ਪੰਜਾਬ ਦੀ ਨੌਜਵਾਨੀ ਦੇ ਇੱਕ ਹਿੱਸੇ ਵਿੱਚ ਅੰਨ੍ਹੀ ਕਤਲੋਗਾਰਤ ਦੀ ਮੰਦਭਾਗੀ ਲਹਿਰ ਫਿਰ ਚੱਲ ਪਈ ਹੈੈੈ। ਪਿਛਲੇ ਦਿਨੀ ਕੁਝ ਨੌਜਵਾਨਾਂ ਨੇ ਮੁਹਾਲੀ ਵਿੱਚ ਇੱਕ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਮਾਰਕੇ ਕਤਲ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਉਕਤ ਮਾਰਿਆ ਗਿਆ ਨੌਜਵਾਨ ਅਕਾਲੀ ਦਲ ਬਾਦਲ ਨਾਲ ਸਬੰਧ ਰੱਖਦਾ ਸੀ। ਉਸਦੇ ਕਤਲ ਤੋਂ ਕੁਝ ਸਮੇਂ ਬਾਅਦ ਹੀ ਨੌਜਵਾਨਾਂ ਦੇ ਕਿਸੇ ਗਰੁੱਪ ਨੇ ਉਸਦੇ ਕਤਲ ਦੀ ਜਿੰਮੇਵਾਰੀ ਚੁੱਕ ਕੇ ਆਖਿਆ ਕਿ ਇਹ ਸਾਡੇ ਵਿਰੋਧੀ ਗਰੁੱਪ ਨੂੰ ਸੂਹਾਂ ਦੇਂਦਾ ਸੀ ਇਸ ਕਰਕੇ ਕਤਲ ਕੀਤਾ ਗਿਆ ਹੈੈ। ਇਸ ਜਿੰਮੇਵਾਰੀ ਤੋਂ ਬਾਅਦ ਫਿਰ ਕਿਸੇ ਹੋਰ ਸਮੂਹ ਨੇ ਆਪਣੀ ਖਬਰ ਪੋਸਟ ਕਰ ਦਿੱਤੀ ਕਿ ਅਸੀਂ ਇੱਕ ਕਤਲ ਦਾ ਬਦਲਾ ਚਾਰ ਨੂੰ ਮਾਰ ਕੇ ਲਵਾਂਗੇ।

ਵਿੱਕੀ ਮਿੱਡੂਖੇੜਾ ਨਾਮੀ ਇਸ ਨੌਜਵਾਨ ਦੇ ਕਤਲ ਤੋਂ ਕੁਝ ਸਮਾਂ ਪਹਿਲਾਂ,ਬਲਬੀਰ ਸਿੰਘ ਨਰੂਆਣਾਂ ਨਾਅ ਦੇ ਨੌਜਵਾਨ ਦਾ ਕਤਲ ਹੋਇਆ, ਉਸ ਤੋਂ ਕੁਝ ਸਮਾਂ ਪਹਿਲਾਂ ਜੈਪਾਲ ਸਿੰਘ ਭੁੱਲਰ ਅਤੇ ਉਸਦੇ ਇੱਕ ਸਾਥੀ ਨੂੰ ਪੁਲਸ ਨੇ ਕਤਲ ਕਰ ਦਿੱਤਾ। ਹੋਰ ਕੁਝ ਸਮਾਂ ਪਹਿਲਾਂ ਇੱਕ ਹੋਣਹਾਰ ਨੌਜਵਾਨ ਗੁਰਲਾਲ ਸਿੰਘ ਪਹਿਲਵਾਨ ਨੂੰ ਚੰਡੀਗੜ੍ਹ ਵਿੱਚ ਕਤਲ ਕਰ ਦਿੱਤਾ ਗਿਆ।
ਆਖਰ ਪੰਜਾਬ ਦੀ ਨੌਜਵਾਨੀ ਕਿੱਧਰ ਨੂੰ ਜਾ ਰਹੀ ਹੈੈ? ਇਸ ਕਤਲੋਗਾਰਤ ਦੀ ਖੇਡ ਵਿੱਚ ਫਸੇ ਹੋਏ ਨੌਜਵਾਨ ਭਾਵੇਂ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧ ਰੱਖਦੇ ਹੋਣ ਪਰ ਉਹ ਹੈ ਤਾਂ ਮਾਂ ਧਰਤੀ ਪੰਜਾਬ ਦੇ ਜਾਏ ਹੀ ਹਨ। ਇਸ ਧਰਤੀ ਨੇ ਹੀ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਸਪੁੱਤਰਾਂ ਦੇ ਤੌਰ ਤੇ ਜਨਮ ਦਿੱਤਾ ਹੈੈੈ। ਜੇ ਅੱਜ ਉਹ ਆਪਸੀ ਕਤਲੋਗਾਰਤ ਵਿੱਚ ਫਸੇ ਹੋਏ ਹਨ ਤਾਂ ਇਸ ਨਾਲ ਸਿਰਫ ਤੇ ਸਿਰਫ ਨੁਕਸਾਨ ਮਾਂ ਧਰਤੀ ਪੰਜਾਬ ਦਾ ਹੋ ਰਿਹਾ ਹੈੈ। ਇਸ ਆਪਸੀ ਕਤਲੋਗਾਰਤ ਦੀ ਖੇਡ ਵਿੱਚ ਜਿਹੜੇ ਨੌਜਵਾਨ ਮਾਰੇ ਜਾ ਰਹੇ ਹਨ ਸਾਰੇ ਪੜ੍ਹੇ ਲਿਖੇ ਅਤੇ ਚੰਗੇ ਘਰਾਂ ਤੋਂ ਹਨ। ਜਿੰਦਗੀ ਦੇ ਕਿਸੇ ਮੋੜ ਤੇ ਉਨ੍ਹਾਂ ਨੇ ਉਹ ਫੈਸਲੇ ਲੈ ਲਏ ਜਿਸਦੀ ਇਜਾਜਤ ਨਾ ਪੰਜਾਬੀ ਸੱਭਿਆਚਾਰ ਦੇਂਦਾ ਹੈ ਅਤੇ ਨਾ ਹੀ ਗੁਰੂ ਸਿਧਾਂਤ।

ਗੁਰੂ ਸਿਧਾਂਤ ਵਿੱਚ ਉਹ ਹੀ ਹਿੰਸਾ ਪਰਵਾਨ ਹੈ ਜੋ ਸਿੱਖ ਧਰਮ, ਮਾਂ ਧਰਤੀ ਪੰਜਾਬ ਅਤੇ ਇਸਦੇ ਇਤਿਹਾਸ ਤੇ ਹਮਲਾਵਰ ਬਣਕੇ ਆਏ ਜਰਵਾਣਿਆਂ ਦੇ ਖਿਲਾਫ ਕੀਤੀ ਜਾਂਦੀ ਹੈੈੈ। ਹਿੰਸਾ ਸਾਡਾ ਸ਼ੌਕ ਨਹੀ ਹੈ ਸਿਰਫ ਜਰਵਾਣਿਆਂ ਨੂੰ ਸਜ਼ਾ ਦੇਣ ਦੀ ਇੱਕ ਰੁਹਾਨੀ ਜਿੰਮੇਵਾਰੀ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਹੈੈ।

ਜਿਸ ਹਿੰਸਕ ਸਰਗਰਮੀ ਵਿੱਚ ਸਾਡੇ ਅੱਜ ਦੇ ਨੌਜਵਾਨ ਫਸ ਰਹੇ ਹਨ ਇਹ ਸਾਡੇ ਧਰਮ ਅਤੇ ਮਾਂ ਧਰਤੀ ਦੀ ਸ਼ਾਨ ਲਈ ਮਰ ਮਿਟਣ ਵਾਲੀ ਹਿੰਸਾ ਨਹੀ ਹੈੈ। ਇਹ ਖੁਦਕੁਸ਼ੀ ਵਾਲਾ ਰਾਹ ਹੈੈੈ।

ਵੀਰੋ! ਤੁਹਾਡੇ ਤੋਂ ਪਹਿਲਾਂ ਤੁਹਾਡੀ ਪਿਛਲੀ ਪੀੜ੍ਹੀ ਵੀ ਹਥਿਆਰਾਂ ਦੇ ਰਾਹ ਪਈ ਸੀ। ਹਥਿਆਰਾਂ ਦੀ ਉਹ ਗੜਗੜਾਹਟ ਚਮਕੌਰ ਸਾਹਿਬ ਦੀ ਗੜ੍ਹੀ ਦੀ ਇਤਿਹਾਸਕ ਆਭਾ ਦੀ ਤਰਜਮਾਨੀ ਕਰਨ ਵਾਲੀ ਸੀ। ਉਹ ਫੋਕੀ ਹਿੰਸਾ ਨਹੀ ਸੀ ਨਾ ਹੀ ਖੁਦਕੁਸ਼ੀ ਸੀ ਬਲਕਿ ਗੁਰੂਆਂ ਦੀ ਧਰਤੀ ਨੂੰ ਹਰਾਉਣ ਆਏ ਜਰਵਾਣਿਆਂ ਦੇ ਰਾਹ ਮੋੜ ਦੇਣ ਵਾਲੀ ਪਵਿੱਤਰ ਹਿੰਸਾ ਸੀ। ਦਿੱਲੀ ਦਰਬਾਰ ਦੇ ਹੈਂਕੜਬਾਜ ਹਾਕਮਾਂ ਨੂੰ ਉਸ ਸੂਰਮਗਤੀ ਵਾਲੀ ਹਿੰਸਾ ਨੇ ਪੈਰਾਂ ਪਰਨੇ ਕਰ ਲਿਆ ਸੀ। ਸਾਡੇ ਵੀਰ ਜਿਸ ਜਾਂਬਾਜੀ ਨਾਲ ਲੜੇ ਅਤੇ ਜਿਸ ਬਹਾਦਰੀ ਨਾਲ ਉਹ ਕਤਰਾ ਕਤਰਾ ਹੋਕੇ ਸ਼ਹੀਦ ਹੋਏ, ਉਹ ਮੌਤ ਨੂੰ ਹਰਾ ਦੇਣ ਵਾਲੀ ਜਾਂਬਾਜੀ ਸੀ। ਉਸ ਹਿੰਸਾ ਨੇ ਪੰਜਾਬ ਦੇ ਅੰਬਰਾਂ ਨੂੰ ਕੇਸਰੀ ਰੰਗ ਨਾਲ ਰੰਗ ਦਿੱਤਾ ਸੀ। ਉਹ ਹਿੰਸਾ ਕੋਈ ਸ਼ੌਕ ਨਹੀ ਸੀ ਬਲਕਿ ਇਤਿਹਾਸ ਵੱਲੋਂ ਲਗਾਈ ਗਈ ਜਿੰਮੇਵਾਰੀ ਸੀ, ਜਿਸ ਨੂੰ ਸਾਡੇ ਵੀਰਾਂ ਨੇ ਆਪਣੇ ਸਿਰ ਦੇਕੇ ਨਿਭਾਇਆ। ਸਾਡੇ ਪੁਰਖਿਆਂ ਨੇ ਜਦੋਂ ਆਪਣੇ ਸਪੁੱਤਰਾਂ ਨੂੰ ਅਵਾਜ਼ ਮਾਰੀ ਤਾਂ ਪੰਜਾਬ ਦੀ ਸਮੁੱਚੀ ਪੀੜ੍ਹੀ ਸ਼ਮ੍ਹਾਂ ਤੇ ਮਚਣ ਲਈ ਪਰਵਾਨਿਆਂ ਵਾਂਗ ਵਾਹੋ-ਦਾਹੀ ਭੱਜ ਤੁਰੀ।

ਪੰਜਾਬ ਦੀ ਹਿੰਸਾ ਹਮੇਸ਼ਾ ਸ਼ਾਨਾਮੱਤੀ ਹੁੰਦੀ ਹੈ, ਉਸ ਵਿੱਚ ਕਿਸੇ ਇਤਿਹਾਸਕ ਨਿਸ਼ਾਨੇ ਦੀ ਪਰਾਪਤੀ ਦੇ ਨਿਸ਼ਾਨ ਸਮੋਏ ਹੋਏ ਹੁੰਦੇ ਹਨ। ਪੰਜਾਬ ਦੀ ਹਿੰਸਾ ਦੀਆਂ ਪੈੜਾਂ ਹਮੇਸ਼ਾ ਚਮਕੌਰ ਸਾਹਿਬ ਦੀ ਗੜ੍ਹੀ, ਸਰਸਾ ਦੇ ਕੰਢੇ, ਚੱਪੜਚਿੜੀ ਦੇ ਮੈਦਾਨ ਅਤੇ ਗੁਰਦਾਸ ਨੰਗਲ ਦੀ ਗੜ੍ਹੀ ਵੱਲ ਜਾਂਦੀਆਂ ਹਨ। ਇਹ ਹਿੰਸਾ ਆਪਣੇ ਭਰਾਵਾਂ ਦਾ ਕਤਲ ਨਹੀ ਕਰਦੀ। ਇਹ ਤਾਂ ਕਿਸੇ ਨਿਰਦੋਸ਼ ਦੁਸ਼ਮਣ ਦਾ ਵੀ ਕਤਲ ਨਹੀ ਕਰਦੀ।

ਅਸੀਂ ਆਪਣੇ ਛੋਟੇ-ਵੱਡੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਭਰਾ-ਮਾਰੂ ਹਿੰਸਾ ਦਾ ਰਸਤਾ ਛੱਡਣ ਅਤੇ ਜੇ ਕਿਤੇ ਸਾਡੇ ਪੁਰਖਿਆਂ ਨੇ ਸਾਨੂੰ ਫਿਰ ਅਵਾਜ਼ ਮਾਰੀ ਤਾਂ ਆਪਣੀ ਬਹਾਦਰੀ ਨੂੰ ਉਸ ਸਮੇਂ ਲਈ ਬਚਾਕੇ ਕੇ ਰੱਖੀਏ।