ਇੱਕ ਪਾਸੇ ਜਿੱਥੇ ਖਾਲਸਾ ਪੰਥ ਦੀ ਹੋਂਦ ਅਤੇ ਹਸਤੀ ਦੇ ਨਿਆਰੇਪਣ ਨੂੰ ਖੋਰਾ ਲਾਉਣ ਵਾਲੀਆਂ ਕੋਸ਼ਿਸ਼ਾਂ ਤੇਜ਼ ਹੋ ਰਹੀਆਂ ਹਨ ਉੱਥੇ ਹੀ ਖਾਲਸਾ ਪੰਥ ਵਿੱਚ ਧਾਰਮਕ ਵਿਵਾਦ ਵੀ ਤੇੇਜ਼ੀ ਨਾਲ ਵਧਦੇ ਜਾ ਰਹੇ ਹਨ। ਹਰ ਨਵੇਂ ਦਿਨ ਖਾਲਸਾ ਪੰਥ ਦੇ ਵਿਹੜੇ ਵਿੱਚ ਕੋਈ ਨਾ ਕੋਈ ਨਵਾਂ ਵਿਵਾਦ ਸੁੱਟ ਦਿੱਤਾ ਜਾਂਦਾ ਹੈ ਅਤੇ ਭਾਵੁਕ ਹੋਇਆ ਖਾਲਸਾ ਪੰਥ ਦਾ ਇੱਕ ਵੱਡਾ ਹਿੱਸਾ ਫਿਰ, ਕਿਸੇ ਇੱਕ ਪਾਸੇ ਖੜੋਕੇ, ਆਪਣੇ ਹੀ ਗੁਰੂ ਦੇ ਨਾਦੀ ਪੁੱਤਰਾਂ ਖਿਲਾਫ ਮੈਦਾਨ ਵਿੱਚ ਡਟ ਜਾਂਦਾ ਹੈੈ। ਇਹ ਕਾਰਜ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈੈ।

ਕਦੇ ਨਿੱਤਨੇਮ ਸਾਹਿਬ ਦੀਆਂ ਬਾਣੀਆਂ ਬਾਰੇ ਵਿਵਾਦ ਖੜ੍ਹਾ ਕਰ ਦਿੱਤਾ ਜਾਂਦਾ ਹੈ, ਕਦੇ ਰਾਗਮਾਲਾ ਬਾਰੇ, ਕਦੇ ਦਸਮ ਗਰੰਥ ਬਾਰੇ ਅਤੇ ਕਦੇ ਅਰਦਾਸ ਬਾਰੇ। ਹਰ ਨਵੇਂ ਦਿਨ ਕੋਈ ਨਾ ਕੋਈ ਧਰਮ ਪਰਚਾਰਕ ਕਿਸੇ ਹੋਰ ਨਾਲ ਉਲਝਿਆ ਹੋਇਆ ਨਜ਼ਰ ਆਉਂਦਾ ਹੈੈ। ਖਾਲਸਾ ਪੰਥ ਦੇ ਜਿੰਨੇ ਵੀ ਕਥਾਵਾਚਕ ਹਨ ਉਨ੍ਹਾਂ ਦੀਆਂ ਸ਼ੋਸ਼ਲ ਮੀਡੀਆ ਉੱਤੇ ਜਿੰਨੀਆਂ ਵੀ, ਕਥਿਤ ਤੌਰ ਤੇ ਪਰਚਾਰ ਕਰਨ ਦੀਆਂ ਵੀਡੀਓਜ਼ ਆ ਰਹੀਆਂ ਹਨ ਉਨ੍ਹਾਂ ਨੂੰ ਦੇਖ ਕੇ ਇਹ ਮਹਿਸੂਸ ਨਹੀ ਹੁੰਦਾ ਕਿ ਉਹ ਕਿਸੇ ਅਜਿਹੀ ਬਾਣੀ ਦੀ ਕਥਾ ਅਤੇ ਪਰਚਾਰ ਕਰ ਰਹੇ ਹਨ, ਜਿਸਨੂੰ ਧੁਰ ਕੀ ਬਾਣੀ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈੈ। ਕਥਾਵਾਚਕਾਂ ਦੇ ਪਰਚਾਰ ਕਰਨ ਦੇ ਢੰਗ ਅਤੇ ਲਹਿਜੇ ਤੋਂ ਲਗਦਾ ਹੈ ਕਿ ਜਿਵੇਂ ਉਹ, ਕਿਸੇ ਪੰਜਾਬੀ ਅਖਬਾਰ ਵਿੱਚ ਛਪੀ ਖਬਰ ਬਾਰੇ ਬਾਹਾਂ ਉਲਾਰ ਕੇ ਦਾਅਵੇ ਪੇਸ਼ ਕਰ ਰਹੇ ਹੋਣ।

ਜਿਹੜੇ ਧਾਰਮਕ ਤੌਰ ਤੇ ਸਾਡੇ ਰਾਹ ਦਰਸਾਵੇ ਹੋਣੇ ਚਾਹੀਦੇ ਸਨ ਉਹ ਜਿਸ ਕਿਸਮ ਦੇ ਵਿਵਾਦਾਂ ਵਿੱਚ ਉਲਝ ਰਹੇ ਹਨ ਉਹ ਕਿਸੇ ਵੀ ਕੌਮ ਦੇ ਦਾਨਿਸ਼ਵਰਾਂ ਲਈ ਫਿਕਰਮੰਦੀ ਦਾ ਕਾਰਨ ਹੋਣਾਂ ਸੁਭਾਵਿਕ ਹੀ ਹੈੈ।

ਬੇਸ਼ੱਕ ਖਾਲਸਾ ਪੰਥ ਵਿੱਚ ਸੰਪਰਦਾਈ ਸੋਚ ਅਤੇ ਤਰਜ਼ੇਜਿੰਦਗੀ ਅਤੇ ਆਧੁਨਿਕ ਕਹਾਉਣ ਵਾਲੇ ਮਿਸ਼ਨਰੀ ਵੀਰਾਂ ਦਰਮਿਆਨ, ਧਾਰਮਕ ਤੌਰ ਤੇ ਕੁਝ ਵਿਵਾਦ ਮੌਜੂਦ ਸਨ ਪਰ ਅਤੀਤ ਵਿੱਚ ਕਦੇ ਅਜਿਹਾ ਨਹੀ ਸੀ ਹੋਇਆ ਕਿ ਇਹ ਵਿਵਾਦ, ਫਸਾਦ ਦੀ ਜੜ੍ਹ ਬਣ ਜਾਣ, ਅਤੇ ਕੌਮ ਵਿੱਚ ਇੱਕ ਵੱਡਾ ਧਾਰਮਕ ਸੰਕਟ ਪੈਦਾ ਹੋ ਜਾਵੇ। ਦੋਵੇਂ ਧਿਰਾਂ ਆਪੋ ਆਪਣੇ ਖੇਤਰ ਵਿੱਚ, ਬਿਨਾ ਕਿਸੇ, ਲੜਾਈ ਝਗੜੇ ਦੇ ਕਾਰਜ ਕਰ ਰਹੀਆਂ ਸਨ। ਕੋਈ ਕਿਸੇ ਦਾ ਰਾਹ ਕੱਟ ਨਹੀ ਸੀ ਰਿਹਾ। ਪਰ ਹੁਣ ਤਾਂ ਗਿਣ ਮਿਥ ਕੇ ਹਰ ਨਵੇਂ ਦਿਨ, ਦੂਜੀ ਧਿਰ ਨੂੰ ਜਲੀਲ ਕਰਨ ਲਈ, ਧਾਰਮਕ ਪਰਚਾਰ ਦੇ ਨਾਅ ਤੇ, ਜਹਿਰ ਉਗਲਿਆ ਜਾਣ ਲੱਗਾ ਹੈੈੈ।

ਬਹੁਤ ਛੋਟੀ ਕਿਸਮ ਦੇ ਵਿਵਾਦਾਂ ਦਾ ਦੌਰ ਹੁਣ ਵੱਡਾ ਹੁੰਦਾ ਹੁੰਦਾ, ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ,ਸਿੱਖ ਇਤਿਹਾਸ ਅਤੇ ਸਿੱਖ ਰਵਾਇਤਾਂ ਉੱਤੇ ਸ਼ੰਕੇ ਕਰਨ ਤੱਕ ਵਧ ਗਿਆ ਹੈੈ। ਸਿੱਖ ਇਤਿਹਾਸਕ ਸਰੋਤਾਂ ਬਾਰੇ ਸ਼ੰਕੇ ਪੈਦਾ ਕੀਤੇ ਜਾ ਰਹੇ ਹਨ। ਸਿੱਖਾਂ ਦੀ ਜੀਵਨ ਸ਼ੈਲੀ ਨਾਲ ਸਬੰਧਤ ਆਦਤਾਂ ਅਤੇ ਰਵਾਇਤਾਂ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਂਦਾ ਜਾ ਰਿਹਾ ਹੈੈ। ਅਤੇ ਹੁਣ ਤਾਂ ਬਹੁਤ ਕੁਝ ਅਜਿਹਾ ਹੋਣ ਲੱਗਾ ਹੈ ਜੋ ਪੰਥ ਵਿੱਚ ਪਹਿਲਾਂ ਕਦੇ ਵੀ ਨਹੀ ਹੋਇਆ।

ਇਨ੍ਹਾਂ ਵਿਵਾਦਾਂ ਦੇ ਚਲਦਿਆਂ ਖਾਲਸਾ ਪੰਥ ਇੱਕ ਦੂਜੇ ਦੇ ਸਾਹਮਣੇ, ਸ਼ਬਦਾਂ ਦੀਆਂ ਤਲਵਾਰਾਂ ਸੂਤ ਕੇ ਖੜ੍ਹਾ ਹੈੈੈ। ਕੌਮ ਪੂਰੀ ਤਰ੍ਹਾਂ ਦੋਫਾੜ ਹੁੰਦੀ ਨਜ਼ਰ ਆ ਰਹੀ ਹੈੈੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਸਾਂਝੀ ਇਕੱਤਰਤਾ ਦੇ ਯਤਨ ਵੀ ਫਿੱਕੇ ਪੈਂਦੇ ਨਜ਼ਰ ਆ ਰਹੇ ਹਨ।

ਅਸਲ ਵਿੱਚ ਇੱਕ ਦੂਜੇ ਦੇ ਸਾਹਮਣੇ ਖੜ੍ਹੀਆਂ ਧਿਰਾਂ ਗੁਰੂ ਸ਼ਬਦ ਦੇ ਰੁਹਾਨੀ ਸੱਚ ਤੋਂ ਸੱਖਣੀਆਂ ਹਨ। ਦੋਹੇ ਪਾਸੇ ਜਿਹੜੇ ਲੋਕ ਮੋਹਰੀ ਬਣੇ ਹੋਏ ਹਨ ਉਹ ਅੰਦਰੋ ਬਿਲਕੁਲ ਖਾਲੀ ਹਨ। ਗੁਰੂ ਸ਼ਬਦ ਦੀ ਕੋਈ ਵੀ ਕਮਾਈ ਉਨ੍ਹਾਂ ਦੀ ਸ਼ਖਸ਼ੀਅਤ ਵਿੱਚੋਂ ਝਲਕਦੀ ਨਜ਼ਰ ਨਹੀ ਆਉਂਦੀ।

ਹਲਕੀਆਂ ਸ਼ਖਸ਼ੀਅਤਾਂ ਨੂੰ ਅਹੁਦੇ ਅਤੇ ਰੁਤਬੇ ਬਹੁਤ ਵੱਡੇ ਮਿਲ ਗਏ ਹਨ। ਉਨ੍ਹਾਂ ਲੰਗੜੇ ਜਿਹੇ ਅਹੁਦਿਆਂ ਦੇ ਲੋਰ ਵਿੱਚ ਅਜਿਹੇ ਲੋਕ, ਗੁਰੂ ਸ਼ਬਦ, ਸਿੱਖ ਇਤਿਹਾਸ ਅਤੇ ਸਿੱਖ ਰਵਾਇਤਾਂ ਨੂੰ ਮਜ਼ਾਕ ਕਰਨ ਲੱਗ ਪਏ ਹਨ। ਆਪਸ ਵਿੱਚ ਉਲਝੀਆਂ ਦੋਵਾਂ ਧਿਰਾਂ ਕੋਲ ਰੱਬ ਦੇ ਰੰਗ ਵਿੱਚ ਰੰਗੀ ਕੋਈ ਵੀ ਅਜਿਹੀ ਰੁਹਾਨੀ ਸ਼ਖਸ਼ੀਅਤ ਨਹੀ ਹੈ, ਜੋ ਕੌਮ ਦੇ ਵਰਤਮਾਨ ਸੰਕਟ ਨੂੰ ਸਮਝਣ ਵਾਲੀ ਅਤੇ ਉਸਨੂੰ ਆਪਣੇ ਜਲੌਅ ਨਾਲ ਖਤਮ ਕਰਨ ਵਾਲੀ ਹੋਵੇ। ਸਭ ਕੁਝ ਰਾਜਨੀਤੀ ਤੋਂ ਪਰੇਰਿਤ ਹੋ ਰਿਹਾ ਹੈੈ। ਜਿਹੜੇ ਲੋਕ ਸ਼ੋਸ਼ਲ ਮੀਡੀਆ ਤੇ ਕਿਸੇ ਵੀ ਧਿਰ ਵਿੱਚ ਬਿਆਨਬਾਜ਼ੀ ਕਰ ਰਹੇ ਹਨ ਉਨ੍ਹਾਂ ਦੀ ਸ਼ਬਦਾਵਲੀ ਜਾਂਗਲੀਆਂ ਵਾਲੀ ਹੈੈ। ਲਗਦਾ ਹੀ ਨਹੀ ਹੈ ਕਿ ਉਹ ਕਿਸੇ ਧਰਮ ਦੇ ਪੈਰੋਕਾਰ ਹੋਣਗੇ।

ਇਸ ਸੰਕਟ ਨੂੰ ਕੋਈ ਨਾਮ ਰੱਤੀ ਰੁਹਾਨੀ ਰੂਹ ਹੀ ਖਤਮ ਕਰ ਸਕਦੀ ਹੈੈ। ਵਾਹਿਗੁਰੂ ਮਿਹਰ ਕਰਨ ਕਿ ਕੋਈ ਅਜਿਹੀ ਰੂਹ ਕੌਮ ਦੇ ਕੇਂਦਰ ਵਿੱਚ ਪ੍ਰਗਟ ਹੋ ਜਾਵੇ।