ਜਦੋਂ ਕਿਸੇ ਆਮ ਬੰਦੇ ਨੂੰ ਪਹਿਲੀ ਵਾਰ ਇਹ ਪਤਾ ਚਲਦਾ ਹੈ ਕਿ ਉਹਦੀ ਪਛਾਣ ਵਾਲੇ ਸਮਾਜ ਅੰਦਰ ਕੋਈ ਵਿਵਾਦ ਹੈ ਤਾਂ ਉਹ ਦੀ ਮਾਸੂਮੀਅਤ ਬਹੁਤ ਪਰੇਸ਼ਾਨ ਹੋ ਜਾਂਦੀ ਹੈ। ਪਰ ਜਿਹੜੇ ਲੋਕ ਵਿਵਾਦ ਦੇ ਆਸਰੇ ਜੀਅ ਰਹੇ ਹੁੰਦੇ ਹਨ ਉਹਨਾਂ ਲਈ ਉਹ ਪਰੇਸ਼ਾਨੀ ਖੁਰਾਕ ਬਣ ਜਾਂਦੀ ਹੈ। ਜੇ ਕੋਈ ਪਰੇਸ਼ਾਨ ਨਾ ਹੋਵੇ ਤਾਂ ਵਿਵਾਦ ਦੀ ਖੁਰਾਕ ਖਤਮ ਹੋਣ ਨਾਲ, ਵਿਵਾਦੀਆਂ ਦਾ ਜੀਵਨ ਵੀ ਬੇਮਾਅਨਾ ਹੋ ਜਾਂਦਾ ਹੈ।

ਤਕਨੀਕੀ ਤਰੱਕੀ ਨਾਲ ਮਨੁੱਖ ਦਾ ਸਬਰ ਛੋਟਾ ਪੈ ਗਿਆ ਹੈ। ਤਕਨੀਕ ਨਾਲ ਗਿਆਨ ਦੀ ਪੈਦਾਵਾਰ ਬੇਹੱਦ ਵਧ ਗਈ ਹੈ ਇਸ ਨਾਲ ਮਨੁੱਖ ਦਾ ਅਗਿਆਨੀ ਹੋਣਾ, ਹੋਰ ਵੱਡੇ ਰੂਪ ਵਿਚ ਸਾਹਮਣੇ ਆਇਆ ਹੈ। ਬੇਸਬਰੀ ਅਤੇ ਅਗਿਆਨਤਾ ਵਿਵਾਦ ਦੀਆਂ ਦੋ ਮੁਢਲਾਂ ਸ਼ਰਤਾਂ ਹਨ।

ਕਿਸੇ ਸਮਾਜ ਅੰਦਰ ਜੇ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਵਿਵਾਦ ਕਿਹੜੀ ਗੱਲ ਤੇ ਨਹੀਂ ਹੈ ਤਾਂ ਸਾਡਦ ਉਤਰ ਇਹੋ ਹੋਵੇਗਾ ਕਿ ਅਜਿਹਾ ਕੋਈ ਨੁਕਤਾ ਨਹੀਂ ਹੈ ਜਿਸ ਬਾਰੇ ਵਿਵਾਦ ਨਹੀਂ ਹੈ। ਅਸਲ ਸਵਾਲ ਇਹ ਨਹੀਂ ਕਿ ਵਿਵਾਦ ਕਿਹੜੀ ਗੱਲ ਉਤੇ ਹੈ ਜਾਂ ਨਹੀਂ ਹੈ, ਸਵਾਲ ਇਹ ਹੈ ਕਿ ਵਿਵਾਦ ਦੀ ਲੋੜ ਸਮਾਜ ਦੇ ਕਿੰਨੇ ਕੁ ਹਿੱਸੇ ਨੂੰ ਹੁੰਦੀ ਹੈ? ਜਿਹੜੇ ਲੋਕ ਆਪਣਾ ਜੀਵਨ ਨਿਰਬਾਹ ਕਲੇਸ਼ ਤੋਂ ਕਰਨਾ ਚਾਹੁੰਦੇ ਹਨ ਉਹਨਾਂ ਲਈ ਹੋਰ ਕੋਈ ਚਾਰਾ ਨਹੀਂ ਹੁੰਦਾ। ਇਹਨਾਂ ਲੋਕਾਂ ਦੀ ਗਿਣਤੀ ਥੋੜ੍ਹੀ ਹੁੰਦੀ ਹੈ ਪਰ ਇਹ ਲੋਕ ਰੌਲਾ ਪਾ ਕੇ ਧਿਆਨ ਖਿੱਚਣ ਦੀ ਸਮਰੱਥਾ ਹੁੰਦੇ ਹਨ, ਜਿਸ ਕਰਕੇ ਇਹ ਆਪਣੇ ਆਪ ਨੂੰ ਲੋਕਾਂ ਵਿਚ ਜਣਾ ਲੈਂਦੇ ਹਨ। ਆਮ ਬੰਦਾ ਜਿਥੇ ਕਲੇਸ਼ ਤੋਂ ਡਰਦਾ ਹੁੰਦਾ ਹੈ ਓਥੇ ਉਹ ਸਧਾਰਨ ਰੁਚੀ ਮੁਤਾਬਿਕ ਕਿਸੇ ਪੈ ਰਹੇ ਰੌਲੇ ਦਾ ਮੁੱਦਾ ਜਾਨਣ ਦੀ ਇੱਛਾ ਵੀ ਰਖਦਾ ਹੈ। ਆਮ ਲੋਕਾਂ ਵਿਚ ਵਿਵਾਦ ਦਾ ਮੁੱਦਾ ਜਾਨਣਾ ਦੀ ਇੱਛਾ ਹੀ ਵਿਵਾਦੀ ਲੋਕਾਂ ਦੀ ਮੂਲ ਇੱਛਾ ਦੇ ਅਧੀਨ ਹੋ ਜਾਣ ਦਾ ਕਾਰਨ ਬਣਦੀ ਹੈ। ਆਮ ਬੰਦਾ ਵਿਵਾਦ ਵਿਚ ਕਿਸੇ ਪਾਸੇ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਵਿਵਾਦੀ ਲੋਕਾਂ ਨੂੰ ਸਿਰਫ ਹਿਸੇਦਾਰਾਂ ਦੀ ਗਿਣਤੀ ਵਧਣੀ ਚਾਹੀਦੀ ਹੈ। ਜੇ ਕੋਈ ਦੋਵਾਂ ਧਿਰਾਂ ਨੂੰ ਗਾਹਲਾਂ ਵੀ ਕੱਢ ਰਿਹਾ ਹੈ ਤਾਂ ਵੀ ਅਸਲੀ ਵਿਵਾਦੀ ਨੂੰ ਖੁਸ਼ੀ ਹੁੰਦੀ ਹੈ। ਵਿਵਾਦ ਦਾ ਮੁੱਦਾ ਜਾਨਣ ਵਾਲਾ ਕੋਈ ਵੀ ਮਨੁੱਖ ਆਪਣੇ ਆਪ ਵਿਵਾਦ ਦਾ ਹਿੱਸੇਦਾਰ ਬਣ ਜਾਂਦਾ ਹੈ। ਕਿਸੇ ਨਾ ਕਿਸੇ ਮੋੜ ਤੇ ਜਾਕੇ ਉਸ ਨੇ ਉਸ ਮੁੱਦੇ ਬਾਰੇ ਕਿਸੇ ਦਲੀਲ ਦਾ ਪੱਖ ਪੂਰਨਾ ਹੀ ਹੁੰਦਾ ਹੈ। ਨਾਂਹਮੁਖੀ ਜਾਣਕਾਰੀ ਅਜਿਹੀ ਸ਼ੈਅ ਹੈ ਜੋ ਮਨੁੱਖ ਸਭ ਤੋਂ ਛੇਤੀ ਅਤੇ ਜਿਆਦਾ ਸਾਂਝੀ ਕਰਦਾ ਹੈ। ਵਿਵਾਦਾਂ ਦੇ ਜਿਉਂਦੇ ਰਹਿਣ ਅਤੇ ਚਲਦੇ ਰਹਿਣ ਪਿਛੇ ਇਹ ਰੁਚੀ ਬਹੁਤ ਵੱਡਾ ਕਾਰਨ ਹੈ। ਦੁਨੀਆਂ ਦੀਆਂ ਬਹੁਤੀਆਂ ਨੈਤਿਕ ਮਰਯਾਦਾਵਾਂ ਅੰਦਰ ਬੁਰਾ ਬੋਲਣ ਦੇ ਨਾਲ ਨਾਲ ਬੁਰਾ ਸੁਣਨ ਤੋਂ ਮਨ੍ਹਾਂ ਕਰਨ ਪਿਛੇ ਵੀ ਇਹ ਕਾਰਣ ਹੈ।

ਦਲੀਲਾਂ ਦੀ ਦੁਨੀਆ ਅੰਦਰ ਕੋਈ ਦਲੀਲ ਇਕੱਲ਼ੀ ਕਦੇ ਨਹੀਂ ਹੁੰਦੀ ਉਸ ਤੋਂ ਉਲਟੀ ਵੀ ਹਾਜਰ ਹੁੰਦੀ ਹੈ। ਵਿਵਾਦ ਦੇ ਮੋਢੀ ਲੋਕ ਜਦੋਂ ਆਪਣੇ ਆਪ ਨੂੰ ਗਿਆਨਵਾਨ ਰੂਪ ਵਿਚ ਪੇਸ਼ ਕਰਦੇ ਹਨ ਤਾਂ ਦਲੀਲ ਦਾ ਪੁੱਠਾ ਪਾਸਾ ਹੀ ਵਰਤਦੇ ਹਨ। ਗਿਆਨ ਦਾ ਭੈਅ ਪੈਦਾ ਕਰਨਾ ਵਿਵਾਦ ਵਾਲੇ ਲੋਕਾਂ ਦੀ ਵੱਡੀ ਇੱਛਾ ਹੁੰਦੀ ਹੈ। ਗਿਆਨ ਨਾਲ ਉਹ ਲੋਕਾਈ ਦਾ ਕੁਝ ਸੰਵਾਰਨਾ ਨਹੀਂ ਚਾਹੁੰਦੇ ਹੁੰਦੇ ਸਗੋਂ ਗਿਆਨ ਉਹਨਾਂ ਲਈ ਵਿਰੋਧੀਆਂ ਦੇ ਮੱਥੇ ਪਾੜ੍ਹਨ ਵਾਲਾ ਅਤੇ ਆਮ ਲੋਕਾਂ ਨੂੰ ਭੈਭੀਤ ਕਰਨ ਦਾ ਹਥਿਆਰ ਹੁੰਦਾ ਹੈ।

ਜਿੰਦਗੀ ਵਿਚ ਅਮਲੀ ਰੂਪ ਵਿਚ ਕੁਝ ਨਾ ਕਰ ਸਕਣ ਦੀ ਅਯੋਗਤਾ ਨੂੰ ਛੁਪਾਉਣਾ ਵਿਵਾਦ ਦੇ ਹਿੱਸੇਦਾਰ ਹੋਣ ਦਾ ਮੁੱਖ ਕਾਰਨ ਹੁੰਦਾ ਹੈ। ਕਿਸੇ ਯੋਗ ਬੰਦੇ ਨੂੰ ਢਾਹ ਲੈਣ ਦੀ ਮਾਨਸਿਕ ਖੁਸ਼ੀ ਸਭ ਤੋਂ ਵਧੇਰੇ ਅਯੋਗ ਬੰਦੇ ਨੂੰ ਹੁੰਦੀ ਹੈ। ਕੋਈ ਅਸਲੀ ਗਿਆਨੀ, ਯੋਧਾ ਜਾਂ ਖਿਡਾਰੀ ਆਪਣੇ ਵਿਰੋਧੀ ਨੂੰ ਹਰਾ ਕੇ ਏਨਾ ਖੁਸ਼ ਨਹੀਂ ਹੁੰਦਾ ਜਿੰਨਾ ਕੋਈ ਅਯੋਗ ਬੰਦਾ ਕਿਸੇ ਦੂਜੇ ਨੂੰ ਹਰਾ ਕੇ ਖੁਸ਼ ਹੁੰਦਾ ਹੈ। ਜਿੰਦਗੀ ਵਿਚ ਕੁਝ ਕਰ ਲੈਣ ਵਾਲਾ ਬੰਦਾ ਵਿਵਾਦ ਨੂੰ ਸਮਾਂ ਅਤੇ ਮਾਨਸਿਕ ਸ਼ਾਂਤੀ ਦੀ ਬਰਬਾਦੀ ਕਰਨ ਵਜੋਂ ਜਾਣਦਾ ਹੈ। ਵਿਵਾਦੀ ਬੰਦੇ ਓਹੀ ਸੁਆਦ ਵਿਵਾਦ ਵਿਚੋਂ ਲੈਂਦੇ ਹਨ ਜੋ ਆਮ ਮਨੁੱਖ ਆਪਣੀ ਕਿਰਤ ਕਮਾਈ ਵਿਚੋਂ ਲੈਂਦਾ ਹੈ। ਵਿਵਾਦ ਦਾ ਸੁਆਦ ਮਾਨਸਿਕ ਹੁੰਦਾ ਹੈ ਇਸ ਕਰਕੇ ਵਿਵਾਦੀ ਬੰਦੇ ਨਾ ਥੱਕਦੇ ਹਨ ਅਤੇ ਨਾ ਹੀ ਰਜਦੇ ਹਨ। ਇਹ ਸੁਆਦ ਉਹਨਾਂ ਉਪਰ ਇਸ ਹੱਦ ਤੱਕ ਵੀ ਭਾਰੂ ਹੋ ਸਕਦਾ ਹੈ ਕਿ ਉਹਨਾਂ ਦੀ ਬੇਇਜਤੀ ਵੀ ਉਹਨਾਂ ਨੂੰ ਸੁਆਦ ਦਿੰਦੀ ਹੈ। ਉਹ ਆਪਣੇ ਆਪ ਨੂੰ ਸੱਚ ਦੇ ਖੋਜੀਆਂ ਵਜੋਂ ਪੇਸ਼ ਕਰਦੇ ਹਨ। ਉਹ ਆਪਣੇ ਮਹਾਨਤਾ ਦੇ ਭਰਮ ਵਿਚ ਬੁਰੀ ਤਰ੍ਹਾਂ ਜਕੜੇ ਹੁੰਦੇ ਹਨ ਜਿਸ ਕਰਕੇ ਉਹ ‘ਬੇਇਜਤੀ ਬੇਇਜਤੀ ਦੀ ਖੇਡ’ ਖੇਡਦੇ ਹਨ। ਇਹ ਬੇਇਜਤੀ ਕਿਸੇ ਸਿਧਾਂਤ, ਧੜੇ, ਤੱਥ ਜਾਂ ਮਨੁੱਖ ਦੀ ਹੋਵੇ ਚਾਹੇ ਉਹਨਾਂ ਦੀ ਆਪਣੀ ਹੋਵੇ। ਉਹਨਾਂ ਨੂੰ ਸਿਰਫ ਬੇਇਜਤੀ ਹੁੰਦੀ ਦਿਸਣੀ ਜਰੂਰੀ ਹੁੰਦੀ ਹੈ। ਆਮ ਬੰਦੇ ਇਸ ਗੱਲ ਨੂੰ ਨਹੀਂ ਸਮਝ ਸਕਦੇ ਕਿ ਵਿਵਾਦੀ ਲੋਕਾਂ ਲਈ ਬੇਇਜਤੀ ਕਰਨੀ ਕਰਾਉਣੀ ਕਿਵੇਂ ਖੁਰਾਕ ਬਣ ਜਾਂਦੀ ਹੈ। ਉਹ ਆਪਣੇ ਬੇਇਜਤੀ ਵਿਚੋਂ ਸੁਆਦ ਲੈ ਕੇ ਵੀ ਆਮ ਲੋਕਾਂ ਨੂੰ ਅਚੰਭਤ ਕਰਦੇ ਰਹਿੰਦੇ ਹਨ। ਉਹ ਆਪਣੀ ਬੇਇਜਤੀ ਦੀਆਂ ਗੱਲਾਂ ਵੀ ਇਤਿਹਾਸਕ ਘਟਨਾਵਾਂ ਵਾਂਗ ਸੁਣਾ ਸਕਦੇ ਹਨ ਕਿਉਂਕਿ ਉਹਨਾਂ ਲਈ ਆਪਣੀ ਅਤੇ ਆਪਣੇ ਮੁੱਦੇ ਦੀ ਚਰਚਾ ਬਹੁਤ ਜਰੂਰੀ ਹੁੰਦੀ ਹੈ ਭਾਵੇਂ ਇਹ ਕਿਸੇ ਵੀ ਰੂਪ ਵਿਚ ਹੋਵੇ।

ਵਿਵਾਦ ਛੂਤ ਦੀ ਬਿਮਾਰੀ ਵਾਂਗ ਲੋਕਾਂ ਨੂੰ ਆਪਣੇ ਅਸਰ ਵਿਚ ਲੈਂਦਾ ਹੈ। ਵਿਵਾਦੀ ਬੰਦੇ ਨੂੰ ਕਾਲਖ ਪਸੰਦ ਹੁੰਦੀ ਹੈ ਉਹ ਜਿੰਦਗੀ ਦੀ ਕਾਲ਼ਖ ਨੂੰ ਫਰੋਲ ਫਰੋਲ ਕੇ ਅੰਦਰੂਨੀ ਸਕੂਨ ਮਹਿਸੂਸ ਕਰਦਾ ਹੈ। ਉਹ ਚਾਨਣ ਨੂੰ ਵੇਖਣਾ ਹੀ ਨਹੀਂ ਚਾਹੁੰਦਾ ਹੁੰਦਾ ਕਿਉਂਕਿ ਚਾਨਣਾ ਫਰੋਲਿਆ ਨਹੀਂ ਜਾਂਦਾ। ਜਿਵੇਂ ਜਿਵੇਂ ਕਿਸੇ ਸਮਾਜ ਦਾ ਹਿੱਸਾ ਆਪਣੀ ਕਿਰਤ ਨਾਲੋਂ ਟੁਟਦਾ ਜਾਂਦਾ ਹੈ ਉਹ ਕਾਲਖ ਵੱਲ ਵੱਧਦਾ ਜਾਂਦਾ ਹੈ ਅਤੇ ਓਵੇਂ ਹੀ ਉਹ ਵਿਵਾਦਾਂ ਦੀ ਖੁਰਾਕ ਹੋਣ ਲਈ ਸਰਾਪਿਆ ਜਾਂਦਾ ਹੈ। ਕਿਰਤ ਇਕ ਇਕਾਗਰਤਾ ਪੈਦਾ ਕਰਦੀ ਹੈ ਜਦਕਿ ਭਟਕਣ ਵਾਲੀ ਮਾਨਸਿਕ ਅਵਸਥਾ ਵਿਵਾਦੀ ਹੋਣ ਲਈ ਜਰੂਰੀ ਹੁੰਦੀ ਹੈ। ਗੁਲਾਮੀ ਗਲੋਂ ਲਾਹੁਣ ਲਈ ਜੂਝਣ ਵਾਲੇ ਲੋਕ ਸਭ ਤੋਂ ਘੱਟ ਅਤੇ ਗੁਲਾਮੀ ਕਬੂਲ ਕਰਨ ਤੋਂ ਬਾਅਦ ਜੀਣ ਵਾਲੇ ਲੋਕ ਵਿਵਾਦਾਂ ਦੇ ਵਧੇਰੇ ਸ਼ਿਕਾਰ ਹੁੰਦੇ ਹਨ। ਅਜਾਦੀ ਦੀ ਹਾਲਤ ਵਿਚ ਵਿਵਾਦੀ ਬੰਦੇ ਦੂਜਿਆਂ ਤੇ ਹਮਲੇ ਕਰਨ ਲਈ ਮਾਹੌਲ ਤਿਆਰ ਕਰਦੇ ਹਨ। ਪਰ ਗੁਲਾਮੀ ਦੀ ਹਾਲਤ ਵਿਚ ਉਹ ਆਪਣੇ ਲੋਕਾਂ ਨੂੰ ਹੀ ਸ਼ਿਕਾਰ ਬਣਾਉਂਦੇ ਹਨ। ਕਿਸੇ ਗੁਲਾਮੀ ਦੀ ਹਾਲਤ ਵਾਲੀ ਧਿਰ ਦੀ ਤਾਕਤ ਅੰਦਰੂਨੀ ਮਜਬੂਤੀ ਉਤੇ ਨਿਰਭਰ ਕਰਦੀ ਹੁੰਦੀ ਹੈ। ਅੰਦਰੂਨੀ ਏਕਤਾ ਲਈ ਵਿਵਾਦ ਸਭ ਤੋਂ ਖਤਰਨਾਕ ਵਰਤਾਰਾ ਹੁੰਦੇ ਹਨ।

ਆਪਣੀ ਹਸਤੀ ਅਤੇ ਆਪਣੇ ਅੰਤਮ ਨਿਸ਼ਚੇ ਪ੍ਰਤੀ ਸ਼ੰਕਾ ਹੀ ਮਨੁੱਖ ਨੂੰ ਵਿਵਾਦ ਦਾ ਪੁਤਲਾ ਬਣਾਉਂਦਾ ਹੈ। ਵੇਖਣ ਨੂੰ ਬੇਸ਼ੱਕ ਉਹ ਕਿੰਨੇ ਵੀ ਹਠੀ ਲੱਗਣ ਪਰ ਇਹ ਹੱਠ ਉਹਨਾਂ ਦੇ ਅੰਦਰਲੇ ਖਾਲੀਪਣ ਦੀ ਪਰਦਾਪੋਸ਼ੀ ਹੀ ਹੁੰਦੀ ਹੈ। ਉਹਨਾਂ ਦਾ ਵੱਧ ਬੋਲਣਾ, ਉਚੀ ਬੋਲਣਾ ਅਤੇ ਆਪਣੀ ਗੱਲ ਤੇ ਦੁਨੀਆ ਦੇ ਅੰਤਮ ਸੱਚ ਵਾਂਗ ਜੋਰ ਦੇਈ ਜਾਣਾ, ਉਹਨਾਂ ਦੇ ਖਾਲੀਪਣ ਦੀ ਅਵਾਜ ਹੁੰਦਾ ਹੈ। ਵਿਵਾਦ ਦੀ ਮੁਹਿੰਮ ਭਖਾਉਣ ਵਾਲੇ ਲੋਕ ਅਕਸਰ ਬਚਪਨ ਵਿਚ ਕਿਸੇ ਹੀਣਤਾ ਦਾ ਸ਼ਿਕਾਰ ਰਹੇ ਹੁੰਦੇ ਹਨ। ਉਹ ਵਿਵਾਦ ਰਾਹੀਂ ਅਸਲ ਵਿਚ ਆਪਣੀ ਹੀਣਤਾ ਦਾ ਬਦਲਾ ਸਮਾਜ ਤੋਂ ਲੈ ਰਹੇ ਹੁੰਦੇ ਹਨ। ਇਸ ਕਰਕੇ ਵਿਵਾਦੀ ਬੰਦੇ ਜਿਸ ਵੀ ਮੁੱਦੇ ਨੂੰ ਹੱਥ ਪਾਉਂਦੇ ਹਨ ਉਸ ਦੀਆਂ ਧੱਜੀਆਂ ਉਡਾਉਣ ਦੀ ਕੋਸ਼ਿਸ਼ ਕਰਦੇ ਹਨ। ਕਿਸੇ ਕੰਮ ਨੂੰ ਸੁਆਰਨਾ ਸਾਂਭਣਾ ਉਹਨਾਂ ਦੇ ਚਿਤ ਚੇਤੇ ਨਹੀਂ ਹੁੰਦਾ। ਉਹ ਹੀਂਜਰਦੇ ਸਾਹਨ ਵਾਂਗ ਕਿਸੇ ਵੀ ਸਮਾਜ ਦੀ ਰੂੜੀ ਨੂੰ ਟੱਕਰ ਜਾ ਲਾਉਂਦੇ ਹਨ। ਉਸ ਨੂੰ ਖਿਲਾਰ ਕੇ ਆਪਣੇ ਸਿਰ ਵਿਚ ਵੀ ਪਾ ਲੈਂਦੇ ਹਨ ਅਤੇ ਸਾਫ ਥਾਂ ਤੇ ਵੀ ਖਿਲਾਰ ਦਿੰਦੇ ਹਨ। ਉਹਨਾਂ ਨੂੰ ਕਿਸੇ ਗੱਲ, ਬੰਦੇ ਜਾਂ ਸਿਧਾਂਤ ਦੇ ਸਹੀ ਗਲਤ ਹੋਣ ਦਾ ਸਵਾਲ ਨਹੀਂ ਹੁੰਦਾ। ਉਹਨਾਂ ਲਈ ਸਿਰਫ ਆਪਣੀ ਪਸੰਦ ਨਾਪਸੰਦ ਦਾ ਰੌਲ਼ਾ ਹੁੰਦਾ ਹੈ। ਨਾਪਸੰਦੀ ਜਾਹਰ ਕਰਨੀ ਉਹਨਾਂ ਲੋਕਾਂ ਦੀ ਪਹਿਲ ਹੁੰਦੀ ਹੈ। ਉਹਨਾਂ ਦੀ ਕਿਸੇ ਹੋਰ ਨਾਲ ਸਾਂਝ ਵੀ ਨਿਖੇਧ ਦੇ ਨੁਕਤੇ ਤੋਂ ਹੁੰਦੀ ਹੈ।
ਵਿਵਾਦ ਦੇ ਪਿੜ ਵਿਚ ਉਹ ਲੋਕ ਵੀ ਆਉਂਦੇ ਹਨ ਜੋ ਆਪਣੇ ਆਪ ਨੂੰ ਆਪਣੀ ਅਸਲ ਸਮਰੱਥਾ ਤੋਂ ਕਿਤੇ ਵੱਧ ਸਮਰੱਥ ਮੰਨ ਲੈਂਦੇ ਹਨ। ਸਹੀ ਯੋਗਤਾ ਨਾ ਹੋਣ ਕਰਕੇ ਉਹ ਗਲਤ ਤਰੀਕੇ ਨਾਲ ਆਪਣੇ ਆਪ ਨੂੰ ਉਪਰ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਕਿਸੇ ਇਕ ਨਿੱਕੀ ਜਿਹੀ ਮਾਨਤਾ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਏਨਾ ਵੱਡਾ ਮੰਨ ਲਿਆ ਹੁੰਦਾ ਹੈ ਕਿ ਉਹ ਲੋਕ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਸਮਾਜ ਦਾ ਕੋਈ ਅਹਿਮ ਕੰਮ, ਉਹਨਾਂ ਦੇ ਨਾਂ ਤੋਂ ਬਿਨਾਂ ਹੋ ਸਕੇ। ਇਸ ਕਰਕੇ ਉਹ ਆਪਣੇ ਆਪ ਨੂੰ ਹਰ ਗੱਲ ਕੰਮ ਦਾ ਕੇਂਦਰ ਬਿੰਦੂ ਬਣਾਉਣ ਲਈ ਕੁਝ ਵੀ ਕਰਦੇ ਹਨ। ਜਿਉਂ ਜਿਉਂ ਉਹਨਾਂ ਨੂੰ ਆਪਣੀ ਅਹਿਮੀਅਤ ਘਟਦੀ ਲਗਦੀ ਹੈ ਉਹ ਹੋਰ ਵਧੇਰੇ ਨਾਜੁਕ ਮਸਲਿਆਂ ਦੇ ਵਿਵਾਦ ਵੱਲ ਮੂੰਹ ਕਰਦੇ ਹਨ ਤਾਂ ਕਿ ਆਪਣੀ ਚਰਚਾ ਕਰਾਉਣ ਵਾਲੀ ਸਾਖ ਨੂੰ ਬਹਾਲ ਕਰ ਸਕਣ। ਕਿਸੇ ਚੜ੍ਹਾਈ ਵਾਲੀ ਹਾਲਤ ਵਿਚ ਉਹ ਕੋਈ ਚੰਗੀ ਗੱਲ ਜਾਂ ਕੰਮ ਵੀ ਕਰ ਸਕਦੇ ਹਨ- ਉਹ ਗੱਲ ਜਾਂ ਕੰਮ ਉਹਨਾਂ ਦੇ ਸੂਰਮੇ ਜਾਂ ਦਾਨੇ ਹੋਣ ਦੇ ਭੁਲੇਖੇ ਨੂੰ ਲੋਕਾਂ ਵਿਚ ਵੀ ਪੱਕਾ ਕਰ ਸਕਦੇ ਹਨ।

ਕੁਝ ਲੋਕ ਮੂਲ ਰੂਪ ਵਿਚ ਏਨੇ ਕਲੇਸ਼ੀ ਹੁੰਦੇ ਹਨ ਕਿ ਆਪਣੀ ਨਿੱਜੀ ਜਿੰਦਗੀ ਵਿਚ ਸਮਾਅ ਨਹੀਂ ਸਕਦੇ। ਉਹ ਕਾਰਣਵੱਸ ਕਿਸੇ ਘਟਨਾ ਜਾਂ ਵਿਵਾਦ ਰਾਹੀਂ ਇਕ ਵਾਰ ਸਮਾਜਕ ਜਿੰਦਗੀ ਵਿਚ ਆ ਜਾਂਦੇ ਹਨ। ਸਿਆਣੇ ਲੋਕਾਂ ਦੇ ਪਾਸਾ ਵੱਟ ਲੈਣ ਜਾਂ ਚੁੱਪ ਰਹਿਣ ਕਾਰਨ ਉਹ ਅਕਸਰ ਖਾਸ ਹੋਣ ਦਾ ਮਾਣ ਹਾਸਲ ਕਰ ਲੈਂਦੇ ਹਨ। ਆਪਣੇ ਖਾਸ ਹੋਣ ਦੇ ਭਰਮ ਨੂੰ ਬਣਾਈ ਰੱਖਣ ਲਈ ਅਤੇ ਆਪਣੇ ਸੁਭਾਅ ਮੁਤਾਬਿਕ ਉਹਨਾਂ ਲੋਕਾਂ ਦੀ ਜੀਵਨ ਸੇਧ ਵਿਵਾਦ ਹੀ ਹੁੰਦਾ ਹੈ। ਅਜਿਹੇ ਬੰਦਿਆਂ ਨੂੰ ਕਿਸੇ ਵਿਰੋਧੀ ਧਿਰ ਦੀ ਸਾਜਿਸ ਦੀ ਲੋੜ ਨਹੀਂ ਹੁੰਦੀ ਉਹ ਆਪਣੇ ਲੋਕਾਂ ਦੇ ਵਿਰੋਧ ਵਿਚੋਂ ਹੀ ਸੁਆਦ ਲੈਂਦੇ ਹਨ। ਆਮ ਲੋਕਾਂ ਵਿਚ ਵਿਵਾਦ ਤੋਂ ਪੈਦਾ ਹੋਣ ਵਾਲੀ ਪਰੇਸ਼ਾਨੀ ਉਹਨਾਂ ਦੀ ਆਮਦਨ ਹੁੰਦੀ ਹੈ। ਉਹ ਕੋਈ ਉਲਟੀ ਗੱਲ ਕਰਕੇ ਆਮ ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰ ਦਿੰਦੇ ਹਨ। ਆਪਣੇ ਆਪ ਨੂੰ ਅਚੰਭੇ ਵਜੋਂ ਪੇਸ਼ ਕਰਦੇ ਹਨ। ਹਰ ਸਮਾਜ ਵਿਚਲੇ ਬੇਸਬਰੇ ਅਤੇ ਅਗਿਆਨੀ ਲੋਕ ਅਜਿਹੇ ਅਚੰਭਿਆਂ ਦੇ ਪਾਲ਼ੇ ਵਿਚ ਇਕੱਠੇ ਹੋਣ ਲਗਦੇ ਹਨ। ਜਿਹੜੇ ਲੋਕ ਕਿਰਤ ਕਰਨ ਤੋਂ ਡਰਦੇ ਜਾਂ ਅੱਕੇ ਹੁੰਦੇ ਹਨ ਉਹ ਵੀ ਇਸ ਭੀੜ ਦਾ ਹਿੱਸਾ ਬਣ ਕੇ ਮਾਨਸਿਕ ਖੁਸ਼ੀ ਹਾਸਲ ਕਰਦੇ ਹਨ। ਬੁਰਾਈਆਂ ਦੀ ਬੁਰਾਈ ਕਰਨੀ ਆਮ ਲੋਕਾਂ ਨੂੰ ਬੜਾ ਚੰਗਾ, ਸੌਖਾ ਅਤੇ ਜਰੂਰੀ ਕੰਮ ਲਗਦਾ ਹੈ। ਵਿਵਾਦੀ ਲੋਕ ਇਥੋਂ ਹੀ ਆਪਣੀ ਅਹਿਮਤੀਅਤ ਧਾਰਨੀ ਸ਼ੁਰੂ ਕਰਦੇ ਹਨ। ਕਿਸੇ ਬੁਰਾਈ ਜਾਂ ਨੁਕਸ ਦੀ ਆਮ ਲੋਕਾਂ ਨਾਲੋਂ ਵਧੇਰੇ ਸਖਤ ਤਰੀਕੇ ਨਾਲ ਨੁਕਤਾਚੀਨੀ ਕਰਦੇ ਹਨ। ਉਸ ਨੁਕਤੇ ਨੂੰ ਜਿੰਦਗੀ ਦਾ ਬਹੁਤ ਅਹਿਮ ਮਸਲਾ ਬਣਾ ਕੇ ਪੇਸ਼ ਕਰਦੇ ਹਨ। ਰੌਲਾ ਪਾ ਪਾ ਕੇ ਉਹ ਉਸ ਨੁਕਤੇ ਨੂੰ ਆਖੀਰ ਏਨਾ ਅਹਿਮ ਬਣਾ ਦਿੰਦੇ ਹਨ ਕਿ ਸਾਰੀ ਜਿੰਦਗੀ ਦੀ ਕਸਵੱਟੀ ਹੀ ਬਣਾ ਲੈਂਦੇ ਹਨ। ਆਪਣੇ ਦੱਸੇ ਨੁਕਤੇ ਨੁਸਖੇ ਦੀ ਸਹੀ ਪਾਲਣਾ ਕਰਾਉਣੀ ਉਹਨਾਂ ਨੂੰ ਕਿਸੇ ਕਰਾਮਾਤ ਵਰਤਾਉਣ ਵਾਂਗ ਲਗਦਾ ਹੈ। ਆਪਣੇ ਨੁਕਤਿਆਂ ਲਈ ਉਹ ਹਸਤ ਰੇਖਾ, ਜੋਤਿਸ਼ ਅਤੇ ਵਸਤੂ ਸਾਸ਼ਤਰੀਆਂ ਵਾਂਗ ਪੱਕੇ ਹੁੰਦੇ ਹਨ ਅਤੇ ਦੂਜਿਆਂ ਦੀ ਇਹਨਾਂ ਗੱਲਾਂ ਲਈ ਹੀ ਨਿੰਦਿਆ ਕਰ ਰਹੇ ਹੁੰਦੇ ਹਨ। ਜਿੰਦਗੀ ਦੇ ਅਮਲ ਨੂੰ ਸਹਿਜ ਰੂਪ ਵਿਚ ਨਿਭਾਉਣ ਦੀ ਥਾਂ ਉਹ ਕਿਸੇ ਸਮਾਜਕ ਨੇਮ ਨੂੰ ਬਦਲਣ ਜਾਂ ਪਾਲਣ ਉਤੇ ਰਸਾਇਣੀ ਵਿਧੀ ਵਾਂਗ ਬੇਹੱਦ ਜਿਆਦਾ ਜੋਰ ਦਿੰਦੇ ਹਨ। ਉਹ ਕਿਸੇ ਬਦਲਾਅ ਦੀ ਥਾਂ ਆਪਣੇ ਅਨੁਕੂਲ ਸਥਿਤੀ ਬਣਾਈ ਰੱਖਣ ਲਈ ਵਧੇਰੇ ਚਿੰਤਤ ਹੁੰਦੇ ਹਨ। ਉਹ ਆਪਣੀ ਮਾਨਤਾਵਾਂ ਪ੍ਰਤੀ ਇਹ ਸਿੱਧ ਕਰਦੇ ਹਨ ਕਿ ਜੇ ਜਰਾ ਵੀ ਕੁਝ ਇਧਰ ਓਧਰ ਹੋ ਗਿਆ ਤਾਂ ਰਸਾਇਣੀ ਵਿਧੀ ਦੇ ਨਤੀਜੇ ਬਦਲ ਜਾਣਗੇ।

ਕਿਸੇ ਵਿਚਲਿਤ ਜਿੰਦਗੀ ਨੂੰ ਹੋਰ ਅਸਹਿਜ ਕਰ ਦੇਣਾ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਉਹ ਕਹਿਣ ਨੂੰ ਭਾਵੇਂ ਅੰਦਰ ਦੀ ਗੱਲ ਕਰਨ ਪਰ ਉਹਨਾਂ ਦਾ ਜੋਰ ਹਮੇਸ਼ਾਂ ਬਾਹਰ ਉਤੇ ਹੁੰਦਾ ਹੈ। ਵਿਵਾਦੀ ਲੋਕ ਸਿਰਫ ਵਿਦਵਾਨ ਕਿਸਮ ਦੇ ਨਹੀਂ ਹੁੰਦੇ ਸਗੋਂ ਉਹ ਆਪਣੀ ਬੀਰਤਾ ਅਤੇ ਰੱਬਤਾ ਦਾ ਦਾਅਵਾ ਵੀ ਕਰ ਦਿੰਦੇ ਹਨ। ਕਿਸੇ ਵੱਡੇ ਦੁਸ਼ਮਣ ਨੂੰ ਬਿਨਾਂ ਵਜਹ ਲਲਕਾਰਨ ਦੀਆਂ ਕਾਰਵਾਈਆਂ ਰਾਹੀਂ ਅਜਿਹੇ ਲੋਕ ਆਪਣੇ ਆਪ ਨੂੰ ਖਿੱਚ ਦਾ ਕੇਂਦਰ ਬਣਾਉਂਦੇ ਵੇਖੇ ਜਾ ਸਕਦੇ ਹਨ। ਕਿਸੇ ਸੱਚੀ-ਮੁੱਚੀ ਦੇ ਖਤਰਾ ਦਾ ਸਾਹਮਣੇ ਕਰਨ ਦੀ ਥਾਂ ਕਿਸੇ ਝੂਠੇ ਖਤਰੇ ਨਾਲ ਪੰਗੇ ਲੈ ਕੇ ਉਹ ਆਪਣੇ ਆਪ ਨੂੰ ਮੁੱਲਵਾਨ ਸਿੱਧ ਕਰਦੇ ਰਹਿੰਦੇ ਹਨ। ਧਰਮ ਦੇ ਖੇਤਰ ਵਿਚ ਪਾਖੰਡ ਦਾ ਵਿਰੋਧ ਕਰਨ ਵਾਲੇ ਵਿਵਾਦੀ ਅਕਸਰ ਕੁਝ ਸਮੇਂ ਬਾਅਦ ਰੱਬਤਾ ਦਾ ਦਾਅਵਾ ਕਰ ਦਿੰਦੇ ਹਨ। ਰੱਬਤਾ ਦਾ ਦਾਅਵਾ ਅਕਸਰ ਉਹਨਾਂ ਨੂੰ ਧਨ ਅਤੇ ਸੱਤਾ ਦੇ ਕਾਰੋਬਾਰੀਆਂ ਲੋਕਾਂ ਨਾਲ ਜੋੜ ਦਿੰਦਾ ਹੈ। ਇਸ ਤਰ੍ਹਾਂ ਰੱਬਤਾ ਵਾਲੇ ਵਿਵਾਦੀ ਕਿਸੇ ਸਮਾਜ ਦੀ ਰੂੜੀ ਵਾਲੀ ਥਾਂ ਤੋਂ ਉਠ ਕੇ ਰਾਜਗੱਦੀ ਦੇ ਪਾਵੇ ਵੀ ਬਣ ਜਾਂਦੇ ਹਨ।

ਵਿਵਾਦੀ ਬੰਦੇ ਕਿਸੇ ਵੀ ਖੇਤਰ ਵਿਚ ਜਾਣ ਉਹਨਾਂ ਦੀ ਪਹਿਲੀ ਪਛਾਣ ਇਹ ਹੁੰਦੀ ਹੈ ਕਿ ਉਸ ਖੇਤਰ ਵਿਚ ਕਿਸੇ ਸਤਿਕਾਰਯੋਗ ਨਾਂ ਦੀ ਬਹੁਤ ਛੇਤੀ ਬੇਅਦਬੀ ਕਰਦੇ ਹਨ। ਪਰਵਾਨਤ ਨਾਂ ਨੂੰ ਢਾਅ ਕੇ ਜਾਂ ਆਪਣਾ ਨਾਂ ਉਸ ਪਰਵਾਨਤ ਨਾਂ ਨਾਲੋਂ ਵੱਡਾ ਕਰਕੇ ਲਿਖਣ ਦੀ ਇੱਛਾ ਉਹਨਾਂ ਵਿਚ ਬਹੁਤ ਮੂੰਹਜੋਰ ਹੁੰਦੀ ਹੈ। ਆਪਣੀ ਕਿਸੇ ਵੀ ਗੱਲ ਤੇ ਮਾਮੂਲੀ ਜਿਹਾ ਕਿੰਤੂ ਹੋਣ ਤੇ ਵੀ ਉਹਨਾਂ ਨੂੰ ਬਹੁਤ ਜਿਆਦਾ ਗੁੱਸਾ ਆ ਜਾਂਦਾ ਹੈ।

ਵਿਵਾਦ ਕਿਸੇ ਵੀ ਦੇਸ਼, ਕੌਮ ਜਾਂ ਧਰਮ ਅੰਦਰ ਕਦੇ ਖਤਮ ਨਹੀਂ ਹੁੰਦੇ ਸਗੋਂ ਰੁੱਤਾਂ ਦੇ ਬਦਲਣ ਵਾਂਗ ਸਮਾਜ ਦੀ ਚਾਲ ਵਿਚ ਸਥਿਤੀ ਅਨੁਸਾਰ ਮੁੜ ਮੁੜ ਉਠਦੇ ਰਹਿੰਦੇ ਹਨ। ਹਰ ਧਰਮ ਦੇ ਮੁਢਲੇ ਗਰੰਥਾਂ ਅੰਦਰ ਉਸ ਵੇਲੇ ਦੇ ਮਨੁੱਖੀ ਸਮਾਜ ਦੇ ਨੈਤਿਕ ਪਤਨ ਦਾ ਜਿਕਰ ਹੈ। ਜੋ ਇਸ ਗੱਲ ਦੀ ਗਵਾਹੀ ਹੈ ਮਨੁੱਖੀ ਸਮਾਜ ਵਿਚ ਬੁਰਿਆਈ ਹਰ ਵੇਲੇ ਹਾਜਰ ਹੁੰਦੀ ਹੈ ਪਰ ਹਰ ਸਮਾਜ ਚੰਗਿਆਈ ਲਈ ਤਾਂਘ ਰਿਹਾ ਹੁੰਦਾ ਹੈ। ਜਿਵੇਂ ਚੰਗਿਆਈ ਵਾਲੇ ਚੰਗੇ ਲਈ ਮਿਹਨਤ ਕਰਦੇ ਹਨ ਕਿ ਠੀਕ ਤਰੀਕੇ ਨਾਲ ਬੁਰਿਆਈ ਖਤਮ ਹੋਵੇ ਉਵੇਂ ਵਿਵਾਦ ਵਾਲੇ ਵੀ ਆਪਣੇ ਤਰੀਕੇ ਨਾਲ ਆਪਣੇ ਦਿਸ਼ਾ ਵਿਚ ਮਿਹਨਤ ਕਰਦੇ ਹਨ। ਨਿੱਜੀ ਰੂਪ ਵਿਚ ਅਤੇ ਸਮਾਜਕ ਰੂਪ ਵਿਚ ਮਨੁੱਖ ਅੰਦਰੋਂ ਬੁਰਿਆਈ ਖਤਮ ਨਹੀਂ ਹੋ ਸਕਦੀ, ਇਸ ਕਰਕੇ ਵਿਵਾਦ ਮਨੁੱਖੀ ਜਿੰਦਗੀ ਦਾ ਹਿੱਸਾ ਰਹਿਣਗੇ। ਗੁਰਬਾਣੀ ਅੰਦਰ ਜਿਹੜੇ ਮਨੁੱਖਾਂ ਦੀ ਸੰਗਤ ਤੋਂ ਮਨ੍ਹਾਂ ਕੀਤਾ ਗਿਆ ਹੈ ਵਿਵਾਦੀਆਂ ਵਿਚ ਉਹ ਲੱਛਣ ਖਾਸ ਤੌਰ ਤੇ ਹੁੰਦੇ ਹਨ।