ਸਿੱਖ ਕੌਮ ਇੱਕ ਵੱਡੀ ਪੀੜ ਵਿੱਚੋਂ ਲੰਘ ਰਹੀ ਹੈ। ਕੌਮ ਹਰ ਸਾਹ ਇੱਕ ਤੜਪ ਵਿੱਚੋਂ ਲੈ ਰਹੀ ਹੈ। ਦਹਾਕਿਆਂ ਦੀ ਇਹ ਪੀੜ, ਇਹ ਤੜਪ ਵਾਰ ਵਾਰ ਛਟਪਟਾਹਟ ਦੇ ਸੰਕੇਤ ਵੀ ਦੇਂਦੀ ਹੈ ਅਤੇ ਗੰਭੀਰ ਵੇਦਨਾ ਦੇ ਝਲਕਾਰੇ ਵੀ। ਭਰਪੂਰ ਸਿੰਘ ਬਲਬੀਰ ਦੇ ਸ਼ਬਦਾਂ ਦੇ ਸੰਦਰਭ ਵਿੱਚ ਇਹ ਆਖਿਆ ਜਾ ਸਕਦਾ ਹੈ ਕਿ ਸਿੱਖ ਕੌਮ ਦੀ ਹਾਲਤ ਪਿੰਜਰੇ ਵਿੱਚ ਫਸੇ ਹੋਏ ਇੱਕ ਪੰਛੀ ਵਰਗੀ ਹੈ। ਬੇਸ਼ੱਕ ਇਹ ਓਨੀ ਖਤਰਨਾਕ ਨਹੀ ਪਰ ਕੁਝ ਹਾਲਾਤ ਇਸ ਤਰ੍ਹਾਂ ਦੇ ਹਨ। ਪਿੰਜਰੇ ਵਿੱਚ ਫਸਿਆ ਪੰਛੀ ਬਿਲਕੁਲ ਲਾਚਾਰ ਹੋ ਜਾਂਦਾ ਹੈ। ਸੰਪੂਰਨ ਕੈਦੀ ਪਰ ਸਿੱਖ ਕੌਮ ਇੱਕ ਵੱਡੇ ਪਿੰਜਰੇ ਵਿੱਚ ਹੋਣ ਦੇ ਬਾਵਜੂਦ ਵੀ ਨਾ ਤਾਂ ਆਪਣਾਂ ਹੌਸਲਾ ਹਾਰ ਰਹੀ ਹੈ ਅਤੇ ਨਾ ਹੀ ਉਸ ਉਮੀਦ ਤੋਂ ਇੱਕ ਪਲ ਵੀ ਦੂਰ ਹੋ ਰਹੀ ਹੈ ਜੋ ਉਸਦੇ ਸੀਨੇ ਵਿੱਚ ਭਾਂਬੜ ਬਣ ਕੇ ਮਚ ਰਹੀ ਹੈ।

ਕੌਮ ਦੇ ਸੀਨੇ ਵਿੱਚ ਜੋ ਉਮੀਦ ਭਾਂਬੜ ਬਣਕੇ ਮਚ ਰਹੀ ਹੈ,ਉਹ ਕਿਸੇ ਮਰਦ ਅਗੰਮੜੇ ਦੀ ਭਾਲ ਦੀ ਹੈ। ਕਿਸੇ ਕਰਨੀ ਵਾਲੇ ਸੰਤ ਸਿਪਾਹੀ ਦੀ ਹੈ ਜੋ ਉਨ੍ਹਾਂ ਦੇ ਸਾਰੇ ਬੰਧਨਾ ਨੂੰ ਤੋੜ ਦੇਣ ਦੀ ਇਖਲਾਕੀ ਸਮਰਥਾ ਰੱਖਦਾ ਹੋਵੇ। ਜੋ ਨਾਮ ਬਾਣੀ ਦਾ ਰਸੀਆ ਹੋਵੇ,ਜੋ ਗੁਰੂ ਲਿਵ ਵਿੱਚ ਲੀਨ ਹੋਵੇ, ਜੋ ਬੁਲੰਦ ਕਿਰਦਾਰ ਦਾ ਮਾਲਕ ਹੋਵੇ ਅਤੇ ਜੋ ਸਿਰੇ ਦਾ ਜਾਂਬਾਜ ਸੂਰਮਾ ਹੋਵੇ। ਜੋ ਕੌਮੀ ਦਰਦ ਦੀ ਥਾਹ ਪਾਉਣ ਵਾਲਾ ਹੋਵੇ। ਜੋ ਹਰ ਸਿੱਖ ਦੀ ਰੂਹ ਨੂੰ ਅਵਾਜ਼ ਮਾਰੇ ਅਤੇ ਕੌਮ ਭੱਜਕੇ ਉਸਦੇ ਸਤਕਾਰ ਵਿੱਚ ਆਪਣਾਂ ਆਪਾ ਸਮਰਪਣ ਕਰ ਦੇਵੇ। ਆਪਣੀ ਹੋਣੀ ਦੀ ਆਪ ਮਾਲਕ ਹੋ ਜਾਵੇ। ਆਪਣੀ ਹੋਣੀ ਦੀ ਆਪ ਮਾਲਕ ਹੋਣ ਲਈ ਕੌਮ ਨੂੰ ਭਾਵੇਂ ਕਿੰਨੇ ਵੀ ਦਰਦ ਸਹਿਣੇ ਪੈਣ ਪਰ ਕੌਮ ਦਾ ਦਿਲ ਇਸਤੋਂ ਘੱਟ ਕਿਸੇ ਵੀ ਗੱਲ ਤੇ ਰਾਜ਼ੀ ਹੋਣ ਲਈ ਨਹੀ ਮੰਨ ਰਿਹਾ।

ਗੁਰੂ ਸਾਹਿਬ ਦੇ ਸਮੇਂ ਦੌਰਾਨ ਕੌਮ ਉਨ੍ਹਾਂ ਮਹਾਨ ਰੂਹਾਂ ਦੇ ਅੰਗਸੰਗ ਰਹੀ। ਗੁਰੂ ਸਾਹਿਬਾਂ ਦੀ ਸੰਗਤ ਕੌਮ ਦੇ ਰੋਮ ਰੋਮ ਵਿੱਚ ਅਜਿਹੀ ਦਰਿਆਦਿਲੀ, ਨੈਤਿਕਤਾ ਅਤੇ ਜਾਂਬਾਜੀ ਭਰਦੀ ਰਹੀ ਜੋ ਵਿਆਖਿਆ ਤੋਂ ਪਰ੍ਹੇ ਸੀ। ਗੂਰੂ ਕਾਲ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜਾਂਬਾਜ ਸੂਰਮੇ ਕੌਮ ਦੀ ਹੋਣੀ ਦੇ ਜਰਨੈਲ ਬਣਕੇ ਅਗਵਾਈ ਕਰਦੇ ਰਹੇ। ਫਿਰ ਮਿਸਲਾਂ ਦੇ ਰੂਪ ਵਿੱਚ ਸਿੱਖ ਜਰਨੈਲਾਂ ਨੇ ਉੱਚੇ ਇਖਲਾਕ ਵਾਲੀ ਜੋ ਅਗਵਾਈ ਕੌਮ ਨੂੰ ਦਿੱਤੀ ਉਹ ਸਿੱਖ ਇਤਿਹਾਸ ਦਾ ਸੁਨਹਿਰੀ ਪੰਨਾ ਰਹੀ ਹੈ। ਸਿੱਖ ਜਰਨੈਲਾਂ ਦੇ ਉੱਚੇ ਇਖਲਾਕ ਕਰਕੇ ਹੀ ਕੌਮ 75 ਸਾਲ ਘੋੜਿਆਂ ਦੀਆਂ ਕਾਠੀਆਂ ਤੇ ਜੀਵਨ ਬਸਰ ਕਰਨਾ ਮਨਜੂਰ ਕਰ ਗਈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਵੇਲੇ ਜਰਨੈਲ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਵਰਗੇ ਮਹਾਂਨਾਇਕ ਕੌਮ ਦੀ ਮਾਨਸਕ ਤ੍ਰਿਪਤੀ ਕਰਦੇ ਰਹੇ। ਕੌਮ ਉਨ੍ਹਾਂ ਦੀ ਛਾਂ ਵਿੱਚ ਵਿਚਰਦੀ ਰਹੀ। ਅੰਗਰੇਜ਼ ਰਾਜ ਵੇਲੇ ਗਦਰੀ ਬਾਬੇ, ਕਰਤਾਰ ਸਿੰਘ ਸਰਾਭੇ ਅਤੇ ਊਧਮ ਸਿੰਘ-ਭਗਤ ਸਿੰਘ ਵਰਗੇ ਸੂਰਮੇ ਕੌਮ ਦੀ ਅਗਵਾਈ ਕਰਦੇ ਰਹੇ। 1947 ਤੋਂ ਬਾਅਦ ਅਕਾਲੀ ਮੋਰਚਿਆਂ ਵੇਲੇ ਸਿੱਖ ਜਥੇਦਾਰਾਂ ਦਾ ਜੋ ਉੱਚ ਇਖਲਾਕੀ ਕਿਰਦਾਰ ਮੌਲਦਾ ਰਿਹਾ ਸਿੱਖ ਕੌਮ ਨੇ ਉਸ ਉੱਚੇ ਕਿਰਦਾਰ ਦੀ ਬਦੌਲਤ ਆਪਣੀ ਕੌਮੀ ਹਸਤੀ ਅਤੇ ਨਿਆਰੀ ਹੋਂਦ ਨੂੰ ਝੱਖੜਾਂ ਵਿੱਚ ਵੀ ਬਚਾਈ ਰੱਖਿਆ। 1984 ਵੇਲੇ ਸੰਤ ਜਰਨੈਲ ਸਿੰਘ ਸਿੱਖ ਕੌਮ ਦੀ ਆਤਮਾ ਦੀ ਅਵਾਜ਼ ਬਣਕੇ ਪਰਗਟ ਹੋਏ। ਉਨ੍ਹਾਂ ਖਾਲਸਾ ਜੀ ਨੂੰ ਉਸ ਉੱਚੇ ਇਖਲਾਕ ਦੀ ਫਸੀਲ ਤੇ ਖੜ੍ਹਕੇ ਅਵਾਜ਼ ਮਾਰੀ ਕਿ ਕੌਮ ਦਾ ਬੱਚਾ ਬੱਚਾ ਉਨ੍ਹਾਂ ਦੀ ਅਵਾਜ਼ ਤੇ ਕੁਰਬਾਨੀ ਕਰ ਗਿਆ। ਦਹਾਕਾ ਭਰ ਚੱਲੀ ਖਾੜਕੂ ਲਹਿਰ  ਵੀ ਸਿੱਖ ਕੌਮ ਦੀ ਮਨੋ-ਅਵਸਥਾ ਨੂੰ ਤ੍ਰਿਪਤ ਕਰੀ ਰੱਖਿਆ ਕਿਉਂਕਿ ਖਾੜਕੂ ਜਰਨੈਲ ਕੌਮ ਦੀ ਨਿਆਰੀ ਹੋਂਦ ਨੇ ਲਈ ਜਿਸ ਲਹੂ-ਵੀਟਵੀਂ ਲੜਾਈ ਦੌਰਾਨ ਪੁਰਾਤਨ ਸਿੰਘਾਂ ਦੇ ਕਿਰਦਾਰ ਪਰਜਵੱਲਤ ਕਰਨ ਵਿੱਚ ਸਫਲ ਹੋਏ ਉਹ ਕੌਮ ਦੀ ਮਾਨਸਿਕਤਾ ਦਾ ਅੰਗ ਬਣ ਗਏ। ਆਪਣੀਆਂ ਬੇਹੱਦ ਵੱਡੀਆਂ ਫੌਜੀ ਕਾਰਵਾਈਆਂ ਕਾਰਨ ਅਤੇ ਰੁਹਾਨੀ ਪੱਧਰ ਦੀਆਂ ਸ਼ਹੀਦੀਆਂ ਕਾਰਨ ਸਿੱਖ ਕੌਮ ਨੇ ਲਹਿਰ ਦੇ ਨੌਜਵਾਨਾਂ ਵਿੱਚ ਆਪਣਾਂ ਭਵਿੱਖ ਦੇਖਿਆ ਅਤੇ ਮਾਣਿਆਂ।

ਖਾੜਕੂ ਲਹਿਰ ਦਾ ਸੂਰਜ ਅਸਤ ਹੋਣ ਤੋਂ ਬਾਅਦ ਸਿੱਖਾਂ ਦੇ ਕੌਮੀ, ਧਾਰਮਕ ਅਤੇ ਸਿਆਸੀ ਪਿੜ ਵਿੱਚ ਇੱਕ ਵੱਡਾ ਖਲਾਅ ਪਸਰ ਗਿਆ। ਵੈਸੇ ਹੁੰਦਾ ਇਹ ਹੈ ਕਿ ਏਨੀ ਵੱਡੀ ਫੌਜੀ ਮਾਰ ਅਤੇ ਹਾਰ ਤੋਂ ਬਾਅਦ ਕੌਮਾਂ ਮਾਨਸਕ ਤੌਰ ਤੇ ਕਮਜੋਰ ਪੈ ਜਾਂਦੀਆਂ ਹਨ ਅਤੇ ਸੰਘਰਸ਼ ਕਰਨਾ ਛੱਡ ਦੇਂਦੀਆਂ ਹਨ। ਪਰ ਸਿੱਖ ਕੌਮ 1995 ਤੋਂ ਬਾਅਦ ਵੀ ਲਗਾਤਾਰ ਉਸ ਖਲਾਅ ਨੂੰ ਭਰਨ ਵਾਲੇ ਕਿਸੇ ਮਰਦ ਅਗੰਮੜੇ, ਕਿਸੇ ਸੰਤ ਸਿਪਾਹੀ ਦੀ ਉਡੀਕ ਕਰ ਰਹੀ ਹੈ ਜੋ ਉਸਦੀ ਮੁਕਤੀ ਦਾ ਬੁਲਾਰਾ ਬਣ ਸਕੇ।

ਕਿਸੇ ਸਹੀ ਆਗੂ ਨੂੰ ਹਾਸਲ ਕਰ ਲੈਣ ਦੀ ਇਹ ਤੜਪ ਅਤੇ ਭਾਲ ਵਾਰ ਵਾਰ ਵੱਖ ਵੱਖ ਲੋਕਾਂ ਤੇ ਕੇਂਦਰਿਤ ਹੁੰਦੀ ਹੈ ਪਰ ਸੰਤਾਂ ਵਰਗਾ ਕਿਰਦਾਰ ਨਾ ਮਿਲਣ ਤੇ ਫਿਰ ਪੈਰ ਪਿਛਾਂਹ ਖਿੱਚ ਲੈਂਦੀ ਹੈ। 1997 ਵਿੱਚ ਸਰਕਾਰੀ ਜੁਲਮਾਂ ਦੀ ਭੰਨੀ ਕੌਮ ਨੇ ਪਰਕਾਸ਼ ਸਿੰਘ ਬਾਦਲ ਵਿੱਚੋਂ ਆਪਣਾਂ ਲੀਡਰ ਲੱਭਣਾਂ ਚਾਹਿਆ ਪਰ ਨਿਰਾਸ਼ ਹੋਕੇ 2002 ਵਿੱਚ ਫਿਰ ਕੈਪਟਨ ਅਮਰਿੰਦਰ ਸਿੰਘ ਵਿੱਚੋਂ ਉਹ ਭਾਲ ਸ਼ੁਰੂ ਕਰ ਦਿੱਤੀ। ਕਦੇ ਸਿਰਮਰਨਜੀਤ ਸਿੰਘ ਮਾਨ ਕੌਮ ਨੂੰ ਚੰਗਾ ਲੱਗਣ ਲੱਗਦਾ ਹੈ ਪਰ ਜਿਸ ਮਰਦ ਅਗੰਮੜੇ ਦੀ ਭਾਲ ਕੌਮ ਕਰ ਰਹੀ ਹੈ ਉਸ ਕਿਰਦਾਰ ਵਾਲਾ ਇਨ੍ਹਾਂ ਵਿੱਚ ਕੋਈ ਨਹੀ ਲੱਭਦਾ।

ਏਨੀਆਂ ਕੋਸ਼ਿਸ਼ਾਂ ਅਤੇ ਹਾਰਾਂ ਦੇ ਬਾਵਜੂਦ ਕੌਮ ਹਾਰਦੀ ਨਹੀ ਹੈ। ਨਾ ਲੀਡਰ ਦੇ ਆਪਣੇ ਪੈਮਾਨੇ ਨੂੰ ਥੱਲੇ ਸੁਟਦੀ ਹੈ। ਇੱਕ ਤੜਪ ਵਿੱਚ ਲਗਾਤਾਰ ਕੌਮ ਵਿਚਰ ਰਹੀ ਹੈ। ਕਿਸਾਨੀ ਸ਼ੰਘਰਸ਼ ਵਿੱਚੋਂ ਵੀ ਉਹ ਕੋਈ ਆਗੂ ਭਾਲਦੀ ਹੈ। ਪਰ ਕਿਸਾਨੀ ਸੰਘਰਸ਼ ਦੇ ਆਗੂ ਵੀ ਜਦੋਂ ਵਿਕਾਉੂ ਮਾਲ ਨਿਕਲਦੇ ਹਨ ਤਾਂ ਫਿਰ ਭਗਵੰਤ ਮਾਨ ਦੀ ਪਾਰਟੀ ਵਿੱਚੋਂ ਹੀ ਕੁਝ ਨਵਾਂ ਭਾਲਣ ਦਾ ਤਜਰਬਾ ਕਰ ਬਹਿੰਦੀ ਹੈ।

ਤੜਪ ਨਹੀ ਮਰਦੀ। ਪਿਆਸ ਨਹੀ ਭੁਝਦੀ ਅਤੇ ਨਾ ਹੀ ਕੌਮੀ ਮੁਕਤੀ ਦਾ ਨਿਸ਼ਾਨਾ ਖੁੰਝਦਾ ਹੈ। 20ਵੀ ਅਤੇ 21ਵੀਂ ਸਦੀ ਦੀ ਸਿੱਖ ਕੌਮ ਦੀ ਇਹ ਪੀੜ ਕਿਸੇ ਵੱਡੇ ਥਸਿਸ ਦੀ ਮੰਗ ਕਰਦੀ ਹੈ।

ਇਸ ਤੜਪ ਵਿੱਚੋਂ ਹੀ ਕੌਮ ਦੀਪ ਸਿੱਧੂ ਦੇ ਰੂਪ ਵਿੱਚ ਇੱਕ ਆਗੂ ਮਿਲਣ ਦੀ ਤਾਂਘ ਅਤੇ ਤਸੱਲੀ ਮਹਿਸੂਸ ਕਰਨ ਲਗਦੀ ਹੈ। ਉਹ ਨੌਜਵਾਨ ਜੋ ਸਿੱਖ ਕੌਮ ਦੀਆਂ ਸੁਤੀਆਂ ਕਲਾਂ ਜਗਾਉਣ ਦੀ ਸਮਰਥਾ ਰੱਖਦਾ ਸੀ ਅਚਨਚੇਤੀ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ। ਉਸਦੇ ਅੰਤਮ ਸਸਕਾਰ ਅਤੇ ਭੋਗ ਤੇ ਹੋਇਆ ਲੱਖਾਂ ਦਾ ਇਕੱਠ ਸਿੱਖ ਕੌਮ ਦੀ ਗਹਿਰੀ ਪੀੜ ਦੀ ਗਵਾਹੀ ਭਰਦਾ ਰਿਹਾ। ਏਨਾ ਰੋਹ ਅਤੇ ਏਨਾ ਅਧਿਆਤਮਕ ਦਰਦ ਕੌਮ ਆਪਣੇ ਦਿਲ ਵਿੱਚ ਲਈ ਬੈਠੀ ਹੈ ਇਸਦੀ ਗਵਾਹੀ ਦੀਪ ਸਿੱਧੂ ਦੇ ਅੰਤਮ ਸਸਕਾਰ ਅਤੇ ਭੋਗ ਤੇ ਹੋਏ ਇਕੱਠ ਨੇ ਭਰੀ। ਕਿਵੇਂ ਟੋਪੀਆਂ ਪਾਉਣ ਵਾਲੇ ਨੌਜਵਾਨ ਵੀ ਗੁਰੂ ਸਾਹਿਬ ਤੋਂ ਅੰਮ੍ਰਿਤ ਦੀ ਦਾਤ ਮੰਗਦੇ ਦੇਖੇ ਗਏ।

ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਅੰਤਮ ਸਸਕਾਰ ਅਤੇ ਭੋਗ ਤੇ ਹੋਏ ਬੇਸ਼ੁਮਾਰ ਇਕੱਠ ਨੇ ਮੁੜ ਦੀਪ ਸਿੱਧੂ ਵਾਲੀ ਕਹਾਣੀ ਦੁਹਰਾ ਦਿੱਤੀ।

ਮੇਰੇ ਬਾਜਾਂ ਵਾਲੇ ਦੀ ਕੌਮ ਜਿਸ ਉਤੇਜਨਾ ਅਤੇ ਤੀਬਰਤਾ ਨਾਲ ਕਿਸੇ ਸੰਤ ਸਿਪਾਹੀ ਦੀ ਭਾਲ ਕਰ ਰਹੀ ਹੈ, ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਕੌਮ ਦੀ ਇਸ ਤੜਪ ਨੂੰ ਸ਼ਾਂਤ ਕਰਨ ਅਤੇ ਕੌਮੀ ਜਰਨੈਲ ਅਤੇ ਸੰਤ ਸਿਪਾਹੀ ਦੇ ਹੱਥ ਕੌਮ ਦੀ ਵਾਗਡੋਰ ਫੜਾਉਣ।