ਇਨਸਾਫ ਦੇ ਦੋਹਰੇ ਮਾਪਦੰਡ

ਭਾਰਤ ਦੀ ਇੱਕ ਅਦਾਲਤ ਨੇ ਇੰਡੀਅਨ ਮੁਜਾਹਦੀਨ ਨਾਅ ਦੀ ਇੱਕ ਇਸਲਾਮੀ ਜਥੇਬੰਦੀ ਦੇ ਕਾਰਕੁੰਨ ਯਾਸੀਨ ਭਟਕਲ ਅਤੇ ਉਸਦੇ ਪੰਜ ਸਾਥੀਆਂ ਨੂੰ ਕੁਝ ਸਮਾਂ ਪਹਿਲਾਂ ਹੋਏ ਬੰਬ ਧਮਾਕਿਆਂ ਦੇ ਸਬੰਧ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਭਾਰਤ ਦੀ ਇੰਟੈਲੀਜੈਂਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਯਾਸੀਨ ਭਟਕਲ ਨੂੰ ਲਗਭਗ ਦੋ ਸਾਲ ਪਹਿਲਾਂ ਭਾਰਤ-ਨਿਪਾਲ ਸਰਹੱਦ ਤੋਂ ਗ੍ਰਿਫਤਾਰ ਕੀਤਾ ਸੀ। ਭਾਰਤੀ ਇੰਟੈਲੀਜੈਂਸ ਨੇ ਭਟਕਲ ਦੀ ਗ੍ਰਿਫਤਾਰੀ ਨੂੰ ਇੱਕ ਵੱਡੀ ਪ੍ਰਾਪਤੀ ਦੱਸਦਿਆਂ ਆਪਣੀ ਪਿੱਠ ਵੀ ਥਪਥਪਾਈ ਸੀ। ਦੱਸਿਆ ਜਾਂਦਾ ਹੈ ਕਿ ਕੁਝ ਸਾਲ ਪਹਿਲਾਂ ਜੋ ਬੰਬ ਧਮਾਕੇ ਹੋਏ ਸਨ ਅਤੇ ਜਿਨ੍ਹਾਂ ਵਿੱਚ ਭਟਕਲ ਦੀ ਸ਼ਮੂਲੀਅਤ ਸਿੱਧ ਕੀਤੀ ਗਈ ਹੈ ਉਨ੍ਹਾਂ ਵਿੱਚ ੧੮ ਲੋਕਾਂ ਦੀ ਮੌਤ ਹੋ ਗਈ ਸੀ।

ਅਸੀਂ ਇਨ੍ਹਾਂ ਕਾਲਮਾਂ ਰਾਹੀਂ ਇਹ ਬਹਿਸ ਨਹੀ ਕਰ ਰਹੇ ਕਿ ਯਾਸੀਨ ਭਟਕਲ ਦੀ ਉਨ੍ਹਾਂ ਬੰਬ ਧਮਾਕਿਆਂ ਵਿੱਚ ਸ਼ਮੂਲੀਅਤ ਸੀ ਜਾਂ ਨਹੀ। ਨਾ ਹੀ ਅਸੀਂ ਅਦਾਲਤ ਦੇ ਫੈਸਲੇ ਤੇ ਹਾਲ ਦੀ ਘੜੀ ਕਿੰਤੂ ਪ੍ਰਤੂ ਕਰ ਰਹੇ ਹਾਂ। ਸਾਡਾ ਮਕਸਦ ਤਾਂ ਇਨਸਾਫ ਦੇ ਉਸ ਕੁਚੱਕਰ ਦੀ ਦਰਿੰਦਗੀ ਤੇ ਉਂਗਲ ਰੱਖਣਾਂ ਹੈ ਜੋ ਇਹ ਦੇਖਕੇ ਇਨਸਾਫ ਕਰਦਾ ਹੈ ਕਿ ਉਸਦੇ ਸਾਹਮਣੇ ਕਟਹਿਰੇ ਵਿੱਚ ਖੜ੍ਹਾ ਇਨਸਾਨ ਕਿਹੜੇ ਧਰਮ ਨਾਲ ਸਬੰਧ ਰੱਖਦਾ ਹੈ। ਉਸਦੀ ਕਿਸੇ ਜੁਰਮ ਵਿੱਚ ਸ਼ਮੂਲੀਅਤ ਹੈ ਜਾਂ ਨਹੀ ਇਹ ਬਾਅਦ ਦੀ ਗੱਲ ਹੈ, ਪਰ ਪਹਿਲੇ ਦਿਨ ਹੀ ਜਦੋਂ ਕਿਸੇ ਵਿਅਕਤੀ ਨੂੰ ਭਾਰਤ ਦੀ ਪੁਲਿਸ ਅਦਾਲਤ ਵਿੱਚ ਪੇਸ਼ ਕਰਦੀ ਹੈ ਉਸ ਦਿਨ ਹੀ ਉਸਦੀ ਸ਼ਕਲ ਦੇਖਕੇ ਹੀ ਸਜ਼ਾ ਤੈਅ ਕਰ ਦਿੱਤੀ ਜਾਂਦੀ ਹੈ ਬਾਕੀ ਦਾ ਸਮਾਂ ਤਾਂ ਉਸ ਅਦਾਲਤੀ ਡਰਾਮੇ ਨੂੰ ਪੂਰਾ ਕਰਨ ਲਈ ਲਗਾਇਆ ਜਾਂਦਾ ਹੈ ਜਿਸ ਵਿੱਚ ਦੁਨੀਆਂ ਨੂੰ ਇਹ ਦਿਖਾਉਣਾਂ ਹੁੰਦਾ ਹੈ ਕਿ ਭਾਰਤ ਦਾ ਅਦਾਲਤੀ ਢਾਂਚਾ ਬਹੁਤ ਨਿਰਪੱਖ ਅਤੇ ਅਜ਼ਾਦ ਹੈ।

ਯਾਸੀਨ ਭਟਕਲ ਨੂੰ ਭਾਰਤੀ ਪੁਲਿਸ ਨੇ ਦੋ ਸਾਲ ਪਹਿਲਾਂ ਗ੍ਰਿਫਤਾਰ ਕੀਤਾ ਸੀ। ਡੋ ਸਾਲ ਵਿੱਚ ਹੀ ਉਸਦੀ ਪੁੱਛਪੜਤਾਲ ਪੂਰੀ ਹੋ ਗਈ, ਚਲਾਣ ਤਿਆਰ ਹੋ ਗਿਆ, ਸਰਕਾਰੀ ਵਕੀਲ ਨੇ ਸਮੇਂ ਤੋਂ ਪਹਿਲਾਂ ਹੀ ਚਲਾਣ ਪੇਸ਼ ਕਰ ਦਿੱਤਾ। ਸਰਕਾਰੀ ਅਤੇ ਡਿਫੈਂਸ ਦੀਆਂ ਗਵਾਹੀਆਂ ਤੇਜ਼ੀ ਨਾਲ ਭੁਗਤਾ ਦਿੱਤੀਆਂ ਗਈਆਂ ਅਤੇ ਦੋ ਸਾਲ ਦੇ ਸਮੇਂ ਵਿੱਚ ਹੀ ਮੌਤ ਦਾ ਫੈਸਲਾ ਵੀ ਆ ਗਿਆ।

ਇਹ ਇਸ ਲਈ ਹੋਇਆ ਕਿਉਂਕਿ ਯਾਸੀਨ ਭਟਕਲ ਮੁਸਲਿਮ ਹੈ।

ਦੂਜੇ ਪਾਸੇ ੧੯੮੪ ਵਿੱਚ ਦਿੱਲੀ ਦੀਆਂ ਸੜਕਾਂ ਤੇ ਕੋਹ ਕੋਹ ਕੇ ਮਾਰੇ ਗਏ ਸਿੱਖਾਂ ਦੇ ਕਾਤਲ ਹਾਲੇ ਵੀ ਸ਼ਰੇਆਮ ਬਾਹਰ ਘੁੰਮ ਰਹੇ ਹਨ, ਉਨ੍ਹਾਂ ਦੀ ਗ੍ਰਿਫਤਾਰੀ ਲਈ ਕਦੇ ਅਜਿਹਾ ਵਿਸ਼ੇਸ਼ ਓਪਰੇਸ਼ਨ ਨਹੀ ਚਲਦਾ ਜਿਹੋ ਜਿਹਾ ਭਟਕਲ ਨੂੰ ਫੜਨ ਲਈ ਚਲਾਇਆ ਗਿਆ। ਨਾ ਹੀ ਉਹ ਗ੍ਰਿਫਤਾਰ ਹੋਏ ਹਨ, ਨਾ ਹੀ ਐਨੀ ਤੇਜ਼ੀ ਨਾਲ ਉਨ੍ਹਾਂ ਦਾ ਚਲਾਣ ਪੇਸ਼ ਹੋਇਆ ਹੈ ਨਾ ਹੀ ਭਾਰਤੀ ਇੰਟੈਲੀਜੈਂਸ ਬਿਊਰੋ ਅਤੇ ਸੀ.ਬੀ.ਆਈ. ਨੇ ਏਨੀ ਚੁਸਤੀ ਦਿਖਾਈ ਹੈ ਕਿ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੇ ਕੇਸ ਨੂੰ ਤੇਜ਼ੀ ਨਾਲ ਸਮਾਪਤ ਕੀਤਾ ਜਾ ਸਕੇ।

ਕਿਉਂਕਿ ਉਹ ਉਸ ਧਰਮ ਨਾਲ ਸਬੰਧ ਰੱਖਦਾ ਹੈ ਜਿਸ ਦਾ ਭਾਰਤ ਤੇ ਰਾਜ ਹੈ।

ਭਾਰਤ ਵਿੱਚ ਇਨਸਾਫ ਦੋਸ਼ੀ ਦਾ ਧਰਮ ਦੇਖਕੇ ਦਿੱਤਾ ਜਾਂਦਾ ਹੈ ਉਸਦੇ ਘਿਨਾਉਣੇ ਜੁਰਮ ਨੂੰ ਦੇਖਕੇ ਨਹੀ।

ਇਸੇ ਲਈ ਦਵਿੰਦਰਪਾਲ ਸਿੰਘ ਭੁੱਲਰ, ਲਾਲ ਸਿੰਘ, ਗੁਰਦੀਪ ਸਿੰਘ ਖੇੜਾ ਵਰਗੇ ਲੋਕ ਜੇਲ਼੍ਹਾਂ ਵਿੱਚ ਹਨ ਅਤੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਦੇ ਉਹ ਜੁਰਮ ਜਿਨ੍ਹਾਂ ਬਾਰੇ ੁuਨ੍ਹਾਂ ਤੇ ਦੋਸ਼ ਲਗਦੇ ਹਨ ਅਤੇ ਜੋ ੩੨ ਸਾਲ ਪਹਿਲਾਂ ਕੀਤੇ ਗਏ ਸਨ ਉਨ੍ਹਾਂ ਦੀ ਹਾਲੇ ਜਾਂਚ ਵੀ ਪੂਰੀ ਨਹੀ ਹੋਈ।

ਕਿਸੇ ਹਿੰਦੂ ਲੀਡਰ ਦੇ ਜੁਰਮਾਂ ਦੀ ਜਾਂਚ ੩੨ ਸਾਲਾਂ ਬਾਅਦ ਵੀ ਪੂਰੀ ਨਹੀ ਹੁੰਦੀ ਪਰ ਦੂਜੇ ਪਾਸੇ ਕਿਸੇ ਸਿੱਖ ਜਾਂ ਮੁਸਲਮਾਨ ਨੂੰ ਦੋ ਸਾਲਾਂ ਵਿੱਚ ਹੀ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ।

ਹਾਲੇ ਆਖਿਆ ਜਾ ਰਿਹਾ ਹੈ ਕਿ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ ਅਤੇ ਅਜ਼ਾਦ ਅਦਾਲਤੀ ਢਾਂਚਾ ਹੈ।

ਹੁਣੇ ਜਿਹੇ ਖਬਰਾਂ ਆਈਆਂ ਹਨ ਕਿ ਕਿਸੇ ਅਦਾਲਤ ਨੇ ਸੱਜਣ ਕੁਮਾਰ ਖਿਲਾਫ ਕਾਰਵਾਈ ਕਰਨ ਦਾ ਹਾਲੇ ਮਨ ਹੀ ਬਣਾਇਆ ਹੈ ਅਤੇ ਉਹ ਅਗਾਊਂ ਜਮਾਨਤ ਲੈਣ ਲਈ ਵੀ ਆਣ ਪਹੁੰਚਾ ਹੈ। ਉਸਨੂੰ ਹਰ ਮੌਕਾ ਦਿੱਤਾ ਜਾ ਰਿਹਾ ਹੈ ਆਪਣੇ ਘਰ ਰਹਿਕੇ ਗਵਾਹਾਂ ਨੂੰ ਡਰਾਉਣ ਧਮਕਾਉਣ ਅਤੇ ਪੈਸੇ ਦੇ ਲਾਲਚ ਨਾਲ ਖਰੀਦਣ ਦਾ ਜਦੋਂ ਕਿ ਸਿੱਖਾਂ ਖਿਲਾਫ ਕੇਸ ਚਲਾਉਣ ਲਈ ਉਨਾ ਦੇ ਸਾਰੇ ਟੱਬਰ ਨੂੰ ਜੇਲ਼੍ਹ ਵਿੱਚ ਡੱਕਕੇ ਕਾਰਵਾਈ ਕੀਤੀ ਜਾਂਦੀ ਹੈ।