ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਨਿਆਰੇ ਪੰਥ ਦੇ ਤੌਰ ਤੇ ਨਿਆਰੀ ਕੌਮ ਦੇ ਤੌਰ ਤੇ ਅਤੇ ਨਿਆਰੇ ਧਰਮ ਦੇ ਤੌਰ ਤੇ ਇਸੇ ਲਈ ਸਾਜਿਆ ਹੈ ਕਿਉਂਕਿ ਸਾਡੇ ਤੇ ਪੈਰ ਪੈਰ ਤੇ ਇਖਲਾਕੀ ਜਿੰਮੇਵਾਰੀਆਂ ਆਇਦ ਕੀਤੀਆਂ ਹਨ। ਗੁਰੂ ਦਾ ਖਾਲਸਾ ਇਸੇ ਕਰਕੇ ਹੀ ਨਿਆਰਾ ਨਹੀ ਹੈ ਕਿ ਉਸਦੀ ਸ਼ਕਲ ਜਾਂ ਬਾਹਰਲੀ ਦਿਖ ਬਾਕੀ ਦੁਨੀਆਂ ਤੋਂ ਭਿੰਨ ਹੈ, ਬਲਕਿ ਗੁਰੂ ਦਾ ਖਾਲਸਾ ਇਸ ਕਰਕੇ ਨਿਆਰਾ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਹਰ ਕਦਮ ਤੇ ਆਪਣੇ ਪ੍ਰਤੀ, ਆਪਣੇ ਗੁਆਂਢੀ ਪ੍ਰਤੀ, ਕਿਸੇ ਸੱਤ ਬਿਗਾਨੇ ਪ੍ਰਤੀ ਅਤੇ ਸਭ ਤੋਂ ਵਧਕੇ ਆਪਣੇ ਦੁਸ਼ਮਣ ਪ੍ਰਤੀ ਵੀ ਬਹੁਤ ਸਾਰੀਆਂ ਇਖਲਾਕੀ ਜਿੰਮੇਵਾਰੀਆਂ ਨਿਭਾਉਣ ਦੀ ਤਾਕੀਦ ਕੀਤੀ ਹੈੈੈ।

ਸਿੱਖ ਦਾ ਜੀਵਨ ਉੱਚੀਆਂ ਸੁਚੀਆਂ ਕਦਰਾਂ ਵਾਲੀਆਂ ਇਨ੍ਹਾਂ ਜਿੰਮੇਵਾਰੀਆਂ ਦੀ ਹੀ ਅਗੰਮੀ ਖੇਡ ਹੈੈੈ। ਇਹ ਕੋਈ ਬੋਝ ਨਹੀ ਹੈ ਬਲਕਿ ਸਾਡੇ ਜੀਵਨ ਦਾ ਉਹ ਹਿੱਸਾ ਹੈ ਜੋ ਅਸੀਂ ਆਰੇ ਦੀ ਧਾਰ ਹੇਠਾਂ ਖੜਿਆਂ ਨੇ ਵੀ ਨਿਭਾਉਣਾਂ ਹੈੈ। ਸਿੱਖ ਸਾਹਮਣੇ ਕਿੰਨੀਆਂ ਵੀ ਦੁਸ਼ਵਾਰ ਹਾਲਤਾਂ ਹੋਣ ਉਸਨੇ ਕਦੇ ਵੀ ਆਪਣੇ ਸਿਦਕ, ਇਖਲਾਕ ਅਤੇ ਗੁਰੂ ਸਾਹਿਬ ਵੱਲੋਂ ਬਖਸ਼ੀ ਇਸ ਜਿੰਮੇਵਾਰੀ ਤੋਂ ਮੂੰਹ ਨਹੀ ਮੋੜਨਾ।

ਇਤਿਹਾਸ ਦੱਸਦਾ ਹੈ ਕਿ ਗੁਰੂ ਦੇ ਸਾਜੇ ਇਸ ਨਿਆਰੇ ਖਾਲਸੇ ਨੇ ਅੱਤ ਦੀਆਂ ਦੁਸ਼ਵਾਰੀਆਂ ਵਿੱਚ ਵੀ ਕਦੇ ਆਪਣੇ ਗੁਰੂ ਦੇ ਬਚਨਾਂ ਨੂੰ ਭੁੰਜੇ ਨਹੀ ਪੈਣ ਦਿੱਤਾ। ਜਦੋਂ ਅਹਿਮਦ ਸ਼ਾਹ ਅਬਦਾਲੀ ਅਤੇ ਜ਼ਕਰੀਆ ਖਾਨ ਵਰਗੇ ਜਰਵਾਣੇ ਉਸ ਧਰਤੀ ਤੋਂ ਗਰੀਬਾਂ ਦੀਆਂ ਧੀਆਂ ਭੈਣਾਂ ਨੂੰ ਅਗਵਾ ਕਰਕੇ ਲੈ ਜਾਂਦੇ ਸਨ ਤਾਂ, ਇਹ ਖਾਲਸਾ ਹੀ ਸੀ ਜੋ ਉਨ੍ਹਾਂ ਦੇ ਅੱਗੇ ਕੰਧ ਬਣ ਖੜ੍ਹ ਜਾਂਦਾ ਸੀ ਅਤੇ ਆਪਣੇ ਗੁਰੂ ਦੇ ਬਚਨਾਂ ਤੇ ਪਹਿਰਾ ਦੇਂਦਿਆਂ ਬੇਗਾਨੀਆਂ ਬੱਚੀਆਂ ਨੂੰ ਨਾ ਕੇਵਲ ਜਾਬਰਾਂ ਦੀ ਚੁੰਗਲ ਵਿੱਚੋਂ ਛੁਡਾਉਂਦਾ ਸੀ ਬਲਕਿ ਉਨ੍ਹਾਂ ਨੂੰ ਘਰੋ ਘਰੀ ਵੀ ਪਹੁੰਚਾਉਂਦਾ ਸੀ। ਇਤਿਹਾਸ ਵਿੱਚ ਕਦੇ ਇੱਕ ਵੀ ਕੋਈ ਅਜਿਹਾ ਵਾਕਿਆ ਨਹੀ ਹੋਇਆ ਕਿ ਕਿਸੇ ਲੜਾਕੇ ਸਿੱਖ ਨੇ, ਜਾਬਰਾਂ ਕੋਲੋਂ ਛੁਡਾਈ ਕਿਸੇ ਔਰਤ ਵੱਲ ਮੈਲੀ ਨਜ਼ਰ ਨਾਲ ਵੀ ਦੇਖਿਆ ਹੋਵੇ।

ਇਹ ਨਿਆਰੀ ਕੌਮ ਦੀ ਨਿਸ਼ਾਨੀ ਹੈ ਜੋ ਆਪਣੇ ਗੁਰੂ ਦੇ ਬਚਨਾਂ ਨੂੰ ਜਾਨ ਤੇ ਖੇਡਕੇ ਵੀ ਨਿਭਾਉਂਦੀ ਹੈੈ।ਉਸ ਤੋਂ ਬਾਅਦ ਇਤਿਹਾਸ ਵਿੱਚ ਹਜਾਰਾਂ ਅਜਿਹੇ ਵਾਕੇ ਹੋਣਗੇ ਜਦੋਂ ਖਾਲਸਾ ਪੰਥ ਨੇ ਗੁਰੂ ਬਚਨਾ ਤੇ ਪਹਿਰਾ ਦੇਂਦਿਆਂ ਆਪਣੀ ਜਿੰਮੇਵਾਰੀ ਨਿਭਾਈ।

ਖਾਲਸਾ ਪੰਥ ਦੀ ਕਿਸੇ ਨਾਲ ਵੀ ਦੁਸ਼ਮਣੀ ਨਹੀ ਹੈੈ। ਗੁਰੂ ਦਾ ਖਾਲਸਾ ਜਦੋਂ ਜੰਗ ਦੇ ਮੈਦਾਨ ਵਿੱਚ ਵੀ ਉਤਰਦਾ ਹੈ ਤਾਂ ਵੀ ਉਹ ਕਿਸੇ ਨਫਰਤ ਭਰੀ ਬਿਰਤੀ ਨਾਲ ਵਿਰੋਧੀ ਦਾ ਨਾਸ ਕਰਨ ਲਈ ਨਹੀ ਉਤਰਦਾ ਬਲਕਿ ਸਿਮਰਨ ਦੀ ਸ਼ਕਤੀ ਨਾਲ ਮਹਿਜ਼ ਕੁਲ ਦੁਨੀਆਂ ਦਾ ਭਲਾ ਕਰਨ ਲਈ ਜੰਗ ਦੇ ਮੈਦਾਨ ਵਿੱਚ ਉਤਰਦਾ ਹੈੈ। ਖਾਲਸਾ ਪੰਥ ਦਾ ਸੰਘਰਸ਼ ਜਾਲਮ ਹੁਕਮਰਾਨਾ ਨਾਲ ਹੈ ਜੋ ਸੱਤਾ ਅਤੇ ਸ਼ਕਤੀ ਦੇ ਮਾਣ ਵਿੱਚ ਮਜਲੂਮਾਂ ਤੇ ਅੱਤਿਆਚਾਰ ਕਰਦੇ ਹਨ। ਹਰ ਅੱਤਿਆਚਾਰੀ ਸ਼ਾਸ਼ਕ ਖਿਲਾਫ ਖਾਲਸਾ ਅਵਾਜ਼ ਬੁਲੰਦ ਕਰਦਾ ਹੈ ਅਤੇ ਉਸਨੂੰ ਗੁਰੂ ਵੱਲੋਂ ਦਰਸਾਏ ਮਾਰਗ ਤੇ ਚੱਲਦਿਆਂ ਸੱਚ ਦਾ ਭੇਤ ਦੱਸਦਾ ਹੈੈ।

ਨੌਵੇਂ ਪਾਤਸ਼ਾਹ ਦੀ ਸ਼ਹਾਦਤ ਜਾਂ ਹੋਰ ਸਿੱਖ ਸ਼ਹਾਦਤਾਂ ਜਾਬਰ ਸ਼ਾਸ਼ਕਾਂ ਦੇ ਖਿਲਾਫ ਸਨ ਕਿਸੇ ਧਰਮ ਦੇ ਖਿਲਾਫ ਨਹੀ। ਜਾਬਰ ਦਾ ਕੋਈ ਧਰਮ ਨਹੀ ਹੁੰਦਾ। ਉਹ ਸਿਰਫ ਜਾਬਰ ਹੁੰਦਾ ਹੈੈ।

ਇਸ ਲਈ ਅੱਜ ਜਦੋਂ ਕਸ਼ਮੀਰ ਦੀਆਂ ਬੱਚੀਆਂ ਦੀ ਅਜ਼ਮਤ ਭਾਰਤ ਦੇ ਨਵੇਂ ਜਾਬਰਾਂ ਹੱਥੋਂ ਜਲੀਲ ਹੋਣ ਦੀ ਨੌਬਤ ਆਣ ਬਣੀ ਤਾਂ ਖਾਲਸਾ ਜੀ ਨੇ ਫਿਰ ਆਪਣੇ ਨਿਆਰੇ ਹੋਣ ਦਾ ਸਬੂਤ ਦਿੱਤਾ। ਇੱਕ ਪਾਸੇ ਸਾਰਾ ਭਾਰਤ ਹੈ ਜੋ ਖੂਨ ਦੇ ਸੋਹਿਲੇ ਗਾ ਰਿਹਾ ਹੈ ਪਰ ਉਨ੍ਹਾਂ ਖੂਨੀ ਲਲਕਾਰਿਆਂ ਤੋਂ ਬੇਖੌਫ ਦੂਜੇ ਪਾਸੇ ਗਰੂ ਦਾ ਖਾਲਸਾ ਹੈ ਜੋ ਕਿਸੇ ਰੁਹਾਨੀ ਸ਼ਕਤੀ ਨਾਲ ਖੂਨੀ ਨਾਹਰਿਆਂ ਵਾਲਿਆਂ ਨੂੰ ਬਿਨਾ ਲਲਕਾਰੇ ਆਪਣੀ ਜਿੰਮੇਵਾਰੀ ਨਿਭਾ ਰਿਹਾ ਹੈੈ। ਕੋਈ ਉੱਚੀ ਸੁਰ ਨਹੀ, ਕੋਈ ਲਲਕਾਰਾ ਨਹੀ ਕੋਈ ਜਲਾਲਤ ਭਰੇ ਬੋਲ ਨਹੀ ਬਸ ਆਪਣੇ ਗੁਰੂ ਨਾਲ ਲਿਵ ਲੱਗੀ ਹੈ ਅਤੇ ਉਸ ਲਿਵ ਦੀ ਲੋਰ ਵਿੱਚ ਆਪਣਾਂ ਕਾਰਜ ਕਰੀ ਜਾ ਰਿਹਾ ਹੈੈ। ਗੁਰੂ ਵੱਲੋਂ ਲਗਾਈ ਜਿੰਮੇਵਾਰੀ ਨਿਭਾਈ ਜਾ ਰਿਹਾ ਹੈੈ।

ਦੂਜੀ ਧਿਰ ਵਾਲਾ ਹਰ ਮਨੁੱਖ ਦੁਖੀ ਹੈ ਸਿੱਖਾਂ ਦੀ ਇਸ ਰਵਾਇਤ ਤੋਂ,ਪਰ ਸਮੁੱਚੇ ਦੇਸ਼ ਦੇ ਵਿਰੁੱਧ ਗੁਰੂ ਦਾ ਖਾਲਸਾ ਆਪਣੀ ਇਖਲਾਕੀ ਉੱਚਤਾ ਦੇ ਬਲ ਤੇ ਇਕੱਲਾ ਹੀ ਖੜ੍ਹਾ ਹੈੈ। ਕੋਈ ਆਪਣਾਂ ਦੇਸ਼ ਨਹੀ, ਕੋਈ ਸਰਕਾਰ ਪਿੱਠ ਤੇ ਨਹੀ। ਬਿਪਤਾ ਵੇਲੇ ਕੋਈ ਬਾਂਹ ਫੜਨ ਵਾਲਾ ਨਹੀ ਪਰ ਬੇਗਾਨੀਆਂ ਧੀਆਂ ਦੀ ਪੱਤ ਬਚਾਉਣ ਲਈ ਨੰਗੇ ਧੜ ਕੋਸ਼ਿਸ਼ਾਂ ਕਰ ਰਿਹਾ ਹੈੈ।

ਵਾਹਿਗੁਰੂ ਇਸ ਖਾਲਸੇ ਨੂੰ ਚੜ੍ਹਦੀ ਕਲਾ ਬਖਸ਼ਣ।