ਪਿਛਲੇ 15 ਕੁ ਦਿਨਾ ਵਿੱਚ ਹੀ ਭਾਰਤ ਸਰਕਾਰ ਨੇ ਸਿੱਖਾਂ ਦੇ ਕੌਮੀ ਜਜਬੇ ਦੀ ਬਾਤ ਪਾਉਣ ਵਾਲੇ ਦੋ ਗੀਤਾਂ ਨੂੰ ਯੂ ਟਿਊਬ ਤੋਂ ਹਟਾ ਦਿੱਤਾ ਹੈ। ਪਹਿਲਾ ਗੀਤ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਪੰਜਾਬ ਦੇ ਪਾਣੀਆਂ ਦੀ ਕਾਣੀ ਵੰਡ ਨਾਲ ਸਬੰਧਤ ਸੀ। ਦੂਜਾ ਗੀਤ ਪੰਜਾਬ ਦੇ ਪਾਣੀਆਂ ਦੀ ਕਾਣੀ ਵੰਡ ਅਤੇ ਪੰਜਾਬ ਨੂੰ ਸਿਧਾਂਤਕ ਤੌਰ ਤੇ ਨਸਲਕੁਸ਼ੀ ਵੱਲ ਧੱਕ ਦੇਣ ਦੀਆਂ ਦਿੱਲੀ ਦਰਬਾਰ ਦੀਆਂ ਕਾਰਵਾਈਆਂ ਖਿਲਾਫ ਅਵਾਜ਼ ਚੁੱਕਣ ਵਾਲੇ ਸਿੱਖਾਂ ਬਾਰੇ ਸੀ। ਇਹ ਗੀਤ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਗਾਇਆ ਸੀ। ਉਨ੍ਹਾਂ ਆਖਿਆ ਸੀ ਕਿ ਜਿਹੜੇ ਸਿੱਖ ਬੰਦੀ ਭਾਰਤੀ ਕਨੂੰਨ ਅਨੁਸਾਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਨੂੰ ਹੁਣ ਰਿਹਾ ਕਰਨਾ ਚਾਹੀਦਾ ਹੈ। ਅਜਿਹਾ ਨਾ ਕਰਕੇ ਭਾਰਤ ਸਰਕਾਰ ਸਿੱਖਾਂ ਨਾਲ ਇੱਕ ਹੋਰ ਧੱਕਾ ਕਰ ਰਹੀ ਹੈ।

ਜਦੋਂ ਵੀ ਕੋਈ ਕੌਮ ਆਪਣੇ ਸਿਆਸੀ ਅਧਿਕਾਰਾਂ ਲਈ ਸੰਘਰਸ਼ ਕਰਦੀ ਹੈ ਤਾਂ ਸਮੇਂ ਦੀਆਂ ਸਰਕਾਰਾਂ ਵੱਲੋਂ ਜਿੱਥੇ ਉਸਤੇ ਸਰੀਰਕ ਤਸ਼ੱਦਦ ਕੀਤਾ ਜਾਂਦਾ ਹੈ ਉੱਥੇ ਹੀ ਸੰਘਰਸ਼ਸ਼ੀਲ ਕੌਮ ਦੇ ਸਿਧਾਂਤਕ ਸਰੋਕਾਰਾਂ ਦੇ ਖਿਲਾਫ ਸਰਕਾਰੀ ਪਰਚਾਰ ਦਾ ਤੰਤਰ ਖੜ੍ਹਾ ਕੀਤਾ ਜਾਂਦਾ ਹੈ। ਇਸ ਸਰਕਾਰੀ ਤੰਤਰ ਦਾ ਮਤਲਬ ਹੀ ਸੰਘਰਸ਼ ਕਰ ਰਹੀ ਕੌਮ ਦੇ ਮਨ ਵਿੱਚ ਭੁਲੇਖੇ ਪਾਉਣੇ ਅਤੇ ਉਨ੍ਹਾਂ ਨੂੰ ਮਾਨਸਕ ਤੌਰ ਤੇ ਹਰਾਉਣ ਦਾ ਹੁੰਦਾ ਹੈ। ਸਰਕਾਰਾਂ ਆਪਣੇ ਵੱਡੇ ਪਰਚਾਰ ਤੰਤਰ ਰਾਹੀ ਸੰਘਰਸ਼ ਕਰ ਰਹੀ ਕੌਮ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕਰਦੀਆਂ ਹਨ ਕਿ ਉਨ੍ਹਾਂ ਦਾ ਸੰਘਰਸ਼ ਤਾਂ ਦੇਸ਼ ਦੇ ਕਨੂੰਨ ਦੇ ਖਿਲਾਫ ਅਤੇ ਇੱਥੋਂ ਤੱਕ ਕਿ ਮਨੁੱਖਤਾ ਦੇ ਖਿਲਾਫ ਹੈ। ਇਸ ਕੰਮ ਲਈ ਉਹ ਆਪਣੇ ਹਮਾਇਤੀ ਗਾਇਕਾਂ ਤੋਂ ਸੰਘਰਸ਼ ਵਿਰੋਧੀ ਗੀਤ ਗਵਾਉਂਦੀਆਂ ਹਨ,ਫਿਲਮਾਂ ਬਣਾਉਦੀਆਂ ਹਨ ਅਤੇ ਵਿਦਵਾਨਾਂ ਪੱਤਰਕਾਰਾਂ ਨੂੰ ਖਰੀਦ ਕੇ ਸੰਘਰਸ਼ ਦੇ ਖਿਲਾਫ ਬਹੁਤ ਵੱਡਾ ਬਦਤਮੀਜ਼ੀ ਦਾ ਤੁਫਾਨ ਖੜ੍ਹਾ ਕਰਦੀਆਂ ਹਨ।

ਸਿੱਖਾਂ ਨਾਲ ਪਿਛਲੇ 60 ਸਾਲਾਂ ਤੋਂ ਇਹ ਹੀ ਹੁੰਦਾ ਆ ਰਿਹਾ ਹੈ। ਜਵਾਹਰ ਲਾਲ ਨਹਿਰੂ ਤੋਂ ਲੈ ਕੇ ਹੁਣ ਤੱਕ ਦੇ ਭਾਰਤੀ ਹੁਕਮਰਾਨਾ ਨੇ ਸਿੱਖਾਂ ਦੀ ਹਰ ਸਰਗਰਮੀ ਨੂੰ ਦੇਸ਼ ਧਰੋਹੀ ਬਣਾ ਕੇ ਪੇਸ਼ ਕਰਨ ਦਾ ਯਤਨ ਕੀਤਾ ਹੈ। ਉਹ ਤਾਂ ਇਸ ਤੋਂ ਵੀ ਅੱਗੇ ਸਿੱਖਾਂ ਦੀ ਹਰ ਸੰਘਰਸ਼ੀਲ ਸਰਗਰਮੀ ਨੂੰ ਅੱਤਵਾਦ ਬਣਾ ਕੇ ਪੇਸ਼ ਕਰਦੇ ਰਹੇ।

ਇਸ ਸਥਿਤੀ ਵਿੱਚ ਜਿੱਥੇ ਸਿੱਖ ਕੌਮ ਦੇ ਵਿਦਵਾਨਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸਰਕਾਰ ਦੇ ਕੌਮ ਵਿਰੋਧੀ ਪਰਾਪੇਗੰਡੇ ਖਿਲਾਫ ਚੰਗੇ ਲੇਖ ਅਤੇ ਕਿਤਾਬਾਂ ਲਿਖਕੇ ਸਿੱਖਾਂ ਦੀ ਗੱਲ ਅੱਗੇ ਲੈ ਕੇ ਜਾਣ ਉੱਥੇ ਹੀ ਸਾਡੇ ਕਲਾਕਾਰਾਂ ਤੇ ਵੀ ਬਹੁਤ ਵੱਡੀ ਜਿੰਮੇਵਾਰੀ ਆਉਂਦੀ ਹੈ।ਕਲਾਕਾਰਾਂ ਨੂੰ ਸਮਾਜ ਦਾ ਹਰ ਵਰਗ ਸੁਣਦਾ ਹੈ। ਆਮ ਤੌਰ ਤੇ ਉਨ੍ਹਾਂ ਦੇ ਗੀਤ ਸੰਗੀਤ ਮਨੋਰੰਜਨ ਦਾ ਸਾਧਨ ਹੁੰਦੇ ਹਨ। ਉਹ ਸਮਾਜ ਵਿੱਚ ਪਰਚੱਲਤ ਵਿਚਾਰਾਂ ਨੂੰ ਗੀਤਾਂ ਰਾਹੀ ਪੇਸ਼ ਕਰਦੇ ਹਨ। ਇਨ੍ਹਾਂ ਦੇ ਲੱਖਾਂ ਚਾਹੁੰਣ ਵਾਲੇ ਹੁੰਦੇ ਹਨ। ਕਿਉਂਕਿ ਇਨ੍ਹਾਂ ਦੀ ਸਮਾਜ ਵਿੱਚ ਬਹੁਤ ਕਦਰ ਹੁੰਦੀ ਹੈ ਤਾਂ ਇਨ੍ਹਾਂ ਨੂੰ ਆਪਣੀ ਇਹ ਪਹਿਚਾਣ ਆਪਣੇ ਕਿੱਤੇ ਦੇ ਨਾਲ ਨਾਲ ਆਪਣੀ ਧਰਤੀ ਅਤੇ ਆਪਣੇ ਲੋਕਾਂ ਲਈ ਵੀ ਵਰਤਣੀ ਚਾਹੀਦੀ ਹੈ।

ਸਿੱਖ ਗੀਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਜਿੱਥੇ ਮਨੋਰੰਜਨ ਦੇ ਖੇਤਰ ਵਿੱਚ ਆਪਣਾਂ ਕਾਰੋਬਾਰ ਚਲਾਉਂਦੇ ਰਹਿਣ ਉੱਥੇ ਹੀ ਸਿੱਖ ਪੰਥ ਅਤੇ ਪੰਜਾਬ ਨਾਲ ਹੋਏ ਧੱਕਿਆਂ ਖਿਲਾਫ ਗਾਉਣ ਵੀ ਅਤੇ ਫਿਲਮਾਂ ਵੀ ਬਣਾਉਣ। ਇਸ ਦਿਸ਼ਾ ਵਿੱਚ ਕਾਫੀ ਕੰਮ ਹੋਇਆ ਵੀ ਹੈ ਪਰ ਉ੍ਹਹ ਟੁੱਟਵਾਂ ਕਹਿਰਾ ਹੋਇਆ ਹੈ । ਇਸ ਨੂੰ ਇੱਕ ਵਿਚਾਰਧਾਰਕ ਜੰਗ ਸਮਝਕੇ ਚਲਣਾਂ ਚਾਹੀਦਾ ਹੈ। ਗੀਤਕਾਰ ਇਸ ਵੇਲੇ ਸਿੱਖਾਂ ਦੇ ਕੌਮੀ ਜਜਬੇ ਨੂੰ ਉਭਾਰਨ ਅਤੇ ਸਰਕਾਰਾਂ ਦੀਆਂ ਕੌਮ ਵਿਰੋਧੀ ਸਾਜਿਸ਼ਾਂ ਬਾਰੇ ਸੁਚੇਤ ਕਰਨ ਦੀ ਜਿੰਮੇਵਾਰੀ ਨਿਭਾ ਸਕਦੇ ਹਨ। ਉਨ੍ਹਾਂ ਨੂੰ ਹਰ ਪਲ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਸ ਧਰਤੀ ਤੇ ਅਸੀਂ ਪੈਦਾ ਹੋਏ ਹਾਂ ਇਹ ਸਾਡੀ ਮਾਂ ਧਰਤੀ ਹੈ। ਸਾਡੇ ਤੋਂ ਪਹਿਲਾਂ ਇਸ ਮਾਂ ਧਰਤੀ ਦੇ ਲੱਖਾਂ ਪੁੱਤਰ ਰਣ ਤੱਤੇ ਵਿੱਚ ਜੂਝਦੇ ਹੋਏ ਸ਼ਹੀਦੀਆਂ ਪਾ ਗਏ ਹਨ ਤਾਂ ਕਿ ਮਾਂ ਦਾ ਸਤਕਾਰ ਕਾਇਮ ਰਹਿ ਸਕੇ।

ਹੁਣ ਨਵੀਂ ਸਥਿਤੀ ਵਿੱਚ ਸਾਡੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਲਿਖੀਏ ਤੇ ਗਾਈਏ ਜਿਸ ਰਾਹੀ ਕੌਮ ਨੂੰ ਹਮੇਸ਼ਾ ਇਹ ਯਾਦ ਰਹੇ ਕਿ ਸਾਡੇ ਪੁਰਖਿਆਂ ਨੇ ਇਸ ਧਰਤੀ ਤੇ ਰਾਜ ਕੀਤਾ ਹੈ। ਕਦੇ ਸਾਡੇ ਕੇਸਰੀ ਫਰੇਰੇ ਲੰਡਨ ਦੇ ਝੰਡਿਆਂ ਦੇ ਬਰਾਬਰ ਝੂਲਦੇ ਹੁੰਦੇ ਸੀ। ਕਦੇ ਸਾਡੇ ਪੁਰਖਿਆਂ ਨੇ ਦਿੱਲੀ ਨੂੰ ਲਗਾਤਾਰ ਜਿੱਤਿਆ ਸੀ। ਕੌਮ ਨੂੰ ਇਹ ਦੱਸਣਾ ਵੀ ਜਰੂਰੀ ਹੈ ਕਿ ਸਾਡੇ ਵੀਰ ਹਸ ਹਸਕੇ ਫਾਂਸੀਆਂ ਤੇ ਝੂਲ ਗਏ। ਨਹਿਰਾਂ ਰੋਕ ਗਏ ਅਤੇ ਅਸਹਿ ਤਸ਼ੱਦਦ ਝੱਲਕੇ ਵੀ ਆਪਣੀ ਕੌਮ ਨਾਲ ਕੌਲ ਪੁਗਾ ਗਏ। ਸਾਡੇ ਇਹ ਪੁਰਖੇ ਵੀ ਸਾਡੀ ਗੀਤਕਾਰੀ ਦਾ ਹਿੱਸਾ ਹੋਣੇ ਚਾਹੀਦੇ ਹਨ ਜਿਨ੍ਹਾਂ ਨੇ 20ਵੀਂ ਸਦੀ ਵਿੱਚ ਖਾਲਸਾਈ ਪਰੰਪਰਾ ਨੂੰ ਸੁਰਜੀਤ ਕੀਤਾ ਸੀ।

ਅਜਿਹਾ ਕਰਕੇ ਹੀ ਅਸੀਂ ਕੌਮੀ ਸੱਭਿਆਚਾਰਕ ਇਨਕਲਾਬ ਸਿਰਜ ਸਕਦੇ ਹਾਂ ਅਤੇ ਸਰਕਾਰੀ ਪਰਾਪੇਗੰਡੇ ਨੂੰ ਖਤਮ ਕਰ ਸਕਦੇ ਹਾਂ।