ਪਿਛਲੇ 21 ਦਿਨਾਂ ਤੋਂ ਰੂਸ ਨੇ ਯੂਕਰੇਨ ਉੱਤੇ ਹਮਲਾ ਕੀਤਾ ਹੋਇਆ ਹੈ। ਬਹੁਤ ਹੀ ਭਿਆਨਕ ਕਿਸਮ ਦੀ ਬੰਬਾਰੀ ਯੂਕਰੇਨ ਦੇ ਸ਼ਹਿਰਾਂ ਉੱਤੇ ਲਗਾਤਾਰ ਹੋ ਰਹੀ ਹੈ। ਕਈ ਸ਼ਹਿਰਾਂ ਨੂੰ ਪਲਾਂ ਵਿੱਚ ਹੀ ਖੰਡਰ ਬਣਾ ਦਿੱਤਾ ਗਿਆ ਹੈ। ਬੱਚੇ,ਬਜ਼ੁਰਗ ਅਤੇ ਔਰਤਾਂ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ਤੇ ਭੱਜ ਰਹੇ ਹਨ। ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪਿਛਲੇ ਦਿਨੀ ਰੂਸ ਦੀ ਫੌਜ ਨੇ ਇੱਕ ਅਜਿਹੀ ਇਮਾਰਤ ਉੱਤੇ ਹਮਲਾ ਕੀਤਾ ਜਿਸ ਵਿੱਚ ਲਗਭਗ ਇੱਕ ਹਜ਼ਾਰ ਇਨਸਾਨਾਂ ਨੇ ਪਨਾਹ ਲਈ ਹੋਈ ਸੀ। ਹਾਲ ਦੀ ਘੜੀ ਉਸ ਭਿਆਨਕ ਹਮਲੇ ਵਿੱਚ ਜਾਨਾਂ ਗਵਾਉਣ ਵਾਲਿਆਂ ਦੀ ਅਸਲ ਗਿਣਤੀ ਦਾ ਪਤਾ ਨਹੀ ਲੱਗ ਸਕਿਆ, ਪਰ ਰੂਸੀ ਫੌਜ ਦੀ ਭਿਆਨਿਕਤਾ ਦਿਨੋ ਦਿਨ ਵਧ ਰਹੀ ਹੈ। ਉਨ੍ਹਾਂ ਲਈ ਯੂਕਰੇਨ ਦੀ ਤਬਾਹੀ ਹੀ ਇੱਕੋ ਇੱਕ ਨਿਸ਼ਾਨਾ ਰਹਿ ਗਿਆ ਜਾਪਦਾ ਹੈ। ਹਮਲਾਵਰ ਬਣੇ ਰੂਸ ਲਈ ਭਿਆਨਕ ਤਬਾਹੀ ਹੀ ਉਸਦੀ ਖੁਸ਼ੀ ਅਤੇ ਤਸੱਲੀ ਦਾ ਮੰਜਰ ਬਣਦਾ ਜਾ ਰਿਹਾ ਹੈ। ਦੁਨੀਆਂ ਭਰ ਦੇ ਦਾਨਿਸ਼ਵਰਾਂ ਦੀਆਂ ਅਪੀਲਾਂ ਅਤੇ ਬੇਨਤੀਆਂ ਵੀ ਰੂਸੀ ਰਾਸ਼ਟਰਪਤੀ ਦੇ ਮਨ ਨੂੰ ਨਹੀ ਪਸੀਜ ਰਹੀਆਂ।

ਜਦੋਂ ਵੀ ਕਿਤੇ ਜੰਗ ਲੱਗਦੀ ਹੈ ਤਾਂ ਉਸਦੇ ਹਮੇਸ਼ਾ ਦੋ ਪਹਿਲੂ ਸਾਹਮਣੇ ਰਹਿੰਦੇ ਹਨ। ਇੱਕ ਤਬਾਹੀ ਅਤੇ ਦਰਿੰਦਗੀ ਦਾ ਅਤੇ ਦੂਜਾ ਸੰਭਾਲ ਅਤੇ ਇਨਸਾਨੀਅਤ ਦਾ। ਯੂਕਰੇਨ ਤੇ ਹੋਏ ਹਮਲੇ ਦੌਰਾਨ ਵੀ ਇਹ ਦੋਵੇਂ ਪਹਿਲੂ ਸਪਸ਼ਟ ਉਜਾਗਰ ਹੋ ਰਹੇ ਹਨ। ਜਿੱਥੇ ਇੱਕ ਪਾਸੇ ਰੂਸ ਦੀਆਂ ਫੌਜਾਂ ਤਬਾਹੀ ਲਿਆ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਆਪਣੇ ਘਰ ਘਾਟ ਗਵਾ ਚੁੱਕੇ ਯੂਕਰੇਨੀਆਂ ਦੀ ਸਾਂਭ ਸੰਭਾਲ ਲਈ ਵੀ ਦੁਨੀਆਂ ਨੇ ਬਾਹਾਂ ਖੋਲ੍ਹ ਦਿੱਤੀਆਂ ਹਨ।

ਪੋਲੈਂਡ, ਹੰਗਰੀ, ਜਰਮਨੀ ਅਤੇ ਇੰਗਲੈਂਡ ਦੇ ਲੋਕਾਂ ਨੇ ਬੇਸਹਾਰੇ ਯੂਕਰੇਨੀਆਂ ਲਈ ਆਪਣੇ ਦਿਲਾਂ ਦੇ ਬੂਹੇ ਖੋਲ੍ਹ ਦਿੱਤੇ ਹਨ। ਪੋਲੈਂਡ ਅਤੇ ਹੰਗਰੀ ਲਗਾਤਾਰ ਜੰਗ ਪੀੜਤਾਂ ਦੀ ਸਾਂਭ ਸੰਭਾਲ ਲਈ ਅੱਗੇ ਆ ਰਹੇ ਹਨ। ਇਸ ਵੇਲੇ ਲਗਭਗ 50 ਲੱਖ ਲੋਕ ਯੂਕਰੇਨ ਵਿੱਚੋਂ ਪਲਾਇਨ ਕਰਕੇ ਜਾ ਚੁੱਕੇ ਹਨ ਜਿਨ੍ਹਾਂ ਦੀ ਸਾਂਭ ਸੰਭਾਲ ਗਵਾਂਢੀ ਮੁਲਕਾਂ ਦੇ ਲੋਕ ਕਰ ਰਹੇ ਹਨ। ਜਿਆਦਾ ਠੰਡ ਹੋਣ ਕਾਰਨ ਸਾਰਿਆਂ ਲਈ ਰਹਿਣ ਦੇ ਆਰਜੀ ਪਰਬੰਧ ਕੀਤੇ ਜਾ ਰਹੇ ਹਨ,ਗਰਮ ਕੱਪੜੇ ਅਤੇ ਖਾਣੇ ਦੇ ਪਰਬੰਧ ਵੱਡੇ ਪੱਧਰ ਤੇ ਕੀਤੇ ਜਾ ਰਹੇ ਹਨ ਅਤੇ ਸਾਰਿਆਂ ਲਈ ਡਾਕਟਰੀ ਸਹੂਲਤਾਂ ਦਾ ਇੰਤਜਾਮ ਕੀਤਾ ਜਾ ਰਿਹਾ ਹੈ। ਜਰਮਨੀ ਅਤੇ ਇੰਗਲੈਂਡ ਨੇ ਵੱਡੀ ਪੱਧਰ ਤੇ ਯੂਕਰੇਨ ਦੇ ਸ਼ਹਿਰੀਆਂ ਨੂੰ ਆਪਣੇ ਮੁਲਕਾਂ ਵਿੱਚ ਪਨਾਹ ਦੇਣ ਦਾ ਐਲਾਨ ਕੀਤਾ ਹੈ। ਜਰਮਨੀ ਪਹਿਲਾਂ ਹੀ ਇਰਾਕ, ਸੀਰੀਆ,ਅਫਗਾਨਿਸਤਾਨ ਆਦਿ ਤੋਂ ਕਰੋੜਾਂ ਲੋਕਾਂ ਨੂੰ ਪਨਾਹ ਦੇ ਚੁੱਕਾ ਹੈ।

ਇੰਗਲੈਂਡ ਦੀ ਸਰਕਾਰ ਨੇ ਵੀ ਯੂਕਰੇਨ ਦੇ ਸ਼ਹਿਰੀਆਂ ਨੂੰ ਪਨਾਹ ਦੇਣ ਦਾ ਐਲਾਨ ਕਰ ਦਿੱਤਾ ਹੈ। ਅਸੀਂ ਜੋ ਪੱਛਮੀ ਦੁਨੀਆਂ ਤੋਂ ਦੂਰ ਬੈਠੇ ਹਾਂ ਅਕਸਰ ਪੱਛਮੀ ਤਰਜ਼ੇ ਜਿੰਦਗੀ ਨੂੰ ਭੰਡਦੇ ਰਹਿੰਦੇ ਹਾਂ ਕਿ ਇਸਨੇ ਸੱਭਿਅਤਾ ਦੀ ਤਬਾਹੀ ਕਰ ਦਿੱਤੀ ਹੈ, ਇਸਦੇ ਰਾਜਸੀ ਅਤੇ ਆਰਥਕ ਮਾਡਲ ਨੇ ਇਨਸਾਨ ਦੀ ਇਨਸਾਨੀਅਤ ਖਤਮ ਕਰ ਦਿੱਤੀ ਹੈ। ਉਹ ਭੋਗਤਾ ਦੀ ਵਸਤੂ ਬਣਕੇ ਰਹਿ ਗਿਆ ਹੈ। ਪਰ ਇਹ ਅਧੂਰਾ ਸੱਚ ਹੈ। ਅਸੀਂ ਜਿਹੜੇ ਹਰ ਰੋਜ਼ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਅਮਲੀ ਤੌਰ ਤੇ ਕਿੰਨਾ ਕੁ ਸਰਬੱਤ ਦਾ ਭਲਾ ਕਰਦੇ ਹਾਂ। ਸਾਡੇ ਕਿਸੇ ਪਿੰਡ ਵਿੱਚ ਕਿਸੇ ਗਰੀਬ ਬੱਚੇ ਦੇ ਮਾਂ ਬਾਪ ਮਾਰੇ ਜਾਣ ਅਸੀਂ ਕਿੰਨੇ ਕੁ ਪਰਵਾਰਾਂ ਨੂੰ ਆਪਣੇ ਨਾਲ ਜੋੜਕੇ ਉਨ੍ਹਾਂ ਦੀ ਜਿੰਦਗੀ ਭਰ ਸਾਰ ਲੈਂਦੇ ਹਾਂ। ਪੰਜਾਬ ਵਿੱਚ ਕਿੰਨੇ ਬੱਚੇ ਬੇਸਹਾਰਾ ਫਿਰ ਰਹੇ ਹਨ, ਸੜਕਾਂ ਤੇ ਮਰੂੰਡੇ ਵੇਚ ਕੇ ਆਪਣੇ ਪਰਵਾਰ ਦਾ ਢਿੱਡ ਭਰ ਰਹੇ ਹਨ। ਪਰ ਅਸੀਂ ਸਮਾਜ ਦੇ ਤੌਰ ਤੇ ਅਤੇ ਸੱਭਿਅਤਾ ਦੇ ਤੌਰ ਤੇ ਉਨ੍ਹਾਂ ਦਾ ਜੀਵਨ ਸੁਧਾਰਨ ਵੱਲ ਕਿੰਨਾ ਕੁ ਧਿਆਨ ਦੇਂਦੇ ਹਾਂ।

ਦੂਜੇ ਪਾਸੇ ਪੱਛਮੀ ਮੁਲਕ ਕਹੇ ਜਾਂਦੇ ਜਰਮਨੀ ਨੇ ਹੁਣ ਤੱਕ ਲਗਭਗ 4 ਕਰੋੜ ਲੋਕਾਂ ਨੂੰ ਪਨਾਹ ਦਿੱਤੀ ਹੈ, ਉਨ੍ਹਾਂ ਦਾ ਜੀਵਨ ਬਦਲ ਦਿੱਤਾ ਹੈ।ਉਨ੍ਹਾਂ ਘਰ, ਕੱਪੜਾ ਅਤੇ ਰੁਜ਼ਗਾਰ ਸਭ ਕੁਝ ਮੁਹੱਈਆ ਕਰਵਾਇਆ ਹੈ। ਅਸੀਂ ਆਪਣੀਆਂ ਸੜਕਾਂ ਤੇ ਰੁਲਦੇ ਬੱਚਿਆਂ ਨੂੰ ਹੀ ਚੰਗਾ ਜੀਵਨ ਨਹੀ ਦੇ ਸਕੇ ਜਿਹੜੇ ਸਾਡੇ ਆਪਣੇ ਬੱਚੇ ਹਨ। ਹੋਰ ਤਾਂ ਹੋਰ ਪਿਛਲੇ ਦਿਨੀ ਕਿਸੇ ਵੀਰ ਨੇ ਸ਼ੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਕਿ ਪੰਜਾਬ ਦੀ ਅਜ਼ਮਤ ਨੂੰ ਬਚਾਉਣ ਲਈ ਚੱਲੇ ਸਿੱਖ ਸੰਘਰਸ਼ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਈ ਮਨੋਹਰ ਸਿੰਘ ਧੀਰੇ ਦਾ ਘਰ ਢੱਠਣ ਵਾਲਾ ਹੈ, ਕੋਈ ਉਸਦੀ ਸਾਰ ਨਹੀ ਲੈ ਰਿਹਾ।

ਦੂਜੇ ਪਾਸੇ ਇੰਗਲੈਂਡ ਦੀ ਸਰਕਾਰ ਨੇ ਅਪੀਲ ਕੀਤੀ ਕਿ ਜੇ ਕਿਸੇ ਕੋਲ ਘਰ ਵਿੱਚ ਵਾਧੂ ਥਾਂ ਹੈ ਤਾਂ ਉਹ ਸਰਕਾਰ ਨਾਲ ਸੰਪਰਕ ਕਰੇ ਤਾਂ ਕਿ ਯੂਕਰੇਨ ਤੋਂ ਆਉਣ ਵਾਲੇ ਲੋਕਾਂ ਨੂੰ ਰੱਖਣ ਦਾ ਪਰਬੰਧ ਕੀਤਾ ਜਾ ਸਕੇ। ਹੈਰਾਨੀ ਹੋਈ ਕਿ ਤਿੰਨ ਦਿਨਾਂ ਵਿੱਚ ਹੀ 1 ਲੱਖ 22 ਹਜ਼ਾਰ ਲੋਕਾਂ ਨੇ ਆਪਣੇ ਘਰ ਯੂਕਰੇਨ ਦੇ ਰਫਿਊਜ਼ੀਆਂ ਨੂੰ ਦੇਣ ਦੀ ਹਾਮੀ ਭਰ ਦਿੱਤੀ, ਬਿਨਾ ਕਿਸੇ ਲਾਲਚ ਦੇ। ਸਕਾਟਲੈਂਡ ਦੇ ਇੱਕ ਪੂਰੇ ਪਿੰਡ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਇਹ ਹੈ ਇਨਸਾਨੀ ਜਜਬਾ ਜੋ ਸੰਕਟ ਵੇਲੇ ਵੀ ਇਨਸਾਨੀਅਤ ਨੂੰ ਜਿੰਦਾ ਰੱਖਦਾ ਹੈ।