ਮੋਗੇ ਲਾਗੇ ਦਾ ਇੱਕ ਟਰੱਕ ਡਰਾਇਵਰ ਜੋ ਨਾਵਲ ਲਿਖਣ ਦਾ ਬਹਾਨਾ ਕਰਕੇ ਬਹੁਤ ਲੰਬਾ ਸਮਾਂ ਵੇਸਵਾਵਾਂ ਦੇ ਕੋਠਿਆਂ ਤੇ ਜਾਂਦਾ ਰਿਹਾ ਹੈ ਅੱਜਕੱਲ਼੍ਹ ਸਿੱਖ ਇਤਿਹਾਸ ਨਾਲ ਦਸਤਪੰਜਾ ਲੈਣ ਦੇ ਯਤਨ ਕਰ ਰਿਹਾ ਹੈ। ਲੋਕ ਦੱਸਦੇ ਹਨ ਕਿ ਉਸਨੇ ਟਰੱਕ ਡਰਾਇਵਰਾਂ ਬਾਰੇ, ਵੇਸਵਾਵਾਂ ਬਾਰੇ ਕਿਤਾਬਾਂ ਲਿਖੀਆਂ ਹਨ। ਇੱਕ ਕਿਤਾਬ ਉਸਨੇ ਕਥਿਤ ਪ੍ਰਮੁੱਖ ਸ਼ਖਸ਼ੀਅਤਾਂ ਦੀਆਂ ਮੁਲਾਕਾਤਾਂ ਤੇ ਅਧਾਰਤ ਵੀ ਲਿਖੀ ਹੈ। ਉਨ੍ਹਾਂ ਪ੍ਰਮੁੱਖ ਸ਼ਖਸ਼ੀਅਤਾਂ ਵਿੱਚੋਂ ਅੱਧੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਕਿਰਦਾਰ ਉਸ ਟਰੱਕ ਡਰਾਇਵਰ ਭਾਈ ਵਰਗਾ ਹੀ ਹੈ। ਜੋ ਕੁਝ ਉਹ ਟਰੱਕ ਡਰਾਇਵਰ ਭਾਈ ਵੇਸਵਾਵਾਂ ਦੇ ਕੋਠਿਆਂ ਤੇ ਕਰਦਾ ਰਿਹਾ ਹੈ, ਉਸਦੀ ਉਕਤ ਕਿਤਾਬ ਦੇ ਪਾਤਰ ਉਹ ਕੁਝ ਹੋਟਲਾਂ, ਮਹੱਲਾਂ ਅਤੇ ਕੋਠੀਆਂ ਵਿੱਚ ਕਰਦੇ ਰਹੇ ਹਨ।
ਉਸ ਟਰੱਕ ਡਰਾਇਵਰ ਭਾਈ ਨੇ ਕੁਝ ਸਮਾਂ ਪਹਿਲਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜੀਵਨ ਬਾਰੇ ਨਾਵਲ ਲਿਖਿਆ ਸੀ। ਜਿਸ ਵਿੱਚ ਉਸਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਹੀ ਨਹੀ ਬਲਕਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਆਪਣੀ ਟਰੱਕ ਡਰਾਇਵਰ ਬੁੱਧੀ ਦੇ ਚੌਖਟੇ ਵਿੱਚ ਰੱਖ ਕੇ ਦੇਖਣ ਅਤੇ ਉਸ ਟਰੱਕ ਡਰਾਇਵਰ ਬੁੱਧੀ ਰਾਹੀਂ ਦਸਵੇਂ ਪਾਤਸ਼ਾਹ ਦਾ ‘ਵਿਸ਼ਲੇਸ਼ਣ’ ਕਰਨ ਦਾ ਯਤਨ ਕੀਤਾ ਸੀ।
ਹੁਣ ਕਈ ਦਿਨਾਂ ਤੋਂ ਸ਼ੋਸ਼ਲ ਮੀਡੀਆ ਤੇ ਖਬਰਾਂ ਆ ਰਹੀਆਂ ਹਨ ਕਿ ਉਸ ਟਰੱਕ ਡਰਾਇਵਰ ਭਾਈ ਨੇ ਸਿੱਖਾਂ ਦੇ ਮਹਾਨ ਮਹਾਰਾਜੇ, ਰਣਜੀਤ ਸਿੰਘ ਜੀ ਬਾਰੇ ਨਾਵਲ ਲਿਖ ਮਾਰਿਆ ਹੈ। ਜਿਸਨੂੰ ਉਸਨੇ ਆਪਣੀ ਟਰੱਕ ਡਰਾਇਵਰੀ ਅਤੇ ਵੇਸਵਾਵਗਮਣੀ ਵਾਲੀ ਆਦਤ ਨੂੰ ਸਹੀ ਠਹਿਰਾਉਣ ਲਈ ਵਰਤਿਆ ਦੱਸਿਆ ਜਾਂਦਾ ਹੈ।
ਜਿਨ੍ਹਾਂ ਕੁਝ ਕੁ ਸੱਜਣਾਂ ਨੇ ਉਹ ਨਾਵਲ ਪੜ੍ਹਿਆ ਹੈ ਉਹ ਦੱਸਦੇ ਹਨ ਕਿ ਟਰੱਕ ਡਰਾਇਵਰ ਭਾਈ ਨੇ ਮਹਾਰਾਜਾ ਸਾਹਿਬ ਦੇ ਜੀਵਨ ਬਾਰੇ ਲਿਖਦਿਆਂ ਅਸਲ ਵਿੱਚ ਆਪਣੀ ਪੁਰਾਣੀ ਜਿੰਦਗੀ ਨਾਲ ਚਲੀ ਆਉਂਦੀ ਦੁਬਿਧਾ ਨੂੰ ਸਹੀ ਠਹਿਰਾਉਣ ਦਾ ਯਤਨ ਕੀਤਾ ਹੈ ਅਤੇ ਇਸ ਨਾਵਲ ਰਾਹੀਂ ਉਸਨੇ ਪੰਜਾਬੀ ਸਮਾਜ ਵਿੱਚ ਆਪਣੀ ਪਰਵਾਨਗੀ ਦਾ ਨਿਮਾਣਾਂ ਜਿਹਾ ਯਤਨ ਕੀਤਾ ਹੈ।
ਖੈਰ ਜਦੋਂ ਬੰਦਾ ਟਰੱਕਾਂ ਦੇ ਗੇਅਰ ਪਾਉਂਦਾ ਪਾਉਂਦਾ ਅਤੇ ਫਟੇ ਟਾਇਰ ਬਦਲਦਾ ਬਦਲਦਾ ਇਤਿਹਾਸ ਲਿਖਣ ਲੱਗ ਜਾਵੇ ਤਾਂ ਜਿਹੋ ਜਿਹੇ ਸੰਕਟ ਉਹ ਸਮਾਜ ਲਈ ਖੜ੍ਹੇ ਕਰ ਸਕਦਾ ਹੈ ਉਹ ਸੰਕਟ ਅਤੇ ਭੁਲੇਖੇ ਸਾਡੇ ਭੋਲੇ ਭਾਲੇ ਟਰੱਕ ਡਰਾਇਵਰ ਸਾਹਿਬ ਨੇ ਖੜ੍ਹੇ ਕਰ ਦਿੱਤੇ ਹਨ।
ਮਸਲਾ ਇਹ ਨਹੀ ਹੈ ਕਿ ਅਜਿਹੇ ਲੋਕ, ਕਲਮ ਦੀ ਮਜ਼ਦੂਰੀ ਕਿਉਂ ਕਰ ਰਹੇ ਹਨ। ਮਸਲਾ ਤਾਂ ਇਹ ਹੈ ਕਿ ਕੀ ਸਾਡੇ ਸਮਾਜ ਵਿੱਚ ਹੁਣ ਅਜਿਹੇ ਨੀਵੇਂ ਦਰਜੇ ਦੇ ਲੋਕ ਵੀ ਕਿਤੇ ਪਰਵਾਨਗੀ ਤਾਂ ਨਹੀ ਹਾਸਲ ਕਰ ਲੈਣਗੇ? ਖ਼ੈਰ ਸ਼ੋਸ਼ਲ ਮੀਡੀਆ ਤੇ ਜੋ ਸਰਗਰਮੀ ਦੇਖਣ ਨੂੰ ਮਿਲ ਰਹੀ ਹੈ ਉਸ ਤੋਂ ਪਤਾ ਲਗਦਾ ਹੈ ਕਿ ਟਰੱਕ ਡਰਾਇਵਰ ਭਾਈ ਦੇ ਨਾਵਲ ਨੂੰ ਉਸਦੀ ਜੁੰਡੀ ਦੇ ਯਾਰਾਂ ਤੋਂ ਬਿਨਾ ਬਹੁਤਾ ਕਿਸੇ ਨੇ ਗੌਲਿਆ ਨਹੀ ਹੈ। ਸ਼ੱਚੇ ਸੁੱਚੇ ਅਤੇ ਸ਼ੁੱਧ ਸਿੱਖਾਂ ਵੱਲ਼ੋਂ ਜੋ ਵਿਚਾਰ ਆ ਰਹੇ ਹਨ ਉਹ ਕਾਫੀ ਪ੍ਰਸੰਸਾਯੋਗ ਹਨ।
ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਅਜਿਹੀ ਲੱਚਰ ਲੇਖਣੀ ਦੇ ਵਾਰਸ ‘ਇਤਿਹਾਸਕਾਰਾਂ’ ਬਾਰੇ ਲਿਖਦੇ ਹੋਏ ਆਖਦੇ ਹਨ ਕਿ, ਆਧੁਨਿਕ ਯੁੱਗ ਵਿੱਚ ਇੱਕ ਖਾਸ ਕਿਸਮ ਦਾ ਰਵੱਈਆ, ਜਿਸਦੀ ਬਾਹਰਲੀ ਚਾਲ ਉਪਰੋਂ-ਉਪਰੋਂ ਤਰਕ, ਵਿਸ਼ਲੇਲਸ਼ਣ,ਵਿਰੋਧ ਵਿਕਾਸੀ ਪਦਾਰਥਵਾਦ ਅਤੇ ਵਿਗਿਆਨਕਤਾ ਦਾ ਭੁਲੇਖਾ ਦੇ ਸਕਦੀ ਹੋਵੇ, ਦਾ ਸਤਿਕਾਰ ਕਰਨਾ ਇੱਕ ਰਵਾਜ, ਇੱਕ ਮਸਨੂਈ ਆਦਤ ਜਾਂ ਅਖਬਾਰੀ ਸੁਭਾ ਅਤੇ ਇੱਕ ਫੈਸ਼ਨ ਬਣ ਗਿਆ ਹੈ। ਇਸ ਕਿਸਮ ਦੇ ਰਵੱਈਏ ਵਿੱਚੋਂ ਕੁਦਰਤੀ ਮੌਲਿਕਤਾ ਖਤਮ ਹੋ ਜਾਂਦੀ ਹੈ। ਜੀਵਨ ਦੇ ਜਿਉਂਦੇ-ਜਾਗਦੇ ਅਤੇ ਸੱਜਰੇ ਰਾਹ ਪੇਤਲੇ ਖਿਆਲੀ ਅੰਦਾਜ਼ ਵਿੱਚ ਬਦਲ ਜਾਂਦੇ ਹਨ। ਖਿਆਲਾਂ ਦੇ ਅਜਿਹੇ ਪੇਤਲੇਪਣ ਵਿੱਚੋਂ ਜੇ ਕੋਈ ਇਤਿਹਾਸਕ ਕਿਰਤ ਜਨਮ ਲ਼ੈਂਦੀ ਹੈ ਤਾਂ ਉਹ ਬੇਜਾਨ ਅਤੇ ਗੁਮਰਾਹਕੁੰਨ ਕਿਰਤ ਹੀ ਹੁੰਦੀ ਹੈ, ਜਿਸਦੀ ਸੁਰ, ਸਧਾਰਨ ਬੁੱਧੀ ਵਾਲੀ ਹੁੰਦੀ ਹੈ ਅਤੇ ਉਹ ਸਿੱਖ ਇਤਿਹਾਸ ਦਾ ਉਤਮ ਨਮੂਨਾ ਬਣਨੇ ਦੇ ਕਾਬਲ ਨਹੀ ਹੁੰਦੀ। ਅਜਿਹੀਆਂ ਕਿਤਾਬਾਂ ਨੂੰ ਇੱਕ ਖਾਸ ਸੁਰ ਤੋਂ ਪਰਵਾਨ ਕਰ ਲੈਣਾਂ, ਸੱਚਮੁੱਚ ਇੱਕ ਨਵੀਂ ਕਿਸਮ ਦਾ ਅੰਧ-ਵਿਸ਼ਵਾਸ਼ ਅਤੇ ਬੁੱਤ ਪੂਜਾ ਹੀ ਹੁੰਦੀ ਹੈ।
ਨਿਰਸੰਦੇਹ ਗੁਰੂ ਦੇ ਸੱਚੇ ਸਿੱਖ, ਸਿਰਜਣਾਤਮਿਕ ਪਹਿਲੂ ਤੋਂ ਸੱਖ਼ਣੀਆਂ ਦਲੀਲਾਂ ਵਾਲੇ ਕਿਸੇ ਅਜਿਹੇ ਇਤਿਹਾਸ ਨੂੰ ਪਰਵਾਨ ਨਹੀ ਕਰਨਗੇ ਜੋ ਮਹਿਜ਼ ਤਮਾਸ਼ਾ ਵਿਖਾਉਣ ਅਤੇ ਨੀਵੇਂ-ਪੱਧਰ ਦੇ ਸੁਆਦ ਲੈਣ ਦੇ ਮਨਸ਼ੇ ਨਾਲ ਲਿਖਿਆ ਗਿਆ ਹੋਵੇ।
ਅਸੀਂ ਸਮਝਦੇ ਹਾਂ ਕਿ ਉਹ ਟਰੱਕ ਡਰਾਇਵਰ ਭਾਈ ਜੋ ਇਤਿਹਾਸ ਨੂੰ ਡਰਾਈਵ ਕਰਨ ਦੀ ਜਿੱਦ ਕਰ ਰਿਹਾ ਹੈ ਅਸਲ ਵਿੱਚ ਤਮਾਸ਼ਾ ਵਿਖਾਉਣ ਦੇ ਯਤਨ ਵਿੱਚ ਹੀ ਹੈ। ਹੋ ਸਕਦਾ ਹੈ ਕਿ ਉਸਦਾ ਤਮਾਸ਼ਾ ਦੇਖਣ ਲਈ ਕੁਝ ਭੀੜ ਇਕੱਠੀ ਹੋ ਜਾਵੇ ਪਰ ਜਿਉਂ ਹੀ ਤਮਾਸ਼ਾ ਖਤਮ ਹੋਵੇਗਾ, ਲੋਕ ਆਪੋ ਆਪਣੇ ਘਰਾਂ ਨੂੰ ਤੁਰ ਜਾਣਗੇ।
ਇੱਥੇ ਅਸੀਂ ਇਹ ਵੀ ਜ਼ਿਕਰ ਕਰਦੇ ਜਾਈਏ ਕਿ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਲਿਖਣ ਵਾਲੇ ਮਹਿਜ਼ ਟਰੱਕ ਡਰਾਇਵਰ ਜਾਂ ਤਮਾਸ਼ਬੀਣ ਹੀ ਨਹੀ ਹਨ, ਬਲਕਿ ਗੁਰੂ ਸਾਹਿਬ ਦੀ ਅਗੰਮੀ ਰੂਹ ਨੂੰ ਨਤਮਸਤਕ ਜਾਣਕੇ ਅਤੇ ਆਪਣੇ ਜਨਮਦਾਤਾ ਪੈਗੰਬਰਾਂ ਦੀ ਸਿਖਿਆ ਦੀਆਂ ਮੌਲਿਕ ਰਮਜ਼ਾਂ ਨੂੰ ਪਹਿਚਾਣਕੇ, ਇਤਿਹਾਸ ਲਿਖਣ ਵਾਲੀਆਂ ਗੁੰਮਨਾਮ ਰੂਹਾਂ ਵੀ ਇੱਥੇ ਹੀ ਮੌਜੂਦ ਹਨ।
ਇਸ ਸਬੰਧ ਵਿੱਚ ਅਸੀਂ ਪਿੱਛੇ ਜਿਹੇ ਛਪਕੇ ਆਏ, ਜਸਬੀਰ ਮੰਡ ਦੇ ਨਾਵਲ, ‘ਬੋਲ ਮਰਦਾਨਿਆ’ ਦਾ ਜਿਕਰ ਕਰ ਸਕਦੇ ਹਨ। ਜੋ ਗੁਰੂ ਲਿਵ ਦੀ ਰੁਹਾਨੀਅਤ ਵਿੱਚ ਭਿੱਜਕੇ ਲਿਖਿਆ ਗਿਆ ਹੈ ਅਤੇ ਜਿਸਨੇ ਗੁਰੂ ਸਾਹਿਬ ਦੀਆਂ ਡੂੰਘੀਆਂ ਰਮਜ਼ਾਂ ਨੂੰ, ਸਾਹਿਤ ਅਤੇ ਇਤਿਹਾਸ ਦੀ ਕਲਾਸੀਕਲ ਵਿਧੀ ਰਾਹੀਂ ਚਿਤਰਿਆ ਹੈ।
ਜਸਬੀਰ ਮੰਡ ਦਾ ਨਾਵਲ, ਬੋਲ ਮਰਦਾਨਿਆ ਪੰਜਾਬੀ ਨਾਵਲ ਕਲਾ ਦਾ ਸਿਖਰ ਹੈ। ਜਿਸਦੇ ਛਪਣ ਸਾਰ ਹੀ ੭ ਪੀ.ਐਚ.ਡੀ. ਥੀਸਸ ਲਿਖੇ ਜਾਣ ਲੱਗੇ ਹਨ ਅਤੇ ਪੰਜਾਬ ਦੀ ਇੱਕ ਯੂਨੀਵਰਸਿਟੀ ਦੇ ਸਲੇਬਸ ਵਿੱਚ ਵੀ ਉਹ ਅਗਲੇ ਵਰ੍ਹੇ ਤੋਂ ਲਾਗੂ ਹੋ ਰਿਹਾ ਹੈ।
ਸਾਡੀ ਪੰਜਾਬੀ ਬੋਲੀ ਦੇ ਗੰਭੀਰ ਪਾਠਕਾਂ ਅਤੇ ਹਮਾਇਤੀਆਂ ਨੂੰ ਬੇਨਤੀ ਹੈ ਕਿ ਆਪਣੀ ਇਤਿਹਾਸਕਾਰੀ ਦਾ ਜਿੰਮਾ ਟਰੱਕ ਡਰਾਇਵਰਾਂ ਨੂੰ ਨਾ ਦਿਓ ਨਹੀ ਤਾਂ ਅਗਲੇ ੫੦-੬੦ ਸਾਲਾਂ ਵਿੱਚ ਸਾਡੇ ਲਈ ਵੱਡੇ ਸੰਕਟ ਖੜ੍ਹੇ ਹੋ ਸਕਦੇ ਹਨ।