ਭਾਰਤ ਸਰਕਾਰ ਦੀ ਸ਼ਹਿ ਤੇ ਸਿੱਖਾਂ ਨੂੰ ਧਰਮਕ ਅਤੇ ਰਾਜਨੀਤਿਕ ਚੁਣੌਤੀ ਦੇਣ ਵਾਲੇ ਸਿਰਸੇ ਵਾਲੇ ਦੇ ਇੱਕ ਚੇਲੇ ਦਾ ਪਿਛਲੇ ਦਿਨੀ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਹੈੈ। ਮਹਿੰਦਰਪਾਲ ਬਿੱਟੂ ਨਾਅ ਦਾ ਇਹ ਵਿਅਕਤੀ ਸਿਰਸੇ ਵਾਲੇ ਦੀ ਸਭ ਤੋਂ ਨੇੜਲੀ ਅਤੇ ਜਥੇਬੰਦ ਕੈਬਨਿਟ ਦਾ ਉੱਘਾ ਮੈਂਬਰ ਸੀ। ਸਿਰਸੇ ਵਾਲੇ ਦਾ ਕੱਟੜ ਸਮਰਥਕ ਸਿੱਖਾਂ ਖਿਲਾਫ ਜ਼ਹਿਰੀਲੀ ਸੋਚ ਨਾਲ ਭਰਿਆ ਹੋਇਆ ਇਹ ਵਿਅਕਤੀ, ਸਿੱਖ ਘਰ ਵਿੱਚ ਪੈਦਾ ਹੋਣ ਦੇ ਬਾਵਜੂਦ ਵੀ ਸਿੱਖਾਂ ਦੇ ਇਸ਼ਟ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਨਾਲ ਨਫਰਤ ਕਰਨ ਲੱਗ ਪਿਆ ਸੀ। ਆਪਣੀਆਂ ਨਿੱਜੀ ਸਿਆਸੀ ਖਾਹਸ਼ਾ ਦੀ ਪੂਰਤੀ ਲਈ ਇਹ ਵਿਅਕਤੀ ਇਸ ਹੱਦ ਤੱਕ ਗਿਰ ਗਿਆ ਸੀ ਕਿ ਆਪਣੇ ਨੇੜਲੇ ਪਿੰਡਾਂ ਵਿੱਚ ਸਿੱਖਾਂ ਦੇ ਉੱਤੇ ਹਮਲੇ ਕਰਨ, ਸਰਕਾਰਾਂ ਦੀ ਸਹਾਇਤਾ ਨਾਲ ਇੱਕ ਸਿੱਖ ਵਿਰੋਧੀ ਡੇਰੇ ਦਾ ਪਰਚਾਰ ਕਰਨ ਅਤੇ ਸਿੱਖਾਂ ਖਿਲਾਫ ਨਫਰਤ ਭੜਕਾਉਣ ਦੇ ਸਾਰੇ ਘਿਨਾਉਣੇ ਕੰਮ ਕਰਨ ਲੱਗ ਪਿਆ ਸੀ।

ਪੰਜਾਬ ਵਿੱਚ ਸਿਰਸੇ ਵਾਲੇ ਡੇਰੇ ਦੇ ਪੈਰੋਕਾਰਾਂ ਵੱਲੋਂ ਜਿੰਨੇ ਵੀ ਵੀ ਕਤਲ ਜਾਂ ਹਿੰਸਕ ਹਮਲੇ ਹੋਏ ਸਨ ਉਨ੍ਹ੍ਹਾਂ ਦੀ ਸਾਜਿਸ਼ ਬੁਣਨ ਵਾਲਾ ਇਹ ਹੀ ਵਿਅਕਤੀ ਸੀ। 2015 ਵਿੱਚ ਬੁਰਜਜਵਾਹਰ ਸਿੰਘ ਵਾਲਾ ਪਿੰਡ ਤੋਂ, ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ, ਉਸਦੇ ਪੱਤਰੇ ਪਾੜ ਕੇ ਪਿੰਡਾਂ ਵਿੱਚ ਖਿੰਡਾਉਣ ਅਤੇ ਸਿੱਖਾਂ ਨੂੰ ਚੁਣੌਤੀ ਦੇਣ ਵਾਲੇ ਇਸ਼ਤਿਹਾਰ ਲਗਾਉਣ ਵਿੱਚ ਇਸਦਾ ਹੀ ਹੱਥ ਸੀ। ਅਕਾਲੀਆਂ ਦੀ ਇਸ ਸ਼ਖਸ਼ ਉੱਤੇ ਵੱਡੀ ਮਿਹਰ ਸੀ ਕਿਉਂਕਿ ਸਿੱਖ ਸਿਆਸਤ ਦੇ ਬਾਬਾ ਬੋਹੜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਜਿਹੇ, ਸੱਜਣਾਂ ਨਾਲ ਬਹੁਤ ਵੱਧ ਚੜ੍ਹ ਕੇ ਸਾਂਝ ਭਿਆਲੀ ਪਾਕੇ ਰੱਖਦੇ ਹਨ। ਵੱਡੇ ਬਾਦਲ ਸਾਹਬ ਦੇ ਸਿਆਸੀ ਜੀਵਨ ਦਾ ਇਹ ਖਾਸ ਗੁਣ ਹੈ ਕਿ ਹਰ ਸਿੱਖ ਵਿਰੋਧੀ ਉਨ੍ਹਾਂ ਦਾ ਨਿੱਜੀ ਅਤੇ ਗੂੜ੍ਹਾ ਦੋਸਤ ਰਿਹਾ ਹੈੈ। ਇਸੇ ਕਰਕੇ ਪੰਜਾਬ ਪੁਲਿਸ ਨੂੰ ਸਾਰੀ ਕਹਾਣੀ ਪਤਾ ਹੋਣ ਦੇ ਬਾਵਜੂਦ ਵੀ, ਵੱਡੇ ਬਾਦਲ ਸਾਹਬ ਦੇ ਇਸ਼ਾਰੇ ਤੇ ਮਹਿੰਦਰਪਾਲ ਬਿੱਟੂ ਦੀ ਗ੍ਰਿਫਤਾਰੀ ਨਾ ਹੋ ਸਕੀ।

ਖੈਰ ਹੁਣ ਕੁਝ ਜਜਬਾਤੀ ਨੌਜਵਾਨਾਂ ਨੇ ਆਪਣੇ ਇਸ਼ਟ ਦੀ ਬੇਅਦਬੀ ਦੇ ਸਭ ਤੋਂ ਵੱਡੇ ਦੋਸ਼ੀ ਨੂੰ ਆਪਣੀ ਸੋਚ ਅਨੁਸਾਰ ਸਜ਼ਾ ਦੇ ਦਿੱਤੀ ਹੈੈ। ਸਿੱਖ ਪੰਥ ਦੇ ਹਲਕਿਆਂ ਵਿੱਚ ਇਸ ਨੂੰ ਸਵਾਗਤਯੋਗ ਮੰਨਿਆ ਜਾ ਰਿਹਾ ਹੈ। ਸ਼ੋਸ਼ਲ ਮੀਡੀਆ ਤੇ ਸਿੱਖ਼ ਇਸਦੀ ਗਵਾਹੀ ਦੇ ਰਹੇ ਹਨ।

ਹੁਣ ਇੱਥੇ ਇਹ ਗੱਲ ਵਿਚਾਰਨੀ ਬਣਦੀ ਹੈ ਕਿ, ਮਹਿੰਦਰਪਾਲ ਬਿੱਟੂ ਦਾ ਕਤਲ ਕਿਉਂ ਹੋਇਆ? ਕੀ ਇਸ ਕਤਲ ਤੋਂ ਬਚਿਆ ਜਾ ਸਕਦਾ ਸੀ?

ਨਿਰਸੰਦੇਹ ਇਸ ਕਤਲ ਤੋਂ ਬਚਿਆ ਜਾ ਸਕਦਾ ਸੀ ਜੇ ਵਕਤ ਦੀਆਂ ਸਰਕਾਰਾਂ ਖਾਸ ਕਰਕੇ ਸਿੱਖ ਸਿਆਸਤ ਦੇ ਬਾਬਾ ਬੋਹੜ ਆਪਣੀ ਸਿਆਸਤ ਤੋਂ ਧਰਮ ਨੂੰ ਅੱਗੇ ਰੱਖਦੇ ਅਤੇ ਇਸ ਦੋਸ਼ੀ ਨੂੰ ਵਕਤ ਸਿਰ ਫੜ ਕੇ ਸਜ਼ਾ ਦਿਵਾਉਣ ਵੱਲ ਕਦਮ ਚੁੱਕਦੇ। ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰ ਨੇ ਆਪਣੇ ਵੋਟ ਬੈਂਕ ਨੂੰ ਬਚਾਉਣ ਲਈ, ਆਪਣੇ ਗੁਰੂ ਦੀ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਬਚਾਈ ਰੱਖਿਆ। ਹੁਣ ਵੀ ਉਸਦੀ ਗ੍ਰਿਫਤਾਰੀ ਤੋਂ ਬਾਅਦ ਉਸਨੂੰ ਜਲਦੀ ਤੋਂ ਜਲਦੀ ਜ਼ਮਾਨਤ ਦਿਵਾ ਕੇ, ਜੇਲ੍ਹ ਤੋਂ ਬਾਹਰ ਕੱਢਣ ਦੇ ਯਤਨ ਹੋ ਰਹੇ ਸਨ। ਉਸਦੇ ਖਿਲਾਫ ਕੇਸ ਚਲਾਉਣ ਜਾਂ ਉਸਨੂੰ ਸਜ਼ਾ ਦਿਵਾਉਣ ਦੇ ਯਤਨ ਬਹੁਤ ਘੱਟ ਹੋ ਰਹੇ ਸਨ। ਇੱਕ ਪੁਲਸ ਅਫਸਰ ਹੀ ਆਪਣੀ ਨੈਤਿਕ ਜਿੰਮੇਵਾਰੀ ਨੂੰ ਸਮਝ ਕੇ, ਗੁਰੂ ਸਾਹਿਬ ਦੀ ਬੇਅਦਬੀ ਦਾ ਸੱਚ ਨੰਗਾ ਕਰਨ ਤੇ ਲੱਗਾ ਹੋਇਆ ਹੈ ਬਾਕੀ ਸਾਰੀ ਟੀਮ ਦੁਬਕੀ ਬੈਠੀ ਹੈੈੈ।

ਵਕਤ ਦੀਆਂ ਸਰਕਾਰਾਂ ਨੇ, ਦੋ ਟਕੇ ਦੀਆਂ ਕੁਰਸੀਆਂ ਨੂੰ ਆਪਣੇ ਇਸ਼ਟ ਤੋਂ ਉੱਪਰ ਸਮਝ ਲਿਆ ਹੈ ਅਤੇ ਹਰ ਸਿਆਸਤਦਾਨ, ਨੈਤਿਕ ਤੇ ਧਾਰਮਕ ਕਦਰਾਂ ਕੀਮਤਾਂ ਨੂੰ ਪਿਛਾਹ ਕਰਕੇ ਆਪਣੀ ਗੰਦੀ ਰਾਜਨੀਤੀ ਨੂੰ ਹੀ ਅੱਗੇ ਵਧਾ ਰਿਹਾ ਹੈੈ।

ਪੰਜਾਬ ਦੇ ਜੀਵਨ ਵਿੱਚੋਂ ਨੈਤਿਕਤਾ ਖਤਮ ਹੋ ਜਾਵੇ ਸ਼ਾਇਦ ਹਾਲ ਦੀ ਘੜੀ ਗੁਰੂ ਸਾਹਿਬ ਨੂੰ ਇਹ ਮਨਜ਼ੂਰ ਨਹੀ ਹੈੈ। ਇਸੇ ਲਈ ਅਜਿਹੀਆਂ ਘਟਨਾਵਾਂ, ਵਾਪਰਦੀਆਂ ਰਹਿੰਦੀਆਂ ਹਨ। ਦੇਖੋ ਸ਼ਾਇਦ ਸਰਕਾਰਾਂ ਨੂੰ ਹੁਣ ਸਮਝ ਆ ਜਾਵੇ ਅਤੇ ਉਹ ਇਨਸਾਫ ਦੇ ਰਾਹ ਪੈ ਜਾਣ।