ਜੂਨ ੧੯੮੪ ਵਿਚ ਭਾਰਤੀ ਫੌਜ ਦੁਆਰਾ ਦਰਬਾਰ ਸਾਹਿਬ ਉੱਪਰ ਕੀਤੇ ਗਏ ਹਮਲੇ, ਜਿਸ ਵਿਚ ਹਜਾਰਾਂ ਹੀ ਨਾਗਰਿਕਾਂ ਅਤੇ ਸੈਂਕੜੇ ਫੌਜੀਆਂ ਦੀ ਜਾਨ ਚਲੀ ਗਈ ਸੀ, ਦਾ ਪ੍ਰਭਾਵ ਸਿੱਖਾਂ ਮਨਾਂ ਵਿਚ ਅਜੇ ਵੀ ਉਕਰਿਆ ਹੋਇਆ ਹੈ।ਸਿੱਖ ਘੱਲੂਘਾਰੇ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਹੱਤਿਆ ਅਤੇ ਹੋਰ ਹਿੰਸਕ ਗਤੀਵਿਧੀਆਂ ਹੋਈਆਂ ਜੋ ਕਿ ਸਿਰਫ ਸਿੱਖਾਂ ਜਾਂ ਪੰਜਾਬ ਤੱਕ ਹੀ ਸੀਮਿਤ ਨਹੀਂ ਸੀ।ਪਰ ਇਸ ਤੋਂ ਬਾਅਦ ਸਭ ਤੋਂ ਧਿਆਨਯੋਗ ਗੱਲ ਹੈ ਕਿ ਭਾਰਤੀ ਫੌਜ ਦੁਆਰਾ ਹਮਲੇ ਦੀਆਂ ਘਟਨਾਵਾਂ ਉੱਪਰ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ।ਭਾਰਤੀ ਫੌਜ ਦੇ ਹਮਲੇ ਸੰਬੰਧੀ ਕੌੜਾ ਸੱਚ ਕੋਈ ਇਕ ਸਾਲ ਬਾਅਦ “ਲੋਕਤੰਤਰ ਲਈ ਨਾਗਰਿਕ” ਇਕ ਰਿਪੋਰਟ ਵਿਚ ਸਾਹਮਣੇ ਆਇਆ ਜਿਸ ਦੀ ਅਗਵਾਈ ਵੀ ਐਮ ਤਾਰਕੁੰਡੇ ਦੁਆਰਾ ਕੀਤੀ ਗਈ।ਹਾਲਾਂਕਿ ਉਸ ਸਮੇਂ ਵੀ “ਓਪਰੈਸ਼ਨ ਇਨ ਪੰਜਾਬ: ਰਿਪੋਰਟ ਟੂ ਦ ਨੇਸ਼ਨ” ਉੱਪਰ ਪਾਬੰਦੀ ਲਗਾ ਦਿੱਤੀ ਗਈ ਅਤੇ ਇਸ ਦੇ ਪੰਜ ਲੇਖਕਾਂ ਉੱਪਰ ਦੇਸ਼ ਧ੍ਰੋਹ ਦਾ ਦੋਸ਼ ਲਗਾਇਆ ਗਿਆ ਅਤੇ ਉਨ੍ਹਾਂ ਵਿਚੋਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।ਮੌਜੂਦਾ ਸਮੇਂ ਦੀ ਤਰਾਂ ਹੀ, ਅਧਿਕਾਰਿਕ ਰੂਪ ਵਿਚ ਸਰਕਾਰ ਦੀ ਕਾਰਵਾਈ ਨੂੰ ਸਹੀ ਠਹਿਰਾਇਆ ਗਿਆ ਅਤੇ ਇਸ ਤੋਂ ਬਾਅਦ ਦੀਆਂ ਭਾਰਤੀ ਸਰਕਾਰਾਂ ਦੁਆਰਾ ਇਸ ਹਮਲੇ ਪਿਛਲੀ ਸੱਚਾਈ ਨੂੰ ਉਜਾਗਰ ਕਰਨ ਲਈ ਕੁਝ ਨਹੀਂ ਕੀਤਾ ਗਿਆ।

ਜਿਵੇਂ ਜਿਵੇਂ ਦਿਨ ਬੀਤੇ, ਦੂਰਦਰਸ਼ਨ, ਜੋ ਕਿ ਉਸ ਸਮੇਂ ਇਕੋ ਇਕ ਖਬਰਾਂ ਦਾ ਮਾਧਿਅਮ ਸੀ, ਦੁਆਰਾ ਸੰਤਾ ਸਿੰਘ ਅਤੇ ਉਸ ਦੇ ਚੇਲਿਆਂ ਦੁਆਰਾ ਅਕਾਲ ਤਖਤ ਵਿਖੇ ਮਲਬਾ ਸਾਫ ਕਰਦੇ ਦਿਖਾਇਆ ਗਿਆ।ਇਸ ਨੂੰ ਕੇਂਦਰ ਦੁਆਰਾ “ਮੱਲ੍ਹਮ” ਲਗਾਉਣਾ ਕਿਹਾ ਗਿਆ।(ਮਹੱਤਵਪੂਰਨ ਗੱਲ ਇਹ ਹੈ ਕਿ ਇਸ “ਮੱਲ੍ਹਮ” ਬਾਰੇ ਅੱਜ ਕੋਈ ਗੱਲ ਨਹੀਂ ਕਰਦਾ।) ਨਿੱਤ ਪ੍ਰਸਾਰਿਤ ਹੁੰਦੀਆਂ ਖਬਰਾਂ ਇਹਨਾਂ ਅਸਹਿਣਯੋਗ ਹੋ ਗਈਆਂ ਕਿ ਸਰਵਉੱਚ ਅਦਾਲਤ ਵਿਚ ਇਕ ਜਨ ਹਿੱਤ ਵਿਚ ਅਪੀਲ ਪਾਈ ਗਈ ਤਾਂ ਕਿ ਇਸ ਪ੍ਰੋਪੇਗੰਡਾ ਨੂੰ ਰੋਕਿਆ ਜਾ ਸਕੇ।ਸੰਤਾ ਸਿੰਘ ਨੂੰ ਉਸੇ ਸਮੇਂ ਹੀ ਭਾਈਚਾਰੇ ਵਿਚੋਂ ਛੇਕ ਦਿੱਤਾ ਗਿਆ ਅਤੇ ਉਸ ਨੇ ਜੋ ਵੀ ਬਣਾਇਆ ਉਸ ਨੂੰ ਤੋੜ ਦਿੱਤਾ ਗਿਆ। ਇਹਨਾਂ ਘਟਨਾਵਾਂ ਤੋਂ ਬਹੁਤ ਸਾਰੇ ਸਬਕ ਸਿੱਖੇ ਜਾ ਸਕਦੇ ਸਨ, ਪਰ ਇਸ ਵਿਚੋਂ ਨਾ ਤਾਂ ਸਿੱਖ ਲੀਡਰਸ਼ਿਪ ਅਤੇ ਨਾ ਹੀ ਭਾਰਤੀ ਨੇਤਾਵਾਂ ਨੇ ਕੁਝ ਸਿੱਖਿਆ।

ਦਰਬਾਰ ਸਾਹਿਬ ਉੱਪਰ ਹਮਲੇ ਤੋਂ ਬਾਅਦ ਪੰਜਾਬ ਵਿਚ ਸਿੱਖ ਖਾੜਕੂਵਾਦ ਵਿਚ ਵਾਧਾ ਹੋਇਆ ਅਤੇ ਇਸ ਨੇ ਹਰ ਥਾਂ ਸਿੱਖਾਂ ਵਿਚ ਅਲਗਾਵ ਦੀ ਭਾਵਨਾ ਪੈਦਾ ਕਰ ਦਿੱਤੀ।ਖੁਸ਼ਵੰਤ ਸਿੰਘ, ਜਿਸ ਨੇ ਐਂਮਰਜੈਂਸੀ ਸਮੇਂ ਇੰਦਰਾ ਗਾਂਧੀ ਦਾ ਸਮਰਥਨ ਕੀਤਾ ਸੀ, ਨੇ ਰੋਸ ਵਜੋਂ ਆਪਣਾ ਪਦਮ ਸ਼੍ਰੀ ਵਾਪਿਸ ਕਰ ਦਿੱਤਾ।ਪੰਜਾਬ ਵਿਚ ਹਿੰਸਾ ਦਾ ਦੌਰ ਖਤਮ ਕਰਨ ਵਿਚ ਇਕ ਦਹਾਕਾ ਲੱਗ ਗਿਆ ਅਤੇ ਪੰਜਾਬ ਅਤੇ ਦਿੱਲੀ ਦੇ ਸਿੱਖਾਂ ਲਈ ਇਸ ਇਕੱਲਤਾ ਵਿਚੋਂ ਨਿਕਲਣ ਅਤੇ ਭਾਰਤ ਵਿਚ ਸਮਿਲਤ ਹੋਣ ਨੂੰ ਇਸ ਤੋਂ ਵੀ ਵੱਧ ਸਮਾਂ ਲੱਗ ਗਿਆ।ਕੀ ਭਾਰਤੀ ਫੌਜ ਦੁਆਰਾ ਇਸ ਹਮਲੇ ਰਾਹੀ ਸਿੱਖਾਂ ਉੱਪਰ ਕੀਤੇ ਜਖਮ ਖਤਮ ਹੋ ਗਏ ਹਨ? ਇਕ ਹੱਦ ਤੱਕ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਨੇ ਇਸ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਹੈ।

ਹਮਲੇ ਸਮੇਂ ਸਿੱਖਾਂ ਨੂੰ ਜੋ ਨੁਕਸਾਨ ਉਠਾਉਣਾ ਪਿਆ ਉਸ ਵਿਚ ਲਗਭਗ ੨੫੦੦ ਦੇ ਕਰੀਬ ਗੁਰੁ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਸਨ ਜੋ ਕਿ ਗੁਰੁ ਅਰਜਨ ਦੇਵ ਅਤੇ ਗੁਰੂੁ ਗੋਬਿੰਦ ਸਿੰਘ ਦੇ ਸਮਿਆਂ ਨਾਲ ਸੰਬੰਧਿਤ ਸਨ। ਇਸ ਵਿਚ ੧੮੦੦ ਦਾ ਕੰਵਰ ਨੌਨਿਹਾਲ ਸਿੰਘ ਨਾਲ ਸੰਬੰਧਿਤ ਇਕ ਸਿਹਰਾ ਵੀ ਸ਼ਾਮਿਲ ਸੀ; ਇਕ ਸੋਨੇ ਦੀ ਝਾਲਰ ਅਤੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਦਰਬਾਰ ਸਾਹਿਬ ਚੜ੍ਹਾਈਆਂ ਹੋਈਆਂ ਸੋਨੇ ਦੀਆਂ ਚਾਬੀਆਂ; ਸਿੱਖ ਗੁਰੂਆਂ ਨਾਲ ਸੰਬੰਧਿਤ ੨੫ ਪੈਂਸਿਲ ਸਕੈੱਚ; ਧਾਰਮਿਕ ਅਤੇ ਇਤਿਹਾਸਿਕ ਮਹੱਤਤਾ ਵਾਲੀ ਹੱਥ-ਲਿਖਤ ਗੁਰਬਾਣੀ; ਗਿਆਰਵੀਂ ਸਦੀ ਵਿਚ ਲਿਖੀ ਹੋਈ ਗੀਤਾ, ਅਤੇ ਇਸ ਸਮੇਂ ਨਾਲ ਹੀ ਸੰਬੰਧਿਤ ਪੰਜਾਹ ਛੋਟੀਆਂ ਤਸਵੀਰਾਂ ਸਨ।ਸਿੱਖਾਂ ਦੇ ਇਸ ਖਜਾਨੇ ਨਾਲ ਸੰਬੰਧਿਤ ਮਸਲੇ ਨੂੰ ਅਜੇ ਵੀ ਸੁਲਝਾਇਆ ਨਹੀਂ ਗਿਆ ਹੈ।

ਭਾਰਤੀ ਆਧੁਨਿਕ ਇਤਿਹਾਸ ਵਿਚ ੧੯੮੪ ਸਭ ਤੋਂ ਕਾਲੇ ਵਰ੍ਹਿਆਂ ਵਿਚ ਗਿਣਿਆ ਜਾਂਦਾ ਹੈ।ਉਸੇ ਵਰ੍ਹੇ ਜੂਨ ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਦਾ ਆਦੇਸ਼ ਦੇ ਦਿੱਤਾ।ਨਿਊਯਾਰਕ ਟਾਈਮਜ਼ ਦੀ ਪੱਤਰਕਾਰ ਬਾਰਬਰਾ ਕੌਰਸੈਟ ਨੇ ਵਰਲਡ ਪਾਲਿਸੀ ਜਰਨਲ ਵਿਚ ਪੇਸ਼ ਕੀਤੀ ਇਕ ਰਿਪੋਰਟ ਵਿਚ ਕਿਹਾ ਸੀ ਕਿ ਉਸ ਵਰ੍ਹੇ ਵਿਚ ਮਰਨ ਵਾਲੇ ਸਿੱਖਾਂ ਦੀ ਗਿਣਤੀ ਚਿੱਲੀ ਵਿਚ ਜਨਰਲ ਅਗਸਤੋਂ ਪਿਨੋਕੈਟ ਦੇ ਸਤਾਰਾਂ ਵਰ੍ਹਿਆਂ ਦੇ ਫੌਜੀ ਸ਼ਾਸਨ (੧੯੭੩-੧੯੯੦) ਵਿਚ ਹੋਈਆਂ ਮੌਤਾਂ ਤੋਂ ਵੀ ਜਿਆਦਾ ਸੀ।ਇਹਨਾਂ ਤਿੰਨ ਦਹਾਕਿਆਂ ਵਿਚ ਭਾਰਤੀ ਸਰਕਾਰਾਂ ਦੀ ਪੁਜੀਸ਼ਨ ਇਹ ਰਹੀ ਹੈ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਚੁੱਪ ਦੇ ਰੂਪ ਵਿਚ ਸਾਡੇ ਸਭ ਦੇ ਸਾਹਮਣੇ ਹੈ।ਭਾਰਤੀ ਸਰਕਾਰ ਨੇ ਆਪਣੇ ਹੀ ਨਾਗਰਕਿਾਂ ਦਾ ਸ਼ਰੇਆਮ ਕਤਲੇਆਮ ਕੀਤਾ।ਕੌਰਸੈਟ ਨੇ ਆਪਣੀ ਰਿਪੋਰਟ ਵਿਚ ਇਹ ਵੀ ਕਿਹਾ ਕਿ ਚਿੱਲੀ, ਅਰਜਨਟਾਈਨਾ, ਰਵਾਂਡਾ ਅਤੇ ਦੱਖਣੀ ਅਫਰੀਕਾ ਨੇ ਬੀਤੇ ਵਿਚ ਕੀਤੇ ਅਜਿਹੇ ਕਾਰਿਆਂ, ਜਿਸ ਵਿਚ ਪ੍ਰਮੁੱਖ ਦੇਸ਼ਾਂ ਦੀ ਸਹਿਮਤੀ ਵੀ ਸ਼ਾਮਿਲ ਸੀ, ਨੂੰ ਪਛਾਣਨ ਦੀ ਮਹੱਤਤਾ ਉੱਪਰ ਜੋਰ ਦਿੱਤਾ ਹੈ।

ਪਰ ਭਾਰਤੀ ਰਾਜ ਅਜੇ ਵੀ ਆਪਣੀ ਗਲਤੀ ਮੰਨਣ ਤੋਂ ਇਨਕਾਰੀ ਹੈ ਅਤੇ ਇਸ ਕਤਲੇਆਮ ਵਿਚ ਆਪਣੀ ਭਾਗੀਦਾਰੀ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੈ।ਨਾ ਹੀ ਭਾਰਤੀ ਸਰਕਾਰ ਅਤੇ ਨਾ ਹੀ ਅੰਤਰਰਾਸ਼ਟਰੀ ਭਾਈਚਾਰੇ ਨੇ ਭਾਰਤੀ ਫੌਜ ਦੁਆਰਾ ਕੀਤੇ ਗਏ ਇਸ ਹਮਲੇ ਨੂੰ ਮਨੁੱਖਤਾ ਵਿਰੁੱਧ ਅਪਰਾਧ ਘੋਸ਼ਿਤ ਕੀਤਾ ਹੈ।ਇਸ ਤਰਾਂ ਦੇ ਘਿਨੌਣੇ ਕਤਲੇਆਮ ਪਿੱਛੇ ਕੰਮ ਕਰਦੀ ਮੰਸ਼ਾ ਨੂੰ ਪਛਾਣਨ ਨਾਲ ਹੀ ਅਸੀਂ ਮੇਲ-ਮਿਲਾਪ ਦੇ ਰਾਹ ਪੈ ਸਕਦੇ ਹਾਂ।ਭਾਵੇਂ ਕਿ ਇਸ ਹਮਲੇ ਨੂੰ ਅਠੱਤੀ ਵਰ੍ਹੇ ਬੀਤੇ ਚੁੱਕੇ ਹਨ, ਭਾਰਤੀ ਸਰਕਾਰ ਕੋਲ ਆਪਣੀ ਬੀਤੇ ਦੀਆਂ ਗਲਤੀਆਂ ਸੁਧਾਰਨ ਦਾ ਇਤਿਹਾਸਿਕ ਮੌਕਾ ਹੈ ਕਿਉਂਕਿ ਇਸ ਹਿੰਸਾ ਤੋਂ ਸਿੱਧੇ ਰੂਪ ਵਿਚ ਪ੍ਰਭਾਵਿਤ ਹੋਏ ਲੋਕ ਅਜੇ ਵੀ ਜ਼ਿੰਦਾ ਹਨ।ਭਾਰਤੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮੁੱਦੇ ਨੂੰ ਅੰਤ ਵੱਲ ਲੈ ਕੇ ਜਾਵੇ ਕਿਉਂਕਿ ਇਸ ਹਿੰਸਾ ਵਿਚ ਭਾਗੀਦਾਰੀ ਕਰਨ ਵਾਲੇ ਅਤੇ ਇਸ ਤੋਂ ਬਚ ਸਕਣ ਵਾਲੇ ਇਸ ਦੇ ਗਵਾਹ ਬਣਨਗੇ।ਅਗਰ ਅਜਿਹਾ ਨਹੀਂ ਹੁੰਦਾ ਹੈ ਤਾਂ ਭਾਰਤ ਵਿਚ ਘੱਟ ਗਿਣਤੀਆਂ ਲਈ ਰਾਜਨੀਤਿਕ ਸਥਿਰਤਾ ਇਕ ਚੁਣੌਤੀ ਹੀ ਰਹੇਗੀ ਜਿਸ ਵਿਚ ੨੧ ਮਿਲੀਅਨ ਸਿੱਖ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਸਰਕਾਰਾਂ ਦੁਆਰਾ ਸਮੇਂ-ਸਮੇਂ ’ਤੇ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ।

ਸਿੱਖ ਭਾਈਚਾਰੇ ਨੇ ਭਾਰਤੀ ਰਾਜ ਦੇ ਹੱਥੋਂ ਬਹੁਤ ਸਾਰੇ ਅੱਤਿਆਚਾਰਾਂ ਦਾ ਸਾਹਮਣਾ ਕੀਤਾ ਹੈ, ਪਰ ਸਿੱਖ ਇਸ ਅੱਤਿਆਚਾਰ ਨੂੰ ਪੀੜਿਤ ਧਿਰ ਵਜੋਂ ਨਹੀਂ ਸਮਝਦੇ।ਸਿੱਖ ਮਨਾਂ ਵਿਚ ਇਹ ਗੱਲ ਗਹਿਰੇ ਰੂਪ ਵਿਚ ਬੈਠੀ ਹੋਈ ਹੈ ਕਿ “ਪੀੜਿਤ” ਸ਼ਬਦ ਪੰਜਾਬੀ ਜਾਂ ਸਿੱਖ ਕੋਸ਼ ਦਾ ਹਿੱਸਾ ਹੀ ਨਹੀਂ।ਅਜਿਹੇ ਕਤਲੇਆਮਾਂ ਨੂੰ ਨਾਉਮੀਦੀ ਅਤੇ ਨਿਰਾਸ਼ਾ ਦੇ ਆਲਮ ਵਿਚ ਲੈਣ ਦੀ ਬਜਾਇ ਸਿੱਖਾਂ ਨੂੰ ਚੜ੍ਹਦੀ ਕਲਾ ਦਾ ਭਾਵ ਬੁਲੰਦ ਰੱਖਣਾ ਚਾਹੀਦਾ ਹੈ।੧੯੮੪ ਦੇ ਘੱਲੂਘਾਰੇ ਬਾਰੇ ਗੱਲ ਕਰਦਿਆਂ ਰਾਜਨੇਤਾ ਇਸ ਨੂੰ “ਅੰਦਰਲੇ ਦੁਸ਼ਮਣਾਂ” ਨੂੰ ਖਤਮ ਕਰਨ ਦੇ ਨਾਇਕਤਵ ਦੇ ਰੂਪ ਵਿਚ ਪੇਸ਼ ਕਰਦੇ ਹਨ।ਭਾਰਤ ਵਿਚ ਮੌਜੂਦਾ ਸਮੇਂ ਘੱਟ-ਗਿਣਤੀਆਂ ਖਿਲਾਫ ਹਿੰਸਾ ਨੂੰ ਆਮ ਸਹਿਮਤੀ ਮਿਲਦੀ ਜਾ ਰਹੀ ਹੈ ਅਤੇ ਇਸ ਸੰਬੰਧੀ ਸ਼ਰੇਆਮ ਆਪਣੀ ਖੁਸ਼ੀ ਜ਼ਾਹਿਰ ਕਰਨ ਵਿਚ ਵੀ ਕੋਈ ਝਿਜਕ ਨਹੀਂ ਦਿਖਾਈ ਜਾ ਰਹੀ।ਅਜਿਹੇ ਸਮੇਂ ੧੯੮੪ ਦੇ ਸਾਕੇ ਬਾਰੇ ਸੰਵੇਦਨਸ਼ੀਲਤਾ ਨਾਲ ਵਿਚਾਰ ਕਰਨਾ ਹੋਰ ਵੀ ਜਰੂਰੀ ਹੋ ਜਾਂਦਾ ਹੈ।