੨੦੨੪ ਦੀਆਂ ਆਮ ਚੋਣਾਂ ਤੋਂ ਪਹਿਲਾਂ ਧਾਰਮਿਕ ਧਰੁਵੀਕਰਨ ਹੋਰ ਵੀ ਜਿਆਦਾ ਤਿੱਖਾ ਹੋ ਸਕਦਾ ਹੈ।ਇਹ ਪਹਿਲਾਂ ਹੀ ਪਰਤੀ ਹੋਈ ਰਣਨੀਤੀ ਹੈ ਜਿਸ ਨੇ ਭਾਰਤੀ ਜਨਤਾ ਪਾਰਟੀ ਨੂੰ ਕਾਫੀ ਫਾਇਦਾ ਪਹੁੰਚਾਇਆ ਹੈ।ਪਿਛਲੇ ਅੱਠ ਸਾਲਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਗੇਮ ਦੇ ਨਿਯਮ ਹੀ ਬਦਲ ਦਿੱਤੇ ਹਨ ਕਿ ਹੁਣ ਇਹ ਵਿਰੋਧੀ ਧਿਰ ਵਿਚ ਨਹੀਂ ਬੈਠ ਸਕਦੀ। ੨੦੧੪ ਤੋਂ ਬਾਅਦ ਜਦੋਂ ਤੋਂ ਪਾਰਟੀ ਨੇ ਆਪਣੀ ਰਾਜਨੀਤਿਕ ਭਾਸ਼ਾ ਬਦਲੀ ਹੈ ਇਸ ਨੇ ਵਿਰੋਧੀ ਧਿਰ ਨੂੰ ਦੁਸ਼ਮਣ ਵਿਚ ਬਦਲ ਦਿੱਤਾ ਹੈ।ਇਸ ਦੀ ਪੂਰੀ ਰਣਨੀਤੀ ਹੀ ਆਪਣੇ ਦੁਸ਼ਮਣ ਨੂੰ ਪੂਰੀ ਤਰਾਂ ਖਤਮ ਕਰਨ ਦੀ ਹੈ।ਅੱਜ ਦੇ ਸਮੇਂ ਵਿਚ ਵਿਰੋਧੀ ਧਿਰ ਵਿਚ ਵੀ ਕੋਈ ਏਕਤਾ ਨਹੀਂ ਹੈ।ਸੌੜਾ ਦ੍ਰਿਸ਼ਟੀਕੋਣ ਅਤੇ ਵਿਅਕਤੀਗਤ ਅਹਿਮ ਜਿਆਦਾ ਮਹੱਤਵਪੂਰਨ ਹੋ ਗਿਆ ਹੈ।੨੦੨੪ ਦੀਆਂ ਚੋਣਾਂ ਵੱਲ ਭਾਰਤੀ ਜਨਤਾ ਪਾਰਟੀ ਦਾ ਰਾਹ ਸਿੱਧਾ ਨਹੀਂ ਹੋ ਸਕਦਾ ਕਿਉਂ ਕਿ ਪਿਛਲ਼ੇ ਦਸ ਸਾਲਾਂ ਵਿਚ ਪਾਰਟੀ ਨੂੰ ਮਹਿੰਗਾਈ ਦੀ ਮਾਰ ਅਤੇ ਵਧਦੀ ਬੇਰੋਜ਼ਗਾਰੀ ਕਰਕੇ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਸਿਰਫ ਪਾਰਟੀ ਦੇ ਅੰਦਰ ਦੀ ਹੀ ਗੜਗੜਾਹਟ ਨਹੀਂ ਹੈ, ਰਾਸ਼ਟਰੀ ਸਵੈ ਸੇਵਕ ਸੰਘ ਦੁਆਰਾ ਵੀ ਨਰਿੰਦਰ ਮੋਦੀ ਨੂੰ ਇਕ ਜ਼ਿੰਮੇਵਾਰੀ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ।ਅਗਰ ਗੁਜਰਾਤ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿਚੋਂ ਨਿਕਲ ਜਾਂਦਾ ਹੈ ਤਾਂ ਇਸ ਦੀਆਂ ੨੦੨੪ ਦੀਆਂ ਚੋਣਾਂ ਲਈ ਵੀ ਵੱਡੇ ਸਿੱਟੇ ਨਿਕਲਣਗੇ।ਇਸ ਦਾ ਇਕੋ ਇਕ ਟਰੰਪ ਕਾਰਡ ਧਾਰਮਿਕ ਧਰੁਵੀਕਰਨ ਹੀ ਹੋਵੇਗਾ। ੨੩ ਅਕਤੂਬਰ ਨੂੰ ਅਯੋਧਿਆ ਵਿਚ ਦੀਪਉਤਸਵ ਵਿਚ ਭਾਗ ਲੈਂਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਦਿਖਾਇਆ ਹੈ ਕਿ ਸਭ ਤੋਂ ਵੱਡੇ ਲੋਕਤੰਤਰ ਨੂੰ ਧਾਰਮਿਕ ਜੋਸ਼ ਅਤੇ ਵਿਕਾਸ ਦੇ ਮਿਲਗੋਭੇ ਨਾਲ ਹੀ ਚਲਾਇਆ ਜਾ ਸਕਦਾ ਹੈ ਜਿਸ ਵਿਚ ਸਮਾਵੇਸ਼ ਵੀ ਸ਼ਾਮਿਲ ਹੈ।ਮੋਦੀ ਜਿਹਾ ਨੇਤਾ ਜੋ ਕਿ ਧਰਮ ਨੂੰ ਆਪਣੇ ਨਾਲ ਲੈ ਕੇ ਚੱਲਦਾ ਹੈ, ਇਸ ਦਾ ਅਰਥ ਇਹ ਨਹੀਂ ਹੈ ਕਿ ਉਹ ਧਰਮ ਨਿਰਪੱਖ ਨਹੀਂ ਹੈ ਕਿਉਂ ਕਿ ਹਾਸ਼ੀਆਗ੍ਰਸਤ ਲੋਕਾਂ ਲਈ ਪੂਜਾ ਦੇ ਅਸਥਾਨ ਬਣਾਉਣ ਦੇ ਨਾਲ-ਨਾਲ ਪੱਕੇ ਘਰ ਬਣਾਉਣ ਉੱਪਰ ਜ਼ੋਰ ਦਿੰਦਾ ਹੈ। ਇਸ ਨਾਲ ਵਿਕਾਸ ਦਾ ਬਹੁ-ਪੱਖੀ ਮਾਡਲ ਸਾਹਮਣੇ ਆਉਂਦਾ ਹੈ।ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਮੋਦੀ ਅਤੇ ਸ਼ਾਹ ਦੀ ਰਣਨੀਤੀ ਸਾਫ ਹੋ ਰਹੀ ਹੈ।

ਉਨ੍ਹਾਂ ਦੀ ਰਣਨੀਤੀ ਚਾਰ ਮੁੱਖ ਮੁੱਦਿਆ ਦਾ ਮਿਸ਼ਰਣ ਹੈ ਜੋ ਕਿ ੨੦੨੪ ਵਿਚ ਆਪਸ ਵਿਚ ਮਿਲ ਜਾਣਗੇ।ਇਸ ਵਿਚ ੨੦੨੪ ਤੱਕ ਅਯੋਧਿਆ ਮੰਦਰ ਨੂੰ ਪੂਰਾ ਕਰਨਾ, ਸਮਾਜਿਕ ਭਲਾਈ ਦੇ ਅੱਸੀ ਪ੍ਰਤੀਸ਼ਤ ਕੰਮਾਂ ਨੂੰ ਪੂਰਾ ਕਰਨਾ, ਅਤੇ ਪਾਈਪਲਾਈਨ ਦੇ ਬੁਨਿਆਦੀ ਢਾਂਚਿਆਂ ਨੂੰ ਪੂਰਾ ਕਰਨਾ ਸ਼ਾਮਿਲ ਹੈ।ਅਜ਼ਾਦੀ ਤੋਂ ਬਾਅਦ ਮੋਦੀ ਨੇ ਆਪਣੇ ਆਪ ਨੂੰ ਸਭ ਤੋਂ ਮਜਬੂਤ ਨੇਤਾ ਦੇ ਰੂਪ ਵਿਚ ਸਥਾਪਿਤ ਕਰ ਲਿਆ ਹੈ।ਮੋਦੀ ਅਤੇ ਉਸ ਦਾ ਵਿਚਾਰਧਾਰਕ ਝੂਕਾਅ ਬਹੁਗਿਣਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ ਜੋ ਕਿ ੧੩੪ ਕਰੋੜ ਅਬਾਦੀ ਦਾ ਅੱਸੀ ਪ੍ਰਤੀਸ਼ਤ ਹੈ।ਹਾਲਾਂਕਿ ਸਾਰੀ ਅੱਸੀ ਪ੍ਰਤੀਸ਼ਤ ਅਬਾਦੀ ਬੀਜੇਪੀ ਪੱਖੀ ਨਹੀਂ ਹੈ, ਪਰ ਦਿਲੋਂ ਉਹ ਹਿੰਦੂ ਹਨ ਜੋ ਇਸ ਤਰਾਂ ਦੀ ਰਾਜਨੀਤੀ ਤੋਂ ਅਭਿੱਗ ਨਹੀਂ ਰਹਿ ਸਕਦੇ।ਮੋਦੀਤਵ+ਹਿੰਦੂਤਵ+ਸਮਾਜ ਭਲਾਈ ਦੀਆਂ ਸਕੀਮਾਂ ਨੂੰ ਨਿਸ਼ਾਨਾ ਬਣਾਉਣਾ ਭਾਰਤੀ ਜਨਤਾ ਪਾਰਟੀ ਦਾ ਜਿੱਤਣ ਦਾ ਫਾਰਮੂਲਾ ਹੈ। ਆਪਣਾ ਸਮਾਜਿਕ ਅਧਾਰ ਵਧਾਉਣ ਲਈ ਡਿਜੀਟਲ ਟੂਲਜ਼ ਉਨ੍ਹਾਂ ਨੂੰ ਜਾਤੀ ਸਮੀਕਰਨ ਠਕਿ ਬੈਠਾਉਣ ਵਿਚ ਮਦਦ ਕਰਦੀਆਂ ਹਨ ਤਾਂ ਕਿ ਉਹ ਨਵੇਂ ਵੋਟਰਾਂ ਤੱਕ ਪਹੁੰਚ ਕਰ ਸਕਣ।ਨਵੇਂ ਵੋਟਰਾਂ ਵਿਚ ਹੋਰ ਪਿੱਛੜੀਆਂ ਜਾਤੀਆਂ, ਅਨੁਸੂਚਿਤ ਜਾਤੀਆਂ ਅਤੇ ਪੇਂਡੂ ਔਰਤਾਂ ਸ਼ਾਮਿਲ ਹਨ ਜੋ ਕਿ ਸਰਕਾਰ ਦੀਆਂ ਸਕੀਮਾਂ ਦਾ ਲਾਭ ਉਠਾ ਰਹੇ ਹਨ।ਨਵੇਂ ਵੋਟਰ ਨੂੰ ਆਪਣੇ ਆਪ ਨਾਲ ਸ਼ਾਮਿਲ ਕਰਨਾ ਹੀ ਹਿੰਦੀ ਪੱਟੀ ਵਿਚ ਅਧਾਰ ਬਣ ਰਿਹਾ ਹੈ ਜਿੱਥੇ ਬੀਜੇਪੀ ਦੀ ਰਾਜਨੀਤਿਕ ਪ੍ਰਧਾਨਤਾ ਹੈ ਕਿਉਂ ਕਿ ਉਨ੍ਹਾਂ ਨੂੰ ੩੦੩ ਵਿਚੋਂ ਸੱਠ ਪ੍ਰਤੀਸ਼ਤ ਵੋਟਾਂ ਪ੍ਰਾਪਤ ਹੋਈਆਂ ਹਨ।ਅਯੋਧਿਆ ਵਿਚ ਦੀਪ ਉਤਸਵ ਨੂੂੰ ਧੂਮਧਾਮ ਨਾਲ ਮਨਾਉਣਾ ਜਾਂ ਉਜੈਨ ਕੋਰੀਡੋਰ ਦਾ ਕੰਮ ਪੂਰਾ ਹੋਣਾ ਹਿੰਦੂ ਗੌਰਵ ਦਾ ਹੀ ਚਿੰਨ੍ਹ ਹੈ ਅਤੇ ਹਿੰਦੂਆਂ ਦੀ ਮਾਨਸਿਕਤਾ ਵਿਚ ਲੰਮੇ ਸਮੇਂ ਤੋਂ ਦੱਬੀ ਹੋਈ ਸਮਾਜਿਕ-ਧਾਰਮਿਕ ਅਤੇ ਸੱਭਿਆਚਾਰਲ ਵਿਰਾਸਤ ਦਾ ਪੁਨਰ-ਉਥਾਨ ਹੈ।ਰਾਜ ਦਾ ਮੁਖੀ ਬਹੁਤ ਹੀ ਅਸਾਨੀ ਨਾਲ ਸ਼ਲੋਕਾਂ ਦਾ ਉਚਾਰਨ ਕਰਦਾ ਹੈ ਅਤੇ ਭਗਵਾਨ ਰਾਮ ਦੇ ਆਦਰਸ਼ਾਂ ਉੱਪਰ ਚੱਲਣ ਦਾ ਭਾਸ਼ਣ ਦਿੰਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਵਿਚਾਰਾਂ ਵਿਚ ਹੁਣ ਬਦਲਾਅ ਆਉਣ ਲੱਗਿਆ ਹੈ ਕਿਉਂ ਕਿ ਹਿੰਦੂ ਪਛਾਣ ਉੱਪਰ ਜਿਆਦਾ ਜੋਰ ਦੇਣਾ ਧਰੁਵੀਕਰਨ ਅਤੇ ਵਿਰੋਧ ਨੂੰ ਵਧਾਉਣ ਲੱਗਿਆ ਹੈ।ਲੋਕਤੰਤਰ ਵਿਚ ਜਿਹੜੇ ਬਿਰਤਾਂਤ ਇਕ ਪਾਰਟੀ ਦੀ ਮਦਦ ਕਰਦੇ ਹਨ, ਉਹ ਚੋਣਾਂ ਸਮੇਂ ਉਸ ਦੇ ਵਿਰੁੱਧ ਵੀ ਜਾ ਸਕਦੇ ਹਨ।੨੦੨੪ ਦੀਆਂ ਆਉਣ ਵਾਲੀਆਂ ਚੋਣਾਂ ਲਈ ਵੀ ਇਹ ਬਿਰਤਾਂਤ ਸਹੀ ਜਾਪ ਰਿਹਾ ਹੈ।ਭਾਰਤੀ ਜਨਤਾ ਪਾਰਟੀ ਦੀ ਲੋਕਪ੍ਰਿਯਤਾ ਜਿਆਦਾਤਰ ਪ੍ਰਧਾਨ ਮੰਤਰੀ ਮੋਦੀ ਦੀ ਸਖਸ਼ੀਅਤ ਦੇ ਆਲੇ-ਦੁਆਲੇ ਹੀ ਘੁੰਮਦੀ ਹੈ।ਉਸ ਦੀ ਵੱਡੀ ਤਸਵੀਰ ਪੇਸ਼ ਕਰਨ ਨਾਲ ਪਾਰਟੀ ਕਾਫੀ ਤਾਨਾਸ਼ਾਹ ਪ੍ਰਤੀਤ ਹੁੰਦੀ ਹੈ।ਜਦੋਂ ਮੋਦੀ ਪ੍ਰਧਾਨ ਮੰਤਰੀ ਬਣਿਆ ਸੀ ਤਾਂ ਉਹ ਅਜਿਹਾ ਨੇਤਾ ਜਾਪਦਾ ਸੀ ਜੋ ਲੀਕ ਤੋਂ ਹਟ ਕੇ ਸੋਚਦਾ ਹੈ।ਉਸ ਦੀ ਪ੍ਰਭਾਵਸ਼ਾਲੀ ਸਖਸ਼ੀਅਤ ਕਰਕੇ ਹੀ ਉਸ ਪਾਸੋਂ ਜਲਦ ਨਤੀਜਿਆਂ ਦੀ ਉਮੀਦ ਕੀਤੀ ਗਈ ਸੀ।ਪਰ ੨੦੨੪ ਵਿਚ ਵੀ ਅਗਰ ਅਸੀ ਅਜਿਹਾ ਹੀ ਸੋਚ ਕੇ ਵੋਟ ਕਰਦੇ ਹਾਂ ਤਾਂ ਅਸੀ ਬਹੁਤ ਵੱਡੇ ਭੁਲੇਖੇ ਵਿਚ ਹੋਵਾਂਗੇ।ਕਿਉਂਕਿ ਕੋਈ ਵੀ ਜਾਦੂਮਈ ਤਬਦੀਲੀ ਨਹੀਂ ਆਈ ਹੈ: ਜਿਸ ਤਰਾਂ ਕਿ ਵਾਅਦਾ ਕੀਤਾ ਗਿਆ ਸੀ, ਮੌਕਿਆਂ ਦੀ ਗਿਣਤੀ ਵਿਚ ਵਾਧਾ ਨਹੀਂ ਹੋਇਆ ਹੈ ਅਤੇ ਲੋਕਾਂ ਦੀਆਂ ਉਮੀਦਾਂ ਪੂਰੀਆਂ ਨਹੀਂ ਹੋਈਆਂ ਹਨ।ਪ੍ਰਧਾਨ ਮੰਤਰੀ ਦੀ ਤਾਨਾਸ਼ਾਹ ਵਜੋਂ ਲੋਕਾਂ ਵਿਚ ਬਣੀ ਛਵੀ ਅਸਲ ਵਿਚ ਤਾਨਾਸ਼ਾਹ ਦੀ ਧਾਰਣਾ ਵਿਚ ਬਦਲ ਸਕਦੀ ਹੈ।ਇਹ ਧਾਰਣਾ ਹੀ ਕਈ ਵਾਰੀ ਘਮੰਡ ਵਜੋਂ ਸਾਹਮਣੇ ਆਉਂਦੀ ਹੈ ਜੋ ਕਿ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਅਸਮਰੱਥਾ ਹੈ।ਇਹ ਸਹਿਕਾਰੀ ਸੰਘਵਾਦ ਦੀ ਅਸਫਲਤਾ ਵਿਚੋਂ ਵੀ ਝਲਕਦਾ ਹੈ ਅਤੇ ਗੈਰ-ਭਾਜਪਾਈ ਮੁੱਖ ਮੰਤਰੀਆਂ ਨੂੰ ਨਾਲ ਨਾ ਲੈ ਕੇ ਚੱਲਣ ਵਿਚੋਂ ਵੀ।ਕਈ ਲੋਕ ਇਹ ਮਹਿਸੂਸ ਕਰ ਸਕਦੇ ਹਨ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਮੁਲਾਂਕਣ ਕਰਨ ਵਿਚ ਗਲਤੀ ਕੀਤੀ ਹੈ ਅਤੇ ਉਸ ਦੀ ਹੋਰ ਨੇਤਾਵਾਂ ਨਾਲ ਤੁਲਨਾ ਕਰਨੀ ਸ਼ੁਰੂ ਕਰ ਦਿੰਦੇ ਹਨ।ਬਹੁਗਿਣਤੀ ਲੋਕ ਇਹ ਕਹਿ ਸਕਦੇ ਹਨ ਕਿ ਉਹ ਇਕ ਸੁਲਝਿਆ ਹੋਇਆ ਨੇਤਾ ਹੈ ਪਰ ਉਹ ਏਨਾ ਕਾਬਲ ਨਹੀਂ ਹੈ ਜਿਨਾਂ ਉਨ੍ਹਾਂ ਨੇ ਸੋਚਿਆ ਸੀ, ਪਰ ਉਹ ਕੁਝ ਚੰਗਾ ਕਰਨਾ ਲੋਚਦਾ ਹੈ ਜਦੋਂ ਕਿ ਉਸ ਦੇ ਆਲੇ-ਦੁਆਲੇ ਦੇ ਲੋਕ ਉਸ ਨੂੰ ਅਜਿਹਾ ਨਹੀ ਕਰਨ ਦਿੰਦੇ।ਇਸ ਲਈ ਪ੍ਰਧਾਨ ਮੰਤਰੀ ਮੋਦੀ ਨਹੀਂ, ਉਸ ਦੇ ਨਾਲ ਵਾਲਿਆਂ ਨੂੰ ਸਜਾ ਦਿਓ।

ਜਿਸ ਤਰਾਂ ਇਕ ਨੇਤਾ ਦੇ ਆਲੇ ਦੁਆਲੇ ਦਾ ਬਿਰਤਾਂਤ ਬਦਲਦਾ ਹੈ, ਉਸੇ ਤਰਾਂ ਹਿੰਦੂ ਪਛਾਣ ਦੀ ਕਹਾਣੀ ਵਿਚ ਵੀ ਤਬਦੀਲੀਆਂ ਆਉਣੀਆਂ ਲਾਜ਼ਮੀ ਹਨ।ਬੀਜੇਪੀ ਸੱਤਾ ਵਿਚ ਹਿੰਦੂ ਹੋਣ ਦਾ ਮਤਲਬ ਘੱਟ-ਗਿਣਤੀਆਂ ਪ੍ਰਤੀ ਆਕਰਮਕ ਹੋਣਾ ਵੀ ਹੈ।ਇਸ ਸ਼ਾਸਨ ਨੇ ਜਾਤ ਦੇ ਪ੍ਰਸ਼ਨ ’ਤੇ ਲੋਕਾਂ ਨੂੰ ਇਕਮੁੱਠ ਕਰਨ ਅਤੇ ਨਾਬਰਾਬਤਾ ਨੂੰ ਵੈਧਾਨਿਕ ਕਰਨ ਵਿਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ।ਹੁਣ ਹਿੰਦੂ ਕਮਜ਼ੋਰ, ਸ਼ਕਤੀਹੀਣ ਅਤੇ ਲਾਚਾਰ ਹੋਣ ਦਾ ਦਾਅਵਾ ਨਹੀਂ ਕਰ ਸਕਦੇ ਕਿਉਂ ਕਿ ਪਿਛਲ਼ੇ ਦਸ ਸਾਲਾਂ ਤੋਂ ਉਹ ਸੱਤਾ ਵਿਚ ਹਨ।ਪਰ ਫਿਰ ਵੀ ਮੋਦੀ ਰਾਜ ਹਿੰਦੂਆਂ ਨੂੰ ਅਸੁਰੱਖਿਅਤ ਅਤੇ ਜੇਤੂ ਦੇ ਪੇਡੂਲਮ ਵਿਚ ਘੁਮਾ ਰਿਹਾ ਹੈ।੨੦੧੪ ਵਿਚ ਬੀਜੇਪੀ ਨੇ ਕਸ਼ਮੀਰੀ ਪੰਡਿਤਾਂ ਨੂੰ ਆਪਣੇ ਪੁਰਖਿਆਂ ਦੀ ਧਰਤੀ ਉੱਪਰ ਵਾਪਿਸ ਭੇਜਣ ਦੀ ਵਕਾਲਤ ਕੀਤੀ ਸੀ ਅਤੇ ੨੦੧੯ ਦੇ ਚੋਣ ਮੈਨੀਫੇਸਟੋ ਵਿਚ ਵੀ ਇਹੀ ਵਾਅਦਾ ਦੁਹਰਾਇਆ ਸੀ।ਪਰ ਨੋਟਬੰਦੀ ਦੀ ਅਸਫਲਤਾ ਅਤੇ ਧਾਰਾ ੩੭੦ ਦੇ ਮਨਸੂਖ਼ ਕੀਤੇ ਜਾਣ ਤੋਂ ਬਾਅਦ ਵੀ ਅਸੀ ਲਗਾਤਾਰ ਅੱਤਵਾਦੀ ਗਤੀਵਿਧੀਆਂ ਵਿਚ ਵਾਧਾ ਹੁੰਦਾ ਦੇਖ ਰਹੇ ਹਾਂ ਅਤੇ ਕਸ਼ਮੀਰੀ ਪੰਡਤ ਪਹਿਲਾਂ ਤੋਂ ਵੀ ਜਿਆਦਾ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਇਹ ਸੱਤਾ ਮੁਸਲਮਾਨਾਂ ਨੂੰ ਹਾਸ਼ੀਆਗ੍ਰਸਤ ਕਰਨ ਵਿਚ ਸਫਲ ਹੋਈ ਹੋ ਸਕਦੀ ਹੈ ਪਰ ਇਹ ਬਹੁਗਿਣਤੀ ਹਿੰਦੂਆਂ ਨੂੰ ਆਰਥਿਕ ਅਤੇ ਭੌਤਿਕ ਰੂਪ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰਵਾ ਪਾਈ ਹੈ।ਇਸ ਤਰਾਂ ਦੇ ਹਾਲਾਤ ਵਿਚ ਹਿੰਦੂਆਂ ਨੂੰ ਅਹੰਕਾਰੀ ਅਤੇ ਆਕਾਰਮਕ ਕਹਿਣਾ ਕੰਮ ਨਹੀਂ ਕਰੇਗਾ।ਰਾਮ ਮੰਦਰ ਦਾ ਮੁੱਦਾ ਭਾਵਨਾਵਾਂ ਨੂੰ ਤਾਂ ਭੜਕਾ ਸਕਦਾ ਹੈ, ਪਰ ਅਸਲ ਜੋਸ਼ ਨੂੰ ਨਹੀਂ।ਬੀਜੇਪੀ ਦਾ ਪ੍ਰਚਾਰ ਉਦੋਂ ਹੀ ਕੰਮ ਕਰਦਾ ਹੈ ਜਦੋਂ ਪਾਗਲਪਨ ਉੱਪਰ ਸਵਾਰ ਭਾਵਨਾਵਾਂ ਨੂੰ ਆਕਾਰਮਕ ਜੋਸ਼ ਵਿਚ ਬਦਲ ਦਿੱਤਾ ਜਾਂਦਾ ਹੈ। ੨੦੧੯ ਵਿਚ ਹੋਈ ਬਾਲਾਕੋਟ ਦੀ ਘਟਨਾ ਅਤੇ ਚੋਣਾਂ ਵਿਚ ਪਾਰਟੀ ਦੀ ਜਿੱਤ ਇਸ ਦੀ ਉਦਾਹਰਣ ਹੈ। ਸਮੂਹਿਕ ਜੋਸ਼ ਨੂੰ ਪਕੜਨ ਲਈ ਲੋਕਾਂ ਨੂੰ ਉਮੀਦ ਚਾਹੀਦੀ ਹੈ, ਪਰ ਨੇਤਾਵਾਂ ਦੇ ਪੁਰਜ਼ੋਰ ਪ੍ਰਚਾਰ ਤੋਂ ਬਾਅਦ ਵੀ ਅਜਿਹਾ ਕੁਝ ਨਹੀਂ ਹੋ ਰਿਹਾ।ਅਜਿਹਾ ਹੀ ਸਾਨੂੰ ਦਿੱਲੀ ਅਸੈਂਬਲੀ ਚੋਣਾਂ ਵਿਚ ਦੇਖਣ ਨੂੰ ਮਿਲਿਆ।ਚੋਣਾਂ ਦੇ ਆਖਰੀ ਗੇੜ ਵਿਚ ਬੀਜੇਪੀ ਨੇ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ਧ੍ਰੋਹੀ ਕਰਾਰ ਦਿੱਤਾ ਅਤੇ ਉਨ੍ਹਾਂ ਉੱਪਰ ਗੋਲੀ ਚਲਾਉਣ ਦੀ ਵੀ ਮੰਗ ਕੀਤੀ।ਪਰ ਇਸ ਤਰਾਂ ਦੇ ਪਾਗਲਪਨ ਨੇ ਵੀ ਪਾਰਟੀ ਦਾ ਸਾਥ ਨਹੀਂ ਦਿੱਤਾ।ਅਸਲ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੋਟਾਂ ਤੋਂ ਬਾਅਦ ਕਿਹਾ ਕਿ ਇਸ ਤਰਾਂ ਦਾ ਪਾਗਲਪਨ ਪਾਰਟੀ ਦੇ ਵਿਰੱੁਧ ਭੁਗਤ ਸਕਦਾ ਹੈ।ਪੱਛਮੀ ਬੰਗਾਲ ਦੀ ਚੋਣਾਂ ਵਿਚ ਅਜਿਹਾ ਹੀ ਕੁਝ ਵਾਪਰਿਆ।ਬੀਜੇਪੀ ਕੋਲ ਇਸ ਸਮੇਂ ਮੌਕਾ ਸੀ ਕਿਉਂ ਕਿ ਮਮਤਾ ਬੈਨਰਜੀ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਸੀ।

ਅੰਤ ਵਿਚ ਵਿਰੋਧੀ ਪਾਰਟੀਆਂ ਪੂਰੀ ਤਰਾਂ ਬੇਖਬਰ ਅਤੇ ਬਿਨਾਂ ਕਿਸੇ ਬਿਰਤਾਂਤ ਤੋਂ ਹਨ ਅਤੇ ਉਨ੍ਹਾਂ ਨੂੰ ਅਲੱਗ ਅਲੱਗ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ।ਜਦੋਂ ਸਰਕਾਰ ਵਿਚ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਹੈ ਤਾਂ ਇਸ ਤਰਾਂ ਪ੍ਰਤੀਤ ਹੁੰਦਾ ਹੈ ਕਿ ਸਾਰੀਆਂ ਗਤੀਵਿਧੀਆਂ ਇਕ ਉਦੇਸ਼ ਨਾਲ ਕੀਤੀਆਂ ਜਾ ਰਹੀਆਂ ਹਨ।ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਕੀਮਤ ਉੱਪਰ ਲੋਕ ਹਾਸਾ ਹੱਸਦੇ ਹਨ ਅਤੇ ਉਨ੍ਹਾਂ ਦਾ ਸਮਾਜਿਕ ਕੁਲੀਨ ਦਾ ਮਜਾਕ ਉਡਾਉਣ ਦਾ ਇਹੀ ਤਰੀਕਾ ਹੈ।ਪਰ ਜਦੋਂ ਲੋਕ ਆਪਣੀ ਹੌਂਦ ਦੇ ਸੰਕਟ ਦਾ ਸਾਹਮਣਾ ਕਰਦੇ ਹਨ ਅਤੇ ਡਿੱਗਦੇ ਜੀਵਨ ਪੱਧਰ ਨੂੰ ਦੇਖਦੇ ਹਨ ਤਾਂ ਉਹ ਬਿਨਾਂ ਕਿਸੇ ਵਜ੍ਹਾ ਤੋਂ ਵਿਰੋਧੀ ਧਿਰ ਨੂੰ ਇਸ ਲਈ ਜ਼ਿੰਮੇਵਾਰ ਮੰਨਦੇ ਹਨ। ਉਹ ਇਹ ਮਹਿਸੂਸ ਕਰਦੇ ਹਨ ਕਿ ਇਕ ਕਮਜ਼ੋਰ ਵਿਰੋਧੀ ਧਿਰ ਲੋਕਤੰਤਰ ਨੂੰ ਵੀ ਕਮਜ਼ੋਰ ਕਰ ਦਿੰਦੀ ਹੈ।ਬਹੁਤ ਸਾਰੇ ਲੋਕ ਖੁਸ਼ ਸਨ ਕਿ ਬਿਹਾਰ ਵਿਚ ਨਿਤੀਸ਼ ਕੁਮਾਰ ਨੇ ਐਨਡੀਏ ਦੀ ਕਿਸ਼ਤੀ ਡੁਬੋ ਦਿੱਤੀ ਹੈ।

੨੦੧੭ ਵਿਚ ਭਾਰਤ ਦੀ ਉੱਚ ਅਦਾਲਤ ਨੇ ਰਾਜਨੇਤਾਵਾਂ ਨੂੰ ਧਰਮ, ਜਾਤ ਅਤੇ ਭਾਸ਼ਾ ਦੇ ਅਧਾਰ ਤੇ ਵੋਟ ਮੰਗਣ ਉੱਪਰ ਪਾਬੰਦੀ ਆਇਤ ਕੀਤੀ ਸੀ।ਅਗਰ ਇਸ ਨੂੰ ਵਿਵਹਾਰ ਵਿਚ ਲਿਆਂਦਾ ਜਾਂਦਾ ਹੈ ਤਾਂ ਇਸ ਦੇ ਭਾਰਤੀ ਰਾਜਨੀਤੀ ਲਈ ਦੂਰਗਾਮੀ ਸਿੱਟੇ ਨਿਕਲਣਗੇ।ਅਜ਼ਾਦੀ ਦੇ ਸਮੇਂ ਭਾਰਤੀ ਰਾਜਨੀਤੀ ਦਾ ਦਖਲ ਲਗਭਗ ਨਾ ਦੇ ਬਰਾਬਰ ਸੀ।ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਭਾਰਤੀ ਸੰਵਿਧਾਨ ਆਪਣੇ ਧਰਮ ਨੂੰ ਮੰਨਣ ਦੀ ਖੁੱਲ ਦਿੰਦਾ ਹੈ, ਪਰ ਧਰਮ ਨਿਰਪੱਖ ਗਤੀਵਿਧੀਆਂ ਵਿਚ ਵੀ ਧਰਮ ਦੇ ਦਖਲ ਉੱਪਰ ਪਾਬੰਦੀ ਵੀ ਆਇਤ ਕਰ ਸਕਦਾ ਹੈ।ਇਹ ਜਾਣਨਾ ਬੜਾ ਹੀ ਦਿਲਚਸਪ ਹੈ ਕਿ ਸੰਪ੍ਰਦਾਇਕ ਰਾਜਨੀਤੀ ਨੇ ਚਾਲੀ ਸਾਲਾਂ ਬਾਅਦ ਆਪਣੇ ਪੈਰ ਮਜਬੂਤ ਕੀਤੇ।੧੯੮੦ਵਿਆਂ ਵਿਚ ਹਿੰਦੂ ਸੰਪ੍ਰਦਾਇਕ ਜੱਥੇਬੰਦੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਅਤੇ ਰਸਸ ਦੀ ਅਗਵਾਈ ਹੇਠ ਮਿਲੀਟੈਂਟ ਗਤੀਵਿਧੀਆਂ ਨੂੰ ਉਭਾਰ ਮਿਲਿਆ। ਰਸਮਾਂ ਅਤੇ ਤਿਉਹਾਰਾਂ ਨੇ ਸਾਡੇ ਸਮਾਜ ਵਿਚ ਮਹੱਤਵਪੂਰਨ ਸਥਾਨ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ ਹੈ।ਇਸ ਕਰਕੇ ਹਿੰਦੂ ਧਾਰਮਿਕ ਭਾਈਚਾਰੇ ਅਤੇ ਇਸ ਦੇ ਦੂਜਿਆਂ ਨਾਲ ਸੰਬੰਧਾਂ ਵਿਚ ਕਾਫੀ ਬਦਲਾਅ ਆਏ ਹਨ।

ਇਸ ਤਰਾਂ ਭਾਰਤੀਪਣ ਦਿਖਾਉਣ ਦੇ ਦੋ ਰੂਪ ਸਾਹਮਣੇ ਆਉਂਦੇ ਹਨ: ਇਕ ਪ੍ਰਤੱਖ ਹਿੰਦੂਤਵ ਦਾ ਸੰਕਲਪ ਹੈ ਅਤੇ ਦੂਜਾ ਧਰਮ ਨਿਰਪੱਖ ਵਿਚਾਰਧਾਰਾ ਉੱਪਰ ਅਧਾਰਿਤ ਪ੍ਰਾਚੀਨ ਭਾਰਤ ਦੀ ਸੰਸਕ੍ਰਿਤੀ ਦਾ।ਪਰ ਇਹ ਦੋਹੇਂ ਸੰਕਲਪ ਹੀ ਭਾਰਤੀਪਣ ਨੂੰ ਹਿੰਦੂ ਸੱਭਿਅਤਾ ਨਾਲ ਜੋੜਦੇ ਹਨ।ਇਸ ਤਰਾਂ ਦੇ ਸੰਦਰਭ ਵਿਚ ਰਾਜਨੀਤਿਕ ਪਾਰਟੀਆਂ ਨੂੰ ਧਰਮ ਅਧਾਰਿਤ ਅਤੇ ਧਰਮ ਨਿਰਪੱਖ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ।ਸਵੀਡਨ ਦੇ ਅਰਥ ਸ਼ਾਸਤਰੀ ਗੁਨਾਰ ਮਿਰਡਲ ਨੇ ਆਪਣੀ ਪੁਸਤਕ ਏਸ਼ੀਅਨ ਡਰਾਮਾ ਵਿਚ ਭਾਰਤੀ ਰਾਜ ਨੂੰ “ਨਰਮ ਰਾਜ” ਕਿਹਾ ਸੀ।ਭਾਰਤੀ ਸੱਤਾ ਨਾ ਸਿਰਫ ਸੰਪ੍ਰਦਾਇਕਤਾ ਪ੍ਰਤੀ ਨਰਮ ਹੈ, ਸਗੋਂ ਇਸ ਨੂੰ ਬੜਾਵਾ ਹੀ ਦਿੱਤਾ ਹੈ ਅਤੇ ਇਸ ਦਾ ਰਾਜਨੀਤਿਕ ਫਾਇਦਾ ਲਿਆ ਹੈ।ਭਾਰਤੀ ਧਰਮ ਅਤੇ ਸਮਾਜ ਦੇ ਲੇਖਕ ਲੁਈ ਦੁਮੋਂਟ ਨੇ ਸਾਧੂਆਂ ਨੂੰ ਭਾਰਤੀ ਰਾਜ ਦੇ ਵਿਕਾਸ ਦੇ ਏਜੰਟ ਕਿਹਾ ਹੈ।ਇਸ ਤਰਾਂ ਦੀਆਂ ਬਦਲਦੀਆਂ ਸਥਿਤੀਆਂ ਵਿਚ ਧਾਰਮਿਕ ਲੋਕਾਂ ਪ੍ਰਤੀ ਨਜ਼ਰੀਆ ਇੰਦਰਾ ਗਾਂਧੀ ਦੇ ਸਮੇਂ ਤੋਂ ਹੀ ਤਬਦੀਲ ਹੋਣਾ ਸ਼ੁਰੂ ਹੋ ਗਿਆ ਸੀ। ਉਸ ਨੇ ਹਿੰਦੂ ਜੱਥੇਬੰਦੀਆਂ ਨੂੰ ਸਰਪ੍ਰਸਤੀ ਦੇ ਕੇ ਹਿੰਦੂ ਕਾਰਡ ਖੇਡਿਆ।ਧਰਮ ਅਧਾਰਿਤ ਰਾਜਨੀਤੀ ਦੇ ਮਜਬੂਤ ਹੋਣ ਤੋਂ ਬਾਅਦ ਭਾਰਤ ਵਿਚ ਧਰਮ ਨਿਰਪੱਖਤਾ ਦੀ ਸਥਿਤੀ ਡਾਵਾਂਡੋਲ ਹੋ ਲੱਗੀ।੧੯੬੨-੨੦੧੪ ਤੱਕ ਦੀਆਂ ਚੋਣਾਂ ਦਾ ਸਰਵੇ ਇਹ ਦੱਸਦਾ ਹੈ ਕਿ ਜਾਤ ਅਤੇ ਧਰਮ ਵੋਟਰ ਨੂੰ ਪ੍ਰਭਾਵਿਤ ਕਰਨ ਵਿਚ ਮਹੱਵਪੂਰਨ ਰੋਲ ਅਦਾ ਕਰਦੇ ਹਨ।ਮੋਦੀ ਸਰਕਾਰ ਦੀ ਪਹਿਲੀ ਟਰਮ ਤੋਂ ਬਾਅਦ ਹੀ ਹਿੰਦੂਵਾਦੀ ਮੁੱਦੇ ਮੁੱਖਧਾਰਾ ਵਿਚ ਆ ਗਏ ਹਨ ਅਤੇ ਸਰਕਾਰ ਨੇ ਹਿੰਦੂਤਵ ੨.੦ ਦੇ ਪ੍ਰੋਜੈਕਟ ਨੂੰ ਮਜਬੂਤੀ ਪ੍ਰਦਾਨ ਕੀਤੀ ਹੈ।