੮ ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਨਾਰੀ ਮੁਕਤੀ ਵਜੋਂ ਮੁਕਰਰ ਹੋਇਆ ਦਿਨ ਹੈ। ਸੰਯੁਕਤ ਰਾਸ਼ਟਰ ਵੱਲੋਂ ਪ੍ਰਕਾਸ਼ਤ ਇਸ ਸਾਲ ਦੀ ਪ੍ਰਫੁੱਲਤ ਪ੍ਰੋਗਰਾਮ ਦੀ ਰਿਪੋਰਟ ਮੁਤਾਬਕ ਅੱਜ ਵੀ ਦੁਨੀਆਂ ਦਾ ਔਰਤ ਪ੍ਰਤੀ ਦ੍ਰਿਸ਼ਟੀਕੋਣ ੯੦ ਪ੍ਰਤੀਸ਼ਤ ਪੱਖਪਾਤੀ ਹੈ ਤੇ ਮਰਦ ਉਸਨੂੰ ਬਰਾਬਰੀ ਦੇਣ ਤੋਂ ਘਬਰਾਉਂਦੇ ਹਨ। ਜਿਥੇ ਪਾਕਿਸਤਾਨ ਵਰਗੇ ਦੇਸ਼ ਇਸ ਪੱਖੋਂ ਸਭ ਤੋਂ ਵਧੇਰੇ ਪਛੜੇ ਹੋਏ ਹਨ ਉਥੇ ਯੂਰਪ ਦਾ ਵੱਡਾ ਹਿੱਸਾ ਪੱਖਪਾਤੀ ਸੋਚ ਤੋਂ ਕਾਫੀ ਹੱਦ ਤੱਕ ਨਿਰਲੇਪ ਹੈ। ਕੁਝ ਸਮਾਂ ਪਹਿਲਾਂ ਇੱਕ ਕਿਤਾਬ ਜਿਸਨੂੰ ਅਨੁਰਾਧਾ ਬੈਨੀਵਾਲ ਨੇ ਲਿਖਿਆ ਹੈ ਜੋ ਹਰਿਆਣਾ ਦੇ ਰੋਹਤਕ ਜਿਲਾ ਦੇ ਪਿੰਡ ਦੀ ਕੁੜੀ ਹੈ। ਉਸਨੇ ਆਪਣਾ ਸਫਰਨਾਮਾ ‘ਅਜ਼ਾਦੀ ਮੇਰਾ ਬਰਾਂਡ’ ਨਾਮ ਦਾ ਸਫਰਨਾਮਾ ਲਿਖਿਆ ਹੈ। ਉਸਨੇ ਆਪਣੇ ਸਫਰਨਾਮੇ ਵਿੱਚ ਦੱਸਿਆ ਹੈ ਕਿ ਜੇ ਔਰਤ ਚੇਤੰਨ ਅਤੇ ਬੇਖੌਫ ਹੋਵੇ ਤਾਂ ਉਹ ਇੱਕਲਿਆਂ ਯੂਰਪ ਵਰਗੇ ਦੇਸ਼ਾਂ ਦਾ ਇੱਕ ਸਧਾਰਨ ਯਾਤਰੀ ਦੀ ਤਰ੍ਹਾਂ ਸੈਰ-ਸਪਾਟਾ ਖੁੱਲ ਕੇ ਕਰ ਸਕਦੀ ਹੈ, ਖੁੱਲ ਕੇ ਵਿਚਰ ਸਕਦੇ ਹੈ ਤੇ ਆਮਤ ਸ਼ਕਤੀ ਨਾਲ ਕੁਝ ਵੀ ਕਰਨ ਦੇ ਸਮਰੱਥ ਹੈ। ਦੂਜੇ ਪਾਸੇ ਭਾਰਤ ਅੰਦਰ ਚੱਲ ਰਹੇ ਨਾਗਰਿਕਤਾ ਸੋਧ ਕਨੂੰਨ ਦੇ ਵਿਰੋਧ ਦੀ ਅਗਵਾਈ ਵੀ ਔਰਤਾਂ ਹੀ ਕਰ ਰਹੀਆਂ ਹਨ। ਦਿੱਲੀ ਦੇ ਸ਼ਾਹੀਨ ਬਾਗ ਵਰਗੇ ਥਾਵਾਂ ਤੇ ਭਾਰਤ ਅੰਦਰ ਕਈ ਮੁਜ਼ਾਹਰੇ ਵੱਖ-ਵੱਖ ਮੁਜ਼ਾਹਰੇ ਔਰਤਾਂ ਦੀ ਅਗਵਾਈ ਹੇਠ, ਕੇਂਦਰੀ ਸਰਕਾਰ ਦੀ ਸਖਤਾਈ ਦੇ ਬਾਵਜੂਦ ਚੱਲ ਰਹੇ ਹਨ। ਇੰਨਾਂ ਅੰਦੋਲਨਾਂ ਨੇ ਹੋਰ ਵੱਖ-ਵੱਖ ਲੋਕ ਸ਼ਕਤੀਆਂ ਨੂੰ ਪ੍ਰੇਰਤ ਕਰਕੇ ਇਸ ਸੰਵਿਧਾਨ ਵਿਰੋਧੀ ਭਾਰਤੀ ਕਨੂੰਨ ਦੇ ਖਿਲਾਫ ਲਾਮਬੰਦ ਕੀਤਾ ਹੈ। ਭਾਵੇਂ ਇਹ ਸੰਘਰਸ਼ ਲਗਾਤਾਰ ਕੇਂਦਰ ਸਰਕਾਰ ਦੀਆਂ ਨਜ਼ਰਾਂ ਵਿੱਚ ਰੜਕ ਰਹੇ ਹਨ ਤੇ ਇੰਨਾਂ ਨੂੰ ਸੁਰੱਖਿਆ ਕਰਮੀਆਂ ਰਾਹੀਂ ਖਿਦੇੜਨ ਦੀ ਕੋਸ਼ਿਸ ਵੀ ਕੀਤੀ ਜਾ ਰਹੀ ਹੈ ਪਰ ਇਹ ਅੰਦੋਲਨ ਨਾਰੀ ਮੁਕਤੀ ਦੇ ਚਿੰਨ ਵਜੋਂ ਲਗਾਤਾਰ ਜਾਰੀ ਹਨ। ਵਿਲੀਅਨ ਫਾਕਨਰ ਦੇ ਕਥਨ ਅਨੁਸਾਰ, “ਇਮਾਰਦਾਰੀ, ਸੱਚ ਅਤੇ ਦਿਆਲਤਾ ਦੇ ਹੱਕ ਵਿੱਚ, ਅਨਿਆਂ ਝੂਠ ਤੇ ਲਾਲਚ ਦੇ ਵਿਰੁੱਧ ਆਵਜ਼ ਉਠਾਉਣ ਤੋਂ ਕਦੇ ਨਹੀਂ ਡਰਨਾ ਚਾਹੀਦਾ। ਇਹ ਭਾਰਤ ਦੀਆਂ ਕੁੜੀਆਂ ਤੇ ਔਰਤਾਂ ਅੱਜ ਪੂਰੀ ਤਰਾਂ ਲਾਮਬੰਦ ਹਨ। ਇਹ ਨਾਰੀ ਸ਼ਕਤੀ ਤੇ ਚੇਤੰਨਤਾ ਦਾ ਚਿੰਨ ਬਣੀਆਂ ਹੋਈਆਂ ਹਨ। ਇਸ ਵਾਰੀ ਲੈਟਨ ਅਮਰੀਕਾ ਦੇ ਕਈ ਮੁਲਕਾਂ ਵਿੱਚ ਗਰਭਪਾਤ ਨੂੰ ਲੈ ਕੇ ਨਾਰੀ ਸ਼ਕਤੀ ਨੇ ਕਾਫੀ ਭਰਵੇਂ ਰੋਸ ਮਾਰਚ ਕੱਢੇ ਅਤੇ ਸਰਕਾਰਾਂ ਵਿਰੁੱਧ ਮੁਜ਼ਾਹਰਾ ਕੀਤਾ ਕਿ ਔਰਤ ਨੂੰ ਆਪਣੇ ਸਰੀਰ ਦਾ ਫੈਸਲਾ ਕਰਨ ਦਾ ਆਪ ਹੱਕ ਚਾਹੀਦਾ ਹੈ। ਅੱਜ ਜਦੋਂ ਸੰਸਾਰ ਦੀ ਕੁੱਲ ਅਬਾਦੀ ਦੇ ੬੭ ਫੀਸਦੀ ਹਿੱਸੇ ਦੀ ਨਾਰੀ ਕ੍ਰਿਤ ਕਰਨ ਵਾਲੀ ਹੈ ਪਰ ਉਸਨੂੰ ਸੰਸਾਰ ਦੀ ਕੁੱਲ ਆਮਦਨ ਦਾ ੧੦ ਫੀਸਦੀ ਹਿੱਸੇ ਨਾਲ ਹੀ ਗੁਜਾਰਾ ਕਰਨਾ ਪੈਂਦਾ ਹੈ। ਮਰਦ ਪ੍ਰਧਾਨ ਸਮਾਜ ਵਿੱਚ ਜੋ ਸਦੀਆਂ ਤੋਂ ਚੱਲਦਾ ਆ ਰਿਹਾ ਹੈ, ਵਿੱਚ ੩੦ ਤੋਂ ੪੦ ਫੀਸਦੀ ਘੱਟ ਤਨਖਾਹ ਤੇ ਔਰਤ ਨੂੰ ਕੰਮ ਕਰਨਾ ਪੈਂਦਾ ਹੈ। ਪਰ ਸਮੇਂ ਨਾਲ ਹੁਣ ਔਰਤ ਇੰਨੀ ਸੁਚੇਤ ਹੋ ਰਹੀ ਹੈ ਕਿ ਉਹ ਅਜਿਹੀਆਂ ਪੱਖਪਾਤੀ ਨੀਤੀਆਂ ਖਿਲਾਫ ਅਵਾਜ਼ ਉਠਾ ਰਹੀ ਹੈ। ਜੋ ਮਨੁੱਖੀ ਮਨਾਂ ਵਿੱਚ ਧਾਰਨਾਂ ਬਣੀ ਹੋਈ ਹੈ ਕਿ ਸੂਝ, ਤਰਕਸ਼ੀਲਤਾ, ਸਮਾਜਕ ਚੇਤੰਨਤਾ ਅਤੇ ਆਲੇ ਦੁਆਲੇ ਦੇ ਵਿਵਹਾਰ ਬਾਰੇ ਮਰਦ ਹੀ ਚੰਗੀ ਸੋਚ ਨਾਲ ਸੋਚ ਸਕਦਾ ਹੈ, ਉਸਦੀ ਗਲਤ ਧਾਰਨਾ ਬਾਰੇ ਹਰ ਖੇਤਰ ਵਿੱਚ ਇੱਕ ਚਿੰਨ ਬਣਨ ਦੀ ਬਜਾਏ ਆਪਣੀ ਸੂਝ ਨਾਲ ਬਦਲਣ ਦੀ ਕੋਸ਼ਿਸ ਕਰ ਹਰੀ ਹੈ।