ਪੰਜਾਬ ਅੰਦਰ ਪ੍ਰਾਈਵੇਟ ਸਕੂਲਾਂ ਦੀ ਸਿੱਖਿਆ ਚੈਰਿਟੀ ਦੇ ਨਾਮ ਤੇ ਇੱਕ ਵਪਾਰ ਬਣ ਚੁੱਕੀ ਹੈ। ਇਸ ਨੂੰ ਠੱਲ ਪਾਉਣ ਲਈ ਇੱਕ ਜਨਹਿਤ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਤਿੰਨ ਮੈਂਬਰੀ ਕਮੇਟੀ ਸਾਬਕਾ ਜੱਜ ਅਮਰਦੱਤ ਦੀ ਅਗਵਾਹੀ ਹੇਠ ਬਣਾਈ ਸੀ ਜੋ ਕਿ ਫੀਸਾਂ ਬਾਰੇ ਰਿਪੋਰਟ ਮੰਗਿਆ ਕਰੇਗੀ। ੨੦੧੩ ਵਿੱਚ ਇਹ ਕਮੇਟੀ ਹੋਂਦ ਵਿੱਚ ਆਈ ਸੀ, ਹੁਣ ਤੱਕ ਇਸਨੇ ੩੪੪੯ ਗੈਰ ਸਰਕਾਰ ਸਿਹਾਇਤਾ ਪ੍ਰਾਪਤ ਸਕੂਲਾਂ ਬਾਰੇ ਰਿਪੋਰਟ ਦਿੱਤੀ ਹੈ ਜੋ ਫੀਸਾਂ ਫੰਡਾਂ ਤੇ ਹੋਰ ਨਵੇਂ ਸਕੂਲ ਚਲਾਉਣ ਦੇ ਨਾਮ ਹੇਠ ਲੋੜ ਤੋਂ ਵੱਧ ਬੱਚਿਆਂ ਤੋਂ ਫੀਸ ਦੇ ਜ਼ਰੀਏ ਬਣਾ ਰਹੇ ਹਨ। ਕਮੇਟੀ ਨੇ ਇਹ ਵੀ ਕਿਹਾ ਹੈ ਕਿ ਸਕੂਲਾਂ ਦੇ ਅਧਿਆਪਕ ਤੇ ਹੋਰ ਸਟਾਫ ਵੀ ਇੰਨਾਂ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਵੱਲੋਂ ਸ਼ੋਸਣ ਦਾ ਕਾਰਨ ਬਣ ਰਿਹਾ ਹੈ। ਕਮੇਟੀ ਨੇ ਕਿਹਾ ਹੈ ਕਿ ਭਾਵੇਂ ਸੁਪਰੀਮ ਕੋਰਟ ਨੇ ਕੁਝ ਸਮਾਂ ਪਹਿਲਾਂ ਆਪਣੇ ਫੈਸਲੇ ਵਿੱਚ ਇਹ ਕਿਹਾ ਸੀ ਕਿ ਵਿੱਦਿਆ ਨੂੰ ਵਪਾਰ ਨਹੀਂ ਬਣਾਉਣਾ ਚਾਹੀਦਾ। ਕਨੂੰਨ ਮੁਤਾਬਕ ਭਾਵੇਂ ਨਿੱਜੀ ਸਕੂਲਾਂ ਨੂੰ ਆਪਣੀ ਵਿੱਤ ਮੁਤਾਬਕ ਫੀਸਾਂ ਵਧਾਉਣ ਦਾ ਹੱਕ ਹੈ ਪਰ ਕਮੇਟੀ ਨੇ ਇਹ ਨਿਰਧਾਰਤ ਕੀਤਾ ਹੈ ਕਿ ਜਿਹੜੇ ਨਿੱਜੀ ਸਕੂਲਾਂ ਨੇ ਦਸ ਫੀਸਦੀ ਤੋਂ ਵੱਧ ਫੀਸਾਂ ਬੱਚਿਆਂ ਕੋਲੋਂ ਲਈਆਂ ਹਨ ਉਹਨਾਂ ਨੂੰ ਵਾਪਸ ਕਰਨ ਦਾ ਹੁਕਮ ਦਿੱਤਾ ਹੈ। ਕਾਰਨ ਇਹ ਹੈ ਕਿ ਜਿਹੜੇ ਸਕੂਲਾਂ ਕੋਲ ਲਈਆਂ ਫੀਸਾਂ ਤੇ ਫੰਡਾਂ ਕਾਰਨ ਵਾਧੂ ਫੰਡ ਪਿਆ ਹੈ, ਉਹ ਨਿੱਜੀ ਸਕੂਲ ਇਸ ਫੰਡ ਦੀ ਵਰਤੋਂ ਕੀਤੇ ਬਿਨਾਂ ਫੀਸ ਨਹੀਂ ਵਧਾ ਸਕਦੇ ਹਨ। ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਫੀਸਾਂ ਦੁਆਰਾ ਇੱਕਠਾ ਹੋਇਆ ਪੈਸਾ ਤੇ ਖਰਚ ਜਨਤਕ ਹੋਣਾ ਚਾਹੀਦਾ ਹੈ। ਇਸੇ ਕਮੇਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਰ-ਇੱਕ ਵਿਦਿਅਕ ਵਰੇ ਦੀ ਸ਼ੁਰੂਆਤ ਤੋਂ ਦੋ ਮਹੀਨੇ ਪਹਿਲਾਂ ਨਿੱਜੀ ਸਕੂਲਾਂ ਨੂੰ ਫੀਸਾਂ ਐਲਾਨ ਦੇਣੀਆਂ ਚਾਹੀਦੀਆਂ ਹਨ ਤੇ ਲਗਾਤਾਰ ਪੜਦੇ ਬੱਚਿਆਂ ਕੋਲੋਂ ਹਰ ਸਾਲ ਫੀਸ ਨਹੀਂ ਲੈਣੀ ਚਾਹੀਦੀ। ਜਸਟਿਸ ਅਮਰ ਦੱਤ ਦੀ ਕਮੇਟੀ ਨੇ ਆਪਣੀ ਤਜ਼ਵੀਜ਼ ਵਿੱਚ ਕਿਹਾ ਕਿ ਨਿੱਜੀ ਸਕੂਲਾਂ ਵੱਲੋਂ ਦਿੱਤੀਆਂ ਜਾਂਦੀਆਂ ਹੋਰ ਸੁਵਿਧਾਵਾਂ ਤੇ ਕੋਈ ਫੀਸ ਨਹੀਂ ਹੋਣੀ ਚਾਹੀਦੀ।

ਇਸੇ ਕਮੇਟੀ ਨੇ ਬਹੁਤੇ ਸਕੂਲ ਜਲੰਧਰ ਜਿਲੇ ਦੇ ਇਲਾਕੇ ਵਿੱਚ ਤਫਤੀਸ਼ ਵਿੱਚ ਲਿਆਂਦੇ ਹਨ। ਇੰਨਾਂ ਵਿੱਚੋਂ ਇੱਕ ਸਕੂਲ ‘ਅਕਾਲ ਅਕੈਡਮੀ’ ਬਿਲਗਾ ਵੀ ਸ਼ਾਮਿਲ ਹੈ। ਇਸ ‘ਅਕਾਲ ਅਕੈਡਮੀ’ ਬਿਲਗਾ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵਾਧੂ ਫੀਸਾਂ ਰਾਹੀਂ ਇੱਕਠੀ ਕੀਤੀ ਰਾਸ਼ੀ ਵਿੱਚੋਂ ਤਿੰਨ ਕਰੋੜ ਪੈਂਤੀ ਲੱਖ ਰੁਪਿਆ ਬੱਚਿਆਂ ਨੂੰ ਵਾਪਸ ਕਰੇ। ‘ਅਕਾਲ ਅਕੈਡਮੀ’ ਬਿਲਗਾ ਕਲਗੀਧਰ ਟਰੱਸਟ ਵੱਲੋਂ ਚੈਰਿਟੀ ਦੇ ਨਾਮ ਤੇ ਚਲਾਈ ਜਾ ਰਹੀ ਹੈ। ਇਸ ਨੂੰ ਬਣਾਉਣ ਲਈ ਅਠਾਰਾਂ ਏਕੜ ਜ਼ਮੀਨ ਦਾਨ ਵਜੋਂ ਸ੍ਰ.ਗਿਆਨ ਸਿੰਘ ਜੋ ਕਿ ਇਸੇ ਪਿੰਡ ਦੇ ਵਸਨੀਕ ਹਨ, ਨੇ ਦਿੱਤੀ ਸੀ। ਅਕੈਡਮੀ ਦੇ ਬਣਨ ਵੇਲੇ ਕਲਗੀਧਰ ਟਰੱਸਟ ਨੇ ਇਹ ਟੀਚਾ ਰੱਖਿਆ ਸੀ ਕਿ ਅਸੀਂ ਵਿਦਿਆ ਨੂੰ ਪਰਉਪਕਾਰੀ ਤੇ ਦਾਨ ਵਜੋਂ ਬੱਚਿਆਂ ਦੇ ਗਿਆਨ ਵਿੱਚ ਵਾਧੇ ਲਈ ਇੱਕ ਚੈਰਿਟੀ ਸਕੂਲ ਵਾਂਗ ਚਲਾਂਵਾਂਗੇ। ਪਰ ਅੱਜ ਇਹ ਇਸਦੇ ਬਿਲਕੁੱਲ ਵਿਪਰੀਤ ਹੋ ਰਿਹਾ ਹੈ ਅਤੇ ਅਕਾਲ ਅਕੈਡਮੀ ਦੀ ਵਿਦਿਆ ਵੀ ਇੱਕ ਵਪਾਰਕ ਧੰਦਾ ਹੀ ਬਣ ਰਹੀ ਹੈ। ਇਸ ਵਕਤ ਕਲਗੀਧਰ ਟਰਸਟ ਕੋਲ ੧੨੯ ਅਕਾਲ ਅਕੈਡਮੀਆਂ ਹਨ ਜੋ ਕਿ ਪੰਜਾਬ, ਰਾਜਸਥਾਨ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਹਨ। ਦੋ ਵੱਡੀਆਂ ਯੂਨੀਵਰਸਿਟੀਆਂ ਵੀ ਹਨ। ਪਰ ਇਹ ਸਾਰਾ ਕੁਝ ਹੁਣ ਪੂਰੀ ਤਰਾਂ ਇੱਕ ਵਪਾਰਕ ਢਾਂਚਾ ਬਣ ਚੁੱਕਿਆ ਹੈ। ਭਾਵੇਂ ਕਿ ਸਾਰੀਆਂ ਅਕੈਡਮੀਆਂ ਤੇ ਯੂਨੀਵਰਸਿਟੀਆਂ ਨੂੰ ਜ਼ਮੀਨ ਦਾਨ ਵਿੱਚ ਸਿੱਖਾਂ ਵੱਲੋਂ ਦਿੱਤੀ ਗਈ ਹੈ ਤੇ ਹੋਰ ਵੀ ਫੰਡ ਬਾਹਰਲੇ ਤੇ ਹੋਰ ਸਿੱਖਾਂ ਵੱਲੋਂ ਦਿਤੇ ਜਾਂਦੇ ਹਨ। ਬਿਲਗਾ ‘ਅਕਾਲ ਅਕੈਡਮੀ’ ਵੱਲੋਂ ਉਗਰਾਹੇ ਲੋੜੋਂ ਵੱਧ ਪੈਸੇ ਸੰਕੇਤ ਕਰਦੇ ਹਨ ਕਿ ਬਾਕੀ ਅਕੈਡਮੀਆਂ ਵਿੱਚ ਕੀ ਹੋ ਰਿਹਾ ਹੋਵੇਗਾ?