ਸਿੱਖ ਰਾਜ ਦੇ ਆਖਰੀ ਚਿਰਾਗ, ਮਹਾਰਾਜਾ ਦਲੀਪ ਸਿੰਘ ਦੇ ਸੰਘਰਸ਼ਮਈ ਜੀਵਨ ਦੇ ਅਧਾਰ ਤੇ ਬਣੀ ਫਿਲਮ ‘ਦਾ ਬਲੈਕ ਪਿਰੰਸ’ ਪਿਛਲੇ ਹਫਤੇ ਪੂਰੀ ਦੁਨੀਆਂ ਵਿੱਚ ਰਲੀਜ਼ ਹੋਈ। ਆਪਣੀ ਰਲੀਜ਼ ਤੋਂ ਪਹਿਲਾਂ ਹੀ ਫਿਲਮ ਨੇ ਬਹੁਤ ਸਾਰੇ ਵੱਡੇ ਫਿਲਮ ਉਤਸਵਾਂ ਵਿੱਚ ਆਪਣੀ ਉਤਮਤਾ ਦਾ ਲੋਹਾ ਮਨਵਾ ਲਿਆ ਸੀ। ੨੧ ਜੁਲਾਈ ਨੂੰ ਰਲੀਜ਼ ਹੋਣ ਤੋਂ ਬਾਅਦ ਦੁਨੀਆਂ ਭਰ ਵਿੱਚ ਇਸਨੂੰ ਦੇਖਣ ਲਈ ਸਿੱਖ ਅਤੇ ਗੈਰ-ਸਿੱਖ ਦਰਸ਼ਕ ਪਹੁੰਚੇ। ਵਿਦੇਸ਼ਾਂ ਵਿੱਚ ਤਾਂ ਹਾਲੇ ਵੀ ਸਿਨੇਮਿਆਂ ਵਿੱਚ ਹਾਊਸ-ਫੁੱਲ ਚੱਲ ਰਹੇ ਹਨ।

ਇਸ ਫਿਲਮ ਨੇ ਆਪਣੀ ਕਲਾਤਮਕਤਾ ਅਤੇ ਸ਼ੈਲੀ ਰਾਹੀਂ ਬੇਸ਼ੱਕ ਹੋਰ ਵੀ ਬਹੁਤ ਸਾਰੇ ਸੰਦੇਸ਼ ਦਿੱਤੇ ਹੋਣਗੇ। ਪਰ ਸਿੱਖ ਕੌਮ ਨੇ ਇਸ ਫਿਲਮ ਵਿੱਚੋਂ ਜੋ ਸੰਦੇਸ਼ ਹਾਸਲ ਕੀਤਾ ਹੈ ਉਹ ਆਪਣੀ ਪਹਿਚਾਣ ਅਤੇ ਆਪਣੀਆਂ ਜੜ੍ਹਾਂ ਬਾਰੇ ਹੈ। ਜਿਸ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਨੂੰ ਉਸਦੀ ਮਾਂ, ਮਾਂ-ਧਰਤੀ ਅਤੇ ਸੱਭਿਆਚਾਰ ਤੋਂ ਵਿਰਵਾ ਕਰਕੇ ਕਿਸੇ ਹੋਰ ਸੰਸਾਰ ਵਿੱਚ ਪਿਉਂਦ ਦਿੱਤਾ ਗਿਆ ਸੀ। ਬਿਲਕੁਲ ਸਿੱਖ ਕੌਮ ਨੂੰ ਵੀ ਅਜ਼ਾਦ ਭਾਰਤ ਵਿੱਚ ਇਸੇ ਤਰ੍ਹਾਂ ਜੇਤੂ ਹਾਕਮਾਂ ਦੀ ਤਰਜ਼ੇ-ਜਿੰਦਗੀ ਦੀ ਪਿਉਂਦ ਕੜ੍ਹਾਉਣ ਦੇ ਯਤਨ ਲਗਾਤਾਰ ਹੋ ਰਹੇ ਹਨ। ਬਹੁਤ ਵਾਰ ਤਾਂ ਸਿੱਖ ਕੌਮ ਜੇਤੂ ਹਾਕਮਾਂ ਦੀਆਂ ਇਨ੍ਹਾਂ ਚਅਲਾਂ ਬਾਰੇ ਸੁਚੇਤ ਹੋ ਜਾਂਦੀ ਹੈ ਅਤੇ ਸੰਘਰਸ਼ ਦੇ ਰਾਹ ਪੈਂਦੀ ਹੈ ਪਰ ਕਈ ਵਾਰ ਅਜਿਹਾ ਵਾਪਰਦਾ ਹੈ ਕਿ ਜੇਤੂ-ਹਾਕਮ ਕੌਮ ਦੀ ਮਾਨਸਿਕਤਾ ਵਿੱਚੋਂ ਅਜ਼ਾਦ ਰਾਜ ਅਤੇ ਆਪਣੀਂ ਹੋਂਦ-ਪਹਿਚਾਣ ਦਾ ਜਜਬਾ ਮਾਰ ਦੇਣ ਲਈ ਬਹੁਤ ਗੰਭੀਰ ਯਤਨ ਕਰਦਾ ਹੈ ਜਿਸਦੇ ਜਾਲ ਵਿੱਚ ਕੌਮ ਭੋਲੇਪਣ ਅਧੀਨ ਹੀ ਫਸ ਜਾਂਦੀ ਹੈ।

ਅਜਿਹੇ ਹਾਲਤ ਵਿੱਚ ਹੁੰਦਾ ਇਹ ਹੈ ਕਿ ਕੌਮ ਨੂੰ ਆਪਣੇ ਉਸ ਸੁਨਹਿਰੇ ਅਤੀਤ ਦਾ ਪਤਾ ਨਹੀ ਲਗਦਾ ਜਿਸਨੇ ਉਸਦਾ ਭਵਿੱਖ ਸੁਆਰਨਾ ਹੁੰਦਾ ਹੈ।

ਨਿਰਸੰਦੇਹ ‘ਦਾ ਬਲੈਕ ਪ੍ਰਿੰਸ’ ਨੇ ਸਿੱਖਾਂ ਵਿੱਚ ਉਸ ਆਪਣੇਪਣ ਦੇ ਜਜਬਾਤ ਜਗਾ ਦਿੱਤੇ ਹਨ ਜਿਸ ਅਵਸਥਾ ਵਿੱਚ ਕੌਮ ਆਪਣੀ ਪਹਿਚਾਣ ਬਾਰੇ ਅਤੇ ਆਪਣੇ ਭਵਿੱਖ ਬਾਰੇ ਸੋਚਣ ਲਈ ਤਤਪਰ ਹੋਣ ਦੇ ਯਤਨ ਕਰ ਰਹੀ ਹੈ।

ਬਜ਼ੁਰਗਾਂ ਦੇ ਨਾਲ ਨਾਲ ਇਸ ਫਿਲਮ ਨੇ ਨੌਜਵਾਨ ਪੀੜ੍ਹੀ ਵਿੱਚ ਆਪਣੀ ਕੌਮ ਦੀ ਹੋਣੀ ਅਤੇ ਕੌਮ ਨੂੰ ਆਪਣੇ ਰਾਜ ਨਾਲ਼ੋਂ ਤੋੜ ਦੇਣ ਦੀਆਂ ਗੰਭੀਰ ਸਾਜਿਸ਼ਾਂ ਬਾਰੇ ਜਾਨਣ ਦੀ ਉਤਸੁਕਤਾ ਪੈਦਾ ਕਰ ਦਿੱਤੀ ਹੈ। ਵਾਰ ਵਾਰ ਜਿਸ ਤਰ੍ਹਾਂ ਫਿਲਮ ਵਿੱਚ ਖਾਲਸਾਈ ਨਿਸ਼ਾਨ, ਖਾਲਸਾਈ ਬੋਲੇ ਅਤੇ ਖਾਲਸਾਈ ਬਿੰਬਾਂ ਦੀ ਵਰਤੋਂ ਕੀਤੀ ਗਈ ਹੈ। ਜਿਵੇਂ ਮਹਾਰਾਣੀ ਜਿੰਦਾਂ ਆਪਣੇ ਪੁੱਤਰ ਨੂੰ ਇਹ ਦੱਸਦੀ ਹੈ ਕਿ ਉਹ ਸ਼ੇਰ-ਏ-ਪੰਜਾਬ ਦੀ ਔਲਾਦ ਹੈ ਅਤੇ ਉਸਨੂੰ ਆਪਣਾਂ ਖੁਸਿਆ ਹੋਇਆ ਰਾਜ ਮੁੜ ਤੋਂ ਹਾਸਲ ਕਰ ਲੈਣ ਲਈ ਤਲਵਾਰ ਚੁੱਕਣੀ ਚਾਹੀਦੀ ਹੈ। ਇਸ ਜਜਬੇ ਨੇ ਕੌਮੀ ਕਾਰਜ ਲਈ ਇੱਕ ੁਤਸੁਕਤਾ ਪੈਦਾ ਕਰ ਦਿੱਤੀ ਹੈ। ਸ਼ੋਸ਼ਲ ਮੀਡੀਆ ਤੇ ਇਸ ਫਿਲਮ ਬਾਰੇ ਜੋ ਵਿਚਾਰ ਸਾਹਮਣੇ ਆ ਰਹੇ ਹਨ ਉਨ੍ਹਾਂ ਨੂੰ ਦੇਖਿਆਂ ਇਹ ਲਗਦਾ ਹੈ ਕਿ, ਕੀ ਬਜ਼ੁਰਗ ਅਤੇ ਕੀ ਨੌਜਵਾਨ ਉਹ ਇਸ ਫਿਲਮ ਦੇ ਕੇਂਦਰੀ ਸੰਦੇਸ਼ ਤੋਂ ਪ੍ਰਭਾਵਿਤ ਹੋਏ ਹਨ।

ਅਸੀਂ ਇਹ ਨਹੀ ਆਖ ਰਹੇ ਕਿ ਕੋਈ ਇੱਕ ਫਿਮ ਜਾਂ ਕੋਈ ਇੱਕ ਕਿਤਾਬ ਕੌਮਾਂ ਦੀ ਹੋਣੀ ਅਤੇ ਜਿੰਦਗੀ ਨੂੰ ਪਲਟਣ ਵਿੱਚ ਸਹਾਈ ਹੋ ਸਕਦੀ ਹੈ ਪਰ ਪਹਿਲਾ ਕਦਮ ਜੇ ਸਹੀ ਹੋਵੇ ਤਾਂ ਅਗਲੇ ਕਦਮਾਂ ਲਈ ਕਾਫਲੇ ਬਣ ਜਾਇਆ ਕਰਦੇ ਹਨ।

ਇਸ ਫਿਲਮ ਨੇ ਆਪਣੇ ਆਗਾਜ਼ ਨਾਲ ਹਾਲੀਵੁੱਡ ਵਿੱਚ ਸਿੱਖ ਸਿਨੇਮੇ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ। ਦਸਤਾਰਧਾਰੀ ਕਿਰਦਾਰਾਂ ਵੱਲ਼ੋਂ ਇਸ ਫਿਲਮ ਵਿੱਚ ਵੱਡੇ ਪੱਧਰ ਤੇ ਸ਼ਾਮਲ ਹੋਣਾਂ ਕੌਮੀ ਪਹਿਚਾਣ ਨੂੰ ਬੁਲੰਦ ਕਰਨ ਵਾਲਾ ਕਦਮ ਹੈ।

ਅਸੀਂ ਆਸ ਕਰਦੇ ਹਾਂ ਕਿ ਕੌਮ ਕਿਸੇ ਘਟਨਾ ਤੋਂ ਪ੍ਰਭਾਵਿਤ ਹੋਕੇ ਜੇ ਆਪਣੇ ਅਤੀਤ ਬਾਰੇ, ਆਪਣੇ ਵਰਤਮਾਨ ਬਾਰੇ ਅਤੇ ਆਪਣੇ ਭਵਿੱਖ ਬਾਰੇ ਜਾਨਣ ਅਤੇ ਆਪਣੇ ਆਪ ਨੂੰ ਪਹਿਚਾਨਣ ਲੱਗ ਪਵੇ ਤਾਂ ਇਹ ਇਸ ਫਿਲਮ ਦੀ ਪ੍ਰਾਪਤੀ ਆਖੀ ਜਾਵੇਗੀ।