ਯੂਰਪ ਦਾ ਗਵਾਂਢੀ ਮੁਲਕ ਯੂਕਰੇਨ ਇਸ ਵੇਲੇ ਜੰਗ ਦਾ ਨਵਾਂ ਮੈਦਾਨ ਬਣਦਾ ਜਾ ਰਿਹਾ ਹੈ। ਫੌਜੀ ਪੱਖ ਤੋਂ ਬਹੁਤ ਹੀ ਮਹੱਤਵਪੂਰਨ ਇਹ ਖਿੱਤਾ ਰੂਸ ਅਤੇ ਪੱਛਮ ਦਰਮਿਆਨ ਠੰਢੀ ਜੰਗ ਦਾ ਅਖਾੜਾ ਬਣਨ ਜਾ ਰਿਹਾ ਹੈ। ਰੂਸ ਦੇ ਪ੍ਰਧਾਨ ਵਲਾਦੀਮੀਰ ਪੁਤਿਨ ਲਈ ਇਹ ਕਰੋ ਜਾਂ ਮਰੋ ਵਾਲੀ ਸਥਿਤੀ ਲੈ ਕੇ ਆਇਆ ਹੈ। ਹੁਣ ਤੱਕ ਹਰ ਕਿਸਮ ਦੇ ਹਥਕੰਡੇ ਅਪਨਾ ਕੇ ਰੂਸ ਨਾਲ਼ੋਂ ਟੁੱਟੇ ਹੋਏ ਕੁਝ ਮੁਲਕਾਂ ਨੂੰ ਆਪਣੇ ਨਾਲ ਰਲਾਈ ਰੱਖਣ ਵਿੱਚ ਕਾਮਯਾਬ ਰਹੇ ਵਲਾਦੀਮੀਰ ਪੁਤਿਨ ਲਈ ਯੂਕਰੇਨ ਬਹੁਤ ਹੀ ਚੁਣੌਤੀ ਭਰਪੂਰ ਸਥਿਤੀ ਲੈ ਕੇ ਆਇਆ ਹੈ। ਕੇਜੀਬੀ ਦੇ ਇਸ ਸਾਬਕਾ ਅਫਸਰ ਲਈ ਜੋ ਹੁਣ ਤੱਕ ਆਪਣੀ ਤਾਕਤ ਦਾ ਲੋਹਾ ਮਨਵਾ ਚੁੱਕਾ ਹੈ ਯੂਕਰੇਨ ਵੱਡੀ ਚੁਣੌਤੀ ਵੱਜੋਂ ਉਭਰ ਰਿਹਾ ਹੈ। ਇਸੇ ਲਈ ਉਸ ਮੁਲਕ ਦੇ ਚੁਣੇ ਹੋਏ ਰਾਸ਼ਟਰਪਤੀ ਵਿਕਟਰ ਯੂਕਾਂਚੋਵਿਚ ਵੱਲ਼ੋਂ ਦੇਸ਼ ਵਿੱਚੋਂ ਭੱਜ ਜਾਣ ਤੋਂ ਇਕਦਮ ਬਾਅਦ ਰੂਸ ਨੇ ਦੁਨੀਆਂ ਨੂੰ ਆਪਣੀ ਤਾਕਤ ਦਾ ਪ੍ਰਗਟਾਵਾ ਕਰਵਾਉਣ ਲਈ ਹਜਾਰਾਂ ਰੂਸੀ ਫੌਜੀਆਂ ਨੂੰ ਕਰਾਈਮੀਆਂ ਵਿੱਚ ਤਾਇਨਾਤ ਕਰ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਕਰਾਈਮੀਆਂ ਦੇ ਹਵਾਈ ਅੱਡਿਆਂ ਅਤੇ ਸਮੁੰਦਰੀ ਤੱਟਾਂ ਦੀ ਰਾਖੀ ਕਰਨ ਦਾ ਦਾਅਵਾ ਕਰਨ ਵਾਲੇ ਫੌਜੀਆਂ ਦੀ ਵਰਦੀ ਤੇ ਨਾ ਤਾਂ ਕਿਸੇ ਦੇਸ਼ ਦੀ ਪਹਿਚਾਣ ਵਾਲੇ ਚਿੰਨ੍ਹ ਹਨ ਅਤੇ ਨਾ ਹੀ ਉਨ੍ਹਾਂ ਦੀਆਂ ਗੱਡੀਆਂ ਤੇ ਕਿਸੇ ਦੇਸ਼ ਦੀ ਨੰਬਰ ਪਲੇਟ ਹੈ। ਉਹ ਕਿਸ ਦੇਸ਼ ਦੇ ਫੌਜੀ ਹਨ ਕਿਸੇ ਨੂੰ ਨਹੀ ਪਤਾ। ਸਾਰਿਆਂ ਨੇ ਆਪਣੇ ਮੂੰਹ ਲ਼ੁਕੋਏ ਹੋਏ ਹਨ।

ਇਹ ਵੀ ਵਰਨਣਯੋਗ ਹੈ ਕਿ ਉਹ ਸੰਸਾਰ ਦੇ ਟੀ.ਵੀ. ਕੈਮਰਿਆਂ ਦੇ ਸਾਹਮਣੇ ਇਸ ਅੰਦਾਜ਼ ਵਿੱਚ ਪੇਸ਼ ਹੋ ਰਹੇ ਹਨ ਕਿ ਜਿਵੇਂ ਜੰਗ ਦਾ ਸੰਦੇਸ਼ ਦੇ ਰਹੇ ਹੋਣ। ਸੀਰੀਆ ਵਾਂਗ ਜਮਹੂਰੀਅਤ ਦੀ ਰਾਖੀ ਲਈ ਉਠਿਆ ਸ਼ਾਂਤਮਈ ਸੰਘਰਸ਼ ਅਗਲੇ ਦਿਨਾਂ ਵਿੱਚ ਖੂਨੀ ਰੰਗ ਵਿੱਚ ਬਦਲਣ ਦੀ ਗੁੰਜਾਇਸ਼ ਰੱਖਦਾ ਹੈ ਕਿਉਂਕਿ ਯੂਕਰੇਨ ਨੇ ਵੀ ਆਪਣੀਆਂ ਫੌਜਾਂ ਨੂੰ ਜੰਗ ਲਈ ਤਿਆਰ ਰਹਿਣ ਅਤੇ ਸਰਹੱਦਾਂ ਵੱਲ ਕੂਚ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸੈਂਕੜੇ ਲੋਕ ਪਿਛਲੇ ਦਿਨੀ ਫੌਜ ਵਿੱਚ ਭਰਤੀ ਹੋਣ ਲਈ ਆਏ ਜੋ ਆਪਣੇ ਮੁਲਕ ਦੀ ਰਾਖੀ ਲਈ ਜਾਨਾਂ ਵਾਰ ਦੇਣ ਦੀਆਂ ਕਸਮਾਂ ਖਾ ਰਹੇ ਸਨ।

ਅਮਰੀਕਾ ਦੇ ਪ੍ਰਧਾਨ ਬਾਰਕ ਓਬਾਮਾਂ ਨੇ ਪਿਛਲੇ ਦਿਨੀ ਵਲਾਦੀਮੀਰ ਪੁਤਿਨ ਨੂੰ ਫੋਨ ਕਰਕੇ ਇਹ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ਵਿੱਚ ਦਖਲ ਦੇਣ ਦੀ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ, ਪਰ ਕੀ ਕੀਮਤ ਚੁਕਾਉਣੀ ਪਵੇਗੀ ਇਹ ਕੁਝ ਬਹੀ ਆਖਿਆ। ਸੈਕਟਰੀ ਆਫ ਸਟੇਟ ਜਾਨ ਕੈਰੀ ਨੇ ਵੀ ਰੂਸ ਨੂੰ ੧੯ਵੀਂ ਸਦੀ ਵਾਲਾ ਵਿਹਾਰ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਨਾਟੋ ਦੇ ਪ੍ਰਮੁਖ ਰਾਮੂਸੈਨ ਨੇ ਵੀ ਪ੍ਰੈਸ ਕਾਨਫਰੰਸ ਵਿੱਚ ਰੂਸ ਨੂੰ ਕਿਸੇ ਫੌਜੀ ਦਖਲ ਵਿਰੁੱਧ ਚਿਤਾਵਨੀ ਦਿੱਤੀ ਹੈ।
ਪਰ ਰੂਸ ਦਾ ਪ੍ਰਧਾਨ ਵਲਾਦੀਮੀਰ ਪੁਤਿਨ ਇਨ੍ਹਾਂ ਚਿਤਾਵਨੀਆਂ ਨੂੰ ਬਹੁਤੀ ਗੰਭੀਰਤਾ ਨਾਲ ਨਹੀ ਲੈ ਰਿਹਾ। ਇੱਕ ਤਾਂ ਉਸ ਲਈ ਕਰਾਈਮੀਆ ਫੌਜੀ ਪੱਖ ਤੋਂ ਬਹੁਤ ਮਹੱਤਵਪੂਰਨ ਹੈ। ਉਹ ਹਰ ਦੁਖ ਝੱਲਕੇ ਵੀ ਕਰਾਈਮੀਆ ਨੂੰ ਯੂਕਰੇਨ ਜਾਂ ਯੂਰਪ ਦੇ ਕਬਜੇ ਹੇਠ ਨਹੀ ਜਾਣ ਦੇਵੇਗਾ। ਇਸ ਨਾਲ ਰੂਸ ਸਿੱਧਾ ਯੂਰਪ ਦੀ ਮਾਰ ਹੇਠ ਆ ਜਾਵੇਗਾ। ਦੂਜਾ ਪੁਤਿਨ ਨੂੰ ਇਹ ਗੱਲ ਬਹੁਤ ਚੰਗੀ ਤਰ੍ਹਾਂ ਸਪਸ਼ਟ ਹੈ ਕਿ ਪੱਛਮੀ ਮੁਲਕਾਂ ਦੀਆਂ ਧਮਕੀਆਂ ਬਿਲਕੁਲ ਥੋਥੀਆਂ ਹਨ।ਇਨ੍ਹਾਂ ਵਿੱਚ ਕੋਈ ਦਮ ਨਹੀ ਹੈ। ਉਸ ਨੇ ਫੌਜੀ ਪੱਖ ਤੋਂ ਸਾਰੀਆਂ ਗਿਣਤੀਆਂ ਮਿਣਤੀਆਂ ਕੀਤੀਆਂ ਹੋਈਆਂ ਹਨ। ਉਸ ਨੂੰ ਪਤਾ ਹੈ ਕਿ ਬਾਰਕ ਓਬਾਮਾਂ ਕਿਸੇ ਨਵੀਂ ਜੰਗ ਵਿੱਚ ਪੈਣ ਲਈ ਰਾਜ਼ੀ ਨਹੀ ਹਨ। ਉਹ ਤਾਂ ਪੁਰਾਣੀਆਂ ਜੰਗਾਂ ਨੂੰ ਖਤਮ ਕਰਨ ਦੇ ਰਾਹ ਓਏ ਹੋਏ ਹਨ। ਅਮਰੀਕਾ ਤੋਂ ਬਿਨਾ ਕਿਸੇ ਯੂਰਪੀ ਮੁਲਕ ਵਿੱਚ ਇਹ ਇੱਛਾ ਅਤੇ ਤਾਕਤ ਨਹੀ ਹੈ ਕਿ ਉਹ ਆਪਣੀਆਂ ਫੌਜਾਂ ਨੂੰ ਯੂਕਰੇਨ ਵਿੱਚ ਭੇਜਣਗੇ। ਉਸ ਨੂੰ ਪਤਾ ਹੈ ਕਿ ਲੀਬੀਆ ਵਿੱਚ ਬੰਬਾਰੀ ਸਮੇਂ ਵੀ ਨਾਟੋ ਨੂੰ ਅਮਰੀਕਾ ਤੋਂ ਭਾਰੀ ਮਦਦ ਲੈਣੀ ਪਈ ਸੀ। ਫਰਾਂਸ ਅਤੇ ਬਰਤਾਨੀਆ ਦੀ ਹਵਾਈ ਫੌਜ ਦੇ ਤਾਂ ਪਹਿਲੇ ਦਿਨ ਹੀ ਦਾਣੇ ਮੁੱਕ ਗਏ ਸਨ। ਜਰਮਨੀ ਇਸ ਵੇਲੇ ਸਭ ਤੋਂ ਬੀਬਾ ਰਾਣਾਂ ਬਣਿਆ ਹੋਇਆ ਹੈ। ਉਸ ਨੇ ਬਰਤਾਨੀਆ ਦੀ ਵਪਾਰੀਆਂ ਵਾਲੀ ਥਾਂ ਮੱਲ ਲਈ ਹੈ। ਜਰਮਨੀ ਨੂੰ ਸਿਰਫ ਤੇ ਸਿਰਫ ਆਪਣਾਂ ਮਾਲ ਵੇਚਣ ਦਾ ਫਿਕਰ ਇਸ ਲਈ ਉਹ ਆਪਣੀ ਫੌਜ ਨੂੰ ਜੰਗ ਦੇ ਮੋਰਚੇ ਤੇ ਨਹੀ ਭੇਜੇਗਾ।

ਰੂਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਦੋਂ ੨੦੦੮ ਵਿੱਚ ਉਸਨੇ ਅਮਰੀਕਾ ਦੀ ਸਾਥੀ ਜਾਰਜੀਆ ਤੇ ਹਮਲਾ ਕਰਕੇ ਅਬਕਾਜ਼ੀਆ ਅਤੇ ਦੱਖਣੀ ਓਸੇਟੀਆ ਨੂੰ ਆਪਣੇ ਕਬਜੇ ਅਧੀਨ ਕੀਤਾ ਸੀ ਉਸ ਵੇਲੇ ਵੀ ਪੱਛਮੀ ਮੁਲਕ ਸਿਰਫ ਧਮਕੀਆਂ ਦੇਣ ਤੱਕ ਹੀ ਸੀਮਤ ਰਹੇ ਸਨ ਅਤੇ ਬਾਹਰ ਖੜ੍ਹੇ ਤਮਾਸ਼ਾ ਦੇਖਦੇ ਰਹੇ। ਇਸ ਲਈ ਹੁਣ ਕਰਾਈਮੀਆ ਨੂੰ ਬਚਾਉਣ ਲਈ ਵੀ ਕੋਈ ਨਹੀ ਆਵੇਗਾ। ਕਰਾਈਮੀਆ ਵੀ ਅਬਕਾਜ਼ੀਆ ਅਤੇ ਦੱਖਣੀ ਓਸੇਟੀਆ ਵਾਂਗ ਇੱਕ ਆਟੋਨੋਮਸ ਖੇਤਰ ਹੈ ਜਿਸਦੀ ਰਾਖੀ ਦੀ ਜਿੰਮੇਵਾਰੀ ਰੂਸ ਦੀ ਹੈ।

ਇੱਕ ਵਾਰ ਫਿਰ ਰੂਸ ਆਪਣੀ ਫੌਜੀ ਤਾਕਤ ਦਾ ਮੁਜਾਹਰਾ ਕਰਕੇ ਲਗਦਾ ਹੈ ਕਿ ਪੱਛਮ ਨੂੰ ਯੂਕਰੇਨ ਦੇ ਵੱਡੇ ਭਾਗ ਵਿੱਚੋਂ ਖਦੇੜ ਦੇਵੇਗਾ ਅਤੇ ਯੂਕਰੇਨ ਦੇ ਦੋ ਟੋਟੇ ਹੁੰਦਿਆਂ ਦੇਰ ਨਹੀ ਲੱਗੇਗੀ। ਇਸ ਵਿੱਚ ਵੱਡਾ ਕਸੂਰ ਯੂਰਪੀ ਦੇਸ਼ਾਂ ਅਤੇ ਨਾਟੋ ਦਾ ਹੋਵੇਗਾ ਜੋ ਸਿਰਫ ਧਮਕੀਆਂ ਹੀ ਦੇਕੇ ਹੀ ਕੰਮ ਸਾਰਨਾ ਚਾਹੁੰਦੇ ਹਨ ਆਪਣੀਆਂ ਫੌਜਾਂ ਦੀ ਵਰਤੋਂ ਨਹੀ ਕਰਨੀ ਚਾਹੁੰਦੇ।