁਰਬ ਦੀਆਂ ਤਾਰੀਖਾਂ ਦਾ ਹੀ ਫੈਸਲਾ ਨਹੀ ਕਰ ਪਾ ਰਹੇ।

ਵਾਹਿਗੁਰੂ ਭਲੀ ਕਰੇ।