੧੯੪੭ ਤੋਂ ਪਹਿਲਾਂ ਸੰਗਠਿਤ ਦੇਸ਼ ਦੇ ਰੂਪ ਵਿਚ “ਭਾਰਤ” ਦੀ ਹੌਂਦ ਨਹੀਂ ਸੀ।ਵਿਦੇਸ਼ੀਆਂ ਦੁਆਰਾ ਇਕ ਭੂਗੋਲਿਕ ਖਿੱਤੇ/ ਬਰੇ-ਸਗੀਰ ਨੂੰ ਨਾਂ ਦੇਣ ਲਈ ਯੂਨਾਨੀ ਭਾਸ਼ਾ ਦਾ ਸ਼ਬਦ “ਇੰਡੀਓਜ਼” ਵਰਤਿਆ ਗਿਆ ਜਿਵੇਂ ਕਿ ਯੂਰੋਪ ਅਤੇ ਅਫਰੀਕਾ।ਇਤਿਹਾਸਿਕ ਅਤੇ ਪੁਰਾਤਨ ਲਿਖਤਾਂ ਵਿਚ “ਭਾਰਤ” ਨਾਂ ਦੇ ਬਰੇ-ਸਗੀਰ ਦੀ ਹੌਂਦ ਸੀ ਜਿਸ ਵਿਚ ਕਈ ਸਾਰੇ ਰਾਸ਼ਟਰ ਮੌਜੂਦ ਸਨ।ਕਿਸੇ ਵੀ ਇਤਿਹਾਸਿਕ ਲਿਖਤ ਵਿਚ ਇਸ ਨੂੰ ਇਕ ਰਾਸ਼ਟਰ ਜਾਂ ਇਕ ਦੇਸ਼ ਦੀ ਉਪਾਧੀ ਨਹੀਂ ਦਿੱਤੀ ਗਈ ਹੈ।ਜਿਵੇਂ ਕਿ ਅਸੀ ਸਾਰੇ ਜਾਣਦੇ ਹੀ ਹਾਂ ਭਾਰਤ ਇਕ ਸਮੂਹਿਕ ਸੰਘਿਆ ਹੈ ਜੋ ਕਿ ਕਈ ਸੱਭਿਆਚਾਰਾਂ, ਪੁਰਾਤਨ ਸਲਤਨਤਾਂ ਅਤੇ ਕਬੀਲਿਆਂ ਦਾ ਮਿਸ਼ਰਣ ਹੈ।ਜਦੋਂ ਬ੍ਰਿਟਿਸ਼ ਬਸਤੀਵਾਦੀਆਂ ਅਤੇ ਈਸਟ ਇੰਡੀਆ ਕੰਪਨੀ ਨੇ ਪੂਰੇ ਭਾਰਤੀ ਬਰੇ-ਸਗੀਰ ਨੂੰ ਇਕ ਰਾਸ਼ਟਰ ਦਾ ਦਰਜਾ ਦੇ ਦਿੱਤਾ, ਉਸ ਸਮੇਂ ਸ੍ਰੀ ਲੰਕਾ ਅਜੇ ਵੀ ਅਜ਼ਾਦ ਸਲਤਨਤ ਸੀ ਹਾਲਾਂਕਿ ਤੱਟਵਰਤੀ ਇਲਾਕਿਆਂ ਉੱਪਰ ਅਜੇ ਵੀ ਪੁਰਤਗਾਲੀਆਂ ਅਤੇ ਡੱਚਾਂ ਦਾ ਰਾਜ ਸੀ।੧੮੧੫ ਦੇ ਯੁੱਧ ਅਤੇ ਕਤਲੇਆਮ ਤੋਂ ਬਾਅਦ, ਸ੍ਰੀਲੰਕਾ ਦੀ ਆਖਰੀ ਸਲਤਨਤ ਆਪਣੀ ਸ਼ਾਨ ਗੁਆ ਬੈਠੀ ਅਤੇ ਸ੍ਰੀ ਲੰਕਾ ਦਾ ਟਾਪੂ ਵੀ ਅੰਗਰੇਜ਼ਾਂ ਦੀ ਬਸਤੀ ਬਣ ਗਿਆ।ਪਰ ਬ੍ਰਿਟਿਸ਼ ਰਾਜ ਸਮੇਂ ਇੱਥੇ ਬੇਚੈਨੀ ਹੀ ਫੈਲੀ ਰਹੀ।ਇਸ ਸਮੇਂ ਅਜ਼ਾਦੀ ਹਾਸਿਲ ਕਰਨ ਲਈ ਦੋ ਖੂਨੀ ਵਿਦਰੋਹ ਹੋਏ ਜਿਸ ਵਿਚ ਬਹੁਤ ਸਾਰੇ ਦੇਸ਼ ਭਗਤਾਂ ਨੂੰ ਆਪਣੀ ਜਾਨ ਗੁਆਉਣੀ ਪਈ ਅਤੇ ਬਸਤੀਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ।
ਦੋ ਕਰੋੜ ਲੋਕਾਂ ਦੀ ਅਬਾਦੀ ਵਾਲਾ ਸ੍ਰੀ ਲੰਕਾ ਇਸ ਸਮੇਂ ਬਹੁਤ ਵੱਡੀ ਆਰਥਿਕ ਉੱਥਲ-ਪੱੁਥਲ ਵਿਚੋਂ ਲੰਘ ਰਿਹਾ ਹੈ ਜੋ ਕਿ ਪਿਛਲੇ ਸੱਤ ਦਹਾਕਿਆਂ ਵਿਚੋਂ ਸਭ ਤੋਂ ਭੈੜੀ ਹੈ। ਇਸ ਕਰਕੇ ਲੱਖਾਂ ਲੋਕ ਭੋਜਨ, ਦਵਾਈਆਂ, ਬਾਲਣ ਅਤੇ ਹੋਰ ਜਰੂਰੀ ਵਸਤਾਂ ਖਰੀਦਣ ਲਈ ਜੱਦੋ-ਜਹਿਦ ਕਰ ਰਹੇ ਹਨ।ਸਕੂਲ਼ ਬੰਦ ਕਰ ਦਿੱਤੇ ਗਏ ਹਨ ਅਤੇ ਈਂਧਣ ਜਰੂਰੀ ਸੇਵਾਵਾਂ ਲਈ ਹੀ ਰਾਖਵਾਂ ਰੱਖ ਦਿੱਤਾ ਗਿਆ ਹੈ।ਮਰੀਜ ਤੇਲ ਦੀ ਕਮੀ ਕਰਕੇ ਹਸਤਪਤਾਲਾਂ ਤੱਕ ਜਾਣ ਵਿਚ ਅਸਮਰੱਥ ਹਨ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੇ ਭਾਅ ਅਸਮਾਨ ਛੂਹ ਰਹੇ ਹਨ।ਰੇਲ ਗੱਡੀਆਂ ਦੀ ਗਿਣਤੀ ਘਟਾ ਦਿੱਤੀ ਗਈ ਹੈ ਜਿਸ ਕਰਕੇ ਯਾਤਰੀ ਡੱਬਿਆਂ ਵਿਚ ਫਸ ਕੇ ਅਤੇ ਛੱਤਾਂ ਉੱਪਰ ਬੈਠ ਕੇ ਯਾਤਰਾ ਕਰਨ ਲਈ ਮਜਬੂਰ ਹਨ।ਬਹੁਤ ਸਾਰੇ ਸ਼ਹਿਰਾਂ, ਜਿਸ ਵਿਚ ਕੋਲੰਬੋ ਵੀ ਸ਼ਾਮਿਲ ਹੈ, ਲੋਕਾਂ ਨੂੰ ਭੋਜਨ ਖਰੀਦਣ ਲਈ ਘੰਟਿਆਂ ਬੱਧੀ ਲਾਈਨਾਂ ਵਿਚ ਲੱਗਣਾ ਪੈ ਰਿਹਾ ਹੈ। ਕਈ ਵਾਰੀ ਉਨ੍ਹਾਂ ਦੀਆਂ ਪੁਲਿਸ ਅਤੇ ਫੌਜ ਨਾਲ ਝੜਪਾਂ ਵੀ ਹੋਈਆਂ ਹਨ।
ਸ੍ਰੀ ਲੰਕਾ, ਜੋ ਕਿ ਗਹਿਰੇ ਵਿਦੇਸ਼ੀ ਮੁਦਰਾ ਸੰਕਟ ਕਰਕੇ ਵਿਦੇਸ਼ੀ ਕਰਜੇ ਦੇ ਜਾਲ ਵਿਚ ਫਸ ਗਿਆ, ਨੇ ਅਪ੍ਰੈਲ ਵਿਚ ਇਹ ਘੋਸ਼ਣਾ ਕੀਤੀ ਸੀ ਕਿ ੨੦੨੬ ਤੱਕ ਭੁਗਤਾਨ ਕੀਤੇ ਜਾਣ ਵਾਲੇ ੨੫ ਬਿਲੀਅਨ ਅਮਰੀਕਨ ਡਾਲਰ ਦੇ ਵਿਦੇਸ਼ੀ ਕਰਜ਼ੇ ਵਿਚੋਂ ਉਹ ਇਸ ਸਾਲ ਭੁਗਤਾਨ ਕੀਤੇ ਜਾਣ ਵਾਲੇ ਸੱਤ ਬਿਲ਼ੀਅਨ ਅਮਰੀਕਨ ਡਾਲਰ ਵਿਦੇਸ਼ੀ ਕਰਜ਼ੇ ਨੂੰ ਨਿਲੰਬਿਤ ਕਰ ਰਿਹਾ ਹੈ।ਸ੍ਰੀ ਲੰਕਾ ਦਾ ਕੁੱਲ ਵਿਦੇਸ਼ੀ ਕਰਜ਼ਾ ੫੧ ਬਿਲੀਅਨ ਅਮਰੀਕਨ ਡਾਲਰ ਹੈ।ਰਾਵਣ ਦੇ ਰਾਜ ਸਮੇਂ ਸ੍ਰੀ ਲੰਕਾ ਸੋਨੇ ਦਾ ਬਣਿਆ ਹੋਇਆ ਸੀ ਪਰ ਅੱਜ ਇਸ ਨੂੰ ਦੀਵਾਲੀਆਪਣ ਤੋਂ ਬਚਾਉਣ ਲਈ ਖਜ਼ਾਨੇ ਵਿੱਚ ਇਕ ਤੋਲਾ ਵੀ ਸੋਨਾ ਨਹੀਂ ਹੈ। ਕਮਾਲ ਦੀ ਗੱਲ ਹੈ ਕਿ ਜਦੋਂ ਤਿੰਨ ਦਹਾਲੇ ਪਹਿਲਾਂ ਭਾਰਤ ਦੀਵਾਲੀਆਪਣ ਦੇ ਕਗਾਰ ’ਤੇ ਸੀ ਤਾਂ ਭਾਰਤ ਨੂੰ ਆਪਣਾ ਵੀਹ ਟਨ ਸੋਨਾ ਵੇਚਣਾ ਪਿਆ ਸੀ ਅਤੇ ਉਸ ਤੋਂ ਬਾਅਦ ਇਸ ਦੀ ਆਰਥਿਕਤਾ ਵਿਚ ਤੇਜ਼ੀ ਆਈ ਸੀ।
ਸ੍ਰੀ ਲੰਕਾ ਦੀ ਅਜਿਹੀ ਸਥਿਤੀ ਲਈ ਇੱਥੋਂ ਦੀ ਰਾਜਨੀਤਿਕ ਲੀਡਰਸ਼ਿਪ ਜ਼ਿੰਮੇਵਾਰ ਹੈ।ਪਿਛਲੇ ਮਹੀਨੇ ਤੱਕ ਸ਼ਕਤੀਸ਼ਾਲੀ ਰਾਜਪਕਸਾ ਪਰਿਵਾਰ ਦਾ ਹੀ ਇਸ ਦੇਸ਼ ਉੱਪਰ ਪ੍ਰਭੂਤਵ ਸੀ।ਬੇਰੋਕ ਭਾਈ-ਭਤੀਜਾਵਾਦ ਕਰਕੇ ਹੀ ਗੋਟਾਬਯਾ ਰਾਜਪਕਸਾ ਰਾਸ਼ਟਰਪਤੀ ਬਣਿਆ ਸੀ।ਮਹਿੰਦਾ ਰਾਜਪਕਸਾ ਪ੍ਰਧਾਨ ਮੰਤਰੀ ਸੀ, ਚਮਾਲ ਰਾਜਪਕਸਾ ਸਿੰਚਾਈ ਮੰਤਰੀ, ਬਸਿਲ ਰਾਜਪਕਸਾ ਵਿੱਤ ਮੰਤਰੀ ਅਤੇ ਨਮਾਲ ਰਾਜਪਕਸਾ ਖੇਡ ਮੰਤਰੀ ਸੀ।ਇਸ ਤਰਾਂ ਦੇਸ਼ ਦਾ ਪਝੱਤਰ ਪ੍ਰਤੀਸ਼ਤ ਬਜਟ ਤਾਂ ਰਾਜਪਕਸਾ ਪਰਿਵਾਰ ਦੇ ਹੱਥ ਵਿਚ ਹੀ ਸੀ।ਰਾਜਪਕਸਾ ਨੇ ਸ੍ਰੀ ਲੰਕਾ ਨੂੰ ਆਪਣੀ ਨਿੱਜੀ ਕੰਪਨੀ ਵਾਂਗ ਚਲਾਇਆ।ਰਾਜਪਕਸਾ ਦੇ ਫਰਜ਼ੰਦ ਦੁਨੀਆ ਦੀਆਂ ਮਹਿੰਗੀਆਂ ਅਤੇ ਸ਼ਾਨਦਾਰ ਗੱਡੀਆਂ ਵਿਚ ਘੁੰਮ ਰਹੇ ਸਨ।ਉਨ੍ਹਾਂ ਨੇ ਇਸ ਤਰਾਂ ਵਿਵਹਾਰ ਕੀਤਾ ਜਿਵੇਂ ਦੇਸ਼ ਦਾ ਪੈਸਾ ਉਨ੍ਹਾਂ ਦੀ ਨਿੱਜੀ ਮਲਕੀਅਤ ਹੋਵੇ।ਰਾਜਪਕਸਾ ਪਰਿਵਾਰ ਨੇ ਆਪਣੀ ਮਨ-ਮਰਜ਼ੀ ਨਾਲ ਦੇਸ਼ ਨੂੰ ਚਲਾਇਆ।
ਅਜੇ ਵੀ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੇ ਖੇਤੀ ਖੇਤਰ ਲਈ ਖਾਦਾਂ ਦੀ ਵਰਤੋਂ ਉੱਪਰ ਕਿਉਂ ਰੋਕ ਲਗਾ ਦਿੱਤੀ ਜਿਸ ਨਾਲ ਫਸਲ ਦਾ ਉਤਪਾਦਨ ਇਕਦਮ ਡਿੱਗ ਗਿਆ।ਚੌਲਾਂ ਅਤੇ ਚਾਹ ਦੇ ਨਿਰਯਾਤ, ਜੋ ਕਿ ਵਿਦੇਸ਼ੀ ਮੁਦਰਾ ਲਈ ਸ੍ਰੀ ਲੰਕਾ ਦਾ ਪ੍ਰਮੁੱਖ ਸ੍ਰੋਤ ਸੀ, ਵਿਚ ਭਾਰੀ ਕਮੀ ਆ ਗਈ।ਵਿਦੇਸ਼ੀ ਕਰਜ਼ੇ ਦਾ ਭਾਰ ਪੰਜਾਹ ਮਿਲੀਅਨ ਡਾਲਰ ਤੱਕ ਪਹੁੰਚ ਗਿਆ।ਸ੍ਰੀ ਲੰਕਾ ਸਰਕਾਰ ਨੇ ਇਹ ਮੰਨਿਆ ਹੈ ਕਿ ਇਹ ਲਏ ਹੋਏ ਕਰਜੇ ਦਾ ਵਿਆਜ਼ ਚੁਕਾ ਦੇਣ ਦੀ ਸਥਿਤੀ ਵਿਚ ਵੀ ਨਹੀਂ ਹੈ ਜਿਸ ਦਾ ਸਿੱਧਾ ਅਤੇ ਸਪੱਸ਼ਟ ਅਰਥ ਹੈ ਕਿ ਦੇਸ਼ ਦੀਵਾਲੀਆ ਹੋ ਚੁੱਕਿਆ ਹੈ।ਇਕ ਡਾਲਰ ਦੀ ਕੀਮਤ ੩੬੦ ਸ੍ਰੀ ਲੰਕਾ ਰੁਪਏ ਹੋ ਗਈ ਹੈ।ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਕਿਸੇ ਵੀ ਦੇਸ਼ ਕੋਲ ਸੱਤ ਮਹੀਨਿਆਂ ਦੀ ਵਿਦੇਸ਼ੀ ਮੁਦਰਾ ਅਯਾਤ ਲਈ ਰਾਖਵੀਂ ਹੋਣੀ ਚਾਹੀਦੀ ਹੈ, ਪਰ ਸ੍ਰੀ ਲੰਕਾ ਦੀ ਵਿਦੇਸ਼ੀ ਮੁਦਰਾ ਭੰਡਾਰ ਕੁਝ ਕੁ ਦਿਨ ਵੀ ਨਹੀਂ ਕੱਢ ਸਕਦੀ।ਇਹ ਆਰਥਿਕ ਸੰਕਟ ਕੁਝ ਕੁ ਮਹੀਨਿਆਂ ਵਿਚ ਹੀ ਨਹੀਂ ਵਾਪਰਿਆ ਹੈ, ਇਸ ਦੀ ਨੀਂਹ ੨੦੧੦ ਵਿਚ ਹੀ ਰੱਖ ਦਿੱਤੀ ਗਈ ਸੀ।ਸ੍ਰੀ ਲੰਕਾ ਦੇ ਗ੍ਰਹਿ ਯੁੱਧ ਤੋਂ ਬਾਅਦ ਦੇਸ਼ ਵਿਚ ਫੌਜ ਸ਼ਕਤੀਸ਼ਾਲੀ ਫੋਰਸ ਦੇ ਰੂਪ ਵਿਚ ਉੱਭਰੀ ਅਤੇ ਬਹੁਤ ਸਾਰੇ ਜਨਰਲ ਸਰਕਾਰ ਦਾ ਹਿੱਸਾ ਬਣ ਗਏ।
ਭਾਰਤੀ ਨਿਰਯਾਤ ਦੇ ਹਿਸਾਬ ਨਾਲ ਸ੍ਰੀ ਲੰਕਾ ਹਰ ਸਾਲ ਚਾਰ ਬਿਲੀਅਨ ਡਾਲਰ ਦਾ ਵਪਾਰ ਕਰਦਾ ਹੈ।ਭਾਰਤ ਨੇ ਵੀ ਸੰਪਤੀ, ਰਿਫਾਇੰਨਗ, ਪੈਟਰੋਲੀਅਮ ਅਤੇ ਬਣਤਰ ਵਿਚ ਨਿਵੇਸ਼ ਕੀਤਾ ਹੈ ਜੋ ਕਿ ਸ੍ਰੀ ਲੰਕਾ ਵਿਚ ਮੌਜੂਦਾ ਸੰਕਟ ਕਰਕੇ ਬੁਰੀ ਸਥਿਤੀ ਵਿਚ ਹੈ।ਸ੍ਰੀ ਲੰਕਾ ਦਾ ਰਾਜਨੀਤਿਕ ਅਤੇ ਆਰਥਿਕ ਸੰਕਟ ਦੂਜੇ ਦੇਸ਼ਾਂ ਲਈ ਸਬਕ ਹੋਣਾ ਚਾਹੀਦਾ ਹੈ ਕਿ ਕਰਜ਼ੇ ਦੇ ਜਾਲ ਵਿਚ ਫਸਣਾ ਬਹੁਤ ਹੀ ਜੋਖਿਮ ਭਰਿਆ ਹੋ ਸਕਦਾ ਹੈ।