ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਮੁਖ ਸਿੰਘ ਨੇ ਲੰਬੇ ਸਮੇਂ ਤੋਂ ਬਾਅਦ ਆਖਰ ਆਪਣੀ ਜੁਬਾਨ ਖੋਲ਼੍ਹ ਹੀ ਦਿੱਤੀ ਹੈ। ਪੰਥ ਦੀਆਂ ਰਵਾਇਤਾਂ ਤੋਂ ਉਲਟ ਜਿਸ ਕਿਸਮ ਦੇ ਕੰਮ ਉਨ੍ਹਾਂ ਤੋਂ ਲਾਲਚੀ ਸਿਆਸਤਦਾਨਾਂ ਵੱਲੋਂ ਕਰਵਾਏ ਜਾ ਰਹੇ ਸਨ ਉਸਦਾ ਭਾਰ ਉਨ੍ਹਾਂ ਦੀ ਰੂਹ ਜਿਆਦਾ ਚਿਰ ਝੱਲ ਨਾ ਸਕੀ। ਸਿੱਖ ਪੰਥ ਤੋਂ ਆਕੀ ਹੋਏ ਇੱਕ ਫਿਲਮੀ ਸਾਧ ਵੱਲੋਂ ਸਰਕਾਰ ਦੀ ਸ਼ਹਿ ਤੇ ਜਿਸ ਕਿਸਮ ਦੇ ਕੰਮ ਕੀਤੇ ਜਾ ਰਹੇ ਸਨ ਉਸਦਾ ਸਿੱਖ ਪੰਥ ਵਿੱਚ ਵਿਰੋਧ ਹੋਣਾਂ ਲਾਜ਼ਮੀ ਹੀ ਸੀ ਅਤੇ ਸਿੱਖਾਂ ਨੇ ਉਸ ਔਖੀ ਘੜੀ ਆਪਣੇ ਪਾਤਸ਼ਾਹੀ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਵੱਲ ਹੀ ਵੇਖਣਾਂ ਸੀ।

੨੦੦੭ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮਾ ਜਾਰੀ ਹੋ ਗਿਆ ਸੀ ਕਿ ਉਸ ਪੰਥ ਵਿਰੋਧੀ ਸਾਧ ਨਾਲ ਕੋਈ ਲੈਣ ਦੇਣ ਨਾ ਕੀਤਾ ਜਾਵੇ।

ਪਰ ਸਿਤਮਜਰੀਫੀ ਦੀ ਹੱਦ ਦੇਖੋ ਕਿ ਸਿੱਖਾਂ ਦੀ ਸਿਆਸੀ ਪਾਰਟੀ ਦੇ ਦੋਵੇਂ ਮੁਖੀ ਸਿੱਖ ਹੁੰਦੇ ਹੋਏ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਸ਼ਰੇਆਮ ਅਦੂਲੀ ਕਰਦੇ ਰਹੇ ਅਤੇ ਆਪਣੀ ਸਿਆਸੀ ਪਹੰਚ ਅਤੇ ਤਾਕਤ ਨਾਲ ਉਨ੍ਹਾਂ ਤਖਤ ਸਾਹਿਬਾਨ ਦੇ ਸਤਿਕਾਰਯੋਗ ਜਥੇਦਾਰਾਂ ਨੂੰ ਵੀ ਆਪਣੀ ਗੰਦੀ ਸਿਆਸਤ ਨਾਲ ਗੰਧਲਾ ਕਰ ਦਿੱਤਾ। ਸਿਆਸੀ ਤਾਕਤ ਦੇ ਨਸ਼ੇ ਵਿੱਚ ਇਹ ਲੋਕ ਤਖਤ ਸਾਹਿਬਾਨ ਨੂੰ ਆਪਣੀ ਕੰਪਨੀ ਵਾਂਗ ਚਲਾਉਂਦੇ ਰਹੇ। ਤਖਤ ਸਾਹਿਬਾਨ ਤੇ ਸ਼ੁਸ਼ੋਭਿਤ ਜਥੇਦਾਰਾਂ ਕੋਲੋਂ ਪੰਥ ਦੀਆਂ ਮਾਣਮੱਤੀਆਂ ਰਵਾਇਤਾਂ ਅਤੇ ਕੌਮੀ ਰੁਹਾਨੀਅਤ ਦੇ ਸੰਦਰਭ ਵਿੱਚ ਫੈਸਲੇ ਲੈਣ ਦਾ ਹੱਕ ਕੁਝ ਕੁ ਲਾਲਚੀ ਸਿਆਸਤਦਾਨਾਂ ਨੇ ਬਹੁਤ ਦੇਰ ਪਹਿਲਾਂ ਖੋਹ ਲਿਆ ਸੀ।

ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਵੇਲੇ ਪੰਥ ਆਪਣੇ ਆਪੇ ਬਾਰੇ ਅਤੇ ਆਪਣੇ ਭਵਿੱਖ ਬਾਰੇ ਸਭ ਤੋਂ ਜਿਆਦਾ ਚੇਤੰਨ ਹੈ ਉਸ ਵੇਲੇ ਕੁਝ ਲਾਲਚੀ ਸਿਆਸਤਦਾਨ ਆਪਣੀ ਤਾਕਤ ਦੇ ਬਲਬੂਤੇ ਤੇ ਤਖਤ ਸਾਹਿਬਾਨ ਦੇ ਸਿਧਾਂਤ ਨਾਲ ਖਿਲਵਾੜ ਕਰਦੇ ਰਹੇ ਅਤੇ ਤਖਤ ਸਾਹਿਬਾਨ ਦੀ ਰੂਹ ਦੀ ਬੇਅਦਬੀ ਕਰਦੇ ਰਹੇ।

ਭਾਈ ਗੁਰਮੁਖ ਸਿੰਘ ਦੇ ਖੁਲਾਸਿਆਂ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਕੁਝ ਲਾਲਚੀ ਕਿਸਮ ਦੇ ਸਿਆਸਤਦਾਨ ਨਾ ਕੇਵਲ ਆਪਣੀ ਮਰਜ਼ੀ ਨਾਲ ਤਖਤ ਸਾਹਿਬਾਨ ਦੇ ਸੇਵਾਦਾਰਾਂ ਦੀ ਨਿਯੁਕਤੀ ਕਰਦੇ ਰਹੇ ਸਨ ਬਲਕਿ ਸਿੱਖ ਰਵਾਇਤਾਂ ਤੋਂ ਉਲਟ ਤਖਤ ਸਾਹਿਬਾਨ ਦੇ ਸਤਿਕਾਰਯੋਗ ਜਥੇਦਾਰਾਂ ਨੂੰ ਚੰਡੀਗੜ੍ਹ ਵਿਖੇ ਆਪਣੇ ਦਰਬਾਰ ਵਿੱਚ ਵੀ ਤਲਬ ਕਰਦੇ ਰਹੇ ਸਨ।

ਇਹ ਸਿੱਖ ਕੌਮ ਦੀ ਬਦਕਿਸਮਤੀ ਹੀ ਸਮਝੋ ਕਿ ਤਖਤ ਸਾਹਿਬਾਨ ਤੇ ਸ਼ੁਸ਼ੋਭਿਤ ਹੋਣ ਵਾਲੀਆਂ ਸਤਿਕਾਰਯੋਗ ਸ਼ਖਸ਼ੀਅਤਾਂ ਨੇ ਵੀ ਚੰਡੀਗੜ੍ਹ ਵਾਲੇ ਮਾਲਕਾਂ ਦੀ ਗੁਲਾਮੀ ਖੁਸ਼ੀ ਖੁਸ਼ੀ ਕਬੂਲ ਕਰ ਲਈ ਹੋਈ ਸੀ। ਪਿਛਲੇ ਲਗਭਗ ੨੦ ਸਾਲਾਂ ਤੋਂ ਤਖਤ ਸਾਹਿਬਾਨ ਦੇ ਜਥੇਦਾਰਾਂ ਦੀਆਂ ਸਰਗਰਮੀਆਂ ਇਹ ਦਰਸਾ ਰਹੀਆਂ ਸਨ ਕਿ ਫੈਸਲੇ ਤਖਤ ਸਾਹਿਬਾਨ ਤੋਂ ਨਹੀ ਹੋ ਰਹੇ ਬਲਕਿ ਚੰਡੀਗੜ੍ਹ ਤੋਂ ਹੋ ਰਹੇ ਹਨ।

ਵੱਡੇ ਅਤੇ ਬਜ਼ੁਰਗ ਆਖੇ ਜਾਂਦੇ ਸਿਆਸਤਦਾਨ ਦਾ ਇੱਕ ਮੀਡੀਆ ਸਲਾਹਕਾਰ ਸਿਰਫ ਅਕਾਲ ਤਖਤ ਸਾਹਿਬ ਨੂੰ Ḕਕਾਬੂ ਵਿੱਚ ਰੱਖਣḙ ਲਈ ਹੀ ਨਿਯੁਕਤ ਕੀਤਾ ਹੋਇਆ ਸੀ। ੧੯੯੪ ਵਿੱਚ ਜਦੋਂ ਉਸ ਵੇਲੇ ਦੇ ਤਖਤ ਸਾਹਿਬਾਨ ਦੇ ਜਥੇਦਾਰ ਭਾਈ ਮਨਜੀਤ ਸਿੰਘ ਨੇ ਰਾਜਸੀ ਆਗੂਆਂ ਦੀ ਏਕਤਾ ਕਰਵਾਉਣ ਦਾ ਯਤਨ ਅਰੰਭ ਕੀਤਾ ਤਾਂ ਉਸ ਮੀਡੀਆ ਸਲਾਹਕਾਰ ਨੇ ਤਖਤ ਸਾਹਿਬ ਦੀ ਸ਼ਾਨ ਦੇ ਖਿਲਾਫ ਜੋ ਲੇਖ ਲਿਖੇ ਅਤੇ ਜੋ ਨਫਰਤ ਥੁੱਕੀ ਉਸ ਤੋਂ ਖੁਸ਼ ਹੋ ਕੇ ਹੀ ਬਜ਼ੁਰਗ ਸਿਆਸਤਦਾਨ ਨੇ ਉਸਨੂੰ ਆਪਣੀ ਸੱਜੀ ਬਾਂਹ ਬਣਾ ਲਿਆ।

ਨਿਰਸੰਦੇਹ ਭਾਈ ਗੁਰਮੁਖ ਸਿੰਘ ਨੇ ਦੇਰ ਨਾਲ ਹੀ ਸਹੀ ਪਰ ਕੌਮ ਦੇ ਉਸ ਸ਼ੱਕ ਨੂੰ ਸਹੀ ਸਿੱਧ ਕਰ ਦਿੱਤਾ ਹੈ ਕਿ ਸਿਆਸਤ ਦੇ ਨਸ਼ੇ ਵਿੱਚ ਚੂਰ ਹੋਏ ਕੁਝ ਲੋਕ ਅੱਜ ਆਪਣੇ ਆਪ ਨੂੰ ਏਨੇ ਸ਼ਕਤੀਸ਼ਾਲੀ ਸਮਝ ਦਾ ਭਰਮ ਪਾਲਣ ਲੱਗ ਪਏ ਹਨ ਕਿ ਉ੍ਹਹ ਤਂ ਸਿੱਖਾਂ ਦੇ ਪਾਤਸ਼ਾਹੀ ਰੁਤਬੇ ਅਤੇ ਉਸ ਰੁਤਬੇ ਨੂੰ ਪ੍ਰਣਾਈ ਸੰਸਥਾ ਨੂੰ ਵੀ ਗੁਲਾਮ ਬਣਾ ਸਕਦੇ ਹਨ। ਜਿਹੜੇ ਲੋਕ ਸ੍ਰੀ ਅਕਾਲ ਤਖਤ ਸਾਹਿਬਾਨ ਦੀ ਏਨੀ ਬੇਪਤੀ ਕਰਨ ਬਾਰੇ ਸੋਚ ਸਕਦੇ ਹਨ ਤਾਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਦੇ ਰਾਜ ਵਿੱਚ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਜੋ ਲਗਾਤਾਰ ਬੇਅਦਬੀ ਹੁੰਦੀ ਰਹੀ ਹੈ ਉਹ ਵੀ ਕਿਸੇ ਸ਼ਹਿ ਤੋਂ ਬਿਨਾ ਨਹੀ ਸੀ।

ਪੰਥ ਇਸ ਵੇਲੇ ਵੱਡੇ ਸੰਕਟ ਦਾ ਸਾਹਮਣਾਂ ਕਰ ਰਿਹਾ ਹੈ। ਟਕੇ ਟਕੇ ਦੇ ਸਿਰਸੇ, ਵਿਰਸੇ ਕੌਮ ਦੇ ਜਥੇਦਾਰਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਹਨ।

ਜਾਗਣ ਦਾ ਵੇਲਾ ਹੈ।