ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ, ਪੰਜਾਬ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!

ਆਪ ਜੀ ਨੇ ਅਜ ਸਵੇਰੇ, ਗੁਰੂ ਨਾਨਕ ਗੁਰਦੁਆਰਾ, ਵੁਲਵਰਹੈਂਮਟਨ ਵਿਖੇ ਬ੍ਰਿਟਿਸ਼ ਰਾਜ ਦੇ ਬਹਾਦਰ ਸਿੱਖ ਫੌਜੀ ਸ਼. ਈਸ਼ਰ ਸਿੰਘ ਜੀ ਦੇ ਬੁੱਤ ਦਾ ਉਦਘਾਟਨ ਕੀਤਾ ਹੈ। ਤੁਹਾਡੇ ਨਾਲ ਸਾਥ ਵਿਚ ਬਾਬਾ ਮਹਿੰਦਰ ਸਿੰਘ ਜੀ ਵੀ ਸਨ। ਸੁਣਦਿਆਂ, ਦੇਖਦਿਆਂ ਇਸ ਅਣਹੋਣੀ ਤੇ ਬਹੁਤ ‘ਦੁੱਖ’ ਹੋਇਆ ਕਿ ‘ਈਸ਼ਰ ਸਿੰਘ’ ਦੇ ਬੁੱਤ ਥੱਲੇ ਪੈਰਾਂ ਵਿਚ ਗੁਰੂਬਾਣੀ ਦੇ ਮੁਖਵਾਕ – ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥’ – ਦੇ ਸ਼ਬਦ ਉਕਰੇ ਹਨ। ਪੈਰਾਂ ਥਲੇ ਗੁਰੂਬਾਣੀ, ਤੁਹਾਡੇ ਵਲੋਂ ਕੀਤਾ ਗਿਆ ਉਦਘਾਟਨ, ਇਹ ਤੁਸਾਂ ਗੁਰਬਾਣੀ ਦੀ ਘੋਰ ਬਿਅਦਬੀ ਕੀਤੀ ਹੈ। ਤੁਸੀਂ ਇਸ ਬੇਅਦਬੀ ਦੇ ‘ਜੁੰਮੇਵਾਰ’ ਹੋ। ਪੰਥ ਸਾਹਮਣੇ ਜੁਆਬ-ਦੇਹ ਹੋ। ਇਸ ਉਪਰੰਤ ‘ਗੁਰਦੁਆਰੇ’ ਦੇ ਅੰਦਰ ਤੁਸੀਂ ਬ੍ਰਿਟਿਸ਼ ਰਾਜ ਅਧੀਨ ਇਸ ਸਾਰਾਗੜ੍ਹੀ ਜੰਗ ਦੀ ਤੁਲਨਾਂ ਚਮਕੌਰ ਦੀ ਗੜ੍ਹੀ ਦੀ ਜੰਗ ਨਾਲ ਕੀਤੀ ਹੈ। ਜੋ ਕਿ ਤੁਹਾਡੀ ਅਗਿਆਨਤਾ ਆਧਾਰ ਇਸੇ ਦਿਨ ਦੀ ਦੂਸਰੀ ਭੁਲ ਹੈ। ਚਮਕੌਰ ਦੀ ਜੰਗ, ਸਰਬੰਸ ਦਾਨੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਆਪਣੇ ਦੋ ਸਾਹਿਬਜ਼ਾਦੇ ਅਤੇ ਚਾਲੀ ਸਿੰਘਾਂ ਦੀ ਅਗਵਾਈ ਗੁਰੂ ਪਿਤਾ ਖੁੱਦ ਕਰ ਰਹੇ ਸਨ। ਬਾਹਰ ਘੇਰਾ ਮੁਗਲ ਫੌਜ ਦਾ ਸੀ ਸਾਰਾਗੜ੍ਹੀ ਦੀ ਜੰਗ ਦਾ ਬ੍ਰਿਟਿਸ਼ ਕਮਾਂਡਰ-ਬਰਿਗੇਡੀਅਰ ਜਨਰਲ ਸਰ ਵਿਲੀਅਮ ਲੌਕਹਾਰਟ ਸੀ। ਇਸ ਜਨਰਲ ਲੌਕਹਾਰਟ ਅਧੀਨ ਸਾਰਾਗੜ੍ਹੀ ਜੰਗ ਦੇ ਸਿੱਖ ਸਿਪਾਹੀ , ਬ੍ਰਿਟਿਸ਼ ਸਾਮਰਾਜ ਦੇ ਤਨਖਾਹਦਾਰ ਨੌਕਰ ਸਨ। ਮੁੱਗਲ ਫੌਜਾਂ ਦੇ ਸਿਪਾਹੀ ਭੀ ਤਨਖਾਹ ਦਾਰ ਨੌਕਰ ਹੀ ਸਨ। ਦੋਵੇ ਬ੍ਰਿਟਿਸ਼ ਸਮਰਾਜ ਅਤੇ ਮੁਗਲ ਫੌਜਾਂ ਸਿਖਾਂ ਨੂੰ ਗੁਲਾਮ ਰਖਣ ਅਤੇ ਖਤਮ ਕਰਨ ਦੀ ਨੀਅਤ ਲਈ ਹੀ ਸਨ। ਇਤਿਹਾਸ ਦੇ ਦੋਵੇ ਪੰਨੇ ਸਿਖ ਵਿਰੋਧੀ ਅਤੇ ਇਕ ਰੂਪ ਰਹੇ ਹਨ। ਪ੍ਰੰਤੂ ਤੁਸੀਂ ਵੱਡੀ ਭੁੱਲ ਕੀਤੀ ਹੈ। ਗੁਰੂ ਦਸ਼ਮੇਸ਼ ਪਿਤਾ ਦੇ ਦੋ ਸਾਹਿਬਜ਼ਾਦੇ ਅਤੇ ਚਾਲੀ ਸਿੱਖ ਚਮਕੌਰ ਦੀ ਗੜ੍ਹੀ ਅੰਦਰ ਕਿਸੇ ਪਖੋਂ ਤਨਖਾਹਦਾਰ ਨਹੀਂ ਸਨ। ਉਹ ਤਾਂ ਧਰਮ ਲਈ ਨਿਡਾਵਰ ਹੋਣ ਲਈ ਤਤਪੱਰ ਆਪਣਾ ਸੀਸ ਗੁਰੂ ਪਿਤਾ ਅਗੇ ਭੇਟ ਕਰ ਚੁੱਕੇ ਸਨ। ਤੁਹਾਡੇ ਵਲੋਂ ਚਮਕੌਰ ਦੀ ਗੜ੍ਹੀ ਦੀ ਜੰਗ ਦੀ ਬ੍ਰਿਟਿਸ਼ ਸਾਮਰਾਜ ਫਰੰਗੀ ਰਾਜ ਅਧੀਨ ਸਾਰਾਗੜ੍ਹੀ ਜੰਗ ਨਾਲ ਤੁਲਨਾ ਬਰਾਬਰਤਾ ਗੁਰ ਇਤਿਹਾਸ ਦਾ ਘੋਰ ਨਿਰਾਦਰ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਇਸ ਸੰਸਾਰ ਦੇ ਇਤਿਹਾਸ ਵਿਚ ਕੋਈ ਵੀ ਸਾਹਨੀ ਨਹੀਂ ਹੈ ਅਤੇ ਨਾ ਹੀ ਹੋਵੇਗਾ। ਤੁਹਾਡੇ ਵਲੋਂ ਇਸ ਢੰਗ ਨਾਲ ਬ੍ਰਿਟਿਸ਼ ਸਾਮਰਾਜ ਦੇ ਜਨਰਲ ਨਾਲ ਕੀਤੀ ਗਈ ਤੁਲਨਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਤੁਹਾਡੇ ਵਲੋਂ ਇਸ ਤਰਾਂ ਦਾ ਕੀਤਾ ਗਿਆ ਵਤੀਰਾ ਮੰਗ ਕਰਦਾ ਹੈ, ਕਿ ਤੁਸੀਂ ਗੁਰੂ ਪੰਥ ਦੀ ਕਚਹਿਰੀ ਵਿਚ ਪੇਸ਼ ਹੋ ਕੇ ਆਪਣੀ ਕੀਤੀ ਭੁੱਲ ਦਾ ਇਕਰਾਰ ਕਰੋ।

ਧੰਨਵਾਦਿ ਸਾਹਿਤ,
ਪਰਮਿੰਦਰ ਸਿੰਘ ਬਲ
ਸਿੱਖ ਫੈਡਰੇਸ਼ਨ ਯੂ ਕੇ