ਸਿੱਖਾਂ ਦੇ ਪਵਿੱਤਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਿਛਲੇ ਦਿਨੀ ਇਸ ਪਵਿੱਤਰ ਨਗਰੀ ਦਾ ੩੫੦ ਸਾਲਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਸਬੰਧ ਵਿੱਚ ਪੰਜਾਬ ਸਰਕਾਰ ਅਤੇ ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ਼ੋਂ ਲਗਭਗ ਇੱਕ ਹਫਤੇ ਲਈ ਧਾਰਮਿਕ ਅਤੇ ਰਾਜਨੀਤਿਕ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿੱਚ ਸੈਮੀਨਾਰ ਅਤੇ ਕਾਨਫਰੰਸਾਂ ਕਰਵਾਈਆਂ ਗਈਆਂ। ਸ਼ਮਾਗਮਾਂ ਦਾ ਅੰਤ ਦੇਸ਼ ਦੀ ਚੋਟੀ ਦੀ ਰਾਜਸੀ ਲੀਡਰਸ਼ਿੱਪ ਦੀ ਹਾਜਰੀ ਭਰਵਾਉਣ ਨਾਲ ਹੋਇਆ। ਇਨ੍ਹਾਂ ੩੫੦ ਸਾਲਾ ਸਥਾਪਨਾ ਸਮਾਗਮਾਂ ਬਾਰੇ ਦੇਸ਼ ਦੇ ਮੀਡੀਆ ਵਿੱਚ ਕਾਫੀ ਦਿਲਚਸਪ ਅਤੇ ਗੰਭੀਰ ਟਿੱਪਣੀਆਂ ਕੀਤੀਆਂ ਗਈਆਂ। ਪੰਜਾਬੀ ਮੀਡੀਆ ਅਤੇ ਸ਼ੋਸ਼ਲ ਮੀਡੀਆ ਉ%ਤੇ ਵੀ ਇਸ ਸਬੰਧੀ ਬਹੁਤ ਕਿਸਮ ਦੇ ਵਿਚਾਰ ਦੇਖਣ ਨੂੰ ਮਿਲੇ।

ਪਰ ਇਨ੍ਹਾਂ ਸਾਰੇ ਵਿਚਾਰਾਂ ਵਿੱਚੋਂ ਸਾਨੂੰ ਚੰਡੀਗੜ੍ਹ ਤੋਂ ਛਪਦੇ ਇੱਕ ਬਹੁਤ ਪੁਰਾਣੇ ਅੰਗਰੇਜ਼ੀ ਦੇ ਅਖਬਾਰ ਦੀ ਵਿਸ਼ੇਸ਼ ਸੰਪਾਦਕੀ Ḕਅਨੰਦਪੁਰੀ ਤੋਂ ਸੰਕੇਤḙ ਕਾਫੀ ਹੈਰਤਅੰਗੇਜ਼ ਲੱਗੀ। ਅਖਬਾਰ ਨੇ ਆਪਣੇ ਸੰਪਾਦਕੀ ਵਿੱਚ ਅਕਾਲੀ ਅਤੇ ਸਿੱਖ ਲੀਡਰਸ਼ਿੱਪ ਨੂੰ ਇਹ ਸਿਖਿਆ ਦੇਣ ਦਾ ਯਤਨ ਕੀਤਾ ਕਿ ਉਹ ਅਜਿਹੇ ਧਾਰਮਿਕ ਸਮਾਗਮਾਂ ਤੋਂ ਆਪਣੇ ਆਪ ਨੂੰ ਦੂਰ ਰੱਖਣ। ਅਕਾਲੀ ਲੀਡਰਸ਼ਿੱਪ ਦਾ ਕੰਮ ਸਿੱਖ ਕੌਮ ਦੇ ਇਤਿਹਾਸ ਬਾਰੇ ਜਾਂ ਇਸਦੇ ਨਾਇਕਾਂ ਦੀਆਂ ਯਾਦਗਾਰਾਂ ਉਸਾਰਨ ਦਾ ਨਹੀ ਹੈ ਬਲਕਿ ਇਸਦੀ ਮੁਖ ਜਿੰਮੇਵਾਰੀ ਤਾਂ ਪੰਜਾਬ ਦੇ ਲੋਕਾਂ ਨੂੰ ਵਧੀਆ ਸੜਕਾਂ, ਵਧੀਆ ਪ੍ਰਸ਼ਾਸ਼ਨ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੀ ਹੈ। ਅਖਬਾਰ ਦਾ ਕਹਿਣਾਂ ਹੈ ਕਿ ਅਜਿਹੇ ਧਾਰਮਿਕ ਸਮਾਗਮ ਤਾਂ ਧਾਰਮਿਕ ਸ਼ਖਸ਼ੀਅਤਾਂ ਲਈ ਛੱਡ ਦੇਣੇ ਚਾਹੀਦੇ ਹਨ, ਰਾਜਸੀ ਲੀਡਰਸ਼ਿੱਪ ਨੂੰ ਇਨ੍ਹਾਂ ਵਿੱਚ ਨਹੀ ਉਲਝਣਾਂ ਚਾਹੀਦਾ।

ਨਿਰਸੰਦੇਹ ਇਸ ਅੰਗਰੇਜ਼ੀ ਅਖਬਾਰ ਨੂੰ ਅਕਾਲੀ ਲੀਡਰਸ਼ਿੱਪ ਦੀ ਨਵੀ ਅੰਗੜਾਈ ਦੀ ਪਹਿਲੀ ਝਲਕ ਨੇ ਹੀ ਹਿਲਾਕੇ ਰੱਖ ਦਿੱਤਾ ਹੈ। ਜਿਸ ਮਸਲੇ ਨੂੰ ਭਾਰਤੀ ਲੀਡਰਸ਼ਿੱਪ ਅਤੇ ਭਾਰਤ ਦਾ ਮੀਡੀਆ ਮਰ ਮੁੱਕ ਗਿਆ ਸਮਝ ਕੇ ਮਿੱਟੀ ਪਾ ਚੁੱਕਾ ਹੈ ਅਤੇ ਜਿਸ ਬਾਰੇ ਗੱਲ ਕਰਨੀ ਜਾਂ ਤਾਂ ਅੱਤਵਾਦ ਅਖਵਾਉਂਦੀ ਹੈ ਜਾਂ ਦੇਸ਼ ਧਰੋਹੀ ਉਹ ਮਸਲਾ ਏਨਾ ਜੁਲਮ ਕਰਨ ਦੇ ਬਾਵਜੂਦ ਵੀ ਜੇ ਜਿਉਂਦਾ ਹੈ ਅਤੇ ਜੇ ਅਕਾਲੀ ਲੀਡਰਸ਼ਿੱਪ ਦੇ ਚੇਤੇ ਵਿੱਚ ਉਹ ਮਸਲਾ ਹਾਲੇ ਵੀ ਕਿਤੇ ਸ਼ਹਿ ਲਾਕੇ ਬੈਠਾ ਹੈ ਤਾਂ ਇਸਦਾ ਫਿਕਰ ਦੇਸ਼ ਦੇ ਮਾਲਕਾਂ ਨੂੰ ਤਾਂ ਹੋਣਾਂ ਹੀ ਸੀ।

ਗੱਲ ਕੀ ਸੀ, ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਦੇ ਸਮਾਗਮਾਂ ਦੌਰਾਨ ਦੋ ਸੈਮੀਨਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਇਸ ਮੁਲਕ ਨੇ ਹਾਲੇ ਤੱਕ ਵੀ ਸਿੱਖਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀ ਪਾਇਆ। ਇੱਕ ਹੋਰ ਸਮਾਗਮ ਵਿੱਚ ਉਨ੍ਹਾਂ ਨੇ ਆਖਿਆ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਹੀ ਧਾਰਮਿਕ ਅਜ਼ਾਦੀ ਦਾ ਮੁਢ ਬੰਨ੍ਹਿਆ ਗਿਆ ਸੀ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਧਰਤੀ ਤੋਂ ਹੀ ਕਿਸੇ ਦੂਜੇ ਧਰਮ ਨੂੰ ਬਚਾਉਣ ਲਈ ਆਪਣੀ ਸ਼ਹਾਦਤ ਦੇਣ ਦਾ ਫੈਸਲਾ ਕੀਤਾ ਸੀ। ਮੁੱਖ ਮੰਤਰੀ ਨੇ ਸਿਰਫ ਧਾਰਮਿਕ ਅਜ਼ਾਦੀ ਦੀ ਗੱਲ ਹੀ ਕੀਤੀ ਹੈ ਉਨ੍ਹਾਂ ਨੇ ਰਾਜਸੀ ਅਜ਼ਾਦੀ ਨਹੀ ਆਖਿਆ। ਬਸ ਇਨ੍ਹਾਂ ਦੋ ਬਿਆਨਾਂ ਨੇ ਹੀ ਸੁਚੇਤ ਹਿੰਦੂ ਲੀਡਰਸ਼ਿੱਪ ਅਤੇ ਨੀਤੀਵਾਨਾਂ ਲਈ ਖਤਰੇ ਦੀਆਂ ਘੰਟੀਆਂ ਖੜਕਾ ਦਿੱਤੀਆਂ।

ਅਕਾਲੀ ਦਲ ਮੁੜ ਆਪਣੀਆਂ ਜੜ੍ਹਾਂ ਵੱਲ ਨੂੰ ਮੁੜਨ ਲੱਗਾ ਹੈ? ਕੀ ਇਸਦੇ ਮਨ ਵਿੱਚ ਹਾਲੇ ਵੀ ਸਿੱਖੀ ਦੀ ਉਹ ਤਰੰਗ ਜਿੰਦਾ ਹੈ ਜੋ ਅਸੀਂ ਭਾਰੀ ਤਸ਼ੱਦਦ ਅਤੇ ਰਾਜਸੀ ਸੱਤਾ ਦੇ ਲਾਲਚ ਨਾਲ ਮਾਰ ਦਿੱਤੀ ਗਈ ਸਮਝਦੇ ਸੀ? ਇਨ੍ਹਾਂ ਦੋ ਬਿਆਨਾਂ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲ਼ੋਂ ਹਾਲ ਵਿੱਚ ਹੀ ਸਿੱਖ ਕੈਦੀਆਂ ਦੀ ਜੇਲ਼੍ਹ ਬਦਲੀ ਦੇ ਕੀਤੇ ਗਏ ਫੈਸਲੇ ਨੇ ਕੁਝ ਤਾਕਤਾਂ ਨੂੰ ਹਿਲਾ ਦਿੱਤਾ ਹੈ।

ਹਾਲੇ ਇਹ ਕੋਈ ਨਹੀ ਜਾਣਦਾ ਕਿ ਬਾਦਲ ਸਾਹਿਬ ਕਿਹੜੀ ਖੇਡ ਖੇਡ ਰਹੇ ਹਨ, ਪਰ ਜੇ ਪ੍ਰਕਾਸ਼ ਸਿੰਘ ਬਾਦਲ ਵਰਗਾ ਬੰਦਾ ਜਿਸਨੇ ਪੰਥ ਦੇ ਨਾਅ ਤੇ ਸਾਰੀ ਉਮਰ ਮਲਾਈਆਂ ਛਕੀਆਂ ਹਨ ਉਹ ਇਹ ਆਖ ਰਿਹਾ ਹੈ ਕਿ ਭਾਰਤ ਨੇ ਸਿੱਖਾਂ ਦੀਆਂ ਕੁਰਬਾਨੀਆ ਦਾ ਮੁੱਲ ਨਹੀ ਪਾਇਆ ਤਾਂ ਸੋਚਣਾਂ ਬਣਦਾ ਹੈ ਕਿ ਕਿਤੇ ਨਾ ਕਿਤੇ ਗੜਬੜ ਜਰੂਰ ਹੈ।

ਖੈਰ ਅਨੰਦਪੁਰੀ ਦੇ ਸੰਕੇਤਾਂ ਨੂੰ ਸਿੱਖ ਕੌਮ ਨੇ ਫੜਿਆ ਹੈ ਜਾਂ ਨਹੀ ਪਰ ਸਿੱਖ ਵਿਰੋਧੀਆਂ ਲਈ ਇਹ ਸੰਕੇਤ ਬਹੁਤ ਵੱਡਾ ਭੁਝਾਲ ਲੈ ਕੇ ਆਏ ਹਨ। ਜੇ ਬਾਦਲ ਸਾਹਿਬ ਇਮਾਨਦਾਰ ਹਨ ਆਪਣੀ ਕਹਿਣੀ ਲਈ ਤਾਂ ਉਨ੍ਹਾਂ ਦਾ ਸਵਾਗਤ ਕਰਨਾ ਬਣਦਾ ਹੈ ਪਰ ਜੇ ਪਿਛਲੇ ੫੦ ਸਾਲਾਂ ਵਾਂਗ ਉਹ ਫਿਰ ਕੋਈ ਸਕੈਡਲ ਕਰਨ ਜਾ ਰਹੇ ਹਨ ਤਾਂ ਸਿੱਖਾਂ ਨੂੰ ਸੁਚੇਤ ਰਹਿਣਾਂ ਚਾਹੀਦਾ ਹੈ, ਇਹੋ ਹੀ ਅਨੰਦਪੁਰੀ ਦੇ ਸੰਕੇਤ ਹਨ।