ਪੰਜਾਬ ਦਾ ਵੱਡਾ ਹਿੱਸਾ ਇਸ ਸਮੇਂ ਹੜ੍ਹਾਂ ਦੀ ਮਾਰ ਹੇਠਾਂ ਆਇਆ ਹੋਇਆ ਹੈ। ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕੇ ਹੜ੍ਹਾਂ ਦੀ ਮਾਰ ਹੇਠਾਂ ਹਨ। ਲੋਕ ਇੱਕ ਹਫਤੇ ਤੋਂ ਆਪਣੇ ਹੀ ਘਰਾਂ ਦੀਆਂ ਛੱਤਾਂ ਤੇ ਕੈਦ ਹਨ, ਨਾ ਤਾਂ ਬਿਜਲੀ ਹੈ ਤੇ ਨਾ ਹੀ ਪੀਣ ਲਈ ਪਾਣੀ ਹੈ। ਫਸਲਾਂ ਤਬਾਹ ਹੋ ਗਈਆਂ ਹਨ। ਘਰਾਂ ਦੇ ਵਿੱਚ ਪਾਣੀ ਹੈ ਅਤੇ ਕਰਜੇ ਵਿੱਚ ਡੁੱਬੀ ਕਿਸਾਨੀ ਨੂੰ ਹੋਰ ਵੱਡੀ ਮਾਰ ਪੈ ਗਈ ਹੈ। ਲੋਕਾਂ ਨੂੰ ਹੈਲੀਕੋਪਟਰ ਰਾਹੀਂ ਤੇ ਕਿਸ਼ਤੀਆਂ ਰਾਹੀਂ ਖਾਣ ਪੀਣ ਦਾ ਸਮਾਨ ਤੇ ਜਰੂਰੀ ਵਸਤੂਆਂ ਪਹੁੰਚਾਈਆਂ ਜਾ ਰਹੀਆਂ ਹਨ। ਪਰ ਲੋਕ ਪ੍ਰਸ਼ਾਸ਼ਨ ਦੀ ਕਰਾਵਾਈ ਤੋਂ ਖੁਸ਼ ਨਹੀਂ ਹਨ। ਦੱਖਣ ਪੱਛਮੀ ਮੌਨਸੂਨ ਦੇ ਸਰਗਰਮ ਹੋਣ ਕਰਕੇ ਵਾਧੂ ਮੀਂਹ ਪਏ ਹਨ ਜਿਸ ਕਰਕੇ ਸਤਲੁਜ ਦਰਿਆਂ ਨਾਲ ਇੰਨੀ ਤਬਾਹੀ ਹੋ ਰਹੀ ਹੈ। ਲੋਕਾਂ ਨੂੰ ਦਰਿਆਂ ਦੇ ਪਾਣੀ ਦੇ ਨਾਲ ਨਾਲ ਮੀਂਹ ਦੇ ਵਧੇਰੇ ਪਾਣੀ ਦੀ ਦੋਹਰੀ ਮਾਰ ਪੈ ਰਹੀ ਹੈ। ਹੁਣ ਤੱਕ ਸੱਤ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਤੇ ਦਰਜਨਾਂ ਤੋਂ ਵਧੇਰੇ ਪਸ਼ੂਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਮਰੇ ਹੋਏ ਪਸੂਆਂ ਨੂੰ ਚੁੱਕਣ ਦਾ ਕੋਈ ਪ੍ਰਬੰਧ ਨਹੀਂ ਹੈ। ਜਿਸ ਕਾਰਨ ਬਿਮਾਰੀਆਂ ਫੈਲਣ ਦਾ ਵਧੇਰੇ ਖਤਰਾ ਹੈ। ਸਮਾਜ ਸੇਵੀ ਸੰਸਥਾਵਾਂ ਤੇ ਹੋਰ ਪਿੰਡਾਂ ਦੇ ਲੋਕ ਰਿਲੀਫ ਕਾਰਜਾਂ ਵਿੱਚ ਜੁਟੇ ਹੋਏ ਹਨ ਤੇ ਖਾਣ-ਪੀਣ ਲਈ ਵੱਡੇ ਪੱਧਰ ਤੇ ਲੰਗਰ ਲਾਏ ਗਏ ਹਨ। ਖਾਲਸਾ ਏਡ ਸੰਸਥਾ ਵੀ ਪਹਿਲੀ ਵਾਰ ਪੰਜਾਬ ਵਿੱਚ ਹੜਾਂ ਤੋਂ ਪ੍ਰਭਾਵਤ ਲੋਕਾਂ ਦੀ ਸਹਾਇਤਾ ਲਈ ਅੱਗੇ ਆਈ ਹੈ। ਉਹਨਾਂ ਨੇ ਰਿਲੀਫ ਕਾਰਜਾਂ ਦੇ ਨਾਲ ਇਸਤਰੀਆਂ ਦੀਆਂ ਜਰੂਰਤ ਦੀਆਂ ਸੈਨੇਟਰੀ ਵਸਤਾਂ ਦਾ ਸਮਾਨ ਵੀ ਉਪਲਬਧ ਕੀਤਾ ਹੈ। ਹੜਾਂ ਦੀ ਮਾਰ ਜਲੰਧਰ, ਕਪੂਰਥਲਾ, ਫਿਰੋਜਪੁਰ ਅਤੇ ਰੋਪੜ ਦੇ ਇਲਾਕਿਆਂ ਵਿੱਚ ਵਧੇਰੇ ਪਈ ਹੈ। ਸਰਹੱਦੀ ਖੇਤਰ ਵਿੱਚ ਕਿੰਨੇ ਹੀ ਅਜਿਹੇ ਪਿੰਡ ਹਨ ਜਿੰਨਾ ਤੱਕ ਅਜੇ ਰਾਹਤ ਸਮੱਗਰੀ ਨਹੀਂ ਅੱਪੜੀ ਹੈ। ਇੱਕ ਲੱਖ ਤੋਂ ਵੱਧ ਰਕਬਾ ਹੜਾ ਦੀ ਮਾਰ ਹੇਠਾਂ ਹੈ। ਖੇਤਾਂ ਵਿੱਚ ਫਸਲਾਂ ਡੁੱਬੀਆਂ ਹੋਈਆਂ ਹਨ। ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਮੁੜ ਮੁੜ ਉਜਾੜਾ ਉਨਾਂ ਨੂੰ ਆਪਣੀਆਂ ਫਸਲਾਂ ਦੀ ਸਾਂਭ ਸੰਭਾਲ ਤੋਂ ਰੋਕ ਰਿਹਾ ਹੈ। ਹੜਾਂ ਵਾਲੇ ਇਲਾਕਿਆਂ ਵਿੱਚ ਬੱਚੇ ਸਕੂਲ, ਕਾਲਜ ਨਹੀਂ ਜਾ ਸਕੇ। ਪਸ਼ੂਆਂ ਤੇ ਹੜ੍ਹ ਪ੍ਰਭਾਵਤ ਲੋਕਾਂ ਲਈ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਰਿਲੀਫ ਪੈਕੇਜ ਨਹੀਂ ਐਲਾਨਿਆ ਗਿਆ। ਪ੍ਰਾਪਤ ਅੰਕੜਿਆਂ ਅਨੁਸਾਰ ਇਹ ਨੁਕਸਾਨ ਚਾਰ ਹਜ਼ਾਰ ਕਰੋੜ ਤੋਂ ਵਧੇਰੇ ਹੈ। ਬਾਕੀ ਵੇਰਵੇ ਹੜਾ ਤੋਂ ਬਾਅਦ ਇੱਕਠੇ ਜਾਣਗੇ ਤੇ ਪੂਰੇ ਨੁਕਸਾਨ ਦਾ ਅੰਦਾਜਾ ਹੋ ਸਕੇਗਾ। ਲੋਕਾਂ ਨੂੰ 1988 ਵਿੱਚ ਆਏ ਭਾਰੀ ਹੜ੍ਹ ਦਾ ਦੁਬਾਰਾ ਚੇਤਾ ਆ ਗਿਆ ਹੈ। ਲੋਕਾਂ ਨੂੰ ਆਪਣੀਆਂ ਡੁੱਬੀਆਂ ਫਸਲਾਂ ਕਰਕੇ ਚੁੱਕੇ ਹੋਏ ਕਰਜੇ ਦੀਆਂ ਕਿਸ਼ਤਾਂ ਵੀ ਸਤਾ ਰਹੀਆਂ ਹਨ। ਕਈ ਘਰਾਂ ਵਿਚੋਂ ਤਾਂ ਇੰਨੀ ਦਿਨੀ ਤੇ ਆਉਣ ਵਾਲੇ ਸਮੇਂ ਵਿੱਚ ਵਿਆਹ ਰੱਖੇ ਹੋਏ ਸਨ ਜੋ ਹੜਾਂ ਦੀ ਭੇਟ ਚੜਦੇ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਨੇ ਹੜ ਪ੍ਰਭਾਵਤ ਇਲਾਕਿਆਂ ਦਾ ਹੈਲੀਕਾਪਟਰ ਰਾਹੀਂ ਸਰਵੇਖਣ ਕੀਤਾ ਹੈ। ਵੱਖ ਵੱਖ ਪਿੰਡਾਂ ਵਿੱਚ ਲੋਕ ਆਪਣੇ ਤੌਰ ਤੇ ਸਹਾਇਤਾ ਲਈ ਜਰੂਰੀ ਸਮਾਨ ਤੇ ਲੰਗਰ ਇੱਕਠਾ ਕਰਕੇ ਟਰਾਲੀਆਂ ਰਾਹੀਂ ਹੜ ਪ੍ਰਭਾਵਤ ਇਲਾਕਿਆਂ ਵਿੱਚ ਪਹੁੰਚਾ ਰਹੇ ਹਨ। ਕਿਸ਼ਤੀਆਂ ਦੀ ਘਾਟ ਹੋਣ ਕਰਕੇ ਘਰਾਂ ਤੱਕ ਰਾਹਤ ਪਹੁੰਚਾਉਣ ਬਹੁਤ ਮੁਸ਼ਕਲ ਹੋ ਰਹੀ ਹੈ। ਅਗਲੇ ਦਿਨਾਂ ਵਿੱਚ ਹੋਰ ਬਾਰਸ਼ ਪੈਣ ਦੇ ਅਨੁਮਾਨ ਹਨ। 31 ਸਾਲਾਂ ਬਾਅਦ ਆਏ ਇਸ ਹੜ੍ਹ ਕਾਰਨ ਸੰਚਾਰ ਦੇ ਮਾਧਿਅਮ ਕਰਕੇ ਹੋਏ ਨੁਕਸਾਨ ਦੇ ਵੇਰਵੇ ਵਾਧੂ ਨਸ਼ਰ ਹੋਏ ਹਨ। ਜਿਨਾਂ ਲੋਕਾਂ ਨੇ ਠੇਕੇ ਤੇ ਜ਼ਮੀਨ ਲੈ ਕੇ ਝੋਨਾ ਲਾਇਆ ਸੀ ਉਨਾਂ ਨੂੰ ਆਪਣੀ ਕਿਸਮਤ ਡੁੱਬਦੀ ਨਜ਼ਰ ਆ ਰਹੀ ਹੈ। ਅਜੇ ਤੱਕ ਪੂਰੀ ਤਰ੍ਹਾਂ ਰਾਹਤ ਕਾਰਜ ਪ੍ਰਭਾਵਤ ਇਲਾਕਿਆਂ ਤੱਕ ਪੂਰੀ ਤਰਾਂ ਨਹੀਂ ਪਹੁੰਚ ਹਨ। ਲੋਕਾਂ ਵੱਲੋਂ ਭਾਖੜਾ ਦੀ ਮੈਨੇਜਮੈਂਟ ਤੇ ਉਠਾਏ ਜਾ ਰਹੇ ਕਿ ਉਨਾਂ ਨੇ ਇੱਕ ਦਮ ਪਾਣੀ ਕਿਉਂ ਛੱਡਿਆ ਇਨਾਂ ਹੜ੍ਹਾਂ ਦੀ ਮਾਰ ਤੋਂ ਨਿਕਲਣ ਲਈ ਲੋਕਾਂ ਨੂੰ ਸਾਲਾਂ ਬੱਧੀ ਸਮਾਂ ਲੱਗ ਜਾਵੇਗਾ।