ਇਤਿਹਾਸ ਕੌਮਾਂ ਦੀ ਹੋਂਦ ਦਾ ਪਰਤੀਕ ਮੰਨਿਆਂ ਜਾਂਦਾ ਹੈੈ। ਇਹ ਇਤਿਹਾਸ ਹੀ ਹੈ ਜੋ ਕੌਮਾਂ ਨੂੰ ਸਦੀਆਂ ਤੱਕ ਜਿੰਦਾ ਰੱਖਦਾ ਹੈੈ। ਧਰਮ ਅਤੇ ਇਤਿਹਾਸ ਵਿੱਚ ਅਜਿਹੀ ਤਾਕਤ ਹੈ ਕਿ ਇਸਦੀ ਪਰੇਰਨਾ ਨਾਲ ਕੌਮਾਂ ਸਿਆਸੀ ਤੌਰ ਤੇ ਗੁਲਾਮ ਹੋ ਜਾਣ ਦੇ ਬਾਵਜੂਦ ਵੀ ਦੁਸ਼ਮਣ ਨੂੰ ਆਪਣੀ ਹੋਂਦ ਤੱਕ ਨਹੀ ਪਹੁੰਚਣ ਦੇਂਦੀਆਂ। ਕੌਮਾਂ ਦੇ ਸੰਤ ਪੁਰਸ਼ਾਂ ਦੀ ਧਾਰਮਕ ਕਮਾਈ ਅਤੇ ਕੌਮਾਂ ਦੇ ਜਾਂਬਾਜ ਸੂਰਮਿਆਂ ਦੀ ਅਦੁੱਤੀ ਬਹਾਦਰੀ ਅਜਿ੍ਹਹੀ ਸ਼ਕਤੀ ਦਾ ਪਰਤੀਕ ਹਨ ਜੋ ਵੱਡੀਆਂ ਚੁਣੌਤੀਆਂ ਸਮੇਂ ਕੌਮ ਦੀ ਰੁਹਾਨੀ ਅਗਵਾਈ ਕਰਦੀਆਂ ਹਨ ਅਤੇ ਬਹਾਦਰ ਸੂਰਮਿਆਂ ਨੂੰ ਕੌਮੀ ਇਸ਼ਟ ਲਈ ਮਰ ਮਿਟਣ ਦਾ ਸੰਦੇਸ਼ ਦੇਂਦੀਆਂ ਹਨ।

ਜੇ ਕੌਮ ਸਿੱਖਾਂ ਵਰਗੀ ਅਕਾਲ ਪੁਰਖ ਕੀ ਫੌਜ ਹੋਵੇ ਤਾਂ ਇਤਿਹਾਸ ਅਜਿਹੀ ਕੌਮ ਨੂੰ ਜਿੱਥੇ ਮੱਸੇ ਰੰਘੜ ਦਾ ਸਿਰ ਵੱਢਣ ਦੀ ਪਰੇਰਨਾ ਦੇਂਦਾ ਹੈ ਉੱਥੇ ਹੀ ਕਿਸੇ ਇੰਦਰਾ ਅਤੇ ਕਿਸੇ ਵੈਦਿਆ ਨੂੰ ਵੀ ਮੱਸੇ ਰੰਘੜ ਦੇ ਰਸਤੇ ਤੇ ਤੋਰ ਦੇਂਦਾ ਹੈੈ। ਵਾਰ ਵਾਰ ਪੁਰਾਤਨ ਇਤਿਹਾਸ ਕੌਮਾਂ ਵੱਲੋਂ ਦੁਹਰਾਇਆ ਜਾਂਦਾ ਰਹਿੰਦਾ ਹੈ।

ਵਰਤਮਾਨ ਸਮੇਂ ਪੰਜਾਬ ਵਿੱਚ ਕਿਸਾਨੀ ਦਾ ਜੋ ਸੰਘਰਸ਼ ਚੱਲ ਰਿਹਾ ਹੈ ਉਸ ਵਿੱਚ ਵੀ ਇੱਕ ਵਾਰ ਫਿਰ ਸਿੱਖ ਇਤਿਹਾਸ ਦੀਆਂ ਮਿੱਥਾਂ ਲਗਾਤਾਰ ਪਰਚਾਰੀਆਂ ਜਾ ਰਹੀਆਂ ਹਨ ਅਤੇ ਲਗਾਤਾਰ ਵਿਚਾਰੀਆਂ ਜਾ ਰਹੀਆਂ ਹਨ। ਸਿੱਖ ਇਤਿਹਾਸ ਦੇ ਉਨ੍ਹਾਂ ਜਾਂਬਾਜ ਸੂਰਮਿਆਂ ਨੂੰ ਹਰ ਰੋਜ਼ ਯਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਜਾਬਰਾਂ ਦੇ ਮੂੰਹ ਭੰਨੇ। ਸਿੱਖ ਕੌਮ ਦੇ ਉਨ੍ਹਾਂ ਨਾਇਕਾਂ ਦੀਆਂ ਵਾਰਾਂ ਗਾਈਆਂ ਜਾ ਰਹੀਆਂ ਹਨ ਜਿਨ੍ਹਾਂ ਨੇ ਗਰੀਬਾਂ ਨੂੰ ਜਮੀਨ ਦੇ ਹੱਕ ਦਿਵਾਏ। ਖਾਲਸਾ ਜੀ ਦੇ ਪਾਤਸ਼ਾਹੀ ਦਾਅਵੇ ਦੀਆਂ ਅਵਾਜ਼ਾਂ ਇੱਕ ਵਾਰ ਫਿਰ ਪੰਜਾਬ ਦੀ ਫਿਜ਼ਾ ਵਿੱਚ ਗੂੰਜ ਰਹੀਆਂ ਹਨ।

ਪੰਜਾਬ ਦੀ ਕਿਸਾਨੀ ਦਾ ਸੰਘਰਸ਼ ਭਾਵੇਂ ਆਪਣੇ ਨਿਸ਼ਾਨੇ ਹਾਸਲ ਕਰਨ ਵਿੱਚ ਸਫਲ ਹੋਵੇ ਜਾਂ ਨਾ ਹੋਵੇ ਪਰ ਇਸਦੀ ਇੱਕ ਬਹੁਤ ਮਹੱਤਵਪੂਰਨ ਪਰਾਪਤੀ ਇਹ ਮੰਨੀ ਜਾਵੇਗੀ ਕਿ ਦਿਨ ਰਾਤ ਘਟੀਆ ਕਿਸਮ ਦਾ ਗੀਤਾਂ ਤੇ ਮਚਲਦੀ ਪੰਜਾਬ ਦੀ ਜਵਾਨੀ ਨੂੰ ਇਸ ਸੰਘਰਸ਼ ਨੇ ਆਪਣੇ ਇਤਿਹਾਸ ਦੀ ਯਾਦ ਦਿਵਾ ਦਿੱਤੀ ਹੈੈ। ਖਾਲਸਾ ਜੀ ਦੇ ਜਾਂਬਾਜ ਸੂਰਮੇ ਕਿੰਨੀ ਦਿ੍ਰੜਤਾ ਅਤੇ ਸਿਦਕਦਿਲੀ ਨਾਲ ਜਾਬਰਾਂ ਨਾਲ ਖਹਿ ਗਏ ਅਤੇ ਅੱਤ ਦੀਆਂ ਮਾੜੀਆਂ ਹਾਲਤਾਂ ਵਿੱਚ ਵੀ ਖਾਲਸਾ ਜੀ ਨੇ ਆਪਣੀ ਹੋਂਦ ਨੂੰ ਖਤਰੇ ਮੂੰਹ ਨਹੀ ਆਉਣ ਦਿੱਤਾ ਇਸ ਕਿਸਮ ਦੀਆਂ ਗੱਲਾਂ ਕਿਸਾਨੀ ਮੋਰਚੇ ਦੇ ਵੱਖ ਵੱਖ ਇਕੱਠਾਂ ਵਿੱਚ ਹੋ ਰਹੀਆਂ ਹਨ।

ਜਿਹੜੇ ਕਲਾਕਾਰ ਸਾਰਾ ਸਾਲ ਪੈਸਿਆਂ ਦੀ ਲਾਲਸਾ ਵਿੱਚ ਲੱਚਰਤਾ ਪਰੋਸਦੇ ਰਹਿੰਦੇ ਸਨ ਉਹ ਪੰਜਾਬ ਲਈ ਸੋਚਣ ਲੱਗੇ ਹਨ। ਜਿਹੜੇ ਫਿਲਮਕਾਰ ਇਤਿਹਾਸ ਤੋਂ ਦੂਰ ਭੱਜਦੇ ਸਨ ਉਹ ਛੋਟੀਆਂ ਇਤਿਹਾਸਕ ਫਿਲਮਾਂ ਰਾਹੀਂ, ਕਲਗੀਆਂ ਵਾਲੇ ਤੋਂ ਪੰਜ ਤੀਰ ਹੋਰ ਮੰਗ ਰਹੇ ਹਨ, ਇਹ ਅਰਦਾਸ ਕਰਨ ਲੱਗ ਪਏ ਹਨ ਕਿ ਮਹਾਰਾਜ ਭੇਜ ਕਿਸੇ ਬੰਦੇ ਨੂੰ ਤਾਂ ਕਿ ਦਿੱਲੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਸਕੀਏ। ਬੇਸ਼ੱਕ ਇਹ ਸਰਗਰਮੀਆਂ ਬਹੁਤ ਭਾਵੁਕ ਅਤੇ ਵਕਤੀ ਕਹੀਆਂ ਜਾ ਸਕਦੀਆਂ ਹਨ, ਬੇਸ਼ੱਕ ਇਨ੍ਹਾਂ ਤੋਂ ਕੋਈ ਬਹੁਤ ਵੱਡੀ ਉਮੀਦ ਨਹੀ ਕੀਤੀ ਜਾ ਸਕਦੀ ਪਰ ਇਸਦੇ ਬਾਵਜੂਦ ਵੀ ਇਨ੍ਹਾਂ ਸਰਗਰਮੀਆਂ ਨੇ ਜੋ ਇਤਿਹਾਸ ਦੀ ਤਾਰ ਛੇੜ ਦਿੱਤੀ ਹੈ ਜੇ ਉਹ ਪੰਜਾਬ ਦੀ ਅੱਧੀ ਵਸੋਂ ਨੇ ਵੀ ਆਪਣੇ ਮਨ ਮਸਤਕ ਵਿੱਚ ਵਸਾ ਲਈ ਤਾਂ ਭਵਿੱਖ ਦਾ ਸੰਘਰਸ਼ ਕਰਨਾ ਕੁਝ ਸੌਖਾ ਹੋ ਸਕਦਾ ਹੈੈ।

ਇਤਿਹਾਸ ਨੂੰ ਵਿਸਾਰ ਕੇ ਨਾ ਪੰਜਾਬ ਦਾ ਕੁਝ ਬਚਦਾ ਹੈ ਅਤੇ ਨਾ ਸਿੱਖ ਕੌਮ ਦਾ। ਕਿਸਾਨੀ ਘੋਲ ਦੇ ਬਹਾਨੇ ਹੀ ਸਹੀ ਘੱਟੋ ਘੱਟ ਪੰਜਾਬ ਦੀ ਫਿਜ਼ਾ ਵਿੱਚ ਇਹ ਤਾਰ ਤਾਂ ਛਿੜੀ ਕਿ ਸਾਡੀ ਹੋਂਦ ਅਤੇ ਹਸਤੀ ਦੀ ਕੋਈ ਲੜਾਈ ਹੈ ਜਿਹੜੀ ਸਾਨੂੰ ਲੜਨੀ ਪੈਣੀ ਹੈੈ। ਇਸਦੇ ਨਾਲ ਹੀ ਕਿਤੇ ਕਿਤੇ ਸੰਤ ਜਰਨੈਲ ਸਿੰਘ ਜੀ ਦੀ ਘਾਲ ਕਮਾਈ, ਚੇਤੰਨਤਾ ਅਤੇ ਸ਼ਹਾਦਤ ਦੀ ਗੱਲ ਵੀ ਤੁਰ ਪਈ ਹੈੈ। ਸ਼ੰਤ ਜੀ ਦੇ ਬੋਲਾਂ ਨੂੰ ਨਵੀਂ ਪੀੜ੍ਹੀ ਨਵੀਆਂ ਸਥਿਤੀਆਂ ਦੇ ਸੰਦਰਭ ਵਿੱਚ ਪਰਭਾਸ਼ਿਤ ਕਰਨ ਲੱਗ ਪਈ ਹੈੈੈ।

ਬੇਸ਼ੱਕ ਇਹ ਬੱਚਿਆਂ ਦੇ ਪਹਿਲੀ ਵਾਰ ਤੁਰਨ ਵਰਗੇ ਕਦਮ ਹਨ ਪਰ ਪਹਿਲੇ ਕਦਮਾਂ ਨਾਲ ਹੀ ਗੱਲ ਕਿਸੇ ਪਾਸੇ ਤੁਰਨ ਲੱਗੇਗੀ। ਪੰਜਾਬ ਦੇ ਦੋਖੀਆਂ ਨੇ ਜੋ ਇਹ ਸਮਝ ਲਿਆ ਸੀ ਕਿ ਸਭ ਕੁਝ ਖਤਮ ਹੋ ਗਿਆ ਹੈੈ, ਇਸ ਕਿਸਾਨੀ ਸੰਘਰਸ਼ ਨੇ ਇਹ ਸਿੱਧ ਕੀਤਾ ਹੈ ਕਿ ਸਭ ਕੁਝ ਨਹੀ ਮੁਕਿਆ। ਹਾਲੇ ਸਾਡੀ ਪਿੱਠ ਤੇ ਸਾਡਾ ਇਤਿਹਾਸ ਖੜ੍ਹਾ ਹੈੈੈ। ਹਾਲੇ ਪੰਜਾਬ ਨੂੰ ਆਪਣੇ ਗੁਰੂ ਅਤੇ ਸ਼ਹੀਦ ਨਹੀ ਵਿਸਰੇ।

ਇਸ ਸਥਿਤੀ ਵਿੱਚ ਕੌਮ ਦੇ ਰਹਿਬਰਾਂ, ਵਿਦਵਾਨਾਂ ਅਤੇ ਗਾਇਕਾਂ ਦੀ ਵੱਡੀ ਜਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਦੀ ਲੋਕਾਈ ਨੂੰ ਆਪਣੇ ਇਤਿਹਾਸ ਨਾਲ ਵਬਾਸਤਾ ਰੱਖਣ ਤਾਂ ਕਿ ਪੰਜਾਬ ਦੀ ਹੋਂਦ ਲਈ ਚੌਣੌਤੀ ਬਣਨ ਵਾਲੇ ਕਿਸੇ ਜਾਬਰ ਨੂੰ ਇਹ ਭਰਮ ਨਾ ਰਹੇ ਕਿ ਪੰਜਾਬ ਦਾ ਮੈਦਾਨ ਹੁਣ ਜਿੱਤਣ ਲਈ ਖਾਲੀ ਪਿਆ ਹੈੈ।