ਤਿੰਨ ਅੱਖਰਾਂ ਦਾ ਇਹ ਛੋਟਾ ਜਿਹਾ ਸ਼ਬਦ ਕਿੰਨਾ ਕੁਝ ਸਮਾਈ ਬੈਠਾ ਹੈ ਆਪਣੇ ਅੰਦਰ ਜੇ ਪਰਤ-ਦਰ-ਪਰਤ ਖੋਲਦੇ ਜਾਈਏ ਤਾਂ ਸ਼ਾਇਦ ਮੁਕਣ ਤੇ ਹੀ ਨਾ ਆਵੇ। ਇੱਕੀਵੀਂ ਸਦੀ ਵਿੱਚ ਜਦੋਂ ਦੁਨੀਆਂ ਨੇ ਹਰ ਖੇਤਰ ਵਿੱਚ ਜ਼ਿਕਰਯੋਗ ਤਰੱਕੀਆਂ ਕੀਤੀਆਂ ਹਨ, ਪਰ ਇਨਸਾਨ ਇਨਸਨੀਅਤ ਦੇ ਖੇਤਰ ਵਿੱਚ ਪਛੜਦਾ ਹੀ ਜਾ ਰਿਹਾ ਹੈ ਉਸਦੇ ਅੰਦਰ ਦੀ ਇਨਸਾਨੀਅਤ ਸ਼ਾਇਦ ਮਰਦੀ ਜਾ ਰਹੀ ਹੈ ਤਦੇ ਹੀ ਤਾਂ ਭਾਰਤ ਵਰਗੇ ਮੁਲਕ ਅੰਦਰ ਹਰ ਰੋਜ਼ ਅਨੇਕਾਂ ਔਰਤਾਂ ਬੇਪੱਤ ਹੁੰਦੀਆਂ ਹਨ। ਆਦਮੀ (ਪੁਰਸ਼) ਦੀ ਹੈਵਾਨੀਅਤ ਇੰਨੀ ਵੱਧ ਗਈ ਹੈ ਕਿ ਕੋਈ ਔਰਤ ਹੁਣ ਆਪਣੇ ਪਿਤਾ, ਭਰਾ, ਪਤੀ ਜਾਂ ਦੋਸਤ ਦੀ ਹਾਜ਼ਰੀ ਵਿੱਚ ਵੀ ਸੁਰੱਖਿਅਤ ਨਹੀਂ ਰਹਿ ਗਈ। ਬਹੁਤ ਸਾਰੀਆਂ ਰੇਪ ਘਟਨਾਵਾਂ ਔਰਤ ਦੇ ਦੋਸਤ, ਪਤੀ, ਪਿਤਾ, ਭਰਾ ਦੀ ਹਾਜ਼ਰੀ ਵਿੱਚ ਹੋ ਰਹੀਆਂ ਹਨ ਜਿਨ੍ਹਾਂ ਦਾ ਅਜੇ ਤੱਕ ਕੋਈ ਹੱਲ੍ਹ ਨਹੀਂ ਨਿਕਲਿਆ ਅਤੇ ਨਾਂ ਹੀ ਕਦੀ ਕਿਸੇ ਦੋਸ਼ੀ ਨੂੰ ਅਪਰਾਧ ਕਰਨ ਲੱਗਿਆਂ ਕਨੂੰਨ ਦਾ ਖੋਫ ਪੈਦਾ ਹੁੰਦਾ ਹੈ। ਇਹ ਘਟਨਾਵਾ ਜਿਵੇ ਰੋਜ਼ਮਰਾ ਦੀ ਜਿੰਦਗੀ ਦੀ ਹਿੱਸਾ ਬਣ ਗਈਆਂ ਹਨ। ਅੱਜ ਵੀ ੯੦% ਔਰਤਾਂ ਮਰਦਾਂ ਦੀਆਂ ਵਧੀਕੀਆਂ ਦਾ ਸ਼ਿਕਾਰ ਹਨ ਉਹ ਭਾਵੇਂ ਕਿਸੇ ਵੀ ਰੂਪ ਵਿੱਚ ਹਨ। ਦੁੱਖ ਉਸ ਵੇਲੇ ਹੋਰ ਜ਼ਿਆਦਾ ਹੁੰਦਾ ਹੈ ਜਦ ਖੁਸਵੰਤ ਸਿੰਘ ਵਰਗਾ ਲੇਖਕ ਵੀ ਔਰਤ ਨੂੰ ਵਾਸ਼ਨਾ-ਪੂਰਤੀ ਦਾ ਜ਼ਰੀਆ ਸਮਝਦਾ ਹੈ। ਕੋਈ ਆਖਦਾ ਹੈ ਕਿ ਔਰਤ ਖੁਦ ਵੀ ਇਸ ਲਈ ਜ਼ਿੰਮੇਵਾਰ ਹੈ ਕਿ ਉਹ ਬੇਪਰਦਾ ਹੋ ਗਈ ਉਸਨੇ ਅੱਧੇ ਅਧੂਰੇ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਹਨ ਪਰ ਨਹੀਂ ਅਜਿਹਾ ਨਹੀਂ ਹੈ। ਕਹਿੰਦੇ ਹਨ ਕਿ ਇੱਕ ਵਾਰ ਕੋਈ ਸਾਧੂਆਂ ਦੀ ਟੋਲੀ ਜਾ ਰਹੀ ਸੀ, ਸਾਧੂ ਇਥੋਂ ਤੱਕ ਸੰਸਾਰਕ ਚੀਜਾਂ ਤੋਂ ਉੱਪਰ ਉੱਠ ਗਏ ਕਿ ਉਹਨਾਂ ਨੇ ਕੱਪੜੇ ਪਹਿਨਣੇ ਛੱਡ ਦਿੱਤੇ, ਉਹਨਾਂ ਨਾਲ ਇੱਕ ਸਾਧਵੀ ਸੀ, ਇੱਕ ਦਿਨ ਉਸਨੇ ਵੀ ਕੱਪੜੇ ਪਹਿਨਣੇ ਛੱਡ ਦਿੱਤੇ, ਪਰ ਨਾਲ ਵਾਲੇ ਸਾਥੀ ਪੁਰਸ਼ ਸਾਧੂਆਂ ਨੇ ਕਿਹਾ ਕਿ ਤੂੰ ਕਿਉਂ ਨਗਨ ਹੋ ਗਈ ਤੈਨੂੰ ਕੱਪੜੇ ਪਾਉਣੇ ਚਾਹੀਦੇ ਹਨ ਕਿਉਂ ਕਿ ਤੂੰ ਔਰਤ ਹੈਂ ਤਾਂ ਉਸ ਸਾਧਵੀ ਨੇ ਜਵਾਬ ਦਿੱਤਾ ਕਿ ਮੈਂ ਵੀ ਉਸੇ ਕੁਦਰਤ ਦੀ ਸਿਰਜਣਾ ਹਾਂ ਜਿਸਨੇ ਤਹਾਨੂੰ ਸਾਜਿਆ ਹੈ ਮੇਰੇ ਸਰੀਰ ਵਿੱਚ ਅਸਲੀਲਤਾ ਨਹੀਂ ਤੁਹਾਡੀ ਦੇਖਣ ਵਾਲੀ ਅੱਖ ਵਿੱਚ ਸਰਮ ਨਹੀਂ ਉਹ ਅਸ਼ਲੀਲ ਹੋ ਗਈ ਹੈ। ਇਸੇ ਪੁਰਸ਼ ਦੀ ਅੱਖ ਜਦ ਆਪਣੀ ਮਾਂ ਭੈਣ ਨੂੰ ਤੱਕਦੀ ਹੈ ਤਾਂ ਨੀਵੀਂ ਹੋ ਜਾਂਦੀ ਹੈ ਪਰ ਪਰਾਣੀ ਔਰਤ ਨੂੰ ਤੱਕਦੀਆਂ ਇਹ ਅੱਖਾਂ ਉਸਦੀ ਕੱਪੜਿਆਂ ਵਿਚੋਂ ਵੀ ਬੇਪਰਦਾ ਕਰ ਦਿੰਦੀਆਂ ਹਨ। ਔਰਤ ਨਾਲ ਇਹ ਵਧੀਕੀਆਂ ਦਾ ਸਿਲਸਿਲਾ ਕੋਈ ਨਵਾਂ ਨਹੀਂ ਸੁਰੂ ਹੋਇਆ ਇਹ ਤਾਂ ਸਦੀਆਂ ਤੋਂ ਚਲਿਆ ਆ ਰਿਹਾ ਹੈ, ਜਦ ਸੀਤਾ ਨੂੰ ਵੀ ਆਪਣੀ ਪਵਿੱਤਰਤਾ ਦਾ ਸਬੂਤ ਦੇਣਾ ਪਿਆ ਸੀ। ਜਦ ਦਰੋਪਦੀ ਦੀ ਇੱਜ਼ਤ ਵੀ ਭਰੀ ਸਭਾ ਵਿੱਚ ਤਾਰ-ਤਾਰ ਕੀਤੀ ਗਈ ਸੀ। ਅੱਜ ਵੀ ਅੰਮਿ੍ਤਾ ਪ੍ਰੀਤਮ ਵਰਗੀ ਕਵਿੱਤਰੀ ਜਿਸਨੇ ਆਪਣੀ ਕਵਿਤਾ ਕੁਝ ਦਹਾਕੇ ਪਹਿਲਾਂ ਲਿਖੀ ਸੀ – ਵਿੱਚ ਔਰਤ ਦੀ ਤੁਲਨਾ ‘ਮੋਮ ਦੀ ਗੁੱਡੀ ਨਾਲ ਕਰਦੀ ਹੈ ਕਿ ਮੈਂ ਮੋਮ ਦੀ ਗੁੱਡੀ ਹਾਂ ਤੂੰ ਜਿਵੇਂ ਮਰਜ਼ੀ ਇਸ ਨਾਲ ਖੇਡ ਲੈ ਤੋੜ-ਲੇ-ਮਰੋੜ ਲੈ ਪਰ ਫਿਰ ਵੀ ਇਹ ਤੇਰੀ ਖਿਦਮਤ ਵਿੱਚ ਹਾਜ਼ਰ ਹੈ। ਜਦ ਅੰਮ੍ਰਿਤਾ ਪ੍ਰੀਤਮ ਵਰਗੀ ਕਵਿਤਰੀ ਆਪਣੀ ਕਵਿਤਾ ਵਿੱਚ ਪਤੀ ਦੀ ਤੁਲਨਾ ਭੁੱਖੇ ਭੇੜੀਏ ਨਾਲ ਕਰਦੀ ਹੈ ਤਾਂ ਸਮਾਜ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਉਹ ਆਖਦੀ ਹੈ – ਪਤੀ ਇੱਕ ਭੁਖਾ ਭੇੜੀਆ ਹੈ।

“ਜੋ ਤਹਾਨੂੰ ਆਪਣੇ ਜਬਾੜਿਆਂ
ਵਿਚ ਦੇ ਕੇ ਤੁਹਾਨੂੰ ਆਖਦਾ ਹੈ,
ਦੇਖ ਤੂੰ ਇਥੇ ਕਿੰਨੀ ਸੁਰੱਖਿਅਤ ਹੈ।”

ਉਸ ਮਹਾਨ ਕਵਿੱਤਰੀ ਦੀਆਂ ਇਹਨਾਂ ਇਚਾਰਾਂ ਦਾ ਬਹੁਤ ਸਾਰੇ ਲੋਕਾਂ ਨੇ ਭਾਵੇਂ ਵਿਰੋਧ ਵੀ ਕੀਤਾ ਪਰ ਅਸੀ ਕਦੀ ਸੋਚਿਆ ਹੈ ਕਿ ਕਿਉ ਉਸ ਮਹਾਨ ਕਵਿਤਰੀ ਨੂੰ ਅਜਿਹੇ ਵਿਚਾਰ ਆਪਣੀ ਕਲਮ ਦੁਆਰਾ ਉਕਰਨੇ ਪਏ। ਇਸੇ ਤਰਾਂ ਪੰਜਾਬੀ ਦੀ ਇੱਕ ਹੋਰ ਪ੍ਰਸਿੱਧ ਲੇਖਕਾ ਅਜੀਤ ਕੌਰ ਆਪਣੀ ਸਵੈ ਜੀਵਨੀ ਵਿੱਚ ਵਾਰ-ਵਾਰ ਇਹ ਜਿਕਰ ਕਰਦੀ ਹੈ ਕਿ ਉਸਦਾ ਪਤੀ ਗੱਲ ਗੱਲ ਤੇ ਉਸਨੂੰ ਧਮਕੀ ਦਿੰਦਾ ਹੈ ਕਿ ਉਹ ਉਸਦੀਆਂ ਦੋਨੋਂ ਧੀਆਂ ਨੂੰ ਵੇਸਵਾਵਾਂ ਦੀ ਮੰਡੀ ਤੇ ਵੇਚ ਆਵੇਗਾ ਤਾਂ ਉਹ ਉਹਨਾਂ ਨੂੰ ਪੜ੍ਹਨ ਲਈ ਕਿਸੇ ਹੋਸਟਲ ਭੇਜ ਦਿੰਦੀ ਹੈ। ਕੀ ਕੋਈ ਬਾਪ ਇੰਨਾ ਵੀ ਗਰਕ ਸਕਦਾ ਹੈ ਕਿ ਉਹ ਆਪਣੀ ਹੀ ਧੀ ਨੂੰ ਕੋਠੇ ਤੇ ਬਿਠਾ ਦੇਵੇ? ਫਿਰ ਸੱਚ ਮੁੱਚ ਸਮਾਜ ਇੰਨਾ ਹੀ ਗਰਕ ਗਿਆ ਹੈ ਅੱਜ ਬਾਪ ਹੀ ਆਪਣੀ ਧੀ ਦਾ ਸਰੀਰਕ ਸ਼ੋਸਣ ਕਰ ਦਿੰਦਾ ਹੈ ਜਿੱਥੇ ਰੱਬ ਨੂੰ ਵੀ ਆਪਣੇ ਬਣਾਏ ਇਨਸਾਨ ਤੇ ਧਿਰਕਾਰ ਮਹਿਸੂਸ ਹੁੰਦਾ ਹੋਵੇਗਾ। ਅੱਜ ਜਦ ਕੋਈ ਮਾਂ ਆਪਣੀ ਧੀ ਨੂੰ ਕਹਿੰਦੀ ਹੈ ਕਿ ਆ ਧੀਏ ਮੈਂ ਤੈਨੂੰ ਸਿਖਾਵਾਂਗੀ – ਪੁੰਗਰਨਾ, ਕਲੀ ਬਣਨਾ ਤੇ ਖੁਸ਼ਬੋਆਂ ਵੰਡਣੀਆਂ ਤਾਂ ਡਰਦੀ ਜਰੂਰ ਹੈ ਕਿ ਉਸਦੀ ਮਸੂਮ ਕਦੀ ਕਿਧਰੇ ਦਰਿੰਦਗੀ ਭਰੇ ਹੱਥਾਂ ਨਾਲ ਦਰਜੀ ਨਾ ਜਾਵੇ। ਆਉ ਸਾਰੇ ਰਲ ਕੇ ਇਨਸਾਨੀ ਅਤਾ ਦੀ ਕਦਰ ਕਰਨ ਦਾ ਹੰਭਲਾ ਮਾਰੀਏ ਅਜਿਹਾ ਸਮਾਜ ਸਿਰਜੀਏ ਜਿਥੇ ਹਰ ਆਦਮੀ – ਔਰਤ ਬਰਾਬਰ ਜੀਅ ਸਕਣ। ਜਿਥੇ ਕਿਸੇ ਧੀ ਨੂੰ ਕਦੀ ਬਣਨ ਤੋਂ ਰੋਕਿਆ ਨਾ ਜਾਵੇ। ਜਿੱਥੇ ਸਭ ਇਨਸਾਨ ਹੋਣ ਨਾਂ ਔਰਤ ਦਾ ਫ਼ਰਕ ਹੋਵੇ ਨਾ ਆਦਮੀ ਦਾ ਅੱਜ ਸਾਡੇ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਤਾਕਤਵਰ ਔਰਤ ਦੀ ਸਰਪ੍ਰਸਤੀ ਹੇਠ ‘ਨੰਨੀ ਛਾਂ’ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਪਰ ਇਸਦੇ ਬਾਵਜੂਦ ਹਰ ਦਿਨ ਅਨੇਕਾਂ ਹੀ ਘਟਨਾਵਾਂ ਧੱੜਕੇ ਨਾਲ ਇਸਤਰੀ ਵਰਗ ਨਾਲ ਵਾਪਰ ਰਹੀਆਂ ਹਨ ਅਤੇ ਇੱਕ ਬਹੁਤ ਮਸ਼ਹੂਰ ਕੇਸ ਮਹਿਲਕਲਾਂ – ਬੀਬੀ ਕਿਰਨਜੋਤ ਕੇਸ ਦੀ ਪੈਰਵਾਈ ਕਰ ਰਹੇ ਸੀ ਉਹ ਖੁਦ ਮੁੱਕਦਮਿਆਂ ਦਾ ਸਾਹਮਣਾ ਕਰ ਰਹੇ ਹਨ ਇਥੇ ਸਵਾਲ ਵੱਧ ਕਨੂੰਨ ਬਣਾਉਣ ਦਾ ਨਹੀਂ ਸਗੋਂ ਗਿਆਨ ਅਤੇ ਉਸਨੂੰ ਸਮਝ ਸਕਣ ਦੀ ਸਮਰੱਥਾ ਦਾ ਅਧਿਐਨ ਕਰਨ ਦੀ ਜਰੂਰਤ ਹੈ ਤਾਂ ਜੋ ਆਪਣੀ ਵਿੱਦਿਆ ਪ੍ਰਣਾਲੀ ਨੂੰ ਇਸ ਤਰਾਂ ਬਦਲਿਆ ਜਾਵੇ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਇਨਸਾਨੀਅਤ ਦੀ ਪਛਾਣ ਕਰਾਈ ਜਾਵੇ ਨਾ ਕਿ – ਕੁੜੀ ਜਾਂ ਮੁੰਡੇ ਦੀ।