ਸੰਸਾਰ ਪੱਧਰ ਦੀ ਰਾਜਨੀਤੀ ਵਿੱਚ ਇਸ ਵੇਲੇ ਵੱਡੀ ਉਥਲ-ਪੁਥਲ ਹੋ ਰਹੀ ਹੈੈ। 21ਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ ਅਸੀਂ ਜਮਹੂਰੀਅਤ ਦੇ ਪਾਜ ਦਾ ਬਹੁਤ ਕੁਝ ਨਿਵੇਕਲਾ ਉਧੜਦਾ ਵੇਖ ਰਹੇ ਹਾਂ। ਜਮਹੂਰੀਅਤ ਵਿੱਚ ਸਿਧਾਂਤ, ਸ਼ਖਸ਼ੀਅਤਾਂ ਦਾ ਗੁਲਾਮ ਬਣ ਰਿਹਾ ਹੈੈ ਅਤੇ ਸਿਆਸਤਦਾਨ ਆਪਣੀ ਗੱਦੀ ਨੂੰ ਬਚਾਉਣ ਲਈ ਜਾਂ ਪੱਕਾ ਰੱਖਣ ਲਈ ਵਿਸ਼ਵਵਿਆਪੀ ਸੰਕਟਾਂ ਦੀ ਘਾੜਤ ਘੜ ਰਹੇ ਹਨ। ਦੁਨੀਆਂ ਦੇ ਮਾਸੂਮ ਲੋਕਾਂ ਦੇ ਹਿੱਤਾਂ ਨਾਲੋਂ ਵੱਧ ਮਹੱਤਵਪੂਰਨ ਹੁਣ ਸਿਆਸਤਦਾਨਾਂ ਦੇ ਹਿੱਤ ਹੋ ਗਏ ਹਨ।
ਅਮਰੀਕਾ ਦੇ ਪ੍ਰਧਾਨ ਡੌਨਲਡ ਟਰੰਪ 21ਵੀਂ ਸਦੀ ਦੀ ਇਸ ਨਵੀਂ ਸਿਆਸਤ ਦੇ ਮੁੱਖ ਸੂਤਰਧਾਰ ਵੱਜੋਂ ਉਭਰ ਰਹੇ ਹਨ।
ਇਸ ਸਾਲ ਨਵੰਬਰ ਵਿੱਚ ਅਮਰੀਕਾ ਦੇ ਲੋਕਾਂ ਨੇ ਨਵਾਂ ਪਰਧਾਨ ਚੁਣਨ ਲਈ ਵੋਟਾਂ ਪਾਉਣੀਆਂ ਹਨ। ਹੁਣ ਤੱਕ ਦੀਆਂ ਖਬਰਾਂ ਅਤੇ ਸਰਵੇਖਣ ਇਹ ਦਰਸਾ ਰਹੇ ਹਨ ਕਿ ਹਵਾ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ, ਜੋਅ ਬਾਈਡਨ ਦੇ ਹੱਕ ਵਿੱਚ ਚੱਲ ਰਹੀ ਹੈੈ। ਬਹੁਤ ਸਾਰੇ ਰਿਪਬਲਿਕਨ ਹਮਾਇਤੀ ਅਤੇ ਪਾਰਟੀ ਦੀਆਂ ਉੱਘੀਆਂ ਸ਼ਖਸ਼ੀਅਤਾਂ ਜੋਅ ਬਾਈਡਨ ਦੇ ਹੱਕ ਵਿੱਚ ਸ਼ਰੇਆਮ ਨਿੱਤਰ ਰਹੀਆਂ ਹਨ। ਲੰਡਨ ਤੋਂ ਛਪਦੇ ਇੱਕ ਅਖਬਾਰ ਨੇ ਤਾਂ ਇੱਥੋਂ ਤੱਕ ਭਵਿੱਖਬਾਣੀ ਕਰ ਦਿੱਤੀ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਕੇਵਲ ਡੌਨਲਡ ਟਰੰਪ ਹੀ ਨਹੀ ਹਾਰਨਗੇ ਬਲਕਿ ਅਗਲੇ 30 ਸਾਲਾਂ ਲਈ ਰਿਪਬਲਿਕਨ ਪਾਰਟੀ ਮੂੰਧੇ ਮੂਹ ਜਾ ਪਵੇਗੀ। ਖ਼ੈਰ ਉਸ ਖੱਬੇਪੱਖੀ ਅਖਬਾਰ ਦੀ ਇਸ ਭਵਿੱਖਬਾਣੀ ਨੂੰ ਜੇ ਵਧਾ ਕੇ ਪੇਸ਼ ਕੀਤੀ ਹੋਈ ਵੀ ਮੰਨ ਲਿਆ ਜਾਵੇ ਤਾਂ ਵੀ ਇੱਕ ਗੱਲ ਨਿਸਚਿਤ ਹੁੰਦੀ ਜਾ ਰਹੀ ਹੈ ਕਿ ਡੋਨਲਡ ਟਰੰਪ ਲਈ ਜਿੱਤ ਔਖੀ ਹੁੰਦੀ ਜਾ ਰਹੀ ਹੈੈ।
ਜਿਸ ਕਿਸਮ ਦਾ ਡੌਨਲਡ ਟਰੰਪ ਦਾ ਸੁਭਾਅ ਹੈ ਉਸਤੋਂ ਇਹ ਸਪਸ਼ਟ ਸਮਝਿਆ ਜਾ ਸਕਦਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਹਾਰ ਬਰਦਾਸ਼ਤ ਕਰਨ ਵਾਲੇ ਲੀਡਰ ਨਹੀ ਹਨ। ਉਨ੍ਹਾਂ ਦੀ ਪਿਛਲੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਤੋਂ ਇਹ ਗੱਲ ਸਹਿਜੇ ਹੀ ਬੁੱਝੀ ਜਾ ਸਕਦੀ ਹੈ ਕਿ ਉਹ ਨਾਹ ਸੁਣਨ ਦੇ ਆਦੀ ਨਹੀ ਹਨ। ਜਮਹੂਰੀ ਕਦਰਾਂ ਕੀਮਤਾਂ ਉਨ੍ਹਾਂ ਦੀ ਆਪਣੀ ਨਿੱਜੀ ਇੱ੍ਵਛਾ ਤੋਂ ਵੱਡੀਆਂ ਨਹੀ ਹਨ। ਚੋਣਾਂ ਵਿੱਚ ਹਾਰ ਉਨ੍ਹਾਂ ਲਈ ਜਮਹੂਰੀ ਸੰਸਾਰ ਦਾ ਸੱਭਿਅਕ ਫਤਵਾ ਨਹੀ ਹੋਵੇਗਾ ਬਲਕਿ ਇੱਕ ਅਜਿਹੀ ਨਮੋਸ਼ੀ ਹੋਵੇਗੀ ਜੋ ਕਿਸੇ ਵੀ ਹੰਕਾਰੀ ਲੀਡਰ ਨੂੰ ਬਰਦਾਸ਼ਤ ਨਹੀ ਹੋ ਸਕਦੀ।
ਇਸੇ ਲਈ ਡੋਨਲਡ ਟਰੰਪ ਨੇ ਆਪਣੀ ਹਾਰ ਨੂੰ ਜਿੱਤ ਵਿੱਚ ਬਦਲਣ ਲਈ, ਸੰਕਟਾਂ ਅਤੇ ਦੁਸ਼ਮਣਾਂ ਦੀ ਘਾੜਤ ਘੜਨੀ ਸ਼ੁਰੂ ਕਰ ਦਿੱਤੀ ਹੈੈ। ਡੋਨਲਡ ਟਰੰਪ ਨੇ ਅਮਰੀਕਨ ਲੋਕਾਂ ਅਤੇ ਸਮੁੱਚੀ ਦੁਨੀਆਂ ਵਿੱਚ ਮਾਨਸਕ ਡਰ ਭਰਨਾ ਸ਼ੁਰੂ ਕਰ ਦਿੱਤਾ ਹੈੈ। ਇਸ ਵੇਲੇ ਜੇ ਕਿਸੇ ਡਰ ਕਾਰਨ ਲੋਕਾਂ ਨੂੰ ਡਰਾਇਆ ਜਾ ਸਕਦਾ ਹੈ ਤਾਂ ਉਹ ਹੈ ਚੀਨ ਦਾ ਡਰ। ਚੀਨ ਨੂੰ ਇਸ ਵੇਲੇ ਖਲਨਾਇਕ ਦੇ ਤੌਰ ਤੇ ਪੇਸ਼ ਕਰਕੇ ਡੋਨਲਡ ਟਰੰਪ ਆਪਣੀਆਂ ਅਸਫਲਤਾਵਾਂ ਤੇ ਪਰਦਾ ਪਾਉਣਾਂ ਚਾਹੁੰਦੇ ਹਨ।
ਚੀਨ ਦੇ ਨਾਅ ਤੇ ਸੰਕਟ ਘੜੇ ਜਾ ਰਹੇ ਹਨ। ਉਸਦੀਆਂ ਕੰਪਨੀਆਂ ਤੇ ਦੋਸ਼ ਲਾਏ ਜਾ ਰਹੇ ਹਨ, ਉਸਦੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਤੇ ਜੋਰ ਦਿੱਤਾ ਜਾ ਰਿਹਾ ਹੈੈ, ਕਮਿਉਨਿਸਟ ਪਾਰਟੀ ਨੂੰ ਤਬਾਹ ਕਰਨ ਦੇ ਦਗਮਜੇ ਮਾਰੇ ਜਾ ਰਹੇ ਹਨ।
ਚੋਣਾਂ ਜਿੱਤਣ ਲਈ ਅਮਰੀਕਨ ਲੋਕਾਂ ਨੂੰ ਚੀਨ ਦਾ ਡਰਾਵਾ ਦੇ ਕੇ ਡਰਾਇਆ ਜਾ ਰਿਹਾ ਹੈੈ। ਹਲਾਂਕਿ ਸਾਰੇ ਜਾਣਦੇ ਹਨ ਕਿ ਚੀਨ ਵਿੱਚ ਏਨੀ ਹਿੰਮਤ ਅਤੇ ਤਾਕਤ ਨਹੀ ਹੈ ਕਿ ਉਹ ਅਮਰੀਕਾ ਨੂੰ ਕਿਸੇ ਪੱਖੋਂ ਵੀ ਚੁਣੌਤੀ ਦੇ ਸਕੇ। ਹਾਂ ਇੱਕ ਆਰਥਕ ਤਾਕਤ ਦੇ ਤੌਰ ਤੇ ਉਹ ਅੱਗੇ ਵਧ ਰਿਹਾ ਹੈ ਪਰ ਉਸ ਵੱਲੋਂ ਬਣਾਈਆਂ ਚੀਜਾਂ ਦੀ ਵੱਡੀ ਮੰਡੀ ਪੱਛਮੀ ਮੁਲਕ ਹੀ ਹਨ। ਜੇ ਪੱਛਮ ਨਾਲ ਹੀ ਉਹ ਕੋਈ ਸੰਕਟ ਪੈਦਾ ਕਰੇਗਾ ਤਾਂ ਉਸਦੀ ਮੰਡੀ ਖਤਮ ਹੋ ਜਾਵੇਗੀ। ਵੈਸੇ ਵੀ ਪੱਛਮੀ ਤਕਨਾਲਜੀ ਨਾਲ ਹੀ ਉਸਦੀ ਸਿਰਜਣਾਂ ਸ਼ਕਤੀ ਅੱਗੇ ਵਧ ਰਹੀ ਹੈੈੈ। ਇਸ ਲਈ ਕਿਸੇ ਸਿਆਣੇ ਵਪਾਰੀ ਲਈ ਕਦੇ ਵੀ ਇਹ ਗਵਾਰਾ ਨਹੀ ਹੁੰਦਾ ਕਿ ਉਹ ਆਪਣੀ ਮੰਡੀ ਨੂੰ ਹੀ ਖਤਮ ਕਰ ਲਵੇ।
ਪਰ ਡੌਨਲਡ ਟਰੰਪ ਦੀ ਰਾਜਨੀਤੀ ਦੀਆਂ ਕਮਜੋਰੀਆਂ ਨੇ ਉਨ੍ਹਾਂ ਨੂੰ ਉਸ ਸਥਿਤੀ ਵਿੱਚ ਪਹੁੰਚਾ ਦਿੱਤਾ ਹੈ ਜਿਸ ਵਿੱਚ ਤੀਜੀ ਦੁਨੀਆਂ ਦੇ ਰਾਜਨੀਤੀਵਾਨ ਅਕਸਰ ਹੀ ਪਹੰਚਦੇ ਹਨ। ਉਹ ਦੇਸ਼ ਦੇ ਲੋਕਾਂ ਵਿੱਚ ਡਰ ਪਾਉਣ ਲਈ ਆਪਣੇ ਆਪ ਦੁਸ਼ਮਣ ਸਿਰਜਦੇ ਹਨ। ਅਣਦਿਸਦੇ ਦੁਸ਼ਮਣ ਖਿਲਾਫ ਜੰਗ ਰਚਣ ਦਾ ਦਾਅਵਾ ਕਰਕੇ ਉਹ ਆਪਣੀ ਰਾਜਸੀ ਸ਼ਕਤੀ ਅਤੇ ਸੱਤਾ ਨੂੰ ਮਜਬੂਤ ਕਰਦੇ ਹਨ।
ਕਦੇ ਅਨੰਦਪੁਰ ਸਾਹਿਬ ਦੇ ਮਤੇ ਦਾ ਡਰ,ਕਦੇ ਪੰਜਾਬ ਦੇ ਸਿੱਖਾਂ ਦਾ ਡਰ, ਕਦੇ ਮੁਸਲਮਾਨਾ ਦਾ ਡਰ ਅਤੇ ਕਦੇ ਮਹਿਜ਼ ਨਹਿਰ ਦੇ ਪਾਣੀਆਂ ਦਾ ਡਰ। ਅਸੀਂ ਪਿਛਲੇ 50 ਸਾਲਾਂ ਤੋਂ ਇਹ ਕੁਝ ਭਾਰਤ ਵਿੱਚ ਦੇਖ ਰਹੇ ਹਾਂ। ਹਰ ਕੱਟੜਵਾਦੀ ਨੇਤਾ ਆਪਣੀ ਸੱਤਾ ਨੂੰ ਪੱਕਾ ਰੱਖਣ ਲਈ ਅਣਦਿਸਦੇ ਦੁਸ਼ਮਣ ਅਤੇ ਡਰ ਪੈਦਾ ਕਰਦਾ ਹੈੈ। ਡੌਨਲਡ ਟਰੰਪ ਦਾ ਚੀਨ ਫੋਬੀਆ ਬਿਲਕੁਲ ਉਸੇ ਤਰਜ਼ ਤੇ ਕੱਲ ਰਿਹਾ ਹੈੈ। ਉਹ ਕਿਸੇ ਵੀ ਹਾਲਤ ਵਿੱਚ ਹਾਰ ਬਰਦਾਸ਼ਤ ਨਹੀ ਕਰ ਸਕਦੇ। ਇੱਕ ਅਖਬਾਰ ਨੇ ਤਾਂ ਇਹ ਵੀ ਲਿਖਿਆ ਹੈ ਕਿ ਹਾਰ ਜਾਣ ਤੋਂ ਬਾਅਦ ਉਹ ਵਾਈਟ ਹਾਊਸ ਵਿੱਚੋਂ ਬਾਹਰ ਜਾਣ ਤੋਂ ਵੀ ਇਨਕਾਰ ਕਰ ਸਕਦੇ ਹਨ।
ਸੋ ਅਸੀਂ ਦੇਖ ਰਹੇ ਹਾਂ ਕਿ ਕੌਮਾਂਤਰੀ ਰਾਜਨੀਤੀ ਵਿੱਚ ਸੰਕਟ ਘੜਨ (inventing the crisis) ਦੀ ਰਵਾਇਤ ਉਜਾਗਰ ਹੋ ਰਹੀ ਹੈ ਜੋ ਸੱਚੀ ਸੁੱਚੀ ਜਮਹੂਰੀਅਤ ਨੂੰ ਵੱਡੀ ਚੁਣੌਤੀ ਦੇ ਰਹੀ ਹੈੈ।