ਆਪਣੇ ਆਪ ਨੂੰ ਸਮੂਹ ਪੰਜਾਬੀਆਂ ਸੀ ਸਾਂਝੀ ਪਾਰਟੀ ਅਖਵਾਉਣ ਵਾਲੇ ਅਕਾਲੀ ਦਲ ਦੇ ਸੀਨੀਅਰ ਲੀਡਰ ਸੁੱਚਾ ਸਿੰਘ ਲੰਗਾਹ ਤੇ ਇੱਕ ਔਰਤ ਨਾਲ ਜਬਰ ਜਿਨਾਹ ਕਰਨ ਦੇ ਦੋਸ਼ ਲੱਗੇ ਹਨ। ਮੀਡੀਆ ਵਿੱਚ ਛਪੀਆਂ ਖਬਰਾਂ ਮੁਤਾਬਿਕ ਸੁਚਾ ਸਿੰਘ ਲੰਗਾਹ ਨੇ ਆਪਣੀ ਧੀ ਦੀ ਉਮਰ ਦੀ ਉਸ ਔਰਤ ਦੀ ਪੱਤ ਲ਼ੁੱਟੀ ਹੈ ਅਤੇ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਲਈ ਸਰਗਰਮ ਹੈ। ਇਹ ਸਤਰਾਂ ਲਿਖੇ ਜਾਣ ਵੇਲੇ ਸੁੱਚਾ ਸਿੰਘ ਲੰਗਾਹ ਵੱਲ਼ੋਂ ਆਤਮ-ਸਮਰਪਣ ਕਰਨ ਦੀਆਂ ਖਬਰਾਂ ਵੀ ਆ ਗਈਆਂ ਸਨ।

ਬੇਸ਼ੱਕ ਮੀਡੀਆ ਅਤੇ ਸ਼ੋਸ਼ਲ ਮੀਡੀਆ ਉਤੇ ਸੁੱਚਾ ਸਿੰਘ ਲੰਗਾਹ ਵੱਲ਼ੋਂ ਕੀਤੇ ਗਏ ਇਸ ਕਾਰੇ ਬਾਰੇ ਕਾਫੀ ਚਰਚਾ ਚੱਲ ਰਹੀ ਹੈ ਪਰ ਅਸੀਂ ਇਸਨੂੰ ਅਕਾਲੀ ਦਲ ਦੇ ਉਸ ਪਤਨ ਦੀ ਚਰਮਸੀਮਾ ਸਮਝ ਰਹੇ ਹਾਂ ਜੋ ੧੯੯੫ ਦੀ ਮੋਗਾ ਕਾਨਫਰੰਸ ਵੇਲੇ ਤੋਂ ਸ਼ੁਰੂ ਹੋਇਆ ਸੀ। ਜਿਸ ਦਿਨ ਤੋਂ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਦੀ ਮਜਬੂਤ ਜਕੜ ਵਿੱਚ ਆ ਗਿਆ, ਅਤੇ ਜਿਸ ਦਿਨ ਤੋਂ ਉਸ ਨੇ ਸ਼ਹੀਦਾਂ ਦੀ ਇਸ ਪਾਰਟੀ ਨੂੰ ਮਰੋੜਨਾ ਸ਼ੁਰੂ ਕਰ ਦਿੱਤਾ ਸੀ ਉਸੇ ਦਿਨ ਤੋਂ ਅਕਾਲੀ ਦਲ ਦੇ ਨੈਤਿਕ ਮਰਸੀਏ ਦੀਆਂ ਤਕਦੀਰਾਂ ਲਿਖ ਦਿੱਤੀਆਂ ਗਈਆਂ ਸਨ।

੧੯੮੪ ਦੇ ਘੱਲੂਘਾਰੇ ਤੋਂ ਬਾਅਦ ਭਾਰਤੀ ਸਟੇਟ ਨੇ ੧੯੯੫ ਤੱਕ ਆਕੇ ਇਹ ਮਹਿਸੂਸ ਕਰ ਲਿਆ ਸੀ ਕਿ ਜੇ ਅਕਾਲੀ ਦਲ ਦੀ ਰਾਜਨੀਤੀ ਦੀ ਮੁਹਾਰ ਸਿੱਖ ਪੱਖੀ ਰਹੀ ਅਤੇ ਅਕਾਲੀ ਲੀਡਰ ਫਿਰ ਤੋਂ ਸਿੱਖੀ ਦਾ ਜਜਬਾ ਜਗਾਉਣ ਲੱਗ ਪਏ ਤਾਂ ਭਾਰਤ ਸਰਕਾਰ ਨੂੰ ਪੰਜਾਬ ਵਿੱਚ ਵਿੱਚੋਂ ਕਿਸੇ ਨਵੀਂ ਚੁਣੌਤੀ ਦਾ ਸਾਹਮਣਾਂ ਕਰਨਾ ਪੈ ਸਕਦਾ ਹੈ। ਇਸ ਲਈ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਇਹ ਸੌਦਾ ਕੀਤਾ ਕਿ ਪਾਰਟੀ ਉਤੇ ਆਪਣੀ ਜਕੜ ਕਾਇਮ ਕਰਨ ਤੋਂ ਇੱਕਦਮ ਬਾਅਦ, ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੀ ਸਿਧਾਂਤਿਕ ਨੀਤੀ ਨੂੰ ਤਬਦੀਲ ਕਰਕੇ ਇਸ ਵਿੱਚੋਂ ਸਿੱਖੀ ਦਾ ਅੰਸ਼ ਖਤਮ ਕਰਨ ਅਤੇ ਪੰਜਾਬੀਅਤ ਦੇ ਅੰਸ਼ ਮਜਬੂਤ ਕਰਨ ਤਾਂ ਕਿ ਅਕਾਲੀ ਦਲ ਦੇ ਸਿੱਖ ਖਾਸੇ ਨੂੰ ਖਤਮ ਕੀਤਾ ਜਾ ਸਕੇ। ਇਸ ਸੌਦੇ ਅਧੀਨ ਭਾਰਤੀ ਸਟੇਟ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਦਾ ਲਈ ਪੰਜਾਬ ਦੀ ਸੂਬੇਦਾਰੀ ਸੌਂਪਣ ਦਾ ਵਾਅਦਾ ਕਰ ਲਿਆ ਸੀ। ਭਾਰਤੀ ਸਟੇਟ ਦੇ ਨੀਤੀਘਾੜੇ ਇਹ ਜਾਣਦੇ ਸਨ ਕਿ ਜੇ ਅਕਾਲੀ ਦਲ ਦਾ ਸਿੱਖ ਸਰੂਪ ਕਾਇਮ ਰਿਹਾ ਅਤੇ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਹਿਨੁਮਾਈ ਹਾਸਲ ਕਰਦਾ ਰਿਹਾ ਤਾਂ ਉਸ ਵਿੱਚ ਇਖਲਾਕਹੀਣ, ਲਾਲਚੀ ਅਤੇ ਖਤਰਨਾਕ ਲੀਡਰਸ਼ਿੱਪ ਪੈਦਾ ਨਹੀ ਕੀਤੀ ਜਾ ਸਕੇਗੀ ਜੋ ਆਪਣੇ ਨਿੱਜੀ ਹਿੱਤਾਂ ਲਈ ਸਭ ਕੁਝ ਕੁਰਬਾਨ ਕਰ ਦੇਵੇ।

੧੯੯੫ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਸਿੱਖ ਪਾਰਟੀ ਤੋਂ ਪੰਜਾਬੀ ਪਾਰਟੀ ਵਿੱਚ ਤਬਦੀਲ ਕਰਨ ਦਾ ਐਲਾਨ ਕਰ ਦਿੱਤਾ ਜੋ ਬਾਦਲ ਦੀ ਵੋਟ ਰਾਜਨੀਤੀ ਦੇ ਬਹੁਤ ਅਨੁਕੂਲ ਸੀ ਕਿਉਂਕਿ ਹੁਣ ਉਸ ਤੇ ਅਕਾਲ ਤਖਤ ਸਾਹਿਬ ਦਾ ਕੁੰਡਾ ਨਹੀ ਸੀ ਰਿਹਾ ਉਹ ਨਿਰਕੁੰਸ਼ ਲੀਡਰ ਬਣ ਗਿਆ ਸੀ। ਪੰਜਾਬੀਅਤ ਦੀ ਇਸ ਨਿਰਕੁੰਸ਼ਤਾ ਨੂੰ ਮਜਬੂਤ ਕਰਨ ਲਈ ਭਾਰਤੀ ਸਟੇਟ ਨੇ ਫਿਰ ਇੱਕ ਸਿੱਖ ਪੱਖੀ ਅਖਬਾਰ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਚਰਨਾ ਵਿੱਚ ਡੇਗਿਆ ਅਤੇ ਇੱਕ ਅਜਿਹੇ ਵਿਅਕਤੀ ਨੂੰ ਬਾਦਲ ਦਾ ਸਲਾਹਕਾਰ ਲਾਇਆ ਜੋ ਮਿੱਥ ਕੇ ਸਿੱਖੀ ਨਾਲ ਨਫਰਤ ਕਰਦਾ ਸੀ।

ਬਸ ਇਸ ਤਰ੍ਹਾਂ ਅਕਾਲੀ ਦਲ ਦੇ ਪੰਜਾਬੀਕਰਨ ਦੀ ਵਾਰਤਾ ਸ਼ੁਰੂ ਹੋ ਗਈ। ਅਕਾਲੀ ਦਲ ਵਿੱਚੋਂ ਸਿੱਖੀ ਸਰੂਪ ਵਾਲੇ ਵਿਅਕਤੀਆਂ ਦਾ ਬੋਲਬਾਲਾ ਅਲੋਪ ਹੋਣ ਲੱਗਾ ਅਤੇ ਲੱਠਮਾਰ ਭਾਰੂ ਹੋਣ ਲੱਗੇ। ਸ਼ਰਾਬ ਦੇ ਠੇਕੇਦਾਰ, ਨਸ਼ਿਆਂ ਦੇ ਵਪਾਰੀ, ਜਮੀਨਾਂ ਤੇ ਕਬਜੇ ਕਰਨ ਵਾਲੇ ਅਤੇ ਸਿੱਖ ਨੌਜਵਾਨਾਂ ਦਾ ਘਾਣ ਕਰਕੇ ਹਟੀ ਪੰਜਾਬ ਪੁਲਿਸ ਦਾ ਗੱਠਜੋੜ ਅਕਾਲੀ ਦਲ ਲਈ ਅਜਿਹਾ ਸੂਤ ਬੈਠਿਆ ਕਿ ਭੋਲੇ ਭਾਲੇ ਸਿੱਖਾਂ ਨੂੰ ਪਤਾ ਹੀ ਨਾ ਲੱਗਾ ਕਿ ਦੁਸ਼ਮਣਾਂ ਦੀਆਂ ਧੀਆਂ ਦੀਆਂ ਇੱਜਤਾਂ ਬਚਾਉਣ ਵਾਲਾ ਅਕਾਲੀ ਦਲ ਕਦੋਂ ਅਤੇ ਕਿਵੇ ਆਪਣੀਆਂ ਹੀ ਧੀਆਂ ਦੀਆਂ ਇੱਜ਼ਤਾਂ ਲ਼ੁੱਟਣ ਵਾਲਾ, ‘ਪੰਜਾਬੀਅਤ ਦਾ ਪਹਿਰੇਦਾਰ’ ਬਣ ਗਿਆ।

ਭਾਰਤੀ ਸਟੇਟ ਨੇ ਅਕਾਲੀ ਦਲ ਨੂੰ ਜਿਸ ਪਟੜੀ ਤੇ ਪਾਇਆ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਨਿੱਜੀ ਹਉਮੈਂ ਲਈ ਅਕਾਲੀ ਦਲ ਦੀ ਜੋ ਗਿੱਚੀ ਮਰੋੜੀ ਉਸਦਾ ਨਤੀਜਾ ਅਸੀਂ ਆਪਣੇ ਜਿਉਂਦੇ ਜੀਅ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਾਂ।

ਯਾਦ ਕਰੋ ਪੰਥ ਨੂੰ ਪਰਣਾਏ ਹੋਏ ਉਸ ਅਕਾਲੀ ਦਲ ਨੂੰ ਜੋ ੧੯੮੦-੧੯੮੪ ਤੱਕ ਇੱਕ ਅਵਾਜ਼ ਤੇ ਪੰਜਾਬ ਦੀਆਂ ਜੇਲ਼੍ਹ ਭਰ ਦੇਂਦਾ ਸੀ ਅਤੇ ਅਕਾਲੀ ਲੀਡਰ ਠਾਠ ਨਾਲ ਆਖਦੇ ਸਨ ਅਸੀਂ ਆਪਣੇ ਪੰਥ ਲਈ ਜੇਲ਼੍ਹ ਵਿੱਚ ਆਏ ਹਾਂ।

ਅੱਜ ਅਕਾਲੀ ਦਲ ਦੇ ਲੀਡਰ ਧੀਆਂ ਨਾਲ ਬੇਪਤੀ ਕਰਕੇ ਜੇਲ਼੍ਹਾਂ ਵਿੱਚ ਜਾ ਰਹੇ ਹਨ। ਪੰਜਾਬੀ ਅਕਾਲੀ ਦਲ ਦਾ ਮਨਸ਼ਾ ਹੀ ਪੰਥਕ ਅਕਾਲੀ ਦਲ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਸੀ। ਅੱਜ ਪੰਜਾਬੀਅਤ ਨੂੰ ਪਰਣਾਏ ਅਕਾਲੀ ਦਲ ਦੀਆਂ ਰੀਝਾਂ ਪੂਰੀਆਂ ਹੋ ਗਈਆਂ ਹਨ।

ਦਸਤਾਰਧਾਰੀ ਅਤੇ ਕਿਰਪਾਨਧਾਰੀ ਅਕਾਲੀ ਲੀਡਰ ਨਸ਼ਿਆਂ ਦੇ ਵਪਾਰੀ ਤਾਂ ਸਨ ਹੀ ਪਰ ਹੁਣ ਆਪਣੀਆਂ ਧੀਆਂ ਵਰਗੀਆਂ ਬੱਚੀਆਂ ਦੀ ਪੱਤ ਵੀ ਲ਼ੁੱਟਣ ਲੱਗ ਪਏ ਹਨ।

ਸੁਹਿਰਦ ਸਿੱਖਾਂ ਸਾਹਮਣੇ ਪੰਥਕ ਅਕਾਲੀ ਦਲ ਨੂੰ ਬਚਾਉਣ ਜਾਂ ਮੁੜ-ਸੁਰਜੀਤ ਕਰਨ ਦੀ ਚੁਣੌਤੀ ਹੈ।