ਸਿੱਖ ਵਿਰਾਸਤ ਦੀ ਬਰਬਾਦੀ ਦਾ ਇੱਕ ਹੋਰ ਯਤਨ ਪਿਛਲੇ ਦਿਨੀ ਸਿੱਖ ਸੰਗਤਾਂ ਦੇ ਵੱਡੇ ਦਬਾਅ ਕਾਰਨ ਅਸਫਲ ਹੋ ਗਿਆ ਹੈੈ। ਜੇ ਸਿੱਖ ਸੰਗਤਾਂ ਮੌਕੇ ਸਿਰ ਅਵਾਜ਼ ਨਾ ਉਠਾਉਂਦੀਆਂ ਤਾਂ 170 ਸਾਲ ਪੁਰਾਣੀ ਕੰਵਰ ਨੌਨਿਹਾਲ ਸਿੰਘ ਵੱਲੋਂ ਉਸਾਰੀ ਗਈ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਉਡੀ ਵੀ ਹੁਣ ਤੱਕ ਮਲਬੇ ਦਾ ਢੇਰ ਬਣ ਜਾਣੀ ਸੀ। ਉਹ ਵੀ ਕਿਸੇ ਦੁਸ਼ਮਣ ਹੱਥੋਂ ਨਹੀ ਬਲਕਿ ਸਾਡੀ ਆਪਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੁਆਰਾ। ਇਮਾਰਤਾਂ ਦੇ ਸੁੰਦਰੀਕਰਨ ਦੇ ਨਾਅ ਤੇ ਸਿੱਖ ਪੰਥ ਵਿੱਚ ਪੁਰਾਣੀਆਂ ਇਮਾਰਤਾਂ ਨੂੰ ਢਾਹ ਦੇਣ ਦਾ ਰੁਝਾਨ ਚਲਿਆ ਆ ਰਿਹਾ ਹੈੈ। ਗੁਲਾਮ ਕੌਮਾਂ ਨੂੰ ਇਹ ਗੱਲ ਹਲਾਂਕਿ ਹੋਰਾਂ ਨਾਲੋਂ ਵੱਧ ਸਮਝਣੀ ਚਾਹੀਦੀ ਹੁੰਦੀ ਹੈ ਕਿ ਉਹ ਆਪਣੇ ਇਤਿਹਾਸ ਅਤੇ ਵਿਰਾਸਤ ਦੇ ਚਿੰਨ੍ਹ ਹਮੇਸ਼ਾ ਲਈ ਬਚਾਅ ਕੇ ਰੱਖਣ ਤਾਂ ਕਿ ਗੁਲਾਮੀ ਤੋਂ ਮੁਕਤੀ ਪਾਉਣ ਲਈ ਚੱਲਣ ਵਾਲੇ ਸੰਘਰਸ਼ ਵਿੱਚ ਉਹ ਚਿੰਨ੍ਹ ਸਹਾਈ ਹੋ ਸਕਣ।

ਪਰ ਸਿੱਖਾਂ ਦਾ ਇਹ ਦੁਖਾਂਤ ਹੈ ਕਿ ਇਸਦੇ ਪੱਲੇ ਪਈ ਲੀਡਰਸ਼ਿੱਪ ਆਪਣਾਂ ਸਾਰਾ ਕੁਝ ਬਹੁ-ਗਿਣਤੀ ਚਰਨਾ ਅੱਗੇ ਢੇਰ ਕਰ ਚੁੱਕੀ ਹੈੈ। ਆਪਣੀ ਲੰਗੜੀ ਜਿਹੀ ਕੁਰਸੀ ਨੂੰ ਬਚਾਉਣ ਲਈ ਸਿੱਖ ਲੀਡਰਸ਼ਿੱਪ ਨਾ ਕੇਵਲ ਸਿੱਖਾਂ ਦੀ ਵਿਰਾਸਤ ਦੇ ਥੰਮਾਂ ਨਾਲ ਖਿਲਵਾੜ ਕਰ ਰਹੀ ਹੈ ਬਲਕਿ ਸਿੱਖ ਸਿਧਾਂਤ ਨਾਲ ਵੀ ਵੱਡੇ ਪੱਧਰ ਤੇ ਛੇੜਛਾੜ ਕੀਤੀ ਜਾ ਰਹੀ ਹੈੈ।

ਕਾਰ ਸੇਵਾ ਦੇ ਨਾਅ ਤੇ ਸਿੱਖ ਪੰਥ ਵਿੱਚ ਇੱਕ ਅਜਿਹਾ ਵਪਾਰ ਸ਼ੁਰੂ ਹੋ ਗਿਆ ਹੈ ਜਿਸਦੀ ਲਾਲਸਾ ਹਰ ਅਨਪੜ੍ਹ ਬਾਬਾ ਆਪਣੇ ਮਨ ਵਿੱਚ ਲਈ ਬੈਠਾ ਹੈੈ। ਪੰਜਾਬ ਦੇ ਪਿੰਡਾਂ ਵਿੱਚੋਂ ਜਿਹੜੇ ਗਰੀਬ ਘਰਾਂ ਦੇ ਬੱਚੇ ਕਾਰ ਸੇਵਾ ਵਾਲੇ ਜਥਿਆਂ ਵਿੱਚ ਆ ਰਲਦੇ ਹਨ ਅਸਲ ਵਿੱਚ ਉਨ੍ਹਾਂ ਦੇ ਭਵਿੱਖ ਬਾਰੇ ਸੋਚਣ ਦਾ ਸਾਡੇ ਕੋਲ ਕੋਈ ਸਮਾਂ ਨਹੀ ਹੈੈ। ਦੋ ਡੰਗ ਦੀ ਰੋਟੀ ਅਤੇ ਕੁਝ ਕੱਪੜਿਆਂ ਬਦਲੇ ਉਨ੍ਹਾਂ ਦਾ ਸਾਰਾ ਜੀਵਨ ਬਰਬਾਦ ਕਰ ਦਿੱਤਾ ਜਾਂਦਾ ਹੈੈ। ਉਨ੍ਹਾਂ ਦੀ ਪੜ੍ਹਾਈ ਬਾਰੇ, ਉਨ੍ਹਾਂ ਨੂੰ ਚੰਗਾ ਜੀਵਨ-ਜਾਂਚ ਦੇਣ ਬਾਰੇ ਜਾਂ ਉਨ੍ਹਾਂ ਦੀ ਸੋਚ ਨੂੰ ਉੱਚਾ ਚੁੱਕਣ ਬਾਰੇ ਕੋਈ ਵੀ ਨਹੀ ਸੋਚਦਾ। ਉਨ੍ਹਾਂ ਦੀ ਮਾਸੂਮੀਅਤ ਨੂੰ ਕਾਰ ਸੇਵਾ ਵਾਲੇ ਬਾਬੇ ਆਪਣੇ ਰਾਜਸੀ ਅਤੇ ਆਰਥਕ ਫਾਇਦਿਆਂ ਲਈ ਵਰਤਦੇ ਹਨ।

ਅੰਦਰ ਦੀਆਂ ਖਬਰਾਂ ਜਾਨਣ ਵਾਲੇ ਦੱਸਦੇ ਹਨ ਕਿ ਕਾਰ ਸੇਵਾ ਹਾਸਲ ਕਰਨ ਲਈ ਬਹੁਤ ਸਾਰੀ ਰਿਸ਼ਵਤ ਪਰਬੰਧਕਾਂ ਨੂੰ ਦਿੱਤੀ ਜਾਂਦੀ ਹੈੈ। ਸਿੱਖ ਕੌਮ ਦੀ ਵਿਰਾਸਤ ਦੀ ਬਰਬਾਦੀ ਲਈ ਇਹ ਇੱਕ ਵੱਡਾ ਵਪਾਰ ਚੱਲ ਰਿਹਾ ਹੈੈ। ਇਸ ਵਪਾਰ ਨੂੰ ਚਲਾਉਣ ਵਾਲਿਆਂ ਨੇ ਹੀ 1984 ਦੇ ਸਾਕੇ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਤੇ ਲੱਗੇ ਗੋਲੀਆਂ ਦੇ ਨਿਸ਼ਾਨ ਖਤਮ ਕਰ ਦਿੱਤੇ ਸਨ।

ਜਦੋਂ 1986 ਵਿੱਚ ਸਿੱਖ ਸੰਗਤਾਂ ਨੇ ਸਰਕਾਰ ਵੱਲੋਂ ਬਣਾਈ ਗਈ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਮੁੜ ਤੋਂ ਸੰਗਤ ਦੇ ਕਰ ਕਮਲਾਂ ਨਾਲ ਉਸਾਰਨ ਦਾ ਫੈਸਲਾ ਕੀਤਾ ਤਾਂ, ਇਸ ਜਗਤਾਰ ਸਿੰਘ ਨਾਅ ਦੇ ਸ਼ਖਸ਼ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਤਹਿਖਾਨੇ ਵਿੱਚ ਸਥਿਤ ਕੁਝ ਇਤਿਹਾਸਕ ਨਿਸ਼ਾਨੀਆਂ ਨੂੰ ਵੀ ਮਟੀਆਂ ਆਖ ਕੇ ਢਾਹ ਦੇਣ ਦਾ ਯਤਨ ਕੀਤਾ ਸੀ ਪਰ ਸੁਚੇਤ ਸਿੱਖਾਂ ਦੇ ਰੋਹ ਕਾਰਨ ਉਹ ਆਪਣੇ ਮਨਸ਼ਿਆਂ ਵਿੱਚ ਕਾਮਯਾਬ ਨਾ ਹੋ ਸਕਿਆ। ਦੱਸਿਆ ਜਾਂਦਾ ਹੈ ਕਿ ਉਦੋਂ ਵੀ ਇਹ ਜਗਤਾਰ ਸਿੰਘ ਨਾਅ ਦਾ ਸ਼ਖਸ਼ ਆਪਣੇ ਨਾਲ ਗੁੰਡਾ ਫੌਜ ਲੈ ਕੇ ਆਇਆ ਸੀ ਪਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜੁਝਾਰੂ ਨੌਜਵਾਨਾਂ ਅੱਗੇ ਉਸਦੀ ਪੇਸ਼ ਨਾ ਚੱਲੀ।

ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊਢੀ ਨੂੰ ਤਬਾਹ ਕਰਨ ਲਈ ਵੀ ਬਾਬੇ ਦੀ ਗੁੰਡਾ ਫੌਜ ਉੱਥੇ ਮੌਜੂਦ ਸੀ ਪਰ ਸਿੱਖ ਸੰਗਤਾਂ ਦੇ ਰੋਹ ਕਾਰਨ ਅਤੇ ਕਮੇਟੀ ਤੇ ਕਾਬਜ ਲੋਕਾਂ ਦੀ ਹੋਰ ਬੇਇਜ਼ਤੀ ਹੋਣ ਦੇ ਡਰੋਂ ਉਪਰੋਂ ਆਏ ਹੁਕਮਾਂ ਤਹਿਤ ਉਹ ਢਾਹ-ਢੁਹਾਈ ਰੋਕ ਦਿੱਤੀ ਗਈ।

ਇਸ ਵਰਤਾਰੇ ਨੇ ਇਹ ਦਰਸਾ ਦਿੱਤਾ ਹੈ ਕਿ ਬਹੁਤ ਸਾਰੀਆਂ ਅਦਿੱਖ ਸ਼ਕਤੀਆਂ ਜੋ ਸਿੱਖ ਸੰਸਥਾਵਾਂ ਦੇ ਰੂਪ ਵਿੱਚ ਕੰਮ ਕਰ ਰਹੀਆਂ ਹਨ ਉਹ ਸਿੱਖਾਂ ਦੇ ਨਿਆਰੇਪਣ ਨੂੰ ਦਰਸਾਉਣ ਵਾਲੀਆਂ ਸਾਰੀਆਂ ਨਿਸ਼ਾਨੀਆਂ ਖਤਮ ਕਰ ਦੇਣੀਆਂ ਚਾਹੁੰਦੀਆਂ ਹਨ। ਸਿੱਖ ਕੌਮ ਦੇ ਲਾਲਚੀ ਲੀਡਰਾਂ ਨੇ ਆਪਣਾਂ ਸਾਰਾ ਕੁਝ ਅਜਿਹੀਆਂ ਸ਼ਕਤੀਆਂ ਦੇ ਅੱਗੇ ਢੇਰੀ ਕਰ ਦਿੱਤਾ ਹੋਇਆ ਹੈੈ। ਅਜਿਹੀ ਹਾਲਤ ਵਿੱਚ ਸਿੱਖਾਂ ਦੇ ਜਾਗਰਿਤ ਹਿੱਸਿਆਂ ਦੀ ਵਕਤ ਸਿਰ ਕੀਤੀ ਕਾਰਵਾਈ ਹੀ ਕੌਮ ਨੂੰ ਕੁਝ ਹੱਦ ਤੱਕ ਬਚਾਅ ਸਕੇਗੀ।

ਕੌਮਾਂ ਦੀ ਵਿਰਾਸਤ ਦੇ ਨਿਸ਼ਾਨ ਉਨ੍ਹਾਂ ਨੂੰ ਆਪਣੀ ਰਾਜਸੀ ਮੁਕਤੀ ਲਈ ਤਤਪਰ ਕਰਦੇ ਹਨ। ਅਧੀਨਗੀ ਹੇਠ ਰਹਿ ਰਹੀਆਂ ਕੌਮਾਂ ਨੂੰ ਹਮੇਸ਼ਾ ਆਪਣੀ ਵਿਰਾਸਤ ਦੇ ਨਿਸ਼ਾਨ ਅਤੇ ਨਿਸ਼ਾਨੀਆਂ ਬਚਾਅ ਕੇ ਰੱਖ਼ਣੀਆਂ ਚਾਹੀਦੀਆਂ ਹਨ, ਤਾਂ ਕਿ ਕੌਮ ਤੇ ਵੱਡੀਆਂ ਭੀੜਾਂ ਪੈਣ ਵੇਲੇ ਉਹ ਕੌਮ ਦੀ ਲਈ ਮਾਨਸਿਕ ਢੋਹੀ ਬਣ ਸਕਣ ਅਤੇ ਕੌਮ ਦੇ ਆਖਰੀ ਮੋਰਚੇ ਸਾਬਤ ਹੋ ਸਕਣ, ਜਿਨ੍ਹਾਂ ਦੀ ਓਟ ਵਿੱਚ ਕੌਮ ਨੇ ਆਪਣੀ ਹੋਂਦ ਨੂੰ ਬਚਾਅ ਕੇ ਰੱਖਣ ਦਾ ਸੰਘਰਸ਼ ਲੜਨਾ ਹੈੈ।