ਸੰਯੁਕਤ ਰਾਸ਼ਟਰ ਦੇ ੨੦੧੫ ਦੇ ਮਨੁੱਖੀ ਸ੍ਰੋਤ ਸੂਚਕ ਅੰਕ ਦੇ ਅਨੁਸਾਰ ਭਾਰਤ ਦੀ ਤਰੱਕੀ ਪ੍ਰਤੀ ਰਫਤਾਰ ਕਾਫੀ ਮੱਧਮ ਦਿਖਾਈ ਹੈ ਤੇ ਉਸਨੂੰ ਦਰਜਾ ਸੂਚੀ ਵਿੱਚ ੧੮੧ ਮੁਲਕਾਂ ਵਿਚੋਂ ੧੩੩ ਵਾਂ ਅੰਕ ਹਾਸਲ ਹੋਇਆ ਹੈ। ਇਹ ਅੰਕੜਾ ਦਰਸਾਉਂਦਾ ਹੈ ਕਿ ਭਾਵੇਂ ੧੯੯੦ ਤੋਂ ਬਾਅਦ ਢਾਈ ਦਹਾਕੇ ਲੰਮੀ ਚੱਲੀ ਆਰਥਿਕ ਖੁਸ਼ਹਾਲੀ ਨਾਲ ਆਮਦਨ ਦੇ ਸ੍ਰੋਤ ਵਿੱਚ ਤਾਂ ਚੋਖਾ ਵਾਧਾ ਹੋਇਆ ਹੈ ਪਰ ਆਮ ਆਦਮੀ ਦੀ ਜਿੰਦਗੀ ਦੀਆਂ ਮੁਢਲੀਆਂ ਜਰੂਰਤਾਂ ਤੇ ਹੋਰ ਸ੍ਰੋਤਾਂ ਤੱਕ ਇਸਦਾ ਅਸਰ ਪਹੁੰਚ ਨਹੀਂ ਸਕਿਆ ਹੈ। ਜਿਸ ਕਰਕੇ ਇਹ ਸੂਚਕ ਅੰਕ ਭਾਰਤ ਦੀ ਬਹੁਸ਼ਕਤੀ ਬਣਨ ਦੀ ਮੰਜ਼ਿਲ ਵਿੱਚ ਕਈ ਕਦਮਾਂ ਦੀ ਵਿੱਥ ਦਰਸਾਉਂਦੇ ਹਨ।

ਇਸੇ ਤਰਾਂ ਇਸ ਸੂਚਕ ਅੰਕ ਮਤਾਬਿਕ ਭਾਰਤ ਦੀ ਆਰਥਿਕ ਤਰੱਕੀ ਵਿੱਚ ਸੂਬਿਆਂ ਅਤੇ ਇਲਾਕਿਆਂ ਵਿੱਚ ਕਾਫੀ ਫਰਕ ਨਜ਼ਰ ਆਉਂਦਾ ਹੈ। ਇਸੇ ਤਰਾਂ ਜੇ ਅਨਾਜ਼ ਪੱਖੋਂ ਭਾਰਤ ਦੀ ਸਵੈ-ਨਿਰਭਰਤਾ ਦੀ ਗੱਲ ਕਰ ਲਈਏ ਤਾਂ ਵਿਸ਼ਵ ਦੇ ਸੂਚੀ ਅੰਕ ਮੁਤਾਬਿਕ ਜੋ ਕਿ ਸੰਸਾਰ ਅਨਾਜ ਸੰਸਥਾ ਨੇ ਨਸ਼ਰ ਕੀਤੇ ਹਨ, ਉਸ ਅਨੁਸਾਰ ੧੧੮ ਦੇਸ਼ਾਂ ਦੇ ਅੰਕੜਿਆਂ ਵਿੱਚ ਭਾਰਤ ਦਾ ੯੭ਵਾਂ ਨੰਬਰ ਆਉਂਦਾ ਹੈ।

ਭਾਰਤ ਵਿੱਚ ਭੁੱਖਮਰੀ ਨਾਲ ਹਰ ਸਾਲ ਪੰਜ ਸਾਲ ਤੋਂ ਘੱਟ ਉਮਰ ਦੇ ਦਸ ਲੱਖ ਬੱਚੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਇਸੇ ਤਰਾਂ ਹਰ ਇੱਕ-ਚਾਰ ਬੱਚਿਆਂ ਪਿੱਛੇ ਇੱਕ ਬੱਚਾ ਸਕੂਲ ਨਹੀਂ ਪਹੁੰਚਦਾ ਤੇ ੧੦੦ ਪਿਛੇ ਸਿਰਫ ੩੨ ਬੱਚੇ ਹੀ ਮੁਢਲੀ ਸਕੂਲੀ ਵਿਦਿਆ ਪੂਰੀ ਕਰ ਪਾਉਂਦੇ ਹਨ।

ਇਨਾਂ ਮਾਮਲਿਆਂ ਵਿੱਚ ਭਾਰਤ ਪੂਰੇ ਏਸ਼ੀਆਂ ਵਿੱਚ ਇਸ ਸੰਸਥਾ ਦੀ ਰਿਪੋਰਟ ਮੁਤਾਬਕ ਸਭ ਤੋਂ ਪਛੜਿਆਂ ਹੋਇਆ ਹੈ। ਕਿਉਂ ਕਿ ਸੰਸਾਰ ਇੱਕ ਚੌਥਈ ¼ ਵਾਲੀ ਜਨਸੰਖਿਆ ਭਾਰਤ ਵਿੱਚ ਰਹਿੰਦੀ ਹੈ। ਜੇ ੨੨% ਜਨਸੰਖਿਆ ਦੀ ਹਰ ਰੋਜ ਦੀ ਆਮਦਨ ਤੇ ਝਾਤ ਮਾਰੀਏ ਤਾਂ ਉਸਦੇ ਹਿੱਸੇ ਮਸਾਂ ੧੨੫ ਰੁਪਏ ਦਿਨ ਦੇ ਆਉਂਦੇ ਹਨ। ਭਾਰਤ ਦੀ ਕੁੱਲ ਅਬਾਦੀ ਸੰਸਾਰਕ ਅਬਾਦੀ ਦੇ ਹਿਸਾਬ ਨਾਲ ੧੭.੩ ਫੀਸਦੀ ਬਣਦੀ ਹੈ। ਪਰ ਸੰਸਾਰ ਦੀ ਇੱਕ ਚੌਥਈ ¼ ਭੁੱਖ ਨਾਲ ਜੂਝ ਰਹੀ ਅਬਾਦੀ ਭਾਰਤ ਵਿੱਚ ਹੈ। ਇਸੇ ਤਰਾਂ ਭਾਰਤ ਦੀਆਂ ੫੫% ਔਰਤਾਂ ਇਸ ਭੁੱਖਮਰੀ ਦੀ ਜਕੜ ਵਿੱਚ ਹਨ।

ਇਹ ਚੀਜ਼ਾਂ ਦਰਸਾਉਂਦੀਆਂ ਹਨ ਕਿ ਭਾਰਤ ਦੀ ਬਹੁਸ਼ਕਤੀ ਬਣਨ ਵਿੱਚ ਤਰੱਕੀ ਦਾ ਜਾਲ ਜ਼ਮੀਨੀ ਹਕੀਕਤ ਤੋਂ ਥੱਲੇ ਜਾ ਕੇ ਭਾਰਤ ਦੇ ਬੁਨਿਆਦੀ ਢਾਂਚੇ ਦੀ ਰੂਪ ਰੇਖਾ ਬਦਲਣ ਦੀ ਲੋੜ ਹੈ। ਤਾਂ ਜੋ ਇਸਦੀ ਜ਼ਮੀਨੀ ਹਕੀਕਤ ਇਸਦੇ ਬਹੁ ਸ਼ਕਤੀ ਬਣਨ ਦੇ ਰਾਹ ਵਿੱਚ ਸਾਥੀ ਬਣ ਸਕੇ ਨਾ ਕਿ ਇੱਕ ਖਾਈ। ਇਸ ਦਾ ਸਭ ਤੋਂ ਜਰੂਰੀ ਉਪਰਾਲਾ ਭਾਰਤ ਦੀ ਜਨਸੰਖਿਆ ਨੂੰ ਹਰ-ਹੀਲੇ ਸਰਕਾਰੀ ਤੇ ਗੈਰ ਸਰਕਾਰੀ ਵਸੀਲਿਆਂ ਦੀ ਵਰਤੋਂ ਨਾਲ ਘਟਾਉਣਾ ਮੁੱਢਲਾ ਕਦਮ ਹੈ, ਤਾਂ ਹੀ ਇਸ ਤਰਾਂ ਦੇ ਮਨੁੱਖੀ ਸ੍ਰੋਤ ਸੂਚਕ ਅੰਕਾਂ ਵਿੱਚ ਭਾਰਤ ਤਬਦੀਲੀ ਲਿਆ ਸਕੇਗਾ।