ਬਰਗਾੜੀ ਮੋਰਚੇ ਦੀ ਅਸਫਲਤਾ ਤੋਂ ਬਾਅਦ ਜੋ ਤਸਵੀਰ ਹੁਣ ਪੰਜਾਬ ਵਿੱਚ ਹੋ ਰਹੀਆਂ ਰਾਸ਼ਟਰੀ ਚੋਣਾਂ ਦੌਰਾਨ ਉਭਰ ਕੇ ਸਾਹਮਣੇ ਆਈ ਹੈ ਉਸਦਾ ਮੁੱਖ ਪਹਿਲੂ ਇਹ ਹੈ ਕਿ ਇਸ ਅਸਫਲਤਾ ਨਾਲ ਪੰਥਕ ਸੰਗਠਨ, ਬਰਗਾੜੀ ਇਨਸਾਫ ਮੋਰਚੇ ਨਾਲ ਜੁੜੀਆਂ ਧਿਰਾਂ ਪੂਰੀ ਤਰਾਂ ਨਾਲ ਪੰਜਾਬ ਦੇ ਹਾਸ਼ੀਏ ਤੇ ਚਲੀਆਂ ਗਈਆਂ ਹਨ। ਅਕਾਲੀ ਦਲ ਬਾਦਲ ਪਹਿਲਾਂ ਹੀ ਬਹਿਬਲ ਕਲਾਂ ਕਾਂਡ ਅਤੇ ਬੇਅਦਬੀ ਦੀਆਂ ਘਟਨਾਵਾਂ ਕਾਰਨ ਸਿੱਖ ਪੰਥ ਵੱਲੋਂ ਇੱਕ ਤਰਾਂ ਨਾਲ ਵਿਸਾਰ ਦਿੱਤਾ ਗਿਆ ਸੀ। ਇਸੇ ਤਰਾਂ ਬਰਗਾੜੀ ਮੋਰਚੇ ਦੇ ਚਾਣਚੱਕ ਖਤਮ ਹੋਣ ਕਾਰਨ ਬਾਕੀ ਦੀਆਂ ਪੰਥਕ ਧਿਰਾਂ ਵੀ ਇੱਕ ਤਰਾਂ ਨਾਲ ਖਾਮੋਸ਼ ਹੋ ਗਈਆਂ ਹਨ। ਜਿਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਅੱਜ ਗਰਮ ਤੇ ਨਰਮ ਸਿੱਖ ਸਿਆਸਤ ਪੂਰੀ ਤਰਾਂ ਠੰਡੀ ਪੈ ਗਈ ਹੈ ਅਤੇ ਪੰਥ ਨਾਲ ਜੁੜੇ ਅਹਿਮ ਮੁੱਦੇ ਚੰਡੀਗੜ੍ਹ ਦਾ ਪੰਜਾਬ ਨਾਲ ਰਲੇਵਾਂ, ਦਰਿਆਈ ਪਾਣੀਆਂ ਦਾ ਮਸਲਾ, ਨਕੋਦਰ ਕਾਂਡ, ਬਹਿਬਲ ਕਲਾਂ, ਬਰਗਾੜੀ ਦੇ ਬੇਅਦਬੀ ਕਾਂਡ ਦਾ ਮਸਲਾ, ਪੰਜਾਬ ਤੇ ਸਿੱਖਾਂ ਦੀ ਖੁਦਮੁਖਤਿਆਰੀ ਦੀ ਮੰਗ ਅਤੇ ਸਿੱਖਾਂ ਦੀ ਵੱਖਰੀ ਪਛਾਣ ਦਾ ਮਸਲਾ ਇੰਨਾ ਚੋਣਾਂ ਦੌਰਾਨ ਪੰਜਾਬ ਦੀ ਰਾਜਨੀਤੀ ਵਿਚੋਂ ਅਲੋਪ ਹੋ ਗਿਆ। ਅੱਜ ਬੜੇ ਚਿਰ ਬਾਅਦ ਪਹਿਲੀ ਵਾਰ ਇਹ ਤਸਵੀਰ ਉਭਰੀ ਹੈ ਕਿ ਪੰਥਕ ਧਿਰਾਂ ਦੇ ਹਾਸ਼ੀਏ ਤੇ ਜਾਣ ਨਾਲ ਸਾਡੀਆਂ ਵਿਰਾਸਤੀ ਨਿਸ਼ਾਨੀਆਂ ਜਿਨਾਂ ਨੂੰ ਗੁਰੁ ਸਾਹਿਬ ਦੀ ਛੋਹ ਪ੍ਰਾਪਤ ਸੀ ਜਿਵੇਂ ਕਿ ਤਰਨ ਤਾਰਨ ਸਾਹਿਬ ਦੀ ਦਰਸ਼ਨੀ ਡਿਉੜੀ ਨੂੰ ਰਾਤਾਂ ਦੇ ਹਨੇਰਿਆਂ ਵਿੱਚ ਕਾਰ ਸੇਵਾਂ ਦੇ ਨਾਮ ਹੇਠਾ ਢਾਹ ਦਿੱਤਾ ਜਾਣਾ ਤੇ ਉਸ ਖਿਲਾਫ ਇੰਨੇ ਸਮੇਂ ਬਾਅਦ ਵੀ ਪੰਥਕ ਧਿਰਾਂ ਦੀ ਉਭਰਵੀਂ ਅਵਾਜ਼ ਦਾ ਨਾ ਉਠਣਾ ਇਹ ਸੰਕੇਤ ਦਿੰਦਾ ਹੈ ਕਿ ਬਰਗਾੜੀ ਦੇ ਅੰਤ ਨਾਲ ਪੰਥਕ ਧਿਰ ਵੀ ਖਾਮੋਸ਼ੀ ਧਾਰਨ ਕਰ ਗਈ ਹੈ। ਭਾਵੇਂ ਕਾਂਗਰਸ ਆਪਣੀ ਰਾਜਸੱਤਾ ਦੌਰਾਨ ਆਪਣੀ ਮੁੱਖ ਵਿਰੋਧੀ ਧਿਰ ਅਕਾਲੀ ਦਲ ਨੂੰ ਦਬਾਅ ਹੇਠਾਂ ਰੱਖਣ ਲਈ ਬਹਿਬਲ ਕਲਾਂ ਦੀ ਜਾਂਚ ਕਰਵਾ ਰਿਹਾ ਹੈ ਪਰ ਇਹ ਕਿਸੇ ਪੰਥਕ ਜ਼ਜਬੇ ਅਨੁਸਾਰ ਭੁਗਤ ਸਕੂਗੀ, ਇਹ ਸਵਾਲੀਆਂ ਨਿਸ਼ਾਨ ਹੈ। ਹਾਂ ਇਸ ਨਾਲ ਕਾਂਗਰਸ ਦਾ ਰਾਜਸੀ ਮਨੋਰਥ ਜਰੂਰ ਹੱਲ ਹੁੰਦਾ ਦਿਖਾਈ ਦੇ ਰਿਹਾ ਹੈ। ਜਿਥੋਂ ਤੱਕ ਪੰਜਾਬ ਵਿੱਚ ਨਵੀਆਂ ਉਭਰੀਆਂ ਸਿਆਸੀ ਪਾਰਟੀਆਂ ਤੇ ਸਿਆਸੀ ਲੀਡਰਾਂ ਦਾ ਸਵਾਲ ਹੈ ਉਹ ਵੀ ਇਕ ਪੰਥਕ ਮੰਚ ਬਣਾਉਣ ਦੀ ਬਜਾਇ ਮੁੱਖ ਰੂਪ ਵਿੱਚ ਆਪਣੇ ਹੀ ਰਾਜਸੀ ਮਨੋਰਥਾਂ ਨੂੰ ਮੁੱਖ ਰੱਖ ਇੱਕ ਦੂਜੇ ਦੇ ਉਮੀਦਵਾਰ ਨੂੰ ਮੁਕਾਬਲਾ ਦੇਣ ਲਈ ਰਾਜਸੀ ਮੈਦਾਨ ਵਿੱਚ ਉਤਰੇ ਹਨ ਜਿਸ ਕਰਕੇ ਇੰਨਾਂ ਮੌਜੂਦਾਂ ਪੰਜਾਬ ਚੋਣਾ ਵਿੱਚ ਮੁੱਖ ਰੂਪ ਵਿੱਚ ਸਿੱਧਾ ਮੁਕਾਬਲਾ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਹੋਣਾ ਤਹਿ ਹੈ। ਸ਼੍ਰੋਮਣੀ ਅਕਾਲੀ ਦਲ ਪੂਰੀ ਤਰਾਂ ਨਾਲ ਆਪਣੇ ਆਪ ਨੂੰ ਪੰਥਕ ਮਸਲਿਆਂ ਤੋਂ ਵੱਖ ਕਰ ਚੁੱਕਿਆ ਹੈ। ਇੰਨਾ ਉਪਰ ਜੋ ਦਬਾਵ ਬਰਗਾੜੀ ਮੋਰਚੇ ਕਰਕੇ ਬਣਿਆ ਸੀ, ਉਸਦੇ ਖਤਮ ਹੋ ਜਾਣ ਨਾਲ, ਅੱਜ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਸਿਆਸਤ ਵਿੱਚੋਂ ਪੰਥਕ ਮਸਲੇ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕੇ ਹਨ।