ਪੰਜਾਬ ਕਾਂਗਰਸ ਦੇ ਪਰਧਾਨ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈੈੈ। ਕਾਂਗਰਸ ਦੀ ਕੇਂਦਰੀ ਪਰਧਾਨ ਬੀਬੀ ਸੋਨੀਆ ਗਾਂਧੀ ਨੂੰ ਲਿਖੇ ਗਏ ਆਪਣੇ ਅਸਤੀਫਾ ਪੱਤਰ ਵਿੱਚ ਉਨ੍ਹਾਂ ਆਖ਼ਿਆ ਹੈ ਕਿ ਜਦੋਂ ਬੰਦਾ ਆਪਣੇ ਇਖਲਾਕ ਨਾਲ ਸਮਝੌਤੇ ਕਰਨੇ ਸ਼ੁਰੂ ਕਰ ਦੇਂਦਾ ਹੈ ਤਾਂ ਉਸਦਾ ਅੰਤ ਸ਼ੁਰੂ ਹੋ ਜਾਂਦਾ ਹੈੈ। ਉਨ੍ਹਾਂ ਇਹ ਵੀ ਲਿਖਿਆ ਕਿ ਮੈਂ ਪੰਜਾਬ ਦੇ ਵਿਕਾਸ ਅਤੇ ਇਸਦੇ ਫੌਰੀ ਮੁੱਦਿਆਂ ਅਤੇ ਨਿਸ਼ਾਨਿਆਂ ਨਾਲ ਕੋਈ ਵੀ ਸਮਝੌਤਾ ਨਹੀ ਕਰ ਸਕਦਾ।

ਨਵਜੋਤ ਸਿੰਘ ਸਿੱਧੂ ਦੇ ਇਸ ਅਸਤੀਫੇ ਕਾਰਨ ਸਿਰਫ ਕਾਂਗਰਸ ਵਿੱਚ ਹੀ ਨਹੀ ਬਲਕਿ ਪੰਜਾਬ ਦੀਆਂ ਸਮੁੱਚੀਆਂ ਪਾਰਟੀਆਂ ਵਿੱਚ ਭੁਚਾਲ ਆ ਗਿਆ ਹੈੈ। ਪੰਜਾਬ ਦਾ ਮੀਡੀਆ ਅਤੇ ਹੌਲੇ ਸਿਆਸੀ ਨੇਤਾ ਇਸ ਅਸਤੀਫੇ ਨੂੰ ਬਹੁਤ ਸੌੜੇ ਸਿਆਸੀ ਅਰਥਾਂ ਵਿੱਚ ਲੈ ਰਹੇ ਹਨ ਅਤੇ ਪਰਿਭਾਸ਼ਤ ਕਰ ਰਹੇ ਹਨ। ਹਰ ਲੀਡਰ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੂੰ ਆਪਣੀ ਸਿਆਸਤ ਦੇ ਦਾਅ ਪੇਚਾਂ ਅਨੁਸਾਰ ਪੇਸ਼ ਕਰ ਰਿਹਾ ਹੈੈ।

ਕੈਪਟਨ ਅਮਰਿੰਦਰ ਸਿੰਘ ਇਸਨੂੰ ਆਪਣੇ ਜਖ਼ਮੀ ਹੋਏ ਅਹੰਕਾਰ ਨੂੰ ਸੰਤੁਸ਼ਟ ਕਰਨ ਦੇ ਮੁੱਦੇ ਤੋਂ ਦੇਖ ਰਹੇ ਹਨ। ਉਨ੍ਹਾਂ ਜਿਹੜੀ ਟਿੱਪਣੀ ਕੀਤੀ ਹੈ ਉਹ ਅਜਿਹੇ ਦੁਸ਼ਮਣ ਵੱਜੋਂ ਕੀਤੀ ਹੈ ਜਿਸਦਾ ਸਾਰਾ ਕੁਝ ਨਵਜੋਤ ਸਿੰਘ ਸਿੱਧੂ ਨੇ ਉਜਾੜ ਦਿੱਤਾ ਹੈੈ। ਨਵਜੋਤ ਸਿੰਘ ਦਾ ਅਸਤੀਫਾ ਉਸ ਲਈ ਮਾੜ੍ਹਾ ਜਿਹਾ ਸਾਹ ਲੈਣ ਦਾ ਸਬੱਬ ਬਣਿਆ ਹੈ,ਕਿ ਸ਼ਾਇਦ ਮੇਰਾ ਕਾਂਗਰਸ ਵਿੱਚ ਫਿਰ ਮੋੜਾ ਹੋ ਜਾਵੇ ਅਤੇ ਉਸ ਬੇਇਜ਼ਤੀ ਤੋਂ ਬਚਾਅ ਹੋ ਸਕੇ ਜਿਸ ਨੇ ਉਨ੍ਹਾਂ ਦਾ ਸਿਆਸੀ ਜੀਵਨ ਖ਼ਤਮ ਕਰ ਦਿੱਤਾ ਹੈੈ।

ਅਕਾਲੀ ਦਲ ਵੀ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੂੰ ਆਪਣੇ ਰਾਹ ਦਾ ਸਭ ਤੋਂ ਵੱਡਾ ਰੋੜਾ ਖਤਮ ਹੋਣ ਦੀ ਅਸੀਮ ਖੁਸ਼ੀ ਵੱਜੋਂ ਦੇਖ ਰਿਹਾ ਹੈੈ। ਸੁਖਬੀਰ ਸਿੰਘ ਬਾਦਲ ਦੀ ਇਹ ਟਿੱਪਣੀ ਕਿ ਉਜ ਪੰਜਾਬ ਛੱਡਕੇ , ਬੰਬਈ ਚਲਿਆ ਜਾਵੇ ਇਸ ਭਾਵਨਾ ਵਿੱਚੋਂ ਹੀ ਨਿਕਲੀ ਹੈ ਕਿ ਅਕਾਲੀਆਂ ਦੀ ਸਲਤਨਤ ਲਈ ਖਤਰਾ ਬਣਨ ਵਾਲੇ ਸ਼ਖਸ਼ ਨੂੰ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦੀ ਸਿਆਸਤ ਤੋਂ ਬਾਹਰ ਧੱਕ ਦਿੱਤਾ ਜਾਵੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਪਰਕਾਸ਼ ਸਿੰਘ ਬਾਦਲ ਨੇ ਹਰ ਸੱਚ ਬੋਲਣ ਵਾਲੇ ਨੂੰ ਅਕਾਲੀ ਦਲ ਤੋਂ ਬੇਇੱਜ਼ਤ ਕਰਕੇ ਬਾਹਰ ਕੱਢ ਦਿੱਤਾ ਹੈੈ।

ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਕੇ ਪੰਜਾਬ ਵਿੱਚ ਸਿਧਾਂਤ ਦੀ ਰਾਜਨੀਤੀ ਨੂੰ ਮੁੜ ਤੋਂ ਉਸਾਰਨ ਦਾ ਯਤਨ ਕੀਤਾ ਹੈੈੈ। ਬੇਸ਼ੱਕ ਬਹੁਤ ਸਾਰੇ ਹਲਕਿਆਂ ਵਿੱਚ ਉਸਦੀ ਪੁਰਾਣੀ ਰਾਜਨੀਤੀ ਬਾਰੇ ਅਤੇ ਧਾਰਮਕ ਜੀਵਨ ਬਾਰੇ ਵੀ ਟਿੱਪਣੀਆਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਪਰ ਅਸੀਂ ਸਮਝਦੇ ਹਾਂ ਕਿ, ਨਵਜੋਤ ਸਿੰਘ ਸਿੱਧੂ ਦਾ ਪੁਰਾਣਾਂ ਧਾਰਮਕ, ਸਮਾਜਕ ਅਤੇ ਸਿਆਸੀ ਜੀਵਨ ਕੁਝ ਵੀ ਰਿਹਾ ਹੋਵੇ ਪਰ ਉਸਨੇ ਏਨੇ ਵੱਡੇ ਅਹੁਦੇ ਨੂੰ ਲੱਤ ਮਾਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਿਆਸਤ ਸਿਰਫ ਅਹੁਦਿਆਂ ਨਾਲ ਚਿੰਬੜੇ ਰਹਿਣ ਦਾ ਹੀ ਨਾਅ ਨਹੀ ਹੈੈੈ। ਆਪਣੇ ਅਸਤੀਫੇ ਨਾਲ ਨਵਜੋਤ ਸਿੰਘ ਨੇ ਇਹ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਹੁਣ ਤੱਕ ਜਿਹੜੀ ਰਾਜਨੀਤੀ ਕਰਦੇ ਆਏ ਸਨ ਉਹ ਕੁਝ ਲੋਕਾਂ ਦੇ ਨਿੱਜ ਤੱਕ ਸੀਮਤ ਸੀ। ਉਸ ਵਿੱਚ ਸੱਚ, ਸਿਧਾਂਤ,ਇਮਾਨਦਾਰੀ ਅਤੇ ਨੈਤਿਕ ਕਦਰਾਂ ਕੀਮਤਾਂ ਲਈ ਕੋਈ ਥਾਂ ਨਹੀ ਸੀ। ਪਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਦ ਸਿੰਘ ਨੇ ਪੰਜਾਬ ਵਿੱਚ ਰਾਜਨੀਤੀ ਦਾ ਜੋ ਮਾਡਲ ਸਿਰਜ ਦਿੱਤਾ ਹੈ ਉਹ ਸੱਚ, ਸਿਧਾਂਤ ਅਤੇ ਇਮਾਨਦਾਰੀ ਤੋਂ ਕੋਹਾਂ ਦੂਰ ਹੈੈੈ। ਇਹ ਰਾਜਨੀਤੀ ਵੇਸਵਾਵਾਂ ਦੀ ਰਾਜਨੀਤੀ ਹੈੈ। ਜਾਂ ਇਹ ਕਹਿ ਲਵੋ ਕਿ ਰਾਜਨੀਤੀ ਨਹੀ ਹੈ ਬਲਕਿ ਵੇਸਵਾਪੁਣਾਂ ਹੈੈ।

ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਮੁੱਦੇ ਨੂੰ ਉਭਾਰ ਕੇ ਨਵਜੋਤ ਸਿੰਘ ਸਿੱਧੂ ਨੇ ਜੋ ਸਟੈਂਡ ਲਿਆ ਹੈ ਉਹ ਕਾਫੀ ਹੱਦ ਤੱਕ ਸ਼ਲਾਘਾਯੋਗ ਸਟੈਂਡ ਹੈੈ। ਬੇਸ਼ੱਕ ਨਵਜੋਤ ਸਿੰਘ ਸਿੱਧੂ ਦਾ ਅਤੀਤ ਕੁਝ ਵੀ ਰਿਹਾ ਹੋਵੇ ਪਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਵੇਲੇ ਭਾਰਤ ਦੇ ਸਮੁੱਚੇ ਮੀਡੀਆ ਅਤੇ ਵੱਡੀ ਪੱਧਰ ਤੇ ਰਾਜਨੇਤਾਵਾਂ ਨੇ ਨਵਜੋਤ ਸਿੰਘ ਸਿੰਧੂ ਦੀ ਜਿੰਨੀ ਕਿਰਦਾਰਕੁਸ਼ੀ ਕੀਤੀ ਅਤੇ ਜਿਵੇਂ ਉਸਨੂੰ ਦੇਸ਼ ਦਾ ਗਦਾਰ ਆਖਕੇ ਭੰਡਿਆ, ਕੋਈ ਹੋਰ ਵਿਅਕਤੀ ਹੁੰਦਾ ਤਾਂ ਮੀਡੀਆ ਅੱਗੇ ਲੇਲੜ੍ਹੀਆਂ ਕੱਢਦਾ ਭੱਜਾ ਆਉਂਦਾ, ਪਰ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਮੀਡੀਆ ਦੀ ਜਹਿਰੀਲੀ ਮੁਹਿੰਮ ਨੂੰ ਇਸ ਤਰ੍ਹਾਂ ਅੱਖੋਂ ਓਹਲੇ ਕੀਤਾ ਜਿਵੇਂ ਕੁਝ ਹੋਇਆ ਹੀ ਨਹੀ ਹੁੰਦਾ। ਗਦਾਰੀ ਦੇ ਉਸ ਫਤਵੇ ਨੂੰ ਨਵਜੋਤ ਸਿੰਘ ਸਿੰਘ ਸਿੱਧੂ ਨੇ ਜਿਵੇਂ ਸਾਹਮਣੇ ਖੜ੍ਹਕੇ ਟੱਕਰ ਦਿੱਤੀ ਉਹ ਲਾਜਵਾਬ ਸੀ।

ਅਸੀਂ ਇਸ ਕਾਲਮ ਰਾਹੀਂ ਨਵਜੋਤ ਸਿੰਘ ਦੇ ਹੱਕ ਵਿੱਚ ਉਲਾਰ ਨਹੀ ਹੋ ਰਹੇ। ਹੋ ਸਕਦਾ ਹੈ ਕਿ ਕੱਲ੍ਹ ਨੂੰ ਕਿਸੇ ਹੋਰ ਪਾਸੇ ਵੱਲ ਚਲਾ ਜਾਵੇ। ਪਰ ਅੱਜ ਜਿਸ ਕਿਸਮ ਦਾ ਸਟੈਂਡ ਉਸਨੇ ਲਿਆ ਹੈ ਕਿ ਪੰਜਾਬ ਦੇ ਮੁਦਿਆਂ ਲਈ ਹਜਾਰਾਂ ਅਹੁਦੇ ਤਿਆਗ ਦੇਣ ਦਾ, ਇਹ ਪੰਜਾਬ ਦੀ ਮੁਖਧਾਰਾਈ ਸਿਆਸਤ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈੈ। ਉਸ ਵੇਲੇ ਜਦੋਂ ਹਰ ਜਣਾਂ-ਖਣਾਂ ਸਿਰਫ ਪੈਸੇ ਬਣਾਉਣ ਲਈ ਛੋਟੀਆਂ ਛੋਟੀਆਂ ਕੁਰਸੀਆਂ ਬਦਲੇ ਆਪਣੇ ਇਮਾਨ ਵੇਚਣ ਲਈ ਤਿਆਰ ਹੈ ਉਸ ਵੇਲੇ ਇੱਕ ਅਜਿਹੇ ਅਹੁਦੇ ਨੂੰ ਲੱਤ ਮਾਰਨੀ ਜਿਸ ਨਾਲ ਉਸਦੀਆਂ ਪੀੜ੍ਹੀਆਂ ਦੀ ਰੋਟੀ ਚੱਲ ਸਕਦੀ ਹੈ ਇਹ ਵਾਕਿਆ ਹੀ ਦਿਲ ਜਿਗਰੇ ਵਾਲਾ ਕਦਮ ਹੈੈ।