ਭਾਰਤ ਦੇ ਇੱਕ ਮਸ਼ਹੂਰ ਕਵੀ ਨੂਰ ਨੇ ਆਪਣੀ ਰਚਨਾ ਵਿੱਚ ਲਿਖਿਆ ਹੈ “ਚਾਹੇ ਸੋਨੇ ਕੇ ਫਰੇਮ ਮੇਂ ਜੜ੍ਹ ਲੋ, ਆਇਨਾ ਝੂਠ ਬੋਲਤਾ ਹੀ ਨਹੀਂ।” ਇਹ ਸਤਰਾਂ ਅੱਜ ਪਂਜਾਬ ਦੀ ਰਾਜਨੀਤੀ ਤੇ ਪੂਰੀ ਤਰਾਂ ਢੁਕਦੀਆਂ ਹਨ। ਅੱਜ ਪੰਜਾਬ ਦੀ ਰਾਜਨੀਤੀ ਲੰਮੇ ਸਮੇਂ ਤੋਂ ਫੋਕੇ ਵਾਅਦਿਆਂ ਨਾਲ ਲੋਕ ਹਿਤੈਸ਼ੀ ਫਰੇਮ ਵਿੱਚ ਆਪਣੇ ਆਪ ਨੂੰ ਦਿਖਾਂ ਕੇ ਆਪਣੀ ਰਣਨੀਤੀ ਵਿੱਚ ਨਾ ਤਾਂ ਸਪਸ਼ਟਤਾ ਲਿਆ ਸਕੀ ਹੈ ਤੇ ਨਾ ਹੀ ਇਸਦੇ ਜਰੀਏ ਆਪਣੇ ਨਿੱਜੀ ਸਵਾਰਥਾਂ ਨੂੰ ਛੱਡ ਕਿ ਫੋਕੇ ਨਾਅਰਿਆਂ ਤੋਂ ਬਿਨਾਂ ਪੰਜਾਬ ਦੇ ਲੋਕਾਂ ਨੂੰ ਲੜਖੜਉਂਦੀ ਲੀਹ ਵਿਚੋਂ ਬਾਹਰ ਲਿਆ ਸਕੀ ਹੈ। ਸ਼ਰੋਮਣੀ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਤੁਰੀ ਆਉਂਦੀ ਰਣਨੀਤੀ ਘੁੰਮ-ਘੁਮਾ ਕੇ ਇੱਕ ਪਰਿਵਾਰਕ ਸੋਚ ਦੇ ਮੁਹਾਂਦਰੇ ਵਿੱਚ ਆਪਣੇਆਪ ਨੂੰ ਜੜ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਇਸ ਵਰੇ ਨਵੰਬਰ ਵਿੱਚ ਆਪਣਾ ਸੌ ਸਾਲ ਦਾ ਇਤਿਹਾਸ ਪੂਰਾ ਕਰਨ ਜਾ ਰਹੀ ਹੈ। ਆਪਣਾ ਸਫਰ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੋਂ ਸ਼ੁਰੂ ਕਰਕੇ ਅੱਜ ਵੀ ਮੁੱਖ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਹੀ ਸੀਮਤ ਰੱਖਦਿਆਂ ਹੋਇਆ ਇਸਦੇ ਬਲ-ਉਪਯੋਗ ਨਾਲ ਸਿੱਖ ਕੌਮ ਅੰਦਰ ਆਪਣੀ ਸਿੱਖ ਹਿਤੈਸ਼ੀ ਤਸਵੀਰ ਨਾਲ ਮਹਿਫੂਜ ਹੈ। ਕਿਉਂ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਆਪਣੇ ਇਤਿਹਾਸ ਤੋਂ ਥਿੜਕ ਪਰਿਵਾਰਕ ਸੋਚ ਅਧੀਨ ਪੰਜਾਬ ਅੰਦਰ ਆਪਣੀ ਗਵਾਚ ਚੁੱਕੀ ਰਾਜਨੀਤਿਕ ਸ਼ਾਖ ਨੂੰ ਮੁੜ ਉਭਾਰਨ ਦਾ ਯਤਨ ਕਰ ਰਹੀ ਹੈ। ਵੈਸੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਅਜਾਦੀ ਤੋਂ ਬਾਅਦ ਸੱਤਾ ਹਥਿ ਆਉਣ ਦਾ ਮੁੱਖ ਮਨੋਰਥ ਰੱਖ ਕੇ ਅਨੇਕਾਂ ਸੰਘਰਸ਼ ਲੜੇ ਜਿਸ ਰਾਹੀਂ ਪੰਜਾਬੀ ਸੂਬਾ ਵੀ ਉਸਾਰਿਆ ਗਿਆ। ਜਿਸਨੂੰ ਆਪਣੀ ਰਾਜਧਾਨੀ, ਪੰਜਾਬੀ ਬੋਲਦੇ ਹੋਰ ਇਲਾਕਿਆਂ ਤੇ ਦਰਿਆਵਾਂ ਦੇ ਪਾਣੀਆਂ ਤੋਂ ਹੱਥ ਧੋ ਕੇ ਹੋਂਦ ਵਿੱਚ ਲਿਆਂਦਾ ਸੀ। ਇਸੇ ਤਰਾਂ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਕੌਮ ਦੀ ਹੋਂਦ, ਪੰਜਾਬ ਨੂੰ ਵੱਧ ਅਧਿਕਾਰਾਂ ਦੀ ਮੰਗ ਤੇ ਦਰਿਆਵੀ ਪਾਣੀਆਂ ਦੇ ਖੁੱਸ ਜਾਣ ਦੇ ਅਹਿਸਾਸ ਨੂੰ ਮੁੜ ਉਭਾਰਨ ਲਈ ਧਰਮ ਯੁੱਧ ਮੋਰਚਾ ਸੰਤ ਜਰਨੈਲ ਸ਼ਿੰਘ ਭਿੰਡਰਾਂਵਾਲਾ ਦੇ ਸਹਿਯੋਗ ਨਾਲ ਉਲੀਕਿਆ। ਇਸ ਨੂੰ ਲੱਖਾਂ ਦੀ ਤਾਦਾਦ ਵਿੱਚ ਸਿੱਖ ਕੌਮ ਨੇ ਹੁੰਗਾਰਾ ਦਿੱਤਾ। ਇਸ ਧਰਮ ਯੁੱਧ ਮੋਰਚੇ ਦੌਰਾਨ ਸਿੱਖ ਕੌਮ ਸ਼੍ਰੋਮਣੀ ਅਕਾਲੀ ਦਲ ਦੀ ਰਣਨੀਤੀ ਤੋਂ ਉੱਪਰ ਉੱਠ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਸੋਚ ਨਾਲ ਜੁੜਨ ਲੱਗੀ। ਜਿਸ ਰਾਹੀਂ ਧਰਮ ਯੁੱਧ ਮੋਰਚੇ ਦੇ ਸੰਘਰਸ਼ ਵਿਚੋਂ ਸਿੱਖ ਕੌਮ ਆਪਣਾ ਭਵਿੱਖ ਸਿੱਖ ਰਾਜ ਦੇ ਸੰਕਲਪ ਨਾਲ ਉਭਾਰਨ ਲੱਗੀ। ਸ਼੍ਰੋਮਣੀ ਅਕਾਲੀ ਦਲ ਦੀ ਇਸ ਧਰਮ ਯੁੱਧ ਮੋਰਚੇ ਤੇ ਪਕੜ ਦਿਨ-ਪ੍ਰਤੀ-ਦਿਨ ਖੁਰਨ ਲੱਗੀ। ਜਿਸ ਦਾ ਫਾਇਦਾ ਲੈ ਕੇ ਕੇਂਦਰੀ ਪੱਧਰ ਤੇ ਸਰਕਾਰ ਯਾਫਤਾ ਕਾਂਗਰਸ ਪਾਰਟੀ ਆਪਣੀ ਰਣਨੀਤੀ ਨੂੰ ਸਿੱਖ ਕੌਮ ਵਿਰੁੱਧ ਤਿੱਖੀ ਕਰਨ ਲੱਗੀ ਤੇ ਸਿੱਖ ਕੌਮ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੀ ਕਮਜ਼ੋਰ ਹੋਈ ਸ਼ਾਖ ਦਾ ਫਾਇਦਾ ਲੈਂਦਿਆ ਕਾਂਗਰਸ ਪਾਰਟੀ ਨੇ ਆਪਣੀ ਰਾਜਨੀਤੀ ਅਧੀਨ ਸਿੱਖ ਕੌਮ ਵਿੱਚ ਆਪਣੀ ਖੁਦਮੁਖਤਿਆਰੀ ਤੇ ਸਿੱਖ ਰਾਜ ਦੇ ਸੰਕਲਪ ਨੂੰ ਮਿਟਾਉਣ ਲਈ 1984 ਵਿੱਚ ਆਪਣੀ ਭਾਰਤੀ ਫੌਜ ਰਾਹੀਂ ਦਰਬਾਰ ਸਾਹਿਬ ਸਮੂਹ ਤੇ ਹਮਲਾ ਕਰਕੇ ਧਰਮ ਯੁੱਧ ਮੋਰਚੇ ਨੂੰ ਖਿਲਾਰ ਦਿੱਤਾ। ਫੌਜੀ ਹਮਲੇ ਤੋਂ ਬਾਅਦ ਸਿੱਖ ਕੌਮ ਭਾਵੇਂ ਲਿਤਾੜੀ ਗਈ ਤੇ ਉਸ ਮੱਧਮ ਪਈ ਰਫ਼ਤਾਰ ਦਾ ਫਾਇਦਾ ਲੈਂਦੇ ਸ਼੍ਰੋਮਣੀ ਅਕਾਲੀ ਦਲ ਨੇ ਧਰਮ ਯੁੱਧ ਮੋਰਚੇ ਨੂੰ ਵਿਚਾਲੇ ਛੱਡ ਕੇ ਸੱਤਾ ਦੇ ਲਾਲਚ ਲਈ ਭਾਰਤ ਸਰਕਾਰ ਨਾਲ ਸਮਝੋਤਾ ਕੀਤਾ। ਜਿਸ ਨੂੰ ਸਿੱਖ ਕੌਮ ਨੇ ਕਦੇ ਵੀ ਪਰਵਾਨ ਨਹੀਂ ਕੀਤਾ। ਜੂਨ 84 ਤੋਂ ਬਾਅਦ ਵੀ 10 ਸਾਲ ਸਿੱਖ ਕੌਮ ਨੇ ਸੰਘਰਸ਼ ਕੀਤਾ ਪਰ ਭਾਰਤੀ ਹਕੂਮਤ ਦੇ ਜਬਰ-ਜੁਲਮ ਅੱਗੇ ਕਾਮਯਾਬੀ ਹਾਸਲ ਨਹੀਂ ਹੋਈ। ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਪੈਂਤੜਾ ਸਿਆਸੀ ਸਵਾਰਥ ਲਈ ਕਾਇਮ ਰੱਖਦਿਆ ਹੋਇਆ ਸਿੱਖ ਕੌਮ ਦੀਆਂ ਕੁਰਬਾਨੀਆਂ ਦਾ ਮੁੱਲ ਵੱਟਦਿਆਂ ਹੋਇਆਂ 1996 ਤੋਂ ਲੈ ਕੇ 2017 ਤੱਕ ਤਿੰਨਵਾਰ ਪੰਜਾਬ ਦੀ ਸਿਆਸਤ ਤੇ ਰਾਜ ਕੀਤਾ। 2017 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਰੋਸ ਕਾਰਨ ਪੰਜਾਬ ਦੀ ਸਿਆਸਤ ਵਿਚੋਂ ਹਾਸ਼ੀਏ ਤੇ ਆ ਖੜਾ ਹੋਇਆ। ਕਾਂਗਰਸ ਆਪਣੀ ਸਿਆਸਤ ਨੂੰ ਪੰਜਾਬ ਦੀ ਸਿਆਸੀ ਤਸਵੀਰ ਵਿੱਚ ਜੜਨ ਵਿੱਚ ਸਫਲ ਹੋ ਗਈ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਅੰਦਰੂਨੀ ਤੌਰ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਦੋ ਹੋਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਿਆਸਤ ਅੰਦਰ ਹੋਂਦ ਵਿੱਚ ਆ ਗਏ। ਇਸਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਮੁੜ ਸਥਾਪਤ ਕਰਨ ਲਈ ਪੰਜਾਬ ਲਈ ਖੁਦ ਮੁਖਤਿਆਰੀ ਦੇ ਮੁੱਖ ਵਿਸ਼ੇ ਤੋਂ ਖਿੜਕ ਕੇ ਕੇਂਦਰ ਸਰਕਾਰ ਅੱਗੇ ਗੋਡੇ ਭਾਰ ਹੋ ਕੇ ਪੰਜਾਬ ਅੰਦਰ ਕੇਂਦਰੀਕਰਨ ਦੇ ਵਾਧੇ ਵਿੱਚ ਸਹਾਈ ਹੋ ਕੇ ਪੰਜਾਬ ਦੀ ਸਿਆਸਤ ਵਿੱਚ ਆਪਣੀ ਤਸਵੀਰ ਨਵੇਂ ਸਿਰੇ ਤੋਂ ਜੜਨ ਦਾ ਉਪਰਾਲਾ ਕਰ ਰਹੀ ਹੈ। ਆਜ ਦੇ ਦਿਨ ਵਿੱਚ ਸੋਨੇ ਵਿੱਚ ਜੜੀ ਤਸਵੀਰ ਆਪਣਾ ਅਕਸ਼ ਧੁੰਦਲਾ ਹੀ ਦਿਖਾ ਰਹੀ ਹੈ।