ਇਤਿਹਾਸ ਵਿੱਚ ਕਦੇ ਕਦੇ ਹੀ ਵਿੰਨੀ ਮੰਡੇਲਾ, (ਜਿਸਦਾ ਦੋ ਦਿਨ ਪਹਿਲਾਂ ੮੧ ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ) ਵਰਗੀਆਂ ਔਰਤ ਸ਼ਖਸ਼ੀਅਤਾਂ ਦੁਨੀਆਂ ਦੇ ਸਾਹਮਣੇ ਆਉਂਦੀਆਂ ਹਨ। ਜੋ ਆਪਣੇ ਜੀਵਨ-ਕਾਲ ਵਿੱਚ ਬੁਲੰਦੀਆਂ ਤੇ ਰਹਿਣ ਦੇ ਬਾਵਜੂਦ ਵੀ ਉਨਾਂ ਬੁਲੰਦੀਆਂ ਦੇ ਹਾਣ ਦੇ ਨਹੀਂ ਬਣ ਸਕਦੇ।

ਵਿੰਨੀ ਮੰਡੇਲਾ ਇੱਕ ਲੰਮੀ ਬੀਮਾਰੀ ਤੋਂ ਬਾਅਦ ਪਿਛਲੇ ਦਿਨੀਂ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਦੁਨੀਆਂ ਨੂੰ ਅਲਵਿਦਾ ਕਹਿ ਗਈ ਹੈ। ਉਹ ਇੱਕ ਅਜਿਹੀ ਨਾਮੀਂ ਸ਼ਖਸ਼ੀਅਤ ਸੀ ਜਿਸਨੇ ਸਾਊਥ ਅਫਰੀਕਾ ਵਿੱਚ ਨਸਲਵਾਦ ਤੋਂ ਮੁਕਤੀ ਤੇ ਜ਼ਮਹੂਰੀਅਤ ਦੀ ਅਜ਼ਾਦੀ ਲਈ ਇੱਕ ਦਲੇਰਾਨਾ ਕਾਰਜ਼ਕਰਤਾ ਬਣਕੇ, ਨੈਲਸਨ ਮੰਡੇਲਾ ਦੇ ਕਦਮ ਨਾਲ ਕਦਮ ਮਿਲਾ ਕੇ ਲੋਕਾਂ ਦੇ ਮਨਾਂ ਵਿੱਚ ਅਹਿਮ ਸਥਾਨ ਪ੍ਰਾਪਤ ਕੀਤਾ। ਇਸੇ ਹੀ ਮਾਣ ਸਤਿਕਾਰ ਸਦਕਾ ਵਿੰਨੀ ਮੰਡੇਲਾ ਨੂੰ ਕਿਸੇ ਸਮੇਂ ਸਾਊਥ ਅਫਰੀਕਾ ਦੀ ਮਾਤਾ ਦਾ ਦਰਜਾ ਵੀ ਦਿੱਤਾ ਗਿਆ ਸੀ। ਇਸੇ ਤਰਾਂ ਨਿਊਯਾਰਕ ਦੇ ਹਾਰਲੈਮ ਕਸਬੇ ਵਿੱਚ ਅਫਰੀਕਨ ਅਮਰੀਕਨਾਂ ਵੱਲੋਂ ਅਫਰੀਕਾ ਦੀ ਰਾਣੀ ਵੀ ਐਲਾਨਿਆ ਗਿਆ ਸੀ।

ਵਿੰਨੀ ਮੰਡੇਲਾ ਦੇ ਪਿਛੋਕੜ ਪਰਿਵਾਰ ਵਿੱਚ ਉਸਦੇ ਨੌਂ ਭੈਣ ਭਰਾ ਸਨ ਅਤੇ ਇਸਦੇ ਮਾਤਾ-ਪਿਤਾ ਕਿੱਤੇ ਵਜੋਂ ਅਧਿਆਪਕ ਸਨ। ਵਿੰਨੀ ਮੰਡੇਲਾ ਦਾ ਜਨਮ ਅਜਿਹੇ ਜਿਲੇ ਵਿੱਚ ਹੋਇਆ ਸੀ ਜਿਥੇ ਉਸਦੇ ਕਸਬੇ ਨੂੰ ਬਾਗੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ। ਇਸਦਾ ਅਸਰ ਕਹਿ ਲਉ ਜਾਂ ਉਸਦੀ ਸ਼ਖਸ਼ੀਅਤ ਹੀ ਅਜਿਹੀ ਸੀ ਕਿ ਉਹ ਬਚਪਨ ਤੋਂ ਹੀ ਬੜੇ ਦਲੇਰਾਨਾ ਸੁਭਾਅ ਦੀ ਮਾਲਿਕ ਸੀ। ਉਹ ਅਕਸਰ ਹੀ ਪੜਾਈ ਦੇ ਨਾਲ ਨਾਲ ਸਮਾਜ ਸੇਵਾ ਨੂੰ ਬਹੁਤ ਤਰਜ਼ੀਹ ਦਿੰਦੀ ਸੀ ਤੇ ਛੋਟੇ ਮੋਟੇ ਲੜਾਈ ਝਗੜਿਆ ਕਾਰਨ ਮਸ਼ਹੂਰ ਸੀ। ਵਿੰਨੀ ਮੰਡੇਲਾ ਆਪਣੀ ਜਵਾਨੀ ਸਮੇਂ ਕਾਫੀ ਖੂਬਸ਼ੂਰਤ ਔਰਤ ਮੰਨੀ ਜਾਂਦੀ ਸੀ ਤੇ ਇਸਨੇ ਆਪਣੀ ਪੜਾਈ ਦੇ ਵਿਸ਼ਿਆਂ ਵਿੱਚ ਸਮਾਜਿਕ ਸਿਖਿਆ ਨੂੰ ਤਰਜ਼ੀਹ ਦਿੱਤੀ ਸੀ। ਸਮਾਜ ਸੇਵਾ ਦੇ ਕੀਤੇ ਕਈ ਉਪਰਾਲੇ ਵੀ ਜ਼ਿਕਰਯੋਗ ਹਨ। ਵਿੰਨੀ ਮੰਡੇਲਾ ਦਾ ਪਰਿਵਾਰਕ ਪਿਛੋਕੜ ਕਿਸੇ ਤਰਾਂ ਵੀ ਸਾਊਥ ਅਫਰੀਕਾ ਦੇ ਬਾਗੀ ਸੁਬਾ ਨਾਲ ਨਹੀਂ ਮੇਲ ਖਾਂਦਾ ਸੀ। ਪਰ ਇਸਦੇ ਅੰਦਰ ਸ਼ੁਰੂ ਤੋਂ ਹੀ ਨਸਲਵਾਦ ਤੋਂ ਮੁਕਤੀ ਦੀ ਖਾਹਿਸ਼ ਸੀ। ਇਸਦਾ ਜਨਮ ੨੬ ਸਤੰਬਰ ੧੯੩੬ ਨੂੰ ਹੋਇਆ ਸੀ ਅਤੇ ਇਤਫਾਕਨ ਹੀ ਕਿਸੇ ਨਾਮੀ ਸਾਊਥ ਅਫਰੀਕਨ ਬਾਗੀ ਦੇ ਮੇਲ ਮਿਲਾਪ ਸਦਕਾ ਉਸ ਸਮੇਂ ਦੇ ਪ੍ਰਮੁੱਖ ਬਾਗੀ ਜਾਣੇ ਜਾਂਦੇ ਨੇਲਸਨ ਮੰਡੇਲਾ ਨਾਲ ਮਿਲਾਪ ਹੋਇਆ ਤੇ ੧੯੫੮ ਵਿੱਚ ਇਸਦੀ ਸ਼ਾਦੀ ਹੋ ਗਈ। ਸ਼ਾਦੀ ਸਮੇਂ ਨੈਲਸਨ ਮੰਡੇਲਾ ਉੱਪਰ ਸਾਊਥ ਅਫਰੀਕਾ ਦੇ ਦੇਸ਼ ਧ੍ਰੋਹ ਦਾ ਮੁੱਕਦਮਾ ਚੱਲ ਰਿਹਾ ਸੀ। ਇਸ ਵਿਆਹ ਵਿੱਚੋਂ ਇੰਨਾ ਦੀਆਂ ਦੋ ਲੜਕੀਆਂ ਸਨ। ਕੁਝ ਸਾਲਾਂ ਬਾਅਦ ਦੇਸ਼ ਧ੍ਰੋਹ ਦੇ ਮੁੱਕਦਮੇ ਨੂੰ ਆਪਣੇ ਖਿਲਾਫ ਜਾਂਦਿਆਂ ਦੇਖ ਕੇ ਨੈਲਸ਼ਨ ਮੰਡੇਲਾ ਰੂਪੋਸ਼ ਹੋ ਗਿਆ ਤੇ ਹਥਿਆਰਬੰਦ ਸੰਘਰਸ਼ ਦੀ ਤਿਆਰੀ ਵਿੱਚ ਲੱਗ ਗਿਆ। ਪਰ ਇੱਕ ਸਾਲ ਬਾਅਦ ਹੀ ਸਾਊਥ ਅਫਰੀਕਾ ਦੀਆਂ ਏਜੰਸੀਆਂ ਨੇ ਉਸਨੂੰ ਫੜ ਲਿਆ। ਉਸ ਸਮੇਂ ਦਾ ਸਭ ਤੋਂ ਚਰਚਿਤ ਰੀਵੋਨੀਆਂ ਦੇਸ਼ ਧ੍ਰੋਹ ਦਾ ਮੁੱਕਦਮਾ ਉਸਤੇ ਆਰੰਭ ਹੋ ਗਿਆ। ਉਸ ਸਮੇਂ ਨੈਲਸਨ ਮੰਡੇਲਾ ਸਾਊਥ ਅਫਰੀਕਾ ਦੇ ਪ੍ਰਮੁੱਖ ਬਾਗੀ ਗਰੁੱਪ ਅਫਰੀਕਨ ਨੈਸ਼ਨਲ ਕਾਂਗਰਸ ਦਾ ਚੋਟੀ ਦਾ ਸਰਗਰਮ ਮੈਂਬਰ ਸੀ। ਇਸਨੂੰ ਛੇਤੀ ਹੀ ੧੯੬੮ ਵਿੱਚ ਬਾਕੀ ਸੱਤ ਸਾਥੀਆਂ ਸਮੇਤ ਉਮਰ ਕੈਦ ਦੀ ਸਜਾ ਸੁਣਾਈ ਗਈ। ਫਿਰ ਇਸਨੂੰ ਉਸ ਸਮੇਂ ਦੀ ਸਭ ਤੋਂ ਸਖਤ ਜਾਣੀ ਜਾਂਦੀ ਜੇਲ ਰੋਬਿਨ ਟਾਪੂ ਵਿੱਚ ਬੰਦ ਕਰ ਦਿੱਤਾ ਗਿਆ। ਨੈਲਸਨ ਮੰਡੇਲਾ ਦੇ ਸਾਥ ਸਦਕਾ ਵਿੰਨੀ ਮੰਡੇਲਾ ਵੀ ਇਸ ਬਾਗੀ ਗਰੁੱਪ ਦੀ ਪ੍ਰਮੁੱਖ ਕਾਰਜਕਰਤਾ ਬਣ ਗਈ। ਇਸਨੇ ਨੈਲਸਨ ਮੰਡੇਲਾ ਦੀ ਜਿੰਦਗੀ ਵਿੱਚ ਹਰ ਕਦਮ ਤੇ ਸਾਥ ਦਿੱਤਾ।

ਭਾਵੇਂ ਨੈਲਸਨ ਮੰਡੇਲਾ ਦੀ ਲੰਮੀ ਕੈਦ ਕਾਰਨ ਇਸਨੂੰ ਉਸਦੀ ਪਤਨੀ ਹੋਣ ਕਾਰਨ ਸਾਊਥ ਅਫਰੀਕਾ ਦੀ ਸਰਕਾਰ ਵੱਲੋਂ ਕਈ ਵਾਰ ਨਜ਼ਰਬੰਦ ਕੀਤਾ ਤੇ ਤਸ਼ੱਦਦ ਵੀ ਕੀਤਾ ਗਿਆ। ਅਖੀਰ ਇਸਨੂੰ ਜਿਥੇ ਇਹ ਰਹਿ ਰਹੀ ਸੀ ਉਸ ਕਸਬੇ ਤੋਂ ਵੀ ਜਲਾਵਤਨ ਕਰ ਦਿੱਤਾ ਗਿਆ ਤਾਂ ਜੋ ਇਸਦਾ ਆਪਣੇ ਸਾਥੀਆਂ ਤੋਂ ਸਬੰਧ ਖਤਮ ਕੀਤਾ ਜਾ ਸਕੇ। ਵਿੰਨੀ ਮੰਡੇਲਾ ਹੀ ਉਸ ਸਮੇਂ ਇੱਕ ਅਜਿਹੀ ਔਰਤ ਸੀ ਜੋ ਸਾਊਥ ਅਫਰੀਕਾ ਦੇ ਨਸਲਵਾਦ ਸਦਕਾ ਦੁਨੀਆਂ ਵਿੱਚ ਅਫਰੀਕਨ ਨੈਸਨਲ ਕਾਂਗਰਸ ਦੀ ਬੁਲੰਦ ਅਵਾਜ ਬਣੀ। ਜਿਸਨੇ ਨੈਲਸਨ ਮੰਡੇਲਾ ਦੀ ਸ਼ਖਸ਼ੀਅਤ ਨੂੰ ਸਾਰੀ ਦੁਨੀਆਂ ਵਿੱਚ ਅਹਿਮ ਸਖਸ਼ੀਅਤ ਬਣਾ ਦਿੱਤਾ। ਇਸਦੀ ਮਿਹਨਤ ਸਦਕਾ ਤੇ ਦੁਨੀਆਂ ਦੇ ਬਦਲਦੇ ਹਾਲਾਂਤਾਂ ਕਾਰਨ ਆਖਰਕਾਰ ਸਾਊਥ ਅਫਰੀਕਾ ਸਰਕਾਰ ਨੂੰ ਨੈਲਸਨ ਮੰਡੇਲਾ ਨੂੰ ੨੭ ਸਾਲ ਦੀ ਕੈਦ ਤੋਂ ਬਾਅਦ ੧੯੯੦ ਵਿੱਚ ਰਿਹਾਅ ਕਰਨਾ ਪਿਆ ਸੀ। ੧੯੯੪ ਵਿੱਚ ਇਹ ਨਵੇਂ ਉੱਭਰੇ ਸਾਊਥ ਅਫਰੀਕਾ ਦਾ ਰਾਸ਼ਟਰਪਤੀ ਬਣਿਆ। ਵਿੰਨੀ ਮੰਡੇਲਾ ਇੰਨੀਆ ਬੁਲੰਦੀਆਂ ਤੇ ਹੋਣ ਦ ਬਾਵਜੂਦ ਸਮੇਂ ਨਾਲ ਮੁੱਢ ਤੋਂ ਹੀ ਵਿਆਹ ਤੋਂ ਬਾਅਦ ਕਾਫੀ ਚਰਚਿਤ ਵਿਵਾਦਾਂ ਦਾ ਵਿਸ਼ਾ ਬਣੀ ਰਹੀ। ਜਿਸ ਕਰਕੇ ਇਸਨੂੰ ਨੈਲਸਨ ਮੰਡੇਲਾ ਦੇ ਰਾਸ਼ਟਰਪਤੀ ਕਾਲ ਦੌਰਾਨ ਕਾਨੂੰਨ ਦਾ ਸਾਹਮਣਾ ਵੀ ਕਰਨਾ ਪਿਆ ਤੇ ਹੇਠਲੀ ਅਦਾਲਤ ਵਿੱਚ ਇਸਨੂੰ ਸਜਾ ਹੀ ਸਾਹਮਣਾ ਵੀ ਕਰਨਾ ਪਿਆ। ਪਰ ੧੯੯੬ ਵਿੱਚ ਵਿੰਨੀ ਮੰਡੇਲਾ ਦਾ ਜੀਵਨ ਕਾਫੀ ਵਿਵਾਦਗ੍ਰਸਤ ਹੋ ਗਿਆ ਤੇ ਇਸਦੇ ਵਿਆਹੁਤਾ ਜੀਵਨ ਤੇ ਵੀ ਪ੍ਰਸ਼ਨ ਉਭਰਿਆ ਅਤੇ ਉਸ ਸਮੇਂ ਨੈਲਸਨ ਮੰਡੇਲਾ ਨੇ ਇਸਤੋਂ ਤਲਾਕ ਲੈ ਲਿਆ। ਇਸ ਵੱਡੇ ਝਟਕੇ ਤੋਂ ਬਾਅਦ ਇਸਦੀ ਆਪਣੀ ਸ਼ਖਸ਼ੀਅਤ ਅਤੇ ਇਸਦੇ ਸਿਆਸੀ ਜੀਵਨ ਤੇ ਕਾਫੀ ਡੂੰਘਾ ਪ੍ਰਛਾਵਾਂ ਪਿਆ। ਪਰ ਇਹ ਇੱਕ ਅਜਿਹੀ ਸਖਸ਼ੀਅਤ ਸੀ ਜਿਸਨੇ ਇਸ ਸਭ ਕੁਝ ਦੇ ਬਾਵਜੂਦ ਵੀ ਸਾਊਥ ਅਫਰੀਕਾ ਦੇ ਲੋਕਾਂ ਅੰਦਰ ਆਪਣੀ ਇੰਨੀ ਕੱਦਾਵਰ ਸ਼ਖਸ਼ੀਅਤ ਬਣਾ ਸੀ ਕਿ ਇਹ ਲੰਮੇ ਸਮੇਂ ਤੱਕ ਅਫਰੀਕਾ ਨੈਸ਼ਨਲ ਕਾਂਗਰਸ ਦੀ ਲੀਡਰ ਰਹੀ ਤੇ ਮੈਂਬਰ ਪਾਰਲੀਮੈਂਟ ਵੀ ਬਣਦੀ ਰਹੀ। ਸਮੇਂ ਦੇ ਰਾਸ਼ਟਰਪਤੀਆਂ ਨਾਲ ਵੀ ਇਸਦੀ ਨੇੜਤਾ ਕਾਇਮ ਰਹੀ।

ਹੁਣ ੮੧ ਸਾਲ ਦੀ ਉਮਰ ਵਿੱਚ ਲੰਮੀ ਬੀਮਾਰੀ ਕਾਰਨ ਇਸਦਾ ਦਿਹਾਂਤ ਹੋ ਗਿਆ। ਪਰ ਆਉਣ ਵਾਲੇ ਸਮੇਂ ਵਿੱਚ ਸਾਊਥ ਅਫਰੀਕਾ ਵਿੱਚ ਇਸ ਵਿਵਾਦਤ ਨਾਮਵਰ ਸਖਸ਼ੀਅਤ ਦਾ ਨਾਮ ਹਮੇਸ਼ਾ ਯਾਦ ਕੀਤਾ ਜਾਵੇਗਾ। ਦੁਨੀਆਂ ਦੀਆਂ ਨਾਮਵਰ ਔਰਤਾਂ ਵਿੱਚ ਇੱਕ ਅਹਿਮ ਇਸਤਰੀ ਵਜੋਂ ਚਰਚਿਤ ਸ਼ਖਸ਼ੀਅਤ ਬਣੀ ਰਹੇਗੀ। ਇਸ ਦੀ ਮਸ਼ਹੂਰ ਅਤੇ ਵਿਵਾਦਤ ਸ਼ਖਸ਼ੀਅਤ ਸਦਕਾ ਹੀ ਹੁਣ ਇਸ ਦੀ ਮੌਤ ਦੀ ਖਬਰ ਦੁਨੀਆਂ ਦੇ ਪ੍ਰਮੁਖ ਅਖਬਾਰਾਂ ਅਤੇ ਟੀ.ਵੀ. ਵਿਚ ਮੁਖ ਖਬਰ ਬਣੀ ਹੋਈ ਹੈ।