ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖ ਇਸ ਵੇਲੇ ਵਹੀਰਾਂ ਘੱਤ ਕੇ ਪੰਜਾਬ ਵੱਲ ਨੂੰ ਜਾ ਰਹੇ ਹਨ। Ḕਚਲੋ ਪੰਜਾਬḙ ਨਾ ਦੀ ਮੁਹਿੰਮ ਵਿਦੇਸ਼ਾਂ ਵਿੱਚ ਅਰੰਭ ਹੋ ਚੁੱਕੀ ਹੈ। ਵਿਦੇਸ਼ਾਂ ਦੀ ਸੁੱਖ-ਸ਼ਾਂਤੀ ਅਤੇ ਭਰਿਸ਼ਟਾਚਾਰ ਤੋਂ ਰਹਿਤ ਜਿੰਦਗੀ ਨੂੰ ਜੀਅ ਰਹੇ ਸਿੱਖ ਆਪਣੇ ਪੁਰਖਿਆਂ ਦੀ ਧਰਤੀ ਪੰਜਾਬ ਨੂੰ ਵੀ ਸਵਰਗ ਬਣਾਉਣ ਦਾ ਸੁਪਨਾ ਲੈ ਰਹੇ ਹਨ। ਵਿਦੇਸ਼ਾਂ ਵਿੱਚ ਵਸਣ ਵਾਲੇ ਸਿੱਖਾਂ ਦਾ ਇਹ ਸੁਪਨਾ ਨਵਾਂ ਨਹੀ ਹੈ। ਉਹ ਪਹਿਲੇ ਦਿਨ ਤੋਂ ਹੀ ਆਪਣੇ ਪੰਜਾਬ ਨੂੰ ਦੁਨੀਆਂ ਦੇ ਨਕਸ਼ੇ ਤੇ ਖਿੜਦੇ ਫੁੱਲ ਵਰਗਾ ਦੇਖਣਾਂ ਚਾਹੁੰਦੇ ਸਨ। ਪਰ ਪੰਜਾਬ ਨੂੰ ਆਪਣੀ ਲੈਬਾਰਟਰੀ ਬਣਾ ਕੇ ਤਜਰਬੇ ਕਰ ਰਹੀਆਂ ਤਾਕਤਾਂ ਨੇ ਸਿਖਾਂ ਦੀ ਇਹ ਰੀਝ ਪੂਰੀ ਨਾ ਹੋਣ ਦਿੱਤੀ। ਪੰਜਾਬ ਦੀ ਲੈਬਾਰਟਰੀ ਵਿੱਚ ਤਜ਼ਰਬੇ ਕਰ ਰਹੀਆਂ ਤਾਕਤਾਂ, ਪੰਜਾਬ ਨੂੰ ਭਾਰਤ ਦੀ ਇੱਕ ਬਸਤੀ ਬਣਾ ਕੇ ਰੱਖਣਾਂ ਚਾਹੁੰਦੀਆਂ ਸਨ ਅਤੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਜਿਸ ਦਿਨ ਪੰਜਾਬ ਆਰਥਕ ਅਤੇ ਸਿਆਸੀ ਤੌਰ ਤੇ ਉਨ੍ਹਾਂ ਦੇ ਪੰਜੇ ਵਿੱਚੋਂ ਅਜ਼ਾਦ ਹੋ ਗਿਆ ਤਾਂ ਸਿੱਖਾਂ ਵਿੱਚ ਫਿਰ ਇੱਕ ਵਾਰ ਅਜ਼ਾਦ ਹੋਣ ਦੀ ਰੀਝ ਉਸਲਵੱਟੇ ਲੈਣ ਲੱਗ ਪਵੇਗੀ।

ਇਸੇ ਲਈ ਦਿੱਲੀ ਨੇ ਹਮੇਸ਼ਾ ਪੰਜਾਬ ਉਤੇ ਉਹ ਲੀਡਰ ਹੀ ਠੋਸੀ ਰੱਖੇ ਜੋ ਆਪਣੇ ਵਪਾਰ ਨੂੰ ਤਾਂ ਭਾਵੇਂ ਦੂਣਾਂ ਤੀਣਾਂ ਕਰ ਲੈਣ ਪਰ ਪੰਜਾਬ ਦੀ ਦਿੱਲੀ ਦੇ ਗਲਬੇ ਤੋਂ ਮੁਕਤ ਹੋਣ ਦੀ ਰੀਝ ਨੂੰ ਅੱਗੇ ਨਾ ਵਧਾ ਸਕਣ।

੧੯੯੨ ਵਿੱਚ ਬੇਅੰਤ ਸਿੰਘ ਅਤੇ ਫਿਰ ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਆਪਣੇ ਕਬਜੇ ਅਧੀਨ ਲੈ ਕੇ ਦਿੱਲੀ ਵਾਲਿਆਂ ਨੂੰ ਇਹ ਸਿੱਧ ਕਰ ਦਿੱਤਾ ਸੀ ਕਿ ਉਹ ਆਪਣੇ ਵਪਾਰ ਦੇ ਵਾਧੇ ਦੀ ਸ਼ਰਤ ਤੇ ਦਿੱਲੀ ਦੀਆਂ ਆਸਾਂ ਤੇ ਪੂਰਾ ਉਤਰਨਗੇ।

ਕੈਪਟਨ ਅਤੇ ਬਾਦਲ ਨੇ ਦਿੱਲੀ ਦੀਆਂ ਆਸਾਂ ਤੋਂ ਵੀ ਵੱਧ ਪੂਰਾ ਉਤਰਨ ਦੀ ਕੋਸ਼ਿਸ਼ ਕੀਤੀ। ਪਰ ਪਿਛਲੇ ੧੫ ਸਾਲਾਂ ਦੌਰਾਨ ਕਿਹੜਾ ਪਿੰਡ ਅਤੇ ਕਿਹੜੀ ਗਲੀ ਸੀ ਜਿੱਥੇ ਸਿੱਖ ਬਜ਼ੁਰਗਾਂ ਦੀ ਪੱਗ ਨਹੀ ਰੋਲੀ ਗਈ, ਜਿੱਥੇ ਸਿੱਖ ਬੀਬੀਆਂ ਅਤੇ ਬੱਚੀਆਂ ਦੀ ਚੁੰਨੀ ਨਹੀ ਰੋਲੀ ਗਈ। ਉਹ ਕਿਹੜਾ ਕਸਬਾ ਸੀ ਜਿੱਥੋਂ ਅੱਤਵਾਦ ਦਾ ਲੇਬਲ ਲਗਾ ਕੇ ਸਿੱਖਾਂ ਨੂੰ ਕਤਲ ਨਾ ਕੀਤਾ ਗਿਆ ਹੋਵੇ।

ਉਹ ਕਿਹੜਾ ਦਿਨ ਸੀ ਜਦੋਂ ਪੰਜਾਬ ਦਾ ਭਵਿੱਖ ਸੰਵਾਰਨ ਅਤੇ ਇਸਨੂੰ ਗੁਰੂ ਸਾਹਿਬ ਦੇ ਆਸ਼ੇ ਅਨੁਸਾਰ ਚਲਾਉਣ ਦੀ ਸਮਰਥਾ ਰੱਖਣ ਵਾਲੇ ਸੂਝਵਾਨ ਸਿੱਖ ਨੌਜਵਾਨਾਂ ਨੂੰ ਦੇਸ਼ ਧਰੋਹ ਦੇ ਕੇਸਾਂ ਅਧੀਨ ਗ੍ਰਿਫਤਾਰ ਕਰਕੇ ਜਲੀਲ ਨਾ ਕੀਤਾ ਗਿਆ ਹੋਵੇ।

ਵਿਦੇਸ਼ੀ ਸਿੱਖਾਂ ਨੇ ਪਿਛਲੇ ੨੦-੨੫ ਸਾਲਾਂ ਦੇ ਸੰਤਾਪ ਭੋਗ ਰਹੇ ਪੰਜਾਬ ਨੂੰ ਬਹੁਤ ਨੇੜਿਓਂ ਦੇਖਿਆ ਹੈ। ਵਿਦੇਸ਼ਾਂ ਵਿੱਚ ਵਸਣ ਵਾਲੇ ਸਿੱਖ ਉਹ ਹੀ ਹਨ ਜੋ ਭਾਰਤ ਸਰਕਾਰ ਦੀ ਜਾਬਰ ਨੀਤੀ ਦਾ ਸ਼ਿਕਾਰ ਹੋਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਏ। ਵਿਦੇਸ਼ਾਂ ਵਿੱਚ ਏਨਾ ਮਾਣ-ਤਾਣ ਹਾਸਲ ਕਰਨ ਦੇ ਬਾਵਜੂਦ ਵੀ ਉਹ ਆਪਣੀ ਮਾਂ ਧਰਤੀ ਪੰਜਾਬ ਵਿੱਚ ਸ਼ੱਕੀ-ਦਹਿਸ਼ਤਗਰਦ ਅਤੇ ਅੱਤਵਾਦੀ ਹੀ ਬਣੇ ਰਹੇ। ਪੰਜਾਬ ਨਾਲ ਡੂੰਘਾ ਪਿਆਰ ਹੋਣ ਦੇ ਬਾਵਜੂਦ ਵੀ ਉਹ ਪੰਜਾਬ ਜਾਣ ਤੋਂ ਪਹਿਲਾਂ ਸੌ ਵਾਰ ਸੋਚਦੇ ਸੀ ਕਿ ਕਿਤੇ ਪੁਲਸ ਨਵੇਂ ਕੇਸਾਂ ਵਿੱਚ ਹੀ ਨਾ ਫੜ ਲਵੇ।

ਵਿਦੇਸ਼ੀ ਵਸਦੇ ਸਿੱਖਾਂ ਨੂੰ ਇਸ ਗੱਲ ਦਾ ਵੀ ਝੋਰਾ ਸੀ ਕਿ ਹਾਲੇ ਤੱਕ ਉਹ ਅਫਸਰਸ਼ਾਹੀ ਦਾ ਕਿਸੇ ਨੇ ਵਾਲ ਵੀ ਵਿੰਗਾ ਨਹੀ ਕੀਤਾ ਜਿਸਨੇ ਪੰਜਾਬ ਵਿੱਚ ਦੋ ਦਹਾਕੇ ਤੱਕ ਹਨੇਰ ਮਚਾਈ ਰੱਖਿਆ। ਮਨੁੱਖੀ ਹੱਕਾਂ ਦੀ ਘੋਰ ਉਲੰਘਣਾਂ ਕਰਨ ਵਾਲੇ ਸਰਕਾਰਾਂ ਬਦਲਣ ਦੇ ਬਾਵਜੂਦ ਵੀ ਬਚਦੇ ਚਲੇ ਆਉਂਦੇ ਰਹੇ। ਕਿਉਂਕਿ ਬਾਦਲ ਕੈਪਟਨ ਨੇ ਦਿੱਲੀ ਦੀ ਪ੍ਰਯੋਗਸ਼ਾਲਾ ਦਾ ਹਿੱਸਾ ਬਣਨ ਦੀ ਕਸਮ ਖਾ ਲਈ ਸੀ।

ਵਿਦੇਸ਼ੀ ਵਸਦੇ ਸਿੱਖ ਅੱਜ ਕਿਸੇ ਦਰਦ ਨੂੰ ਲੈ ਕੇ ਪੰਜਾਬ ਜਾ ਰਹੇ ਹਨ। ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਕੋਈ ਤੀਜੀ ਧਿਰ ਉਨ੍ਹਾਂ ਦੇ ਹਿਰਦੇ ਅੰਦਰ ਬਲ ਰਹੀ ਲਾਟ ਨੂੰ ਕੁਝ ਠੰਢਾ ਕਰਨ ਦੇ ਯਤਨ ਕਰ ਸਕਦੀ ਹੈ। ਇਸੇ ਲਈ ਉਹ ਵੱਡੀ ਗਿਣਤੀ ਵਿੱਚ ਕਿਸੇ ਤੀਜੀ ਧਿਰ ਨੂੰ ਵਿਧਾਨ ਸਭਾ ਚੋਣਾਂ ਵਿੱਚ ਜਿਤਾਉਣ ਲਈ ਆਪਣੇ ਸੁਖ-ਅਰਾਮ ਤਿਆਗਕੇ, ਉਨ੍ਹਾਂ ਦੇ ਸ਼ਬਦਾਂ ਵਿੱਚ ‘ਅਜ਼ਾਦੀ ਦੀ ਦੂਜੀ ਲੜਾਈ’ ਲੜਨ ਲਈ ਪੰਜਾਬ ਨੂੰ ਜਾ ਰਹੇ ਹਨ।

ਉਹ ਬੇਸ਼ੱਕ ਰਹਿੰਦੇ ਪੰਜਾਬ ਤੋਂ ਦੂਰ ਹਨ ਪਰ ਵਸਦੇ ਪੰਜਾਬ ਵਿੱਚ ਹੀ ਹਨ। ਪੰਜਾਬ ਉਨ੍ਹਾਂ ਦੀ ਰਗ ਰਗ ਵਿੱਚ ਵਸਿਆ ਹੋਇਆ ਹੈ। ਸਵੇਰੇ ਉ%ਠਦੇ ਸਾਰ ਹੀ ਉਹ ਪੰਜਾਬ ਬਾਰੇ ਕੁਝ ਜਾਨਣਾਂ ਚਾਹੁੰਦੇ ਹੁੰਦੇ ਹਨ। ਪੰਜਾਬ ਦੀ ਖਬਰ ਜਾਣੇ ਬਿਨਾ ਉਹ ਮੂੰਹ ਨੂੰ ਕੁਝ ਨਹੀ ਲਾਉਂਦੇ। ਜਦੋਂ ਉਹ ਦੇਖਦੇ ਹਨ ਕਿ ਕੁਝ ਬੇਈਮਾਨ ਲੀਡਰਾਂ ਨੇ ਪੰਜਾਬ ਤਬਾਹ ਕਰ ਦਿੱਤਾ ਹੈ ਤਾਂ ਉਨ੍ਹਾਂ ਦੇ ਅੰਦਰ ਦੀ ਹਾਲਤ ਕਾਬਲੇ ਬਰਦਾਸ਼ਤ ਨਹੀ ਰਹਿੰਦੀ। ਇਸੇ ਲਈ ਵਿਦੇਸ਼ੀ ਸਿੱਖ ਆਪਣੇ ਪੁਰਖਿਆਂ ਦੀ ਧਰਤੀ ਨੂੰ ਬਚਾਉਣ ਲਈ ਜਾ ਰਹੇ ਹਨ।

ਨਵੇਂ ਹਾਕਮ ਉਨ੍ਹਾਂ ਦੇ ਸੁਪਨਿਆਂ ਤੇ ਕਿੰਨੇ ਕੁ ਖਰੇ ਉਤਰਦੇ ਹਨ ਇਹ ਸਮਾਂ ਦੱਸੇਗਾ।