ਪਿਛਲੇ ਦਿਨਾਂ ਦੌਰਾਨ ਇੱਕ ਰਾਹੁਲ ਚੰਦਨ ਨਾਮ ਦੇ ਲੇਖਕ ਨੇ ਪੰਜਾਬ ਪੁਲੀਸ ਵਿੱਚ ਰਹਿ ਚੁੱਕੇ ਚਰਚਿਤ ਪੰਜਾਬ ਪੁਲੀਸ ਦੇ ਮੁਖੀ ਕੰਵਰਪਾਲ ਸਿੰਘ ਗਿੱਲ (ਕੇ.ਪੀ.ਐਸ. ਗਿੱਲ) ਦੀ ਜੀਵਨੀ ਤੇ ਕਿਤਾਬ ਲਿਖੀ ਹੈ। ਜਿਸ ਵਿੱਚ ਲੇਖਕ ਵੱਲੋਂ ਦਰਸਾਇਆ ਗਿਆ ਹੈ ਕਿ ਪੁਲੀਸ ਮੁਖੀ ਗਿੱਲ ਅੱਜ ਤੱਕ ਦੇ ਭਾਰਤ ਅਤੇ ਦੁਨੀਆਂ ਦਾ ਸਿਰਮੌਰ ਪੁਲੀਸ ਮੁਖੀ ਹੋਇਆ ਹੈ। ਜਿਸਦੀ ਕਿ ਦੁਨੀਆਂ ਨੇ ਪੂਰੀ ਤਰਾਂ ਪਛਾਣ ਅਤੇ ਕਦਰ ਨਹੀਂ ਸਮਝੀ। ਇਸ ਲੇਖਕ ਨੇ ਆਪਣੀ ਇਸ ਕਿਤਾਬ ਵਿੱਚ ਇਸ ਤਰਾਂ ਦੇ ਤੱਥ ਦੱਸਣੇ ਚਾਹੇ ਹਨ ਜਿਨਾਂ ਨੂੰ ਪੜ੍ਹ ਕੇ ਇਹ ਸਾਹਮਣੇ ਆਉਂਦਾ ਹੈ ਕਿ ਭਾਰਤ ਵਿੱਚ ਅੱਜ ਇਕੋ ਇੱਕ ਜੇ ਜਿੰਦਾ ਮਾਣ ਸਤਿਕਾਰ ਵਾਲੀ ਸਖਸ਼ੀਅਤ ਹੈ ਤਾਂ ਉਹ ਪੁਲੀਸ ਮੁਖੀ ਗਿੱਲ ਹੀ ਹੈ। ਲੇਖਕ ਨੇ ਆਪਣੀ ਕਿਤਾਬ ਵਿੱਚ ਗਿੱਲ ਦੀ ਤੁਲਨਾ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਨਰਲ ਵਾਸ਼ਿੰਗਟਨ ਜੋ ਕਿ ਆਪਣੇ ਜੀਵਨ ਕਾਲ ਵਿੱਚ ਅਮਰੀਕਾ ਦੀ ਅਜਾਦੀ ਦੀ ਲੜਾਈ ਲਈ ਫੌਜ ਦੇ ਅੱਗੇ ਲੱਗ ਕੇ ਅੰਗਰੇਜੀ ਸਾਮਰਾਜ ਦੇ ਨਾਲ ਲੜੇ ਸਨ ਤੇ ਦੇਸ਼ ਅਜ਼ਾਦ ਕਰਵਾਉਣ ਵਿੱਚ ਮੋਹਰੀ ਸਨ, ਨਾਲ ਕੀਤੀ ਹੈ। ਇਸੇ ਤਰਾਂ ਲੇਖਕ ਨੇ ਗਿੱਲ ਦਾ ਨਾਮ ਉਸ ਸ਼੍ਰੇਣੀ ਵਿੱਚ ਲਿਆ ਕਿ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਸ਼੍ਰੇਣੀ ਵਿੱਚ ਦੁਨੀਆਂ ਦੇ ਮਹਾਨ ਨਾਇਕ ਨਪੋਲੀਅਨ, ਜਨਰਲ ਗ੍ਰੈਂਟ ਜੋ ਕਿ ਇਬਰਾਹਿਮ ਲਿੰਕਨ ਸਮੇਂ ਉਸਦੀਆਂ ਫੌਜਾਂ ਦਾ ਕਮਾਂਡਰ ਸੀ। ਇਸੇ ਤਰਾਂ ਇਸ ਲੇਖਕ ਨੇ ਭਾਰਤ ਦੀ ਅਜਾਦੀ ਦੇ ਮਹਾਨ ਨਾਇਕ ਜਿੰਨਾਂ ਨੂੰ ਦੇਸ਼ ਵਿੱਚ ਅੱਜ ਵੀ ਮਾਣ ਸਤਿਕਾਰ ਨਾਲ ਜਾਣਿਆਂ ਜਾਂਦਾ ਹੈ ਜਿਵੇਂ ਕਿ ਮਹਾਤਮਾ ਗਾਂਧੀ, ਭਗਤ ਸਿੰਘ, ਨਹਿਰੂ, ਸ਼ੁਭਾਸ ਚੰਦਰ ਬੋਸ ਆਦਿ ਦੇ ਨਾਲ ਵੀ ਗਿੱਲ ਦੀ ਤੁਲਨਾ ਕੀਤੀ ਹੈ। ਇਸੇ ਤਰਾਂ ਅਜਾਦ ਭਾਰਤ ਨੂੰ ਰਾਜੇ-ਮਹਾਰਾਜਿਆਂ ਦੀ ਪਕੜ ਤੋਂ ਅਜਾਦ ਕਰਵਾਉਣ ਵਾਲਾ ਅਜਾਦ ਭਾਰਤ ਦਾ ਪਹਿਲਾ ਹੋਮ ਮਨਿਸਟਰ ਪਟੇਲ ਦੇ ਬਰਾਬਰ ਵੀ ਗਿੱਲ ਨੂੰ ਲਿਆ ਖੜਾ ਕੀਤਾ ਹੈ।

ਲੇਖਕ ਦੀ ਸਮਝ ਤੇ ਕਿਤਾਬ ਲਿਖਣ ਦਾ ਮਕਸਦ ਸਿਰਫ ਸਿੱਖ ਕੌਮ ਦੀ ਹੋਈ ਨਸਲਕੁਸੀ ਨੂੰ ਯਾਦ ਕਰਵਾਉਣਾ ਤੇ ਗਿੱਲ ਦੇ ਕੀਤੇ ਕੰਮਾਂ ਦੁਆਰਾ ਉਸ ਨੂੰ ਮਹਾਨ ਨਾਇਕ ਬਣਾਉਣਾ ਹੈ। ਗਿੱਲ ਦੀ ਭੂਮਿਕਾ ਦਾ ਇਹ ਪੱਖ ਬਾਖੂਬੀ ਲਕਾਉਣਾ ਚਾਹਿਆ ਹੈ ਜਿਸ ਕਰਕੇ ਉਸਦੀ ਕਾਰਜਗਾਰੀ ਬਾਰੇ ਅੱਜ ਵੀ ਸਿੱਖਾਂ ਦੀ ਸੁੱਚਜੀ ਪਹੁੰਚ ਹੋਵੇ ਤਾਂ ਸਹਿਜੇ ਹੀ war-crime ਦਾ ਕੇਸ ਚੱਲ ਸਕਦਾ ਹੈ ਤੇ ਇਸਦੀ ਪੁਲੀਸ ਮੁਖੀ ਦੀ ਭੂਮਿਕਾ ਅਧੀਨ ਲੇਖਕ ਨੇ ਇਹ ਵੀ ਛਪਾਉਣ ਚਾਹਿਆ ਹੈ ਕਿ ਇਸ ਤੋਂ ਪਹਿਲਾਂ ਰਹਿ ਚੁੱਕੇ ਪੰਜਾਬ ਦੇ ਪਹਿਲੇ ਪੁਲੀਸ ਮੁਖੀ ਸ੍ਰ: ਕਿਰਪਾਲ ਸਿੰਘ ਢਿਲੋਂ ਨੇ ਕੇ.ਪੀ.ਐਸ ਗਿੱਲ ਉੱਧਰ ਕਿਸ ਕਿਸ ਤਰਾਂ ਦੀਆਂ ਟਿੱਪਣੀਆਂ ਆਪਣੇ ਵੱਲੋਂ ਲਿਖੀ ਕਿਤਾਬ ਵਿੱਚ ਕੀਤੀਆਂ ਹਨ। ਪੁਲੀਸ ਮੁੱਖੀ ਢਿਲੋਂ ਨੇ ਇਥੋਂ ਤੱਕ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਗਿੱਲ ਨੂੰ ਅਸਾਮ ਤੋਂ ਪੰਜਾਬ ਲਿਆਉਣਾ ਵੱਡੀ ਗਲਤੀ ਸੀ। ਪੁਲੀਸ ਮੁਖੀ ਢਿਲੋਂ ਨੇ ਤਾਂ ਗਿੱਲ ਬਾਰੇ ਇਥੋਂ ਤੱਕ ਕਹਿ ਦਿੱਤਾ ਕਿ ਗਿੱਲ ਦੇ ਪੰਜਾਬ ਵਿੱਚ ਆਉਣ ਨਾਲ ਬੇਲੋੜੀ ਹਿੰਸਾ ਅਤੇ ਕਾਨੂੰਨ ਦੇ ਰਾਜ ਨੂੰ ਗਹਿਰੀ ਸੱਟ ਵੱਜੀ ਹੈ। ਜਿਸਦੇ ਕਾਰਨ ਨੌਜਵਾਨ ਪੀੜੀ ਵਿੱਚ ਵਿਦਰੋਹ ਵਧਿਆ ਜਿਸ ਨੂੰ ਕਿ ਬਾਅਦ ਵਿੱਚ ਪੁਲੀਸ ਮੁਖੀ ਗਿੱਲ ਨੇ ਆਪਣੇ ਸਰਕਾਰੀ ਲੁਟੇਰਿਆਂ ਅਤੇ ਕੈਟਾਂ ਰਾਹੀਂ ਬੇਰਹਿਮੀ ਨਾਲ ਕੁਚਲਿਆ। ਲੇਖਕ ਨੇ ਸਿਰਫ ਇਹੀ ਦੱਸਣਾ ਚਾਹਿਆ ਹੈ ਕਿ ਗਿੱਲ ਦੇ ਸਿਰ ਤੇ ਭਾਰਤ ਨੇ ਸਿੱਖ ਨੌਜਵਾਨੀ ਨੂੰ ਕੁਚਲ ਕੇ ਪੰਜਾਬ ਬਚਾਇਆ ਹੈ।

ਲੇਖਕ ਵੱਲੋਂ ਗਿੱਲ ਨੂੰ ਇਹ ਕਹਿੰਦਿਆ ਹੋਇਆ ਦਰਸਾਇਆ ਹੈ ਕਿ ਰਿਬੇਰੋ ਵਰਗਾ ਪੁਲੀਸ ਮੁਖੀ ਜੋ ਕਿ ਕੁਝ ਸਮੇਂ ਲਈ ਗਿੱਲ ਤੋਂ ਪਹਿਲਾਂ ਪੰਜਾਬ ਪੁਲੀਸ ਦਾ ਮੁਖੀ ਰਿਹਾ ਸੀ, ਇਹ ਪੁਲੀਸ ਮੁਖੀ ਬਹੁਤ ਕਮਜ਼ੋਰ ਤੇ ਡਰ ਵਾਲਾ ਬੰਦਾ ਸੀ। ਭਾਵੇਂ ਰਿਬੇਰੋ ਨੂੰ ਸਿੱਖ-ਕੌਮ ਦੀ ਹੋਈ ਕਤਲੋਗੈਰਤ ਨਾਲ ਜੋੜਿਆ ਜਾਂਦਾ ਹੈ ਪਰ ਘੱਟੋ-ਘੱਟ ਉਸਦਾ ਇੱਕ ਅਜਿਹਾ ਪੱਖ ਜੋ ਬਹੁਤ ਘੱਟ ਉਜਾਗਰ ਹੋਇਆ ਹੈ ਉਹ ਇਹ ਹੈ ਕਿ ੧੯੮੪ ਨੂੰ ਜਿਸ ਵੇਲੇ ਇੰਦਰਾ ਗਾਂਧੀ ਦਾ ਕਤਲ ਹੋਇਆ, ਰਿਬੇਰੋ ਉਸ ਸਮੇਂ ਬੰਬੇ ਦਾ ਪੁਲੀਸ ਕਮਿਸ਼ਨਰ ਸੀ ਤੇ ਸਿਰਫ ਰਿਬੇਰੋ ਦੇ ਬਾਲ ਠਾਕਰੇ ਵਰਗੇ ਬੰਦਿਆ ਦੀਆਂ ਸਿੱਧੀਆਂ ਧਮਕੀਆਂ ਦੇ ਬਾਵਜੂਦ ਕਿਸੇ ਸਿੱਖ ਦੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਸੀ ਇਸੇ ਕਰਕੇ ਸਿੱਖਾਂ ਨੇ ਰਿਬੇਰੋ ਨੂੰ ਗੁਰਦੁਆਰਾ ਸਾਹਿਬ ਵਿੱਚ ਸਿਰੋਪਾ ਬਖਸ਼ਿਸ ਕੀਤਾ ਸੀ।

ਲੇਖਕ ਕਿਤੇ ਇੱਕ ਵਾਰੀ ਵੀ ਆਪਣੀ ਕਿਤਾਬ ਵਿੱਚ ਇਹ ਨਹੀਂ ਦੱਸ ਸਕਿਆ ਕਿ ਗਿੱਲ ਨੂੰ ਕਦੇ ਸਿੱਖਾਂ ਵੱਲੋਂ ਸਤਿਕਾਰ ਵਜੋਂ ਸਿਰੋਪਾ ਬਖਸ਼ਿਸ ਹੋਇਆ ਹੋਵੇ। ਲੇਖਕ ਭਾਵੇਂ ਗਿੱਲ ਦੀ ਯੋਗਤਾ ਤੇ ਕਾਰਜ਼ੁਗਾਰੀ ਬਾਰੇ ਕਿੰਨੀਆਂ ਵੱਡੀਆ ਡੀਂਗਾ ਤੇ ਤੁਲਨਾਵਾਂ ਕਰ ਲਵੇ ਪਰ ਸਿੱਖ ਹਲਕਿਆਂ ਵਿੱਚ ਗਿੱਲ ਦੀ ਸ਼ਖਸ਼ੀਅਤ ਕਦੀ ਵੀ ਸਤਿਕਾਰਯੋਗ ਨਹੀਂ ਰਹੀਂ ਹੈ ਤੇ ਨਾ ਰਹੇਗੀ। ਰਹਿ ਗਈ ਸਿੱਖ ਸੰਘਰਸ਼ ਨੂੰ ਖਤਮ ਕਰਨ ਤੇ ਭਾਰਤ ਬਚਾਉਣ ਦੀ ਗੱਲ ਜੋ ਗਿੱਲ ਦੇ ਹੱਕ ਵਿੱਚ ਲਿਖੀ ਹੈ, ਇਸਦਾ ਸਿੱਧਾ ਜਵਾਬ ਇਹ ਹੈ ਕਿ ਸਿੱਖ ਸੰਘਰਸ਼ ਦਾ ਕਾਮਯਾਬੀ ਤੇ ਨਾ ਪਹੁੰਚਣਾ ਸਿੱਖਾਂ ਦੀ ਆਪਸੀ ਤਾਲਮੇਲ, ਸੋਚ-ਸਮਝ ਤੇ ਯੋਜਨਾਬੱਧ ਰਾਜਨੀਤਿਕ ਤਰੀਕਿਆ ਦੀ ਕਮੀ ਸੀ ਜਿਸ ਕਰਕੇ ਸਿੱਖ ਸੰਘਰਸ਼ ਦਬ ਗਿਆ ਨਾ ਕਿ ਗਿੱਲ ਦੇ ਮੁਕਾਇਆ ਮੁੱਕਿਆ ਹੈ। ਇੱਕ ਗੱਲ ਜਰੂਰ ਹੈ ਕਿ ਗਿੱਲ ਨੇ ਇਹ ਦੇਣ ਪੰਜਾਬ ਨੂੰ ਜਰੂਰ ਦਿੱਤੀ ਹੈ ਕਿ ਸਿੱਖ ਹੀ ਸਿੱਖ ਦਾ ਵੈਰੀ ਬਣ ਗਿਆ।

ਲੇਖਕ ਨੇ ਇੱਕ ਵੱਡੀ ਭੂਮਿਕਾ ਜੋ ਗਿੱਲ ਦੇ ਹੱਕ ਵਿੱਚ ਬੰਨੀ ਹੈ ਉ ਇਹ ਹੈ ਕਿ ਪੰਜਾਬ ਵਿੱਚ ਜੋ ਕਿ ਲੋਕ ਗਾਇਕੀ ਤੇ ਸਾਫ ਸੁਥਰੀ ਗਾਇਕੀ ਵਾਲਾ ਸੱਭਿਆਚਾਰਕ ਰਾਜ ਸੀ ਉਸ ਨੂੰ ਆਪਣਾ ਕਾਰਜਕਾਲ ਮੁੱਕਣ ਤੋਂ ਪਹਿਲਾਂ ਪਹਿਲਾਂ ਇੱਕ ਲੱਚਰ ਗਾਇਕੀ ਦਾ ਅਖਾੜਾ ਬਣਾਉਣ ਦਾ ਸਿਹਰਾ ਵੀ ਗਿੱਲ ਦੇ ਸਿਰ ਹੀ ਬੰਨਿਆ ਗਿਆ ਹੈ।