ਪੰਜਾਬ ਵਿੱਚ ਇੱਕ ਵਾਰ ਫਿਰ ਅੰਨ੍ਹੀ ਹਿੰਸਾ ਦੀਆਂ ਕੁਝ ਘਟਨਾਵਾਂ ਵਾਪਰ ਰਹੀਆਂ ਹਨ। ਪਿਛਲੇ ਦਿਨੀ ਪਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਸ ਅੰਨ੍ਹੀ ਹਿੰਸਾ ਦੇ ਵਣਜਾਰਿਆਂ ਨੇ ਦਿਨ ਦਿਹਾੜੇ ਕਤਲ ਕਰ ਦਿੱਤਾ ਹੈ। ਸਿੱਧੂ ਮੂਸੇਵਾਲਾ ਪੰਜਾਬੀ ਗਾਇਕੀ ਨੂੰ ਉਸਦੇ 21ਵੀਂ ਸਦੀ ਵਾਲੇ ਸਥਾਨ ਤੇ ਲੈ ਜਾਣ ਵਾਲਾ ਪਹਿਲਾ ਪੰਜਾਬੀ ਕਲਾਕਾਰ ਬਣਿਆ। ਉਸਨੇ ਰਵਾਇਤੀ ਪੰਜਾਬੀ ਗਾਇਕੀ ਤੋਂ ਅੱਗੇ ਦੀ ਛਾਲ ਮਾਰਦਿਆਂ ਇਸਨੂੰ ਰੈਪ ਗਾਇਕੀ ਤੱਕ ਲਿਜਾਣ ਦਾ ਸਫਰ ਤਹਿ ਕੀਤਾ। ਬੇਸ਼ੱਕ ਅਸੀਂ ਉਸਦੀ ਗਾਇਕੀ ਨੂੰ ਪਸੰਦ ਕਰੀਏ ਜਾਂ ਨਾ ਕਰੀਏ ਪਰ ਇਹ ਗੱਲ ਸਪਸ਼ਟ ਹੈ ਕਿ ਉਸਨੇ ਨਵੀਂ ਪੀੜ੍ਹੀ ਦੀ ਨੌਜਵਾਨੀ ਦੇ ਦਿਲਾਂ ਵਿੱਚ ਇੱਕ ਵੱਖਰੀ ਥਾਂ ਬਣਾ ਲਈ ਸੀ।

ਬੇਸ਼ੱਕ ਆਪਣੀ ਗਾਇਕੀ ਦੇ ਮੁਢਲੇ ਦੌਰ ਦੌਰਾਨ ਸਿੱਧੂ ਮੂਸੇਵਾਲਾ ਨੇ ਹਲਕੇ ਫੁਲਕੇ ਗੀਤ ਗਾਏ ਪਰ ਹੁਣ ਉਸਦੇ ਗੀਤਾਂ ਵਿੱਚ ਇਤਿਹਾਸ ਤੇ ਗਾਇਕੀ ਦਾ ਸੰਗਮ ਨਜ਼ਰ ਆਉਣ ਲੱਗ ਪਿਆ ਸੀ। ਉਸਨੇ ਸਿੱਖ ਇਤਿਹਾਸ ਦੇ ਨਾਇਕਾਂ ਨੂੰ ਆਪਣੇ ਗੀਤਾਂ ਵਿੱਚ ਥਾਂ ਦੇਣੀ ਸ਼ੁਰੂ ਕਰ ਦਿੱਤੀ ਸੀ। ਉਸਦੀ ਗਾਇਕੀ ਦਾ ਦੂਜਾ ਹਾਸਲ ਇਹ ਸੀ ਕਿ ਉਸਨੇ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀ ਨੌਜਵਾਨਾਂ ਨੂੰ ਪੰਜਾਬ ਨਾਲ ਜੋੜਿਆ। ਬੇਸ਼ੱਕ ਉਹ ਰੈਪ ਕਲਚਰ ਰਾਹੀਂ ਦੀ ਮਸ਼ਹੂਰ ਹੋਇਆ ਪਰ ਆਪਣੇ ਇਸ ਨਵੇਂ ਅੰਦਾਜ਼ ਅਧੀਨ ਉਸਨੇ ਠੇਠ ਪੰਜਾਬੀ ਦੇ ਸ਼ਬਦ ਵਰਤੇ ਅਤੇ ਠੇਠ ਪੰਜਾਬੀ ਮੁਹਾਵਰੇ ਨੂੰ ਨਵੀਂ ਪੀੜ੍ਹੀ ਦੇ ਨੌਜਵਾਨਾਂ ਦੇ ਰੂਬਰੂ ਕਰਵਾਇਆ। ਟਿਬਿੱਆਂ ਦੀ ਬਾਤ ਪਾਉਣ ਵਾਲੇ ਸਿੱਧੂ ਮੂਸੇਵਾਲਾ ਨੇ ਸਿੱਖ ਇਤਿਹਾਸ ਨੂੰ ਵੀ ਆਪਣੀ ਗੀਤਕਾਰੀ ਦਾ ਕੇਂਦਰ ਬਣਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਸਨ। ਜਿੰਨੇ ਉਨ੍ਹਾਂ ਦੇ ਚਾਹੁੰਣ ਵਾਲੇ ਸਨ ਉਸਦੇ ਦੇਖਦਿਆਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਜਿਹਾ ਇੱਕ ਮਨੁੱਖ ਹੀ ਆਪਣੀ ਕਲਾ ਨਾਲ ਕਿੰਨੇ ਲੋਕਾਂ ਨੂੰ ਇਤਿਹਾਸ ਨਾਲ ਜੋੜ ਸਕਦਾ ਸੀ।

ਪਰ ਹੋਣੀ ਨੂੰ ਕੁਝ ਹੋਰ ਹੀ ਮਨਜੂਰ ਸੀ। ਪਿਛਲੇ ਦਿਨੀ ਅੰਨ੍ਹੀ ਹਿੰਸਾ ਦੇ ਕੁਝ ਵਪਾਰੀਆਂ ਨੇ ਪੰਜਾਬ ਦੀ ਇਸ ਨਿਵੇਕਲੀ ਅਵਾਜ਼ ਨੂੰ ਸਦਾ ਲਈ ਚੁੱਪ ਕਰਵਾ ਦਿੱਤਾ ਹੈ। ਉਹ ਲੋਕ ਜੋ ਰਾਹ ਤੋਂ ਭਟਕੇ ਹੋਏ ਹਨ। ਜਿਨ੍ਹਾਂ ਲਈ ਹਿੰਸਾ ਸਿਰਫ ਸ਼ੌਕ ਰਹਿ ਗਈ ਹੈ। ਜੋ ਸਿੱਖੀ ਸਿਦਕ ਤੋਂ ਵਿਹੂਣੀ ਹਿੰਸਾ ਦੇ ਰਾਹ ਪਏ ਹੋਏ ਹਨ। ਜਿਨ੍ਹਾਂ ਨੇ ਹਿੰਸਾ ਨੂੰ ਸ਼ੁਗਲ ਬਣਾ ਲਿਆ ਹੈ। ਜਿਨ੍ਹਾਂ ਲਈ ਕਿਸੇ ਮਾਂ-ਬਾਪ ਦਾ ਬੇਟਾ ਮਾਰਨਾ ਮਾਰ ਦੇਣਾਂ ਇੱਕ ਖੇਡ ਬਣ ਗਈ ਹੈ ਉਨ੍ਹਾਂ ਹੱਥਾਂ ਨੇ ਪੰਜਾਬ ਦਾ ਇੱਕ ਹੋਣਹਾਰ ਪੁੱਤ ਖੋਹ ਲਿਆ ਹੈ।

ਸਾਨੂੰ ਅਹਿਸਾਸ ਹੈ ਕਿ ਗੈਂਗਸਟਰ ਕੋਈ ਆਪਣੇ ਆਪ ਨਹੀ ਬਣਦਾ ਬਲਕਿ ਸਮੇਂ ਦੇ ਰਾਜਨੀਤਿਕ ਅਤੇ ਸਮਾਜਕ ਹਾਲਾਤ ਉਸਨੂੰ ਹਥਿਆਰ ਚੁੱਕਣ ਲਈ ਮਜਬੂਰ ਕਰਦੇ ਹਨ ਪਰ ਪੰਜਾਬ ਵਿੱਚ ਇਸ ਕਿਸਮ ਦੀ ਬੇਕਿਰਕ ਹਿੰਸਾ ਲਈ ਕਦੇ ਵੀ ਕੋਈ ਥਾਂ ਨਹੀ ਰਹੀ। ਪੰਜਾਬ ਵਿੱਚ ਜੋ ਪੁਰਾਤਨ ਡਾਕੂ ਕਲਚਰ ਪਰਚੱਲਤ ਸੀ ਉਹ ਵੀ ਬੇਕਿਰਕ ਹਿੰਸਾ ਦਾ ਪੁਜਾਰੀ ਨਹੀ ਸੀ। ਉਹ ਪੰਜਾਬ ਦੇ ਅਦਬ ਅਤੇ ਇਤਿਹਾਸ ਨੂੰ ਹਮੇਸ਼ਾ ਮਨ ਵਿੱਚ ਰੱਖਦੇ ਸਨ। ਕਿਸੇ ਮਜਲੂਮ ਨੂੰ ਕਤਲ ਕਰਨਾ ਉਨ੍ਹਾਂ ਨੂੰ ਗੰਵਾਰਾ ਨਹੀ ਸੀ। ਕਿਉਂਕਿ ਪੰਜਾਬ ਦੇ ਇਤਿਹਾਸ ਅਤੇ ਸਮਾਜ ਨੇ ਕਦੇ ਬੇਕਿਰਕ ਹਿੰਸਾ ਨੂੰ ਪਰਵਾਨ ਨਹੀ ਕੀਤਾ। ਇੱਥੋਂ ਤੱਕ ਕਿ ਪੰਜਾਬ ਦੀਆਂ ਸਿਆਸੀ ਲਹਿਰਾਂ ਵੇਲੇ ਵੀ ਇਸ ਧਰਤੀ ਦੇ ਲੋਕਾਂ ਨੇ ਅੰਨ੍ਹੀ ਅਤੇ ਸਿਦਕ ਤੋਂ ਵਿਹੂਣੀ ਹਿੰਸਾ ਨੂੰ ਪਰਵਾਨ ਨਹੀ ਕੀਤਾ। ਖਾੜਕੂ ਲਹਿਰ ਵੇਲੇ ਵੀ ਨਿਰਦੋਸ਼ ਹਿੰਦੂਆਂ ਦੇ ਕਤਲ ਕਦੇ ਪਰਵਾਨਗੀ ਹਾਸਲ ਨਹੀ ਕਰ ਸਕੇ। ਸਿਰਫ ਉਨ੍ਹਾਂ ਕਾਰਵਾਈਆਂ ਨੂੰ ਹੀ ਪਰਵਾਨਗੀ ਮਿਲੀ ਜੋ ਸਿੱਖ ਇਤਿਹਾਸ ਵੱਲੋਂ ਪਰਵਾਨਤ ਹਿੰਸਾ ਦੇ ਦਾਇਰੇ ਅਧੀਨ ਆਉਂਦੀਆਂ ਸਨ।

ਸਿੱਧੂ ਮੂਸੇਵਾਲੇ ਦੇ ਕਤਲ ਨੂੰ ਵੀ ਪੰਜਾਬ ਦੇ ਅਵਾਮ ਨੇ ਕਦੇ ਪਰਵਾਨ ਨਹੀ ਕਰਨਾ। ਕਿਸੇ ਸੋਹਣੇ ਸੁਨੱਖੇ ਨੌਜਵਾਨ ਦਿਨ ਦਿਹਾੜੇ ਕਤਲ ਕਰ ਦੇਣਾਂ ਇਹ ਕੋਈ ਬਹਾਦਰੀ ਨਹੀ ਹੈ। ਉ੍ਹਹ ਵੀ ਕਾਹਦੇ ਪਿੱਛੇ ਕਿਸੇ ਸੁਣੇ ਸੁਣਾਏ ਗੁਨਾਹ ਪਿੱਛੇ ਜਿਸ ਵਿੱਚ ਉਹ ਸ਼ਾਮਲ ਹੀ ਨਹੀ ਹੈ। ਹਥਿਆਰਾਂ ਦਾ ਇਹ ਬੇਕਿਰਕ ਰੋਮਾਂਸ ਅਤੇ ਸਿੱਖ ਸਿਧਾਂਤਾਂ ਤੋਂ ਸੱਖਣੀ ਹਿੰਸਾ ਕਰਨ ਵਾਲੇ ਗੁਰੂ ਦੇ ਪੁੱਤਰ ਨਹੀ ਹੋ ਸਕਦੇ। ਇਹ ਬੌਲੀਵੁੱਡ ਸਟਾਈਲ ਹਿੰਸਕ ਗਰੋਹ ਪੰਜਾਬ ਤੋਂ ਬਾਹਰ ਤਾਂ ਪਨਪ ਸਕਦੇ ਹਨ ਪਰ ਪੰਜਾਬ ਵਿੱਚ ਨਹੀ ਕਿਉਂਕਿ ਪੰਜਾਬ ਦੀ ਹਿੰਸਾ ਨਾਲ ਧਰਮ ਦੀ ਪਹਿਰੇਦਾਰੀ ਰਹਿੰਦੀ ਹੈ। ਭਾਰਤ ਦੀ ਹਿੰਸਾ ਨਾਲ ਧਰਮ ਦਾ ਅਨੁਸ਼ਾਸ਼ਨ ਨਹੀ ਰਹਿੰਦਾ। ਇਸੇ ਲਈ ਪੰਜਾਬ ਭਾਰਤ ਤੋਂ ਵੱਖਰਾ ਹੈ।

ਪੰਜਾਬ ਵਿੱਚ ਸਿੱਖੀ ਸਿਧਾਂਤ ਤੋਂ ਵਿਹੂਣੀ ਹਿੰਸਾ ਕਰਨ ਵਾਲਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ, ਕਿ ਗੁਰੂ ਦੇ ਰਾਹ ਤੇ ਮੁੜ ਆਓ। ਤੁਸੀਂ ਇਸ ਅਨੰਦਪੁਰੀ ਦੇ ਹੀ ਵਾਸੀ ਹੋ। ਕਲਗੀਆਂਵਾਲੇ ਨੇ ਕਿਸੇ ਤੇ ਨਿਰਦੋਸ਼ ਦਾ ਕਤਲ ਕਰਨ ਦੀ ਜਾਂਚ ਨਹੀ ਦੱਸੀ। ਉਸਦੇ ਦਰਬਾਰ ਵਿੱਚ ਤਾਂ ਔਰੰਗਜ਼ੇਬੀ ਤਰਜ਼ੇ-ਜਿੰਦਗੀ ਖਿਲਾਫ ਬਾਂਹ ਉਲਾਰਨ ਵਾਲੀ ਹਿੰਸਾ ਹੀ ਪਰਵਾਨ ਹੈ। ਇਹ ਪਰਾਪਤੀ ਕਲਗੀਆਂ ਵਾਲੇ ਦੇ ਸ਼ਬਦ ਨਾਲ ਜੁੜਨ ਤੋਂ ਬਿਨਾ ਹਾਸਲ ਨਹੀ ਹੁੰਦੀ।

ਪੰਜਾਬ ਦੇ ਬੱਚਿਓ-ਆਓ ਆਪਣੇ ਘਰ ਗੁਰੂ ਦੇ ਚਰਨਾ ਵਿੱਚ ਮੁੜ ਆਓ। ਜਿਸ ਰਾਹ ਤੇ ਤੁਸੀਂ ਚੱਲ ਰਹੇ ਹੋ ਇਹ ਸਾਡਾ ਰਾਹ ਨਹੀ ਹੈ। ਗੁਰੂ ਦਾ ਰਾਹ ਨਹੀ ਹੈ।