ਦੁਨੀਆਂ ਦੀਆਂ ਉਭਰਦੀਆਂ ਮੰਡੀਆਂ ਤੇ ਅੱਜਕੱਲ੍ਹ ਫਿਰ ਸੰਕਟ ਦੇ ਬੱਦਲ ਛਾਏ ਹੋਏ ਹਨ। ਅਮਰੀਕਾ ਦੇ ਫੈਡਰਲ ਰਿਜ਼ਰਵ ਵੱਲ਼ੋਂ ਅਮਰੀਕੀ ਬਾਂਡ ਦੀ ਖਰੀਦਦਾਰੀ ਇਸ ਮਹੀਨੇ ਘੱਟ ਕਰਨ ਦੇ ਫੈਸਲੇ ਤੋਂ ਬਾਅਦ ਸੰਸਾਰ ਭਰ ਦੇ ਨਿਵੇਸ਼ਕਾਂ ਨੇ ਉਭਰਦੀਆਂ ਮੰਡੀਆਂ ਵਿੱਚ ਲਾਏ ਪੈਸੇ ਨੂੰ ਬਾਹਰ ਕੱਢਕੇ ਅਮਰੀਕੀ ਬਾਂਡ ਖਰੀਦਣ ਵਿੱਚ ਲਾ ਲਿਆ ਹੈ। ਅਮਰੀਕੀ ਫੈਡਰਲ ਰਿਜ਼ਰਵ ਦੇ ਇਸ ਫੈਸਲੇ ਨੇ ਸੰਸਾਰ ਆਰਥਿਕਤਾ ਨੂੰ ਇੱਕ ਵਾਰ ਫਿਰ ਝੰਜੋੜ ਕੇ ਰੱਖ ਦਿੱਤਾ ਹੈ। ਅਰਜਨਟਾਈਨਾ, ਭਾਰਤ, ਮੈਕਸੀਕੋ, ਤੁਰਕੀ ਅਤੇ ਦੱਖਣੀ ਅਫਰੀਕਾ ਸਮੇਤ ਹੋਰ ਬਹੁਤ ਸਾਰੇ ਮੁਲਕਾਂ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਅਮਰੀਕੀ ਫੈਡਰਲ ਰਿਜ਼ਰਵ ਦੇ ਇਸ ਮਾਮੂਲੀ ਜਿਹੇ ਫੈਸਲੇ ਨਾਲ ਹੀ ਸੰਸਾਰ ਦੀਆਂ ਵੱਡੀਆਂ ਕਰੰਸੀਆਂ ਦੀ ਕੀਮਤ ਇੱਕਦਮ ਪ੍ਰਭਾਵਿਤ ਹੋ ਗਈ ਹੈ। ਭਾਰਤੀ ਰੁਪਏ ਦੀ ਕੀਮਤ ਕੁਝ ਸੁਧਰਨ ਤੋਂ ਬਾਅਦ ਇੱਕਦਮ ਫਿਰ ਡਿਗ ਪਈ ਹੈ ਇਸੇ ਤਰ੍ਹਾਂ ਦੱਖਣੀ ਅਫਰੀਕਾ ਦਾ ਰੈਂਡ ੨ ਫੀਸਦੀ ਥੱਲੇ ਡਿਗ ਪਿਆ ਹੈ, ਤੁਰਕੀ ਦੀ ਕਰੰਸੀ ਲੀਰਾ ਵਿੱਚ ਵੀ ੨ ਫੀਸਦੀ ਦਾ ਨਿਘਾਰ ਦਰਜ ਕੀਤਾ ਗਿਆ, ਰੂਸ ਦਾ ਰੂਬਲ ੧.੨ ਫੀਸਦੀ ਥੱਲੇ ਡਿਗਿਆ, ਹੰਗਰੀ ਦਾ ਫਰੋਇੰਟ ੧.੫ ਫੀਸਦੀ ਡਿਗਿਆ। ਇਸ ਮੰਦਵਾੜੇ ਦਾ ਅਸਰ ਪੋਲ਼ੈਂਡ ਵਰਗੀ ਮਜਬੂਤ ਕਰੰਸੀ ਤੇ ਵੀ ਪਿਆ ਜਿਸਦੀ ਕੀਮਤ ਵੀ ਇਸ ਮੰਦਵਾੜੇ ਨਾਲ ਪ੍ਰਭਾਵਿਤ ਹੋਈ।

ਅਫਰੀਕਾ, ਤੁਰਕੀ ਅਤੇ ਭਾਰਤ ਦੇ ਰਿਜ਼ਰਵ ਬੈਂਕਾਂ ਨੇ ਨਿਵੇਸ਼ਕਾਂ ਦਾ ਵਿਸ਼ਵਾਸ਼ ਬਣਾਈ ਰੱਖਣ ਲਈ ਰੇਪੋ ਰੇਟ ਵਿੱਚ ਵਾਧਾ ਕਰ ਦਿੱਤਾ ਅਤੇ ਹੋਰ ਵੀ ਕਦਮ ਉਠਾਉਣ ਦਾ ਵਾਅਦਾ ਕੀਤਾ। ਉਭਰਦੀਆਂ ਮੰਡੀਆਂ ਦੇ ਇਸ ਕਦਮ ਨਾਲ ਵੀ ਹਾਲੇ ਨਿਵੇਸ਼ਕਾਂ ਨਾ ਭਰੋਸਾ ਨਹੀ ਬਣਿਆ ਅਤੇ ਉਹ ਹਾਲੇ ਵੀ ਥੋੜੇ ਸਮੇਂ ਵਿੱਚ ਵੱਧ ਪੈਸੇ ਕਮਾਉਣ ਦੇ ਲਾਲਚ ਨੂੰ ਛੱਡ ਕੇ ਅਮਰੀਕੀ ਬਾਂਡ ਵਰਗੇ ਸੁਰੱਖਿਅਤ ਰਸਤੇ ਨੂੰ ਅਪਨਾਉਣ ਦੀ ਸੋਚ ਲੈਕੇ ਵਪਾਰ ਕਰ ਰਹੇ ਹਨ।

ਅਮਰੀਕਾ ਦੇ ਇਸ ਝਟਕੇ ਨੇ ਇਹ ਦਰਸਾ ਦਿੱਤਾ ਹੈ ਕਿ ਸੰਸਾਰ ਆਰਥਿਕਤਾ ਹਾਲੇ ਵੀ ਪੱਛਮੀ ਮੁਲਕਾਂ ਦੀ ਮੁੱਠੀ ਵਿੱਚ ਹੈ ਅਤੇ ਉਹ ਜਦੋਂ ਚਾਹੁਣ ਇਸ ਨੂੰ ਆਪਣੇ ਅਨੁਸਾਰ ਮਰੋੜਾ ਦੇ ਸਕਦੇ ਹਨ।

ਭਾਰਤ ਅਤੇ ਚੀਨ ਦੇ ਉਭਾਰ ਦੀਆਂ ਕਹਾਣੀਆਂ ਹੁਣ ਬੀਤੇ ਦੀ ਗੱਲ ਬਣ ਕੇ ਰਹਿ ਗਈਆਂ ਹਨ। ਪਿਛਲੇ ਕੁਝ ਸਮੇਂ ਤੋਂ ਸੰਸਾਰ ਭਰ ਦੇ ਮੀਡੀਆ ਵਿੱਚ ਇਹ ਗੱਲ ਜੋਰ-ਸ਼ੋਰ ਨਾਲ ਧੁਮਾਈ ਜਾ ਰਹੀ ਸੀ ਕਿ ਜਿਸ ਤੇਜੀ ਨਾਲ ਇਹ ਮੁਲਕ ਤਰੱਕੀ ਕਰ ਰਹੇ ਹਨ ਉਸ ਨੂੰ ਦੇਖਦਿਆਂ ਇਹ ੨੧ਵੀਂ ਸਦੀ ਵਿੱਚ ਵੱਡੀ ਤਾਕਤ ਵੱਜੋਂ ਉਭਰਨਗੇ। ਪਰ ਸੰਸਾਰ ਦੇ ਅਰਥ-ਸ਼ਾਸ਼ਤਰੀਆਂ ਦੀਆਂ ਭਵਿੱਖਬਾਣੀਆਂ ਧਰੀਆਂ ਧਰਾਈਆਂ ਰਹਿ ਗਈਆਂ ਹਨ। ਵਰਤਮਾਨ ਸਥਿਤੀ ਨੇ ਇਹ ਸੱਚ ਸਾਹਮਣੇ ਲਿਆਂਦਾ ਹੈ ਕਿ ਪੱਛਮੀ ਤਾਕਤਾਂ ਹਾਲੇ ਵੀ ਮਜਬੂਤ ਸਥਿਤੀ ਵਿੱਚ ਹਨ।

ਹੁਣ ਸੁਆਲ ਇਹ ਉਠਦਾ ਹੈ ਕਿ ਅਰਥ-ਸ਼ਾਸ਼ਤਰੀਆਂ ਦੇ ਅੰਦਾਜ਼ਿਆਂ ਵਿੱਚ ਅਜਿਹੀ ਕੀ ਕਮੀ ਰਹਿ ਗਈ ਸੀ ਕਿ ਉਹ ਸੰਸਾਰ ਆਰਥਿਕਤਾ ਦੇ ਭਵਿੱਖ ਬਾਰੇ ਸਹੀ ਅੰਦਾਜ਼ਾ ਨਹੀ ਲਗਾ ਸਕੇ?

ਪ੍ਰਸਿੱਧ ਅਰਥ-ਸ਼ਾਸ਼ਤਰੀ ਰੁਚਿਰ ਸ਼ਰਮਾ ਅਰਥ-ਸ਼ਾਸ਼ਤਰੀਆਂ ਦੇ ਇਸ ਭੁਲਾਵੇ ਨੂੰ ਕਾਫੀ ਸੋਝੀ ਨਾਲ ਦੇਖਦੇ ਹਨ ਅਤੇ ਸਥਿਤੀ ਬਾਰੇ ਆਪਣੀ ਰਾਏ ਪੇਸ਼ ਕਰਦੇ ਹੋਏ ਆਖਦੇ ਹਨ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਭਵਿੱਖ ਬਾਣੀਆਂ Single factor syndrome ਦਾ ਸ਼ਿਕਾਰ ਸਨ। ਉਨ੍ਹਾਂ ਦਾ ਕਹਿਣਾਂ ਹੈ ਕਿ ਕੋਈ ਵੀ ਆਰਥਿਕ ਇਕਾਈ ਲੰਬੇ ਸਮੇਂ ਤੱਕ ਇੱਕੋ ਜਿਹੀ ਸਪੀਡ ਨਾਲ ਆਰਥਿਕ ਵਿਕਾਸ ਨਹੀ ਕਰ ਸਕਦੀ। ਬਹੁਤ ਥੋੜੇ ਮੁਲਕ ਹਨ ਜਿਨ੍ਹਾਂ ਨੇ ਇਸ ਆਪਣੇ ਵਿਕਾਸ ਦੀ ਲਗਾਤਾਰਤਾ ਨੂੰ ਕਾਇਮ ਰੱਖਿਆ ਹੈ। ਇਸੇ ਲਈ ਦੁਨੀਆਂ ਦੇ ੧੮੦ ਮੁਲਕਾਂ ਵਿੱਚੋਂ ਅੱਜ ਵੀ ਸਿਰਫ ੩੫ ਮੁਲਕ ਹੀ ਵਿਕਸਿਤ (Developing) ਮੁਲਕ ਹਨ ਬਾਕੀ ਸਾਰੇ ਵਿਕਾਸਸ਼ੀਲ (Developing) ਹੀ ਹਨ। ਰੁਚਿਰ ਸ਼ਰਮਾਂ ਆਖਦੇ ਹਨ ਕਿ ਆਰਥਿਕ ਵਿਕਾਸ ਨੂੰ Single factor development ਦੀ ਨਜ਼ਰ ਨਾਲ ਨਹੀ ਦੇਖਿਆ ਜਾ ਸਕਦਾ। ਜੇ ਇੱਕ ਮੁਲਕ ਕਿਸੇ ਖਾਸ ਵਾਤਾਵਰਨ ਵਿੱਚ ਵਿਕਾਸ ਕਰ ਰਿਹਾ ਹੈ ਤਾਂ ਉਸਦੇ ਅਧਾਰ ਤੇ ਕਿਸੇ ਹੋਰ ਮੁਲਕ ਜਾਂ ਸਮਾਜ ਦੇ ਵਿਕਾਸ ਬਾਰੇ ਭਵਿੱਖਬਾਣੀਆਂ ਨਹੀ ਕੀਤੀਆਂ ਜਾ ਸਕਦੀਆਂ। ਚੀਨ ਦੇ ਵੱਡੇ ਇਲਾਕੇ ਅਤੇ ਵੱਡੀ ਜਨਸੰਖਿਆ ਨੂੰ ਅਧਾਰ ਬਣਾਕੇ ਭਾਰਤ ਵਰਗੇ ਮੁਲਕ ਦੇ ਵਿਕਾਸ ਦੇ ਦਾਅਵੇ ਕਰ ਦਿੱਤੇ ਗਏ ਜੋ ਝੂਠੇ ਸਾਬਤ ਹੋ ਰਹੇ ਹਨ।

ਇਸੇ ਤਰ੍ਹਾਂ ਅਰਥ-ਸ਼ਾਸ਼ਤਰੀਆਂ ਨੇ ਆਪਣੇ ਮਨ ਵਿੱਚ ਇਹ ਭਰਮ ਪਾਲਿਆ ਹੋਇਆ ਹੈ ਕਿ ਜਮਹੂਰੀ ਦੇਸ਼ਾਂ ਵਿੱਚ ਹੀ ਜਿਆਦਾ ਵਿਕਾਸ ਹੋ ਸਕਦਾ ਹੈ ਪਰ ਪਿਛਲੇ ੩੦ ਸਾਲਾਂ ਦੇ ਤਜ਼ਰਬੇ ਨੇ ਇਹ ਸਿੱਧ ਕੀਤਾ ਹੈ ਕਿ ਤਾਨਾਸ਼ਾਹੀ ਵਾਲੀ ਰਾਜਪ੍ਰਣਾਲੀ ਅਧੀਨ ਜਿਆਦਾ ਵਿਕਾਸ ਹੋਇਆ ਹੈ। ਅਰਥ-ਸ਼ਾਸ਼ਤਰੀ ਆਪਣੇ ਮਨ ਵਿੱਚ ਇਹ ਧਾਰਨਾ ਵੀ ਪਾਲਕੇ ਚੱਲ ਰਹੇ ਸਨ ਕਿ ਇਸਲਾਮ ਵਿਕਾਸ ਦਾ ਵਿਰੋਧੀ ਹੈ ਪਰ ਤੁਰਕੀ ਅਤੇ ਇੰਡੋਨੇਸ਼ੀਆ ਦੇ ਵਿਕਾਸ ਨੇ ਇਹ ਦਰਸਾ ਦਿੱਤਾ ਹੈ ਕਿ ਇਸਲਾਮੀ ਰਾਜਾਂ ਅਧੀਨ ਵੀ ਵਿਕਾਸ ਹੋ ਸਕਦਾ ਹੈ। ੩ ਸਾਲ ਪਹਿਲਾਂ ਸਾਰੇ ਅਰਥ-ਸ਼ਾਸ਼ਤਰੀਆਂ ਨੇ ਪਾਕਿਸਤਾਨ ਨੂੰ ਇੱਕ ਅਸਫਲ ਮੁਲਕ ਦਾ ਦਰਜਾ ਦੇ ਕੇ ਨਕਾਰ ਦਿੱਤਾ ਸੀ ਪਰ ਪਿਛਲੇ ਸਾਲ ਪਾਕਿਸਤਾਨ ਦਾ ਸਟਾਕ ਐਕਸਚੇਂਜ ਦੁਨੀਆਂ ਭਰ ਵਿੱਚ ਸਭ ਤੋਂ ਮਜਬੂਤ ਸਟਾਕ ਐਕਸਚੇਂਜ ਦੇ ਰੂਪ ਵਿੱਚ ਉਭਰਿਆ ਹੈ।

ਇਸੇ ਤਰ੍ਹਾਂ ਅਰਥ-ਸ਼ਾਸ਼ਤਰੀ ਇਹ ਵੀ ਭਰਮ ਪਾਲਕੇ ਚੱਲ ਰਹੇ ਸਨ ਕਿ ਜਿਹੜੇ ਮੁਲਕ ਦੁਨੀਆਂ ਨਾਲ਼ੋਂ ਭੁਗੋਲਿਕ ਅਤੇ ਰਾਜਸੀ ਤੌਰ ਤੇ ਕੱਟੇ ਹੋਏ ਹਨ (Isolated politically and geographically) ਉਹ ਵਿਕਾਸ ਨਹੀ ਕਰ ਸਕਦੇ ਪਰ ਬਹੁਤ ਹੀ ਖੁਸ਼ਕ ਸਮਝੇ ਜਾਂਦੇ ਮੁਲਕਾਂ (most landlocked countries) ਜਿਵੇਂ ਅਰਮੀਨੀਆਂ, ਤਾਜ਼ਿਕਸਤਾਨ, ਉਗਾਂਡਾ ਅਤੇ ਕਜ਼ਾਕਿਸਤਾਨ ਦੇ ਵਿਕਾਸ ਨੇ ਇਹ ਭਰਮ ਵੀ ਤੋੜ ਦਿੱਤਾ ਹੈ।

ਅਸਲ ਵਿੱਚ ਅਰਥ-ਸ਼ਾਸ਼ਤਰੀਆਂ ਨੇ ਸੰਸਾਰ ਆਰਥਿਕਤਾ ਬਾਰੇ ਭਵਿੱਖਬਾਣੀ ਕਰਦਿਆਂ ਜਿਹੜੀ ਵੱਡੀ ਗਲਤੀ ਕੀਤੀ ਉਹ ਇਹ ਸੀ ਕਿ ਉਨ੍ਹਾਂ ਹਰ ਮੁਲਕ ਨੂੰ ਇੱਕ ਇਕਾਈ (individual market) ਦੇ ਤੌਰ ਤੇ ਨਹੀ ਦੇਖਿਆ ਅਤੇ ਦੂਜਾ ਕਿ ਉਨ੍ਹਾਂ ਮੁਲਕਾਂ ਦੇ ਰਾਜਸੀ ਨੇਤਾਵਾਂ ਦੇ ਵੱਡੇ ਵਾਅਦਿਆਂ ਦੇ ਅਧਾਰ ਤੇ ਹੀ ਸਿੱਟੇ ਕੱਢ ਮਾਰੇ ਹਲਾਂਕਿ ਸੱਚ ਇਹ ਸੀ ਕਿ ਇਨ੍ਹਾਂ ਮੁਲਕਾਂ ਵਿੱਚ ਨਿਵੇਸ਼ ਤਾਂ ਅਮਰੀਕਾ ਜਾਂ ਯੂਰਪ ਦੇ ਪੈਸੇ ਨਾਲ ਹੋ ਰਿਹਾ ਸੀ। ਅਰਥ-ਸ਼ਾਸ਼ਤਰੀਆਂ ਨੇ ਇਹ ਭਰਮ ਵੀ ਪਾਲ ਲਿਆ ਕਿ ਵਰਤਮਾਨ ਵਿਕਾਸ ਦਰ ਹਮੇਸ਼ਾ ਲਈ ਬਣੀ ਰਹੇਗੀ ਅਤੇ ਗਰਮ-ਬਜ਼ਾਰ ਹਮੇਸ਼ਾ ਹੀ ਗਰਮ ਰਹਿਣਗੇ ਜੋ ਕਿ ਅਰਥ-ਸ਼ਾਸ਼ਤਰ ਦਾ ਅਸੂਲ ਨਹੀ ਰਿਹਾ।

ਸੋ ਵੱਡੀਆਂ ਗਲਤੀਆਂ ਨਾਲ ਭਰਪੂਰ ਆਰਥਿਕ ਭਵਿੱਖਬਾਣੀਆਂ ਦਾ ਜਨਾਜ਼ਾ ਸਭ ਦੇ ਸਾਹਮਣੇ ਨਿਕਲ ਰਿਹਾ ਹੈ ਅਤੇ ਅਰਥ-ਸ਼ਾਸ਼ਤਰ ਦੇ ਵਿਕਾਸ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਹਾਣ ਦੇ ਨਾ ਹੋ ਕੇ ਕੀਤੇ ਦਾਅਵਿਆਂ ਦੀ ਸੱਚ ਸਾਹਮਣੇ ਫੂਕ ਨਿਕਲ ਰਹੀ ਹੈ। ਇਸ ਸੱਚ ਨੇ ਅਰਥ-ਸ਼ਾਸ਼ਤਰੀਆਂ ਲਈ ਵੀ ਨਵੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ।