੨੦੧੪ ਦਾ ਸਾਲ ਦਾ ਮੁੱਢਲੇ ਤੌਰ ਤੇ ਮੁਲਾਂਕਣ ਕਰੀਏ ਤਾਂ ਇਹ ਸਾਲ ਕਾਫੀ ਹੱਦ ਤੱਕ ਵੱਖ ਵੱਖ ਅੰਦਰੂਨੀ ਖਦਮਖਿਤਅਰੀ ਦੀਆ ਖੂਨੀ ਜੰਗਾਂ ਵਿੱਚ ਘਿਰਿਆ ਰਿਹਾ ਹੈ। ਮੁੱਖ ਤੌਰ ਤੇ ਅਫਗਾਨਿਸਤਾਨ ਤੋਂ ਲੈ ਕੇ ਯੂਕਰੇਨ, ਮਧੂ ਪੂਰਵ ਏਸ਼ੀਆਈ ਮੁਲਕਾਂ ਅਤੇ ਹੋਰ ਇਸ ਤਰ੍ਹਾਂ ਅਫਰੀਕਾ ਮਹਾਦੀਪ ਦੇ ਅਲੱਗ ਅਲੱਗ ਮੁਲਕਾਂ ਵਿਚ ਅਤੇ ਕੁਝ ਅੰਦਰੂਨੀ ਹਿੱਸਿਆਂ ਵਿਚ ਬਗਾਵਤ ਦੀ ਸੁਰ ਆਮ ਆਦਮੀ ਵਲੋਂ ਵੀ ਉਠਾਈ ਜਾ ਰਹੀ ਹੈ। ਬਹੁਤੀਆਂ ਥਾਵਾਂ ਤੇ ਆਮ ਆਦਮੀ ਅਡ ਅਡ ਗਰੁੱਪ ਵਿਚ ਜਥੇਬੰਦਕ ਹੋ ਕੇ ਧਰਮ ਅਧਾਰਤ ਵੰਡੀਆਂ ਕਰਕੇ ਖੂਨੀ ਟਕਰਾ ਰਾਹੀਂ ਆਪਣੇ ਆਪਣੇ ਹਿਸਿਆਂ ਵਿਚ ਸੱਤਾ ਤਬਦੀਲੀ ਦੇ ਲਈ ਨਿਰਧਾਰਿਤ ਸਰਕਾਰਾ ਅਤੇ ਕਈ ਥਾਂ ਤੇ ਤਾਨਾਸ਼ਾਹੀ ਰਾਜਿਆਂ ਤੋਂ ਆਪਣੇ ਬਣ ਦੇ ਹੱਕਾਂ ਲਈ ਗੁਰੀਲਾ ਲੜਾਈਆਂ ਲੜ ਰਿਹਾ ਹੈ।

ਅਜ ਇੱਕੀਵੀਂ ਸਦੀ ਵਿਚ ਸਦੀਆਂ ਤੋਂ ਚਲੀਆਂ ਆ ਰਹੀਆਂ ਧਰਮ ਦੇ ਨਾਂ ਤੇ ਅਤੇ ਸਮਾਜਿਕ ਹਿਸਿਆਂ ਦੇ ਵਖਰੇਵਿਆਂ ਕਰਕੇ ਤਰੇੜਾਂ ਸ਼ਾਂਤਮਈ ਤਰੀਕਿਆਂ ਨਾਲ ਭਰੀਆਂ ਜਾਣ ਦੀ ਬਜਾਏ ਸਗੋਂ ਹਥਿਆਰਾਂ ਤੇ ਹੋਰ ਜੰਗੀ ਸਮਾਨਾਂ ਕਰਕੇ ਡੂੰਘੀਆਂ ਖਾਈਆਂ ਵਾਂਗ ਟਕਰਾਅ ਦੇ ਰਾਹ ਤੇ ਪੈ ਚੁੱਕੀਆਂ ਹਨ। ਇਹਨਾਂ ਟਕਰਾਵਾਂ ਦੇ ਵਿਚ ਪੱਛਮੀ ਮੁਲਕ ਵੀ ਬੁਰੀ ਤਰ੍ਹਾਂ ਉਲਝ ਚੁੱਕੇ ਹਨ। ਕਿਸੇ ਨਾ ਕਿਸੇ ਰੂਪ ਵਿੱਚ ਉਹ ਇਹਨਾਂ ਲੜਾਈਆਂ ਨੂੰ ਸੁਲਝਾਉਣ ਖਾਤਰ ਜਾਂ ਆਪਣੀ ਮਨਪਸੰਦ ਦੀਆਂ ਹਕੂਮਤਾਂ ਨੂੰ ਸਥਾਪਿਤ ਕਰਨ ਲਈ ਜੰਗੀ ਤੌਰ ਤੇ ਇਹਨਾਂ ਲੜਾਈਆਂ ਦਾ ਹਿੱਸਾ ਬਣ ਚੁੱਕੇ ਹਨ।

ਸਦੀਆਂ ਤੋਂ ਚਲੇ ਆ ਰਹੇ ਯਹੂਦੀਆਂ ਤੇ ਫਲਸਤੀਨੀ ਲੋਕਾਂ ਦਾ ਚਲ ਰਿਹਾ ਟਕਰਾ ਦੁਨੀਆ ਵਲੋਂ ਸਥਾਪਿਤ ਕੀਤੀ ਗਈ ਸਭ ਤੋਂ ਵੱਡੀ ਸੰਸਥਾ ਯੂ ਐਨ ਜੋ ਦੁਨੀਆ ਦੀ ਦੂਸਰੀ ਵੱਡੀ ਜੰਗ ਤੋਂ ਬਾਅਦ ਦੁਨੀਆ ਅੰਦਰ ਬਰਾਬਰਤਾ ਦੇ ਅਧਾਰ ਤੇ ਸਾਰੇ ਮੁਲਕਾਂ ਵਿੱਚ ਵਸਦੇ ਲੋਕਾਂ ਨੂੰ ਖਦਮਖਿਤਅਰੀ ਦੀ ਜਿੰਦਗੀ ਜਿਉਣ ਲਈ ਇਕ ਸਹਿਯੋਗ ਭਰਪੂਰ ਅਦਾਰਾ ਬਣਿਆ ਸੀ। ਇਸ ਯੂ ਐਨ ਅਗੇ ਆਪਣੇ ਸਦੀਆਂ ਤੋਂ ਲਟਕਦੇ ਆ ਰਹੇ ਖੁਦ ਮਖਤਿਆਰੀ ਦੇ ਹਕ ਲੈਣ ਲਈ ਫਲਸਤੀਨ ਲੋਕਾਂ ਨੇ ਆਪਣੇ ਨੁਮਾਇੰਦਿਆਂ ਰਾਹੀਂ ਅਰਬ ਮੁਲਕਾਂ ਦੇ ਸਹਿਯੋਗ ਨਾਲ ਯੂ ਐਨ ਤੋਂ ਆਪਣੇ ਲਈ ਸਦੀਆਂ ਪੁਰਾਣਾ ਵਖਰੀ ਸਟੇਟ ਦਾ ਵਾਅਦਾ ਸਬੰਧੀ ਫਰਿਆਦ ਰਖੀ ਸੀ। ਪਰ ਯੂ ਐਨ ਵਿਚ ਤਾਕਤਵਰ ਮੁਲਕਾਂ ਦੀ ਹਮਾਇਤ ਨਾਲ ਹੋਣ ਕਾਰਣ ਇਹ ਆਪਣੀ ਫਰਿਆਦ ਵਿਚ ਇਕ ਵੋਟ ਦੇ ਫਰਕ ਨਾਲ ਹਾਰ ਗਏ। ਅਜ ਵੀ ਫਲਸਤੀਨੀ ਲੋਕ ਇਜਰਾਇਲ ਦੀ ਜਮਹੂਰੀਅਤ ਤਾਨਾਸ਼ਾਹੀ ਦਾ ਸ਼ਿਕਾਰ ਹੋਣ ਲਈ ਬੇਵੱਸ ਹਨ। ਫਲਸਤੀਨ ਦੇ ਇਸ ਮੁੱਦੇ ਨੂੰ ਭਾਵੇਂ ਦੁਨੀਆ ਦੇ ੧੮੧ ਦੇਸ਼ ਇਹਨਾਂ ਦੇ ਹਕ ਵਿਚ ਭੁਗਤ ਚੁੱਕੇ ਹਨ। ਸਮੇਂ ਸਮੇਂ ਸਿਰ ਇਹਨਾਂ ਨੂੰ ਬਣਦਾ ਹੱਕ ਦਿਵਾਉਣ ਲਈ ਯੂ ਐਨ ਦੇ ਵਿਚ ਵੀ ਫਰਿਆਦ ਕਰ ਚੁੱਕੇ ਹਨ। ਇਹ ਦੁਨੀਆ ਦਾ ਦੁਖਾਂਤ ਹੈ ਕਿ ਸਫਲਤਾ ਸਾਲ ਤੋਂ ਵੱਧ ਸਮੇਂ ਤੋਂ ਬਾਅਦ ਵੀ ਯੂ ਐਨ ਦੁਨੀਆ ਦੀਆਂ ਬਦਲ ਦੀਆਂ ਪ੍ਰਸਥਿਤੀਆਂ ਤੇ ਕੋਹਾਂ ਦੂਰ ਹੈ। ਅਜ ਵੀ ਇਹ ਕੁਝ ਪੱਛਮੀ ਦੇਸ਼ਾਂ ਦੀ ਜਦੀ ਜਗੀਰ ਵਾਂਗ ਹੈ। ਜੋ ਡਟ ਕੇ ਮੁਕਾਬਲਾ ਇਜਰਾਇਲ ਦੇ ਨਾਲ ਖੜੀ ਹੈ। ਉਨ੍ਹਾਂ ਵਲੋਂ ਕੀਤਾ ਜਾ ਰਿਹਾ ਮਨੁੱਖਤਾ ਦਾ ਘਾਣ ਇਹਨਾਂ ਪੱਛਮੀ ਮੁਲਕਾਂ ਅੱਗੇ ਕੋਈ ਮਾਇਨੇ ਨਹੀਂ ਰੱਖਦਾ।

ਦੂਜੇ ਪਾਸੇ ਜਮਹੂਰੀਅਤ ਦੀ ਰਾਖੀ ਲਈ ਇਹ ਪੱਛਮੀ ਦੇਸ਼ ਕਦੇ ਅਫਗਾਨਿਸਤਾਨ ਵਿਚ ਕਦੇ ਯੂਕਰੇਨ ਵਿਚ ਤੇ ਹੋਰ ਅਡ ਅਡ ਅਰਬ ਮੁਲਕਾਂ ਵਿੱਚ ਤੇ ਹੋਰ ਅਫਰੀਕੀ ਦੇਸ਼ਾਂ ਵਿੱਚ ਆਪਣੀ ਫੌਜੀ ਹਮਾਇਤ ਲੈ ਕੇ ਉਥੋਂ ਦੀਆਂ ਹਕੂਮਤਾਂ ਦੇ ਜਬਰ ਦੇ ਨਾਲ ਖੜ੍ਹੇ ਹਨ। ਇਹੀ ਕਾਰਨ ਹੈ ਕਿ ਅਜੇ ਸੀਰੀਆ ਵਰਗੇ ਮੁਲਕ ਵਿਚ ਮਿਲੀਅਨ ਤੋਂ ਉਪਰ ਲੋਕ ਸਰਨਾਰਥੀ ਹਨ ਤੇ ਮੁਲਕ ਖੰਡਰਾਂ ਦਾ ਰੂਪ ਧਾਰਨ ਕਰ ਗਿਆ ਹੈ। ਇਸੇ ਤਰ੍ਹਾਂ ਹੀ ਇਰਾਕ ਵਿਚ ਉਥੇ ਦੀ ਤਾਨਾਸ਼ਾਹੀ ਹਕੂਮਤ ਨੂੰ ਜਮਹੂਰੀਅਤ ਦੀ ਹਮਾਇਤ ਦੇ ਨਾਮ ਹੇਠ ਇਹੀ ਪੱਛਮੀ ਮੁਲਕਾਂ ਦੀਆਂ ਫੌਜਾਂ ਇਸ ਮੁਲਕ ਦੀ ਧਰਮ ਨਿਰਧਾਰਿਤ ਚਲ ਰਹੀ ਖੁਦ ਮਖਤਿਆਰੀ ਦੀ ਲਹੂ ਭਿਜੀ ਲੜਾਈ ਵਿਚ ਦੁਬਾਰਾ ਤੋਂ ਇਸ ਮੁਲਕ ਦੀ ਤਬਾਹੀ ਨੂੰ ਆਪਣੇ ਚੰਦ ਆਰਥਿਕ ਤੇ ਰਾਜਨੀਤਕ ਮਨੋਰਥਾਂ ਸਦਕਾ ਤਹਿਸ ਨਹਿਸ ਕਰਨ ਤੇ ਪੂਰੀ ਤਰ੍ਹਾਂ ਉਲਝੇ ਹੋਏ ਹਨ।

ਇਹਨਾਂ ਖੂਨੀ ਟਕਰਾਵਾਂ ਦੀ ਭੇਂਟ ਆਮ ਨਾਗਰਿਕ ਤਾਂ ਚੜ੍ਹ ਹੀ ਰਹੇ ਹਨ ਸਗੋਂ ਇਹਨਾ ਟਕਰਾਵਾਂ ਨੂੰ ਦੁਨੀਆ ਅੱਗੇ ਲਿਆਉਣ ਲਈ ਆਪਣੇ ਤੌਰ ਤੇ ਜਾਂ ਵੱਖ ਵੱਖ ਵੱਡੀਆਂ ਅਖਬਾਰਾਂ ਅਤੇ ਟੀ ਵੀ ਚੈਨਲਾਂ ਦੇ ਪਤਰਕਾਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਇਨ੍ਹਾਂ ਅਣਮਨੁੱਖੀ ਘਟਨਾਵਾਂ ਨੂੰ ਦੁਨੀਆ ਅੱਗੇ ਲਿਆਉਣ ਲਈ ਅਤੇ ਇਨ੍ਹਾਂ ਲੜਾਈਆਂ ਦੀ ਸਚਾਈ ਅਤੇ ਤਬਾਹੀ ਦਰਸਾਉਂਦੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦਿਆਂ ਜੀਵਨ ਤੋਂ ਹਥ ਧੋ ਬੈਠੇ। ਅੱਜ ਦੁਨੀਆਂ ਅੰਦਰ ਪਤਰਕਾਰੀ ਦਾ ਅਜਿਹਾ ਮਜਾਰ ਹੈ ਕਿ ਯੂ ਐਨ ਦੇ ਚਾਈਨਾ ਵਰਗੇ ਪਟੇ ਮੈਂਬਰ ਇਸ ਕਤਾਰ ਵਿਚ ਹਨ ਜਿਥੇ ਦੁਨੀਆ ਦੇ ਸਭ ਤੋਂ ਵੱਧ ਗਿਣਤੀ ਵਿੱਚ ਪੱਤਰਕਾਰੀ ਨਾਲ ਸਬੰਧਤ ਲੋਕ ਚੀਨ ਦੀਆਂ ਜੇਲਾਂ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਇਸੇ ਤਰ੍ਹਾਂ ਹੁਣ ਤੱਕ ਦੇ ਅੰਕੜਿਆਂ ਮੁਤਾਬਕਿ ਇਸ ਸਾਲ ਵਿੱਚ ੬੪ ਦੇ ਕਰੀਬ ਨਾਮੀ ਪਤਰਕਾਰ ਆਪਣੀਆਂ ਜਾਨਾਂ ਦੀ ਅਹੂਤੀ ਦੇ ਚੁੱਕੇ ਹਨ। ਪ੍ਰਾਪਤ ਅੰਕੜਿਆਂ ਮੁਤਾਬਕ ਸੈਂਕੜੇ ਹੀ ਪਤਰਕਾਰ ਦੁਨੀਆ ਦੇ ਵੱਖ ਵੱਖ ਆਪਣੇ ਆਪ ਨੂੰ ਜਮਹੂਰੀਅਤ ਦਰਸਾਉਂਦੇ ਦੇਸ਼ਾਂ ਦੀਆਂ ਜੇਲਾਂ ਵਿਚ ਬੰਦ ਹਨ। ਮੁੱਖ ਰੂਪ ਵਿੱਚ ਬਹੁਤੇ ਪਤਰਕਾਰ ਇਰਾਨ, ਟਰਕੀ, ਸੀਰੀਆ, ਅਤੇ ਕਈ ਅਫਰੀਕਾ ਦੇ ਮੁਲਕਾਂ ਵਿੱਚ ਬੰਦ ਹਨ। ਇਸੇ ਤਰ੍ਹਾਂ ਹੀ ਚੱਲ ਰਹੀਆਂ ਲੜਾਈਆਂ ਨੂੰ ਨੈਤਿਕਤਾ ਦੇ ਆਧਾਰ ਤੇ ਦੁਨੀਆ ਸਾਹਮਣੇ ਲੁਕੇ ਸਚ ਨੂੰ ਉਜਾਗਰ ਕਰਨ ਲਈ ਅਮਰੀਕਾ ਦੇ ਵੀ ਤਿੰਨ ਨਾਮੀ ਪਤਰਕਾਰ ਜੇਮਸ ਫੌਜੀ ਵਰਗੇ ਨੌਜਵਾਨ ਪਤਰਕਾਰ ਆਪਣੇ ਸਿਰ ਕਲਮ ਕਰਵਾ ਚੁੱਕੇ ਹਨ। ਹੁਣ ਤੱਕ ਅਰਬ ਮੁਲਕਾਂ ਦੀ ਲੜਾਈ ਵਿਚ ਇਸ ਸਾਲ ਹੀ 10 ਨੌਜਵਾਨ ਪਤਰਕਾਰ ਆਪਣੇ ਸਿਰ ਕਲਮ ਕਰਵਾ ਚੁੱਕੇ ਹਨ। ਇਹ ਪਤਰਕਾਰਾਂ ਦੀ ਬੇਵਸੀ ਤੇ ਲਚਾਰੀ ਅਗੇ ਪੱਛਮੀ ਮੁਲਕਾਂ ਦੀ ਬੇਪਨਾਹ ਤਾਕਤ ਵੀ ਕੋਈ ਰਖਸ਼ਕ ਨਹੀਂ ਬਣ ਸਕੀ। ਅਜ ਦੂਜੀ ਵੱਡੀ ਸੰਸਾਰਕ ਜੰਗ ਤੋਂ ਬਾਅਦ ਪਤਰਕਾਰੀ ਇਕ ਕਠਿਨ ਤੇ ਖਤਰੇ ਭਰਪੂਰ ਕੰਮ ਬਣ ਕੇ ਰਹਿ ਗਿਆ ਹੈ। ਜਿਥੇ ਅਲਜਜੀਰਾ ਤੇ ਸੀ ਐਨ ਐਨ ਵਰਗੇ ਅੰਤਰਾਸ਼ਟਰੀ ਤੇ ਤਾਕਤਵਰ ਮੀਡੀਆ ਦੇ ਅਦਾਰੇ ਵੀ ਆਪਣੇ ਸਤਿਕਾਰਤ ਤੇ ਪ੍ਰਭਾਵਸ਼ਾਲੀ ਪਤਰਕਾਰਾਂ ਨੂੰ ਵੱਖ ਵਖ ਮੁਲਕਾਂ ਦੀਆਂ ਜੇਲਾਂ ਤੋਂ ਛੁਡਵਾ ਨਹੀਂ ਸਕੇ।

ਆਉਣ ਵਾਲੇ ਨਵੇਂ ਸਾਲ ਵਿਚ ਨੌਜਵਾਨੀ ਡੌਟ ਕੌਮ ਦੇ ਨਾਲ ਜੁੜੇ ਹੋਣ ਸਦਕਾ ਮੈਂ ਇਹੀ ਉਮੀਦ ਰਖਦਾ ਹਾਂ ਕਿ ਨਿਰਪੱਖ ਪਤਰਕਾਰੀ ਦਾ ਡਰ ਦੁਨੀਆ ਨੂੰ ਹਕੀਕਤਾਂ ਤੋਂ ਜਾਣੂ ਕਰਵਾਉਣ ਦੀ ਸਮਰੱਥਾ ਨੂੰ ਵਧਾਉਣ ਵਿਚ ਸਹਾਈ ਹੋਣ ਵਾਲੇ ੨੦੧੫ ਦਾ ਸਾਲ ਸਿਧ ਹੋਵੇ ਤਾਂ ਜੋ ਪਤਰਕਾਰੀ ਦੀ ਅਜਾਦ ਹਸਤੀ ਤੇ ਨਿਰਪੱਖਤਾ ਹਮੇਸ਼ਾਂ ਵਾਂਗ ਬਰਕਰਾਰ ਰਹੇ।