ਭਾਰਤ ਦੀ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਇਕ ਫੈਸਲੇ ਰਾਹੀਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਕਤਲ ਕਰਨ ਵਾਲੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਦਾ ਹੁਕਮ ਦਿੱਤਾ। ਰਾਜੀਵ ਗਾਂਧੀ ਨੂੰ ਕਤਲ ਕਰਨ ਵਾਲੇ ਕੁਝ ਤਾਮਿਲ ਇਸ ਵੇਲੇ ਤਾਮਿਲਨਾਡੂ ਦੀ ਜੇਲ਼੍ਹ ਵਿੱਚ ਬੰਦ ਹਨ। ਇਨ੍ਹਾਂ ਵਿੱਚੋਂ ਸੰਥਨ,ਮੁਰੂਗਨ ਅਤੇ ਪੇਰਾਰੀਵਲਮ ਨੂੰ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਨਾਲ ਰਾਹਤ ਮਿਲੀ ਸੀ ਕਿਉਂਕਿ ਇਨ੍ਹਾਂ ਤਿੰਨਾਂ ਨੂੰ ਹੀ ਰਾਜੀਵ ਗਾਂਧੀ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਹੋਈ ਸੀ। ਇਨ੍ਹਾਂ ਤੋਂ ਬਿਨਾ ਨਲਿਨੀ, ਰਾਬਰਟ ਪਾਇਸ, ਜੈਕੁਮਾਰ ਅਤੇ ਰਵੀਚੰਦਰਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ੧੮ ਫਰਵਰੀ ਨੂੰ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਤਾਮਿਲਨਾਡੂ ਦੀ ਮੁੱਖਮੰਤਰੀ ਬੀਬੀ ਜੈਲਲਿਤਾ ਨੇ ਆਪਣੀ ਕੈਬਨਿਟ ਦੀ ਹੰਗਾਮੀ ਮੀਟਿੰਗ ਬੁਲਾਈ ਅਤੇ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਰਿਹਾ ਕਰਨ ਦਾ ਫੈਸਲਾ ਸੁਣਾ ਦਿੱਤਾ। ਸੂਬੇ ਦੀ ਕੈਬਨਿਟ ਵੱਲੋਂ ਇਸ ਸਬੰਧੀ ਕੇਂਦਰ ਸਰਕਾਰ ਨੂੰ ੩ ਦਿਨਾਂ ਦਾ ਸਮਾਂ ਦਿੱਤਾ ਗਿਆ ਅਤੇ ਆਖਿਆ ਗਿਆ ਕਿ ੩ ਦਿਨਾਂ ਵਿੱਚ ਕੇਂਦਰ ਦਾ ਜੁਆਬ ਆਉਣ ਜਾਂ ਨਾ ਆਉਣ ਦੀ ਸੂਰਤ ਵਿੱਚ ਰਾਜੀਵ ਗਾਂਧੀ ਕਤਲ ਕੇਸ ਦੇ ਸਾਰੇ ਦੋਸ਼ੀਆਂ ਨੂੰ ਰਿਹਾ ਕਰ ਦਿੱਤਾ ਜਾਵੇਗਾ।

ਤਾਮਿਲਨਾਡੂ ਦੀ ਸਰਕਾਰ ਦਾ ਇਹ ਫੈਸਲਾ ਆਉਣ ਦੀ ਦੇਰ ਸੀ ਕਿ ਇਸ ਦੇ ਵਿਰੁੱਧ ਅਵਾਜ਼ਾਂ ਉਠਣੀਆਂ ਅਰੰਭ ਹੋ ਗਈਆਂ, ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਣ ਸਿੰਘ ਅਤੇ ਕਨੂੰਨ ਮੰਤਰੀ ਕਪਿਲ ਸਿੱਬਲ ਨੇ ਤਾਮਿਲਨਾਡੂ ਦੀ ਸਰਕਾਰ ਦੇ ਫੈਸਲੇ ਦਾ ਵੱਡਾ ਵਿਰੋਧ ਕੀਤਾ ਅਤੇ ਆਖਿਆ ਕਿ ਉਸ ਰਾਜ ਦੀ ਸਰਕਾਰ ਨੂੰ ਰਾਜੀਵ ਗਾਂਧੀ ਕਤਲ ਕੇਸ ਦੇ ਦੋਸ਼ੀਆਂ ਨੂੰ ਰਿਹਾ ਨਹੀ ਕਰਨਾ ਚਾਹੀਦਾ। ਇਸਦੇ ਨਾਲ ਹੀ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਰਿੱਟ ਦਾਇਰ ਕਰਕੇ ਦੋਸ਼ੀਆਂ ਦੀ ਰਿਹਾਈ ਖਿਲਾਫ ਅਵਾਜ਼ ਉਠਾਈ ਜੋ ਹਾਲ ਦੀ ਘੜੀ ਮਨਜ਼ੂਰ ਕਰ ਲਈ ਗਈ ਹੈ।

ਤਾਮਿਲਨਾਡੂ ਦੀ ਸਰਕਾਰ ਦੇ ਫੈਸਲੇ ਦਾ ਸਭ ਤੋਂ ਭਾਵੁਕ ਵਿਰੋਧ ਰਾਜੀਵ ਗਾਂਧੀ ਦੇ ਸਪੁੱਤਰ ਰਾਹੁਲ ਗਾਂਧੀ ਨੇ ਕੀਤਾ। ਉਸਨੇ ਬਹੁਤ ਹੀ ਸੋਗਮਈ ਸ਼ਬਦਾਂ ਵਿੱਚ ਤਾਮਿਲਨਾਡੂ ਦੀ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦਿਆਂ ਆਖਿਆ ਕਿ ਜੇ ਇੱਕ ਪ੍ਰਧਾਨ ਮੰਤਰੀ ਦੇ ਕਾਤਲ ਹੀ ਬਾਹਰ ਮੌਜ ਨਾਲ ਘੁੰਮੇ ਫਿਰਨਗੇ ਤਾਂ ਦੇਸ਼ ਦੇ ਆਮ ਆਦਮੀ ਨੂੰ ਕਿੱਥੋਂ ਇਨਸਾਫ ਮਿਲ ਸਕਦਾ ਹੈ।

ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਜੇ ਰਾਜਨੀਤਿਕ ਨਜ਼ਰ ਨਾਲ ਦੇਖਿਆ ਜਾਂਦਾ ਤਾਂ ਇਸ ਬਾਰੇ ਸੈਂਕੜੇ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ। ਇੱਕ ਦਲੀਲ ਤਾਂ ਦੇਸ਼ ਦੇ ਖਜ਼ਾਨਾ ਮੰਤਰੀ ਪੀ.ਚਿਦੰਬਰਮ ਨੇ ਹੀ ਦੇ ਦਿੱਤੀ ਹੈ ਕਿ ਅਦਾਲਤ ਨੇ ਉਨ੍ਹਾਂ ਲੋਕਾਂ ਨੂੰ ਨਿਰਦੋਸ਼ ਨਹੀ ਆਖਿਆ ਅਤੇ ਜੇ ਉਹ ਜੇਲ਼੍ਹ ਤੋਂ ਬਾਹਰ ਆ ਵੀ ਰਹੇ ਹਨ ਤਾਂ ੨੦-੨੨ ਸਾਲ ਬਾਅਦ ਆ ਰਹੇ ਹਨ।

ਖੈਰ ਅਸੀਂ ਰਾਹੁਲ ਗਾਂਧੀ ਦੇ ਬਿਆਨ ਨੂੰ ਰਾਜਨੀਤਿਕ ਨੁਕਤਾ ਨਿਗਾਹ ਤੋਂ ਨਹੀ ਦੇਖ ਰਹੇ, ਅਸੀਂ ਉਨ੍ਹਾਂ ਦੇ ਦਰਦ ਨੂੰ ਇੱਕ ਇਨਸਾਨੀ ਦਰਦ ਵੱਜੋਂ ਦੇਖ ਰਹੇ ਹਾਂ। ਰਾਹੁਲ ਨੇ ਆਪਣੇ ਬਿਆਨ ਵਿੱਚ ਇਹ ਵੀ ਆਖਿਆ ੨੧ ਸਾਲ ਦੀ ਉਮਰ ਵਿੱਚ ਉਹ ਆਪਣੇ ਪਿਤਾ ਤੋਂ ਵਾਂਝੇ ਹੋ ਗਏ।

ਅਸਲ ਵਿੱਚ ਪਿਤਾ ਦਾ ਵਿਛੋੜਾ ਹੀ ਰਾਹੁਲ ਗਾਂਧੀ ਦੇ ਦਰਦ ਦਾ ਕੇਂਦਰੀ ਨੁਕਤਾ ਹੈ। ਜਦੋਂ ਕਿਸੇ ਇਨਸਾਨ ਦਾ ਪਿਤਾ ਉਸ ਤੋਂ ਖੋਹ ਲਿਆ ਜਾਂਦਾ ਹੈ ਤਾਂ ਉਸ ਨੂੰ ਸਾਰੀ ਉਮਰ ਕਿੰਨੇ ਦਰਦ ਅਤੇ ਇਕੱਲਤਾ ਵਿੱਚ ਬਿਤਾਉਣੀ ਪੈਂਦੀ ਹੈ ਇਹ ਰਾਹੁਲ ਗਾਂਧੀ ਦੇ ਚਿਹਰੇ ਤੋਂ ਸਾਫ ਪੜ੍ਹਿਆ ਜਾ ਸਕਦਾ ਸੀ। ਪਿਤਾ ਦੀ ਅਗਵਾਈ ਅਤੇ ਛਾਂ ਤੋਂ ਬਿਨਾ ਕਿਸੇ ਇਨਸਾਨ ਦਾ ਵਿਕਾਸ ਕਿੰਨਾ ਅਧੂਰਾ ਰਹਿ ਜਾਂਦਾ ਹੈ ਇਹ ਰਾਹੁਲ ਗਾਂਧੀ ਦੀ ਸ਼ਖਸ਼ੀਅਤ ਵਿੱਚੋਂ ਦੇਖਿਆ ਜਾ ਸਕਦਾ ਹੈ। ੪੦ ਸਾਲ ਤੋਂ ਜਿਆਦਾ ਉਮਰ ਦਾ ਹੋ ਜਾਣ ਦੇ ਬਾਵਜੂਦ ਵੀ ਜੇ ਉਹ ਏਨੇ ਵੱਡੇ ਰਾਜਸੀ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਰਾਜਸੀ ਤੌਰ ਤੇ ਪ੍ਰੋੜ ਨਹੀ ਹੋ ਸਕਿਆ ਤਾਂ ਇਸ ਨੂੰ ਅਸੀਂ ਪਿਤਾ ਦੀ ਛਾਂ ਤੋਂ ਵਿਰਵੇ ਰਹੇ ਮਨੁੱਖ ਦੇ ਦਰਦ ਵੱਜੋਂ ਦੇਖ ਸਕਦੇ ਹਾਂ। ਰਾਹੁਲ ਦੀ ਗ੍ਰਹਿਣੀ ਹੋਈ ਸ਼ਖਸ਼ੀਅਤ ਨੁੰ ਪਿਤਾ ਦੀ ਛਾਂ ਤੋਂ ਵਿਹੂਣੇ ਅਤੇ ਸੋਕੇ ਮਾਰੇ ਮਨੁੱਖ ਵੱਜੋਂ ਦੇਖਿਆ ਜਾ ਸਕਦਾ ਹੈ। ਪਿਤਾ ਤੋਂ ਵਿਰਵੀ ਜਿੰਦਗੀ ਕਿਵੇਂ ਰੇਗਿਸਤਾਨ ਬਣ ਜਾਂਦੀ ਹੈ ਇਹ ਅਸੀਂ ਰਾਹੁਲ ਦੀ ਸ਼ਖਸ਼ੀਅਤ ਦੇ ਵਿਕਾਸ ਵਿੱਚੋਂ ਦੇਖ ਸਕਦੇ ਹਾਂ। ਭਾਰਤ ਦੇ ਸਭ ਤੋਂ ਸਮਰਥ ਰਾਜਸੀ ਪਰਿਵਾਰ ਦਾ ਇਹ ਫਰਜੰਦ ਜੇ ਅੱਜ ਆਪਣੀ ਪਹਿਚਾਣ ਬਣਾਉਣ ਲਈ ਮਾਰਿਆ ਮਾਰਿਆ ਫਿਰ ਰਿਹਾ ਹੈ ਤਾਂ ਇਹ ਸਭ ਉਸਦੀ ਪਿਤਾ ਤੋਂ ਵਿਹੂਣੀ ਜਿੰਦਗੀ ਦਾ ਹੀ ਨਤੀਜਾ ਹੈ।

ਦੂਜੇ ਪਾਸੇ ਉਹ ਲੋਕ ਹਨ ਜੋ ੨੦-੨੨ ਸਾਲ ਤੋਂ ਇਸ ਲਈ ਜੇਲ਼੍ਹ ਵਿੱਚ ਹਨ ਕਿ ਬਦਕਿਸਮਤੀਵਸ ਉਹ ੧੯੯੧ ਵਿੱਚ ਸਥਿਤੀ ਦੇ ਦੂਜੇ ਪਾਸੇ ਖੜ੍ਹੇ ਸਨ। ਰਾਜੀਵ ਗਾਂਧੀ ਨੂੰ ਕਤਲ ਕਰਨ ਵਾਲੀ ਧਨੂ ਜਾਂ ਨਲਿਨੀ ਜਾਂ ਸ਼ਿਵਰਾਸਨ ਜਾਂ ਮੁਰੂਗਨ ਆਦਿ ਦੀ ਉਸ ਨਾਲ ਕੋਈ ਨਿੱਜੀ ਦੁਸ਼ਮਣੀ ਨਹੀ ਸੀ। ਉਹ ਤਾਂ ਰਾਜੀਵ ਦੇ ਉਸ ਫੈਸਲੇ ਤੋਂ ਖਫਾ ਹੋਏ ਸਨ ਜਿਸ ਫੈਸਲੇ ਨਾਲ ਰਾਹੁਲ ਗਾਂਧੀ ਵਾਂਗ ਹਜਾਰਾਂ ਤਾਮਿਲ ਬੱਚੇ ਆਪਣੇ ਪਿਤਾ ਦੀ ਛਾਂ ਤੋਂ ਵਿਹੂਣੇ ਹੋ ਗਏ ਸਨ। ਜਿਨ੍ਹਾਂ ਦੀ ਜਿੰਦਗੀ ਰਾਹੁਲ ਗਾਂਧੀ ਤੋਂ ਵੀ ਬਦਤਰ ਬਣ ਗਈ ਸੀ। ਰਾਹੁਲ ਕੋਲ ਤਾਂ ਉਸਦੀ ਅਮੀਰ ਮਾਂ ਅਤੇ ਵੱਡਾ ਖਾਨਦਾਨ ਸੀ ਪਰ ਹੋ ਸਕਦਾ ਹੈ ਕਿ ਉਨ੍ਹਾਂ ਬੱਚਿਆਂ ਕੋਲ ਇਹ ਸਭ ਕੁਝ ਨਾ ਹੋਵੇ ਜੋ ਰਾਜੀਵ ਗਾਂਧੀ ਦੇ ਫੈਸਲੇ ਤੋਂ ਪ੍ਰਭਾਵਿਤ ਹੋਏ ਸਨ। ਰਾਹੁਲ ਗਾਂਧੀ ਨੇ ਤਾਂ ੨੨ ਸਾਲ ਬਾਅਦ ਹੁਣ ਫਿਰ ਆਪਣਾਂ ਦੁਖ ਰੋ ਲਿਆ ਹੈ ਪਰ ਹੋ ਸਕਦਾ ਹੈ ਸੈਂਕੜੇ ਬੱਚੇ ਅੱਜ ਵੀ ਆਪਣੇ ਪਿਤਾ ਨੂੰ ਉਡੀਕਦੇ ਬੁੱਢੇ ਹੋ ਗਏ ਹੋਣਗੇ।

ਨਿਰਸੰਦੇਹ ਰਾਹੁਲ ਗਾਂਧੀ ਦਾ ਦਰਦ ਬਹੁਤ ਦੁਖਦਾਈ ਹੈ। ਭੁਚਾਲ ਦੇ ਇੱਕ ਝਟਕੇ ਨੇ ਉਸਦੀ ਜਿੰਦਗੀ ਬਰਬਾਦ ਕਰਕੇ ਰੱਖ ਦਿੱਤੀ । ਹੁਣ ਹਰ ਰੋਜ਼ ਜਦੋਂ ਅਸੀਂ ਉਸਨੂੰ ਟੀ.ਵੀ. ਤੇ ਬੋਲਦੇ ਹੋਏ ਸੁਣੀਦਾ ਹੈ ਤਾਂ ਉਸਦੀ ਗ੍ਰਹਿਣੀ ਹੋਈ ਸ਼ਖਸ਼ੀਅਤ ਦੇਖਕੇ ਤਰਸ ਆ ਜਾਂਦਾ ਹੈ। ਪਿਤਾ ਦੇ ਸਾਏ ਤੋਂ ਵਿਹੂਣੀ ਜਿੰਦਗੀ ਦਾ ਗ੍ਰਹਿਣ ਉਸਦੀ ਸ਼ਖਸ਼ੀਅਤ ਦਾ ਸਰਾਪ ਬਣ ਗਿਆ ਹੈ। ਇਸੇ ਲਈ ਹਰ ਕੋਈ ਉਸਨੂੰ ਟਿੱਚਰ ਕਰ ਜਾਂਦਾ ਹੈ।
ਰਾਹੁਲ ਦੇ ਦਰਦ ਨੇ ਭਾਰਤ ਦੇ ਰਾਜਸੀ ਨੇਤਾਵਾਂ ਨੂੰ ਇੱਕ ਸੰਦੇਸ਼ ਦਿੱਤਾ ਹੈ ਕਿ ਉਹ ਕੋਈ ਵੀ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਹਜਾਰ ਵਾਰ ਸੋਚਣ ਜਿਸਦਾ ਖਮਿਆਜਾ ਉਨਾਂ ਦੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੂੰ ਭੁਗਤਣਾਂ ਪਵੇ। ਰਾਹੁਲ ਦੀ ਗ੍ਰਹਿਣੀ ਹੋਈ ਸ਼ਖਸ਼ੀਅਤ ਆਪਣੇ ਆਪ ਹੀ ਇਹ ਸੰਦੇਸ਼ ਦੇ ਰਹੀ ਹੈ। ਸੱਚਮੁੱਚ ਰਾਹੁਲ ਦਾ ਦਰਦ ਬਹੁਤ ਸੋਗਮਈ ਹੈ। ਉਨ੍ਹਾਂ ਬੱਚਿਆਂ ਦਾ ਵੀ ਜੋ ਰਾਹੁਲ ਦੇ ਪਿਤਾ ਦੇ ਫੈਸਲੇ ਨਾਲ ਪ੍ਰਭਾਵਿਤ ਹੋਏ।