ਪੰਥ ਖਾਲਸਾ ਜੀ ਦੇ ਵਿਹੜੇ ਨੂੰ ਇੱਕ ਵਾਰ ਫਿਰ ਧਾਰਮਕ ਵਿਵਾਦ ਗਹਿਰੇ ਹੁੰਦੇ ਜਾ ਰਹੇ ਹਨ। ਇੱਕ ਪਾਸੇ ਖਾਲਸਾ ਜੀ ਦੇ ਸੁਨਹਿਰੇ ਭਵਿੱਖ ਲਈ ਤਤਪਰ ਸ਼ਾਂਤ ਚਿੱਤ ਨੌਜਵਾਨਾਂ ਦੀਆਂ ਸ਼ਹਾਦਤਾਂ ਹੋ ਰਹੀਆਂ ਅਤੇ ਬਹੁਤ ਸਾਰੇ ਵੀਰ ਜੋ ਪੰਥਕ ਭਵਿੱਖ ਨੂੰ ਬਣਾਉਣ ਲਈ 30 ਸਾਲ ਪਹਿਲਾਂ ਘਰੋਂ ਨਿਕਲੇ ਸਨ ਅੱਜ ਵੀ ਜੇਲ੍ਹਾਂ ਵਿੱਚ ਬਾਹਰ ਆਉਣ ਦੀ ਉਡੀਕ ਕਰ ਰਹੇ ਹਨ ਪਰ ਦੂਜੇ ਪਾਸੇ, ਖਾਲਸਾ ਜੀ ਦੇ ਨਾਅ ਤੇ ਹੀ ਖਾਨਾਜੰਗੀ ਵਾਲੇ ਹਾਲਾਤ ਬਣ ਰਹੇ ਹਨ।

ਗੁਰਮਤ ਦੀਆਂ ਦੋ ਵਿਆਖਿਆ ਪਰਣਾਲੀਆਂ ਦਰਮਿਆਨ ਮੱਤਭੇਦ ਤਾਂ ਭਾਵੇਂ ਦਹਾਕਿਆਂ ਤੋਂ ਚਲੇ ਆ ਰਹੇ ਹਨ ਪਰ ਇਹ ਕਦੇ ਵੀ ਹਿੰਸਕ ਜਾਂ ਏਨੇ ਭਿਆਨਕ ਨਹੀ ਸਨ ਹੋਏ ਜਿੰਨੇ ਹੁਣ ਹੋ ਰਹੇ ਹਨ। ਮਿਸ਼ਨਰੀ ਵੀਰਾਂ ਦੀ ਕਥਿਤ ਤਰਕ ਵਿਧੀ ਵਾਲੀ ਵਿਆਖਿਆ ਪਰਣਾਲੀ ਅਤੇ ਸੰਤ ਸਮਾਜ ਦੀ ਸ਼ਰਧਾ ਅਧਾਰਤ ਵਿਆਖਿਆ ਪਰਣਾਲੀ ਵਿੱਚ ਮੱਤਭੇਦ ਜਰੂਰ ਸਨ ਪਰ ਇਹ ਇਸ ਤਰ੍ਹਾਂ ਪੱਗਾਂ ਲਾਹੁਣ ਵਾਲੇ ਜਾਂ ਗੋਲੀਆਂ ਚਲਾਉਣ ਵਾਲੇ ਕਦੇ ਵੀ ਨਹੀ ਸਨ ਬਣੇ। ਕਿਸੇ ਪੜਾਅ ਤੇ ਆ ਕੇ ਦੋਵੇਂ ਆਪੋ ਆਪਣੇ ਰਾਹ ਤੁਰ ਜਾਇਆ ਕਰਦੇ ਸਨ ਅਤੇ ਮਾਮਲਾ ਠੰਢਾ ਹੋ ਜਾਂਦਾ ਸੀ। ਪਰ ਵਰਤਮਾਨ ਸਮੇਂ ਜੋ ਹਾਲਾਤ ਬਣ ਗਏ ਹਨ ਉਹ ਇਸ ਪੜਾਅ ਤੇ ਪਹੰੁਚ ਗਏ ਹਨ ਜਿਸ ਤੋਂ ਵਾਪਸ ਲਿਆਉਣ ਵਿੱਚ ਕਾਫੀ ਮਿਹਨਤ ਕਰਨੀ ਪਵੇਗੀ।

ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਧਾਰਮਕ ਮੈਦਾਨ ਵਿੱਚ ਆ ਜਾਣ ਨਾਲ ਅਤੇ ਗੁਰਮਤ ਦੇ ਮਾਪਦੰਡਾਂ ਤੇ ਤਿੱਖੀਆਂ ਟਿੱਪਣੀਆਂ ਲਗਾਤਾਰ ਕਰੀ ਜਾਣ ਨਾਲ ਇਹ ਮਾਮਲਾ ਕਾਫੀ ਤਿੱਖਾ ਹੋ ਰਿਹਾ ਹੈੈ।

ਅਸੀਂ ਇਸ ਮਾਮਲੇ ਵਿੱਚ ਕਿਸੇ ਧਿਰ ਦੇ ਹਮਾਇਤੀ ਜਾਂ ਵਿਰੋਧੀ ਨਹੀ ਹਾਂ ਬਲਕਿ ਖਾਲਸਾ ਪੰਥ ਦੇ ਦਰਦ ਨੂੰ ਪਰਣਾਈ ਹੋਈ ਰੂਹ ਹਾਂ ਜੋ ਪੰਥਕ ਵਿਵਾਦਾਂ ਨੂੰ ਖਤਮ ਕਰਕੇ ਖਾਲਸਾ ਜੀ ਦੇ ਪਰਚਮ ਝੂਲਦੇ ਦੇਖਣਾਂ ਚਾਹੁੰਦੇ ਹਾਂ। ਅਸੀਂ ਸਮਝਦੇ ਹਾਂ ਕਿ ਧਾਰਮਕ ਵਿਆਖਿਆ ਅਤੇ ਗੁਰਬਾਣੀ ਕੀਰਤਨ ਦਾ ਵਰਤਮਾਨ ਸਮੇਂ ਵਪਾਰੀਕਰਨ ਹੋ ਗਿਆ ਹੈੈ। ਧਰਮ ਦੀ ਵਿਆਖਿਆ ਨੂੰ ਧੰਦਾ ਬਣਾਕੇ ਚੱਲ ਰਹੀਆਂ ਸ਼ਖ਼ਸ਼ੀਅਤਾਂ ਹੀ ਪੰਥਕ ਵਿਵਾਦ ਛੇੜ ਰਹੀਆਂ ਹਨ। ਅਤੇ ਰਾਜਨੀਤੀ ਤੋਂ ਪਰੇਰਿਤ ਲੋਕ ਧਰਮ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਗੁਰੂ ਸਾਹਿਬ ਦਾ ਆਸਰਾ ਲੈ ਕੇ ਗੁਰੂ ਦੇ ਸ਼ਬਦ ਨੂੰ ਨਹੀ ਪਰਚਾਰ ਰਹੇ ਬਲਕਿ ਆਪਣਾਂ ਸੌਦਾ ਵੇਚ ਰਹੇ ਹਨ।

ਇਹ ਕਾਰਜ ਦੋਵੇਂ ਪਾਸੇ ਬਰਾਬਰ ਰੂਪ ਵਿੱਚ ਚੱਲ ਰਿਹਾ ਹੈੈ। ਉੱਚੀ ਉੱਚੀ ਕੂਕ ਕੂਕ ਕੇ ਕਥਾ ਕਰਨ ਵਾਲੇ ਵੀਰ ਹੋਣ ਜਾਂ ਜੰਤਰਾਂ ਮੰਤਰਾਂ ਦੀ ਕਥਾ ਕਰਕੇ ਖਾਲਸਾ ਪੰਥ ਨੂੰ ਹਿੰਦੂ ਰੰਗ ਵਿੱਚ ਰੰਗਣ ਵਾਲੇ ਵੀਰ ਹੋਣ ਦੋਵੇਂ ਕਿਸੇ ਨਾ ਕਿਸੇ ਰੂਪ ਵਿੱਚ ਗੁਰੂ ਦੀਆਂ ਬਖਸ਼ਿਸ਼ਾਂ ਤੋਂ ਵਿਰਵੇ ਹੋ ਗਏ ਹਨ। ਦੋਵੇਂ ਧਿਰਾਂ ਕੋਲ ਕੋਈ ਬੰਦਗੀ ਵਾਲੀ ਰੂਹ ਨਹੀ ਹੈ ਜੋ ਖਾਲਸਾ ਜੀ ਦੇ ਮਨ ਮਸਤਕ ਵਿੱਚ ਗੁਰੂ ਦੇ ਬਚਨਾਂ ਦਾ ਸੱਚਾ ਸੂਰਜ ਜਗਾ ਸਕੇ। ਦੋਵੇਂ ਧਿਰਾਂ ਭਟਕਣ ਦਾ ਸ਼ਿਕਾਰ ਹਨ। ਭਟਕਣ ਇਸ ਕਰਕੇ ਆ ਰਹੀ ਹੈ ਕਿਉਂਕਿ ਦੋਵੇਂ ਧਿਰਾਂ ਗੁਰਬਾਣੀ ਦੀਆਂ ਅਭਿਆਸੀ ਨਹੀ ਹਨ। ਗੁਰਬਾਣੀ ਦੀ ਕਮਾਈ ਕਿਸੇ ਕੋਲ ਵੀ ਨਹੀ ਹੈੈ।

ਅਸੀਂ ਦੋਵਾਂ ਧਿਰਾਂ ਨਾਲ ਸਬੰਧਿਤ ਬਹੁਤ ਸਾਰੇ ਮੋਹਤਬਰਾਂ ਨੂੰ ਜਾਣਦੇ ਹਾਂ ਜਿਹੜੇ ਨਾ ਨਿੱਤਨੇਮੀ ਹਨ ਅਤੇ ਨਾ ਹੀ ਅਭਿਆਸੀ ਪਰ ਉਹ ਇਸ ਵਿਵਾਦ ਵਿੱਚ ਸਭ ਤੋਂ ਅਗਲੀਆਂ ਸਫਾਂ ਵਿੱਚ ਹਨ। ਉਨ੍ਹਾਂ ਦਾ ਨਿਸ਼ਾਨਾ ਗੁਰੂ ਸਾਹਿਬ ਦਾ ਆਸਰਾ ਲੈਕੇ ਆਪਣੀ ਰਾਜਨੀਤੀ ਨੂੰ ਚਮਕਾਉਣ ਦਾ ਹੈੈ। ਉਹ ਗੁਰਬਾਣੀ ਦੀ ਵਿਆਖਿਆ ਆਪਣੇ ਰਾਜਨੀਤਿਕ ਜੀਵਨ ਦੇ ਵਾਧੇ ਲਈ ਕਰ ਤੇ ਕਰਵਾ ਰਹੇ ਹਨ।

ਅਸੀਂ ਸਮਝਦੇ ਹਾਂ ਕਿ ਗੁਰਬਾਣੀ ਦੀ ਮਿਸ਼ਨਰੀ ਵਿਆਖਿਆ ਪਰਣਾਲੀ ਤੇ ਚੱਲਦੇ ਹੋਏ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੀਆਂ ਹੱਦਾਂ ਪਾਰ ਕਰ ਗਏ ਹਨ। ਉਹ ਨਾਮ ਬਾਣੀ ਦੇ ਅਭਿਆਸੀ ਨਾ ਹੋਣ ਕਾਰਨ ਹੁਣ ਹੰਕਾਰ ਨਾਲ ਭਰ ਗਏ ਹਨ। ਇਸੇ ਲਈ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਵਿਦਵਾਨਾਂ ਦੀ ਕਮੇਟੀ ਨਾਲ ਵੀ ਵਿਚਾਰ ਨਹੀ ਕਰਨਾ ਚਾਹੁੰਦੇ। ਉਹ ਸਿਰਫ ਆਪਣੀ ਗੱਲ ਧੱਕੇ ਨਾਲ ਆਖ ਰਹੇ ਹਨ ਕਿਸੇ ਦੂਜੇ ਦੀ ਗੱਲ ਨਹੀ ਸੁਣਨੀ ਚਾਹੁੰਦੇ।

ਉਨ੍ਹਾਂ ਨੂੰ ਪਤਾ ਹੈ ਕਿ ਸਿੱਖ ਵਿਦਵਾਨਾਂ ਨੇ ਉਨ੍ਹਾਂ ਦੇ ਬਹੁਤ ਸਾਰੇ ਵਿਚਾਰਾਂ ਨੂੰ ਝੂਠੇ ਸਾਬਤ ਕਰ ਦੇਣਾਂ ਹੈ, ਜਿਸ ਨਾਲ ਉਨ੍ਹਾਂ ਦੀ ਸੰਗਤ ਤੇ ਗਲਤ ਪਰਭਾਵ ਪਵੇਗਾ ਅਤੇ ਸੰਗਤ ਟੁੱਟ ਜਾਵੇਗੀ। ਸਿਰਫ ਪਿੱਛੇ ਲੱਗੇ ਹੋਏ ਲੋਕਾਂ ਨੂੰ ਟੁੱਟਣ ਤੋਂ ਬਚਾਉਣ ਲਈ ਭਾਈ ਰਣਜੀਤ ਸਿੰਘ ਗਲਤੀ ਤੇ ਗਲਤੀ ਕਰ ਰਹੇ ਹਨ।

ਉਨ੍ਹਾਂ ਦੇ ਪੈਰੋਕਾਰ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਅਤੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਬਾਰੇ ਜਿਸ ਕਿਸਮ ਦੇ ਵਿਚਾਰ ਸ਼ੋਸ਼ਲ ਮੀਡੀਆ ਤੇ ਪਾ ਰਹੇ ਹਨ ਉਸ ਤੋਂ ਡਰ ਲਗਦਾ ਹੈ ਕਿ ਕੌਮ ਦਾ ਇੱਕ ਹਿੱਸਾ ਕਿਤੇ ਆਪਣੇ ਇਤਿਹਾਸ ਤੋਂ ਹੀ ਬਾਗੀ ਨਾ ਹੋ ਜਾਵੇ। ਕਿਤੇ ਕੌਮ ਦਾ ਇੱਕ ਹਿੱਸਾ ਸੱਭਿਅਤਾ ਦਾ ਪੱਲਾ ਹੀ ਨਾ ਛੱਡ ਬੈਠੇ।

ਦੂਜੇ ਪਾਸੇ ਸੰਤ ਸਮਾਜ ਦੇ ਹਮਾਇਤੀ, ਭਾਈ ਰਣਜੀਤ ਸਿੰਘ ਦਾ ਵਿਰੋਧ ਕਰਨ ਦੇ ਨਾਅ ਤੇ ਜਿਸ ਕਿਸਮ ਦੀ ਹੇਠਲੇ ਦਰਜੇ ਦੀ ਭਾਸ਼ਾ ਵਰਤ ਰਹੇ ਹਨ ਉਸ ਨੇ ਬਲਦੀ ਤੇ ਤੇਲ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈੈੈ। ਉਨ੍ਹਾਂ ਦੀ ਭਾਸ਼ਾ ਤੋਂ ਸਾਫ ਨਜ਼ਰ ਆਉਂਦਾ ਹੈ ਕਿ ਨਾਮ ਬਾਣੀ ਦੇ ਅਭਿਆਸੀ ਉਹ ਵੀ ਨਹੀ ਹਨ।

ਕਿਸੇ ਨੂੰ ਪੰਥ ਵਿੱਚੋਂ ਛੇਕ ਦੇਣਾਂ ਮਸਲੇ ਦਾ ਹੱਲ ਨਹੀ ਹੈੈ। ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪਰੀਤ ਸਿੰਘ ਵੱਡੇ ਦਬਾਅ ਦੇ ਬਾਵਜੂਦ ਅਜਿਹਾ ਕਰਨਾ ਵੀ ਨਹੀ ਚਾਹੁੰਦੇ ਪਰ ਜੇ ਭਾਈ ਰਣਜੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਨਾਂ ਕਰਕੇ, ਵਿਚਾਰ ਵਟਾਂਦਰਾ ਕਰ ਲੈਣ ਤਾਂ ਕੌਮ ਵਿੱਚ ਵੱਡਾ ਸੰਕਟ ਪੈਣ ਤੋਂ ਟਲ ਸਕਦਾ ਹੈੈ।