ਪੰਜਾਬ ਵਿੱਚੋਂ ਆਏ ਦਿਨ ਪੁਲਿਸ ਤਸ਼ੱਦਦ ਦੀਆਂ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਕੁਝ ਦਿਨ ਪਹਿਲਾਂ ਇੱਕ ਥਾਣੇਦਾਰ ਨੇ ਇੱਕ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ। ਉਸ ਤੋਂ ਪਹਿਲਾਂ ਇੱਕ ਥਾਣੇ ਵਿੱਚ ਸਿੱਖ ਪਿਓ-ਪੁੱਤਰ ਨੂੰ ਬੇਪਤ ਕਰਨ ਦੀਆਂ ਖਬਰਾਂ ਆਈਆਂ ਸਨ,ਉਸ ਤੋਂ ਪਹਿਲਾਂ ਪਟਿਆਲੇ ਵਾਲੀ ਘਟਨਾ ਵਿੱਚ ਨਿਹੰਗ ਸਿੰਘਾਂ ਤੇ ਤਸ਼ੱਦਦ ਦੇ ਦਿ੍ਰਸ਼ ਦੇਖਣ ਨੂੰ ਮਿਲੇ। ਹੁਣ ਜੋ ਤਾਜ਼ਾ ਖਬਰ ਆਈ ਹੈ ਉਹ ਮਲੋਟ ਥਾਣੇ ਦੇ ਕਿਸੇ ਪਿੰਡ ਦੀ ਹੈ ਜਿੱਥੇ ਇੱਕ 13 ਸਾਲਾ ਬੱਚੀ ਦੇ ਪਿਓ ਨੂੰ ਕੁਝ ਗੁੰਡਿਆਂ ਨੇ ਕਤਲ ਕਰ ਦਿੱਤਾ। ਉਹ ਬੱਚੀ ਜਦੋਂ ਆਪਣੀ ਭੂਆ ਨੂੰ ਨਾਲ ਲੈ ਕੇ ਥਾਣੇ ਵਿੱਚ ਰਿਪੋਰਟ ਲਿਖਵਾਉਣ ਲਈ ਪਹੁੰਚੀ ਤਾਂ ਹਾਜਰ ਪੁਲਿਸ ਅਫਸਰਾਂ ਨੇ ਨਾ ਸਿਰਫ ਉਸ ਬੱਚੀ ਨਾਲ ਕੁੱਟਮਾਰ ਕੀਤੀ ਬਲਕਿ ਉਸਦੇ ਕੰਨਾਂ ਤੇ ਕਰੰਟ ਵੀ ਲਾਇਆ ਗਿਆ।

ਕਿੰਨਾ ਦਰਦਨਾਕ ਦਿ੍ਰਸ਼ ਹੋਵੇਗਾ ਉਹ ਜਿੱਥੇ ਆਪਣੇ ਪਿਓ ਦੀ ਮੌਤ ਦੀ ਖਬਰ ਥਾਣੇ ਦੇਣ ਆਈ ਇੱਕ ਮਾਸੂਮ ਬੱਚੀ ਨੂੰ ਕਰੰਟ ਦੇ ਝਟਕੇ ਦਿੱਤੇ ਜਾ ਰਹੇ ਸਨ। ਕਿਤੇ ਤਾਂ ਇਨਸਾਨੀਅਤ ਚਾਹੀਦੀ ਹੈ ਲੋਕਾਂ ਦੀ ਰਾਖੀ ਕਰਨ ਵਾਲੇ ਢਾਂਚੇ ਵਿੱਚ। ਹੁਣ ਤਾਂ ਪੰਜਾਬ ਵਿੱਚ ਕੋਈ ਉਸ ਤਰ੍ਹਾਂ ਦੇ ਹਾਲਾਤ ਨਹੀ ਹਨ ਜਿਨ੍ਹਾਂ ਨੂੰ ਅਸਾਧਾਰਨ ਆਖਿਆ ਜਾਂਦਾ ਹੈੈ। ਹੁਣ ਤਾਂ ਪੁਲਿਸ ਨੂੰ ਉਹ ਅਸਾਧਾਰਨ ਤਾਕਤਾਂ ਨਹੀ ਮਿਲਣੀਆਂ ਚਾਹੀਦੀਆਂ।

ਪੂਰੇ ਭਾਰਤ ਵਿੱਚ ਹੀ ਪੁਲਿਸ ਤੰਤਰ ਮਨੁੱਖਤਾ ਵਿਰੋਧੀ ਹੁੰਦਾ ਜਾ ਰਿਹਾ ਹੈੈ। ਮੱੱਧ ਪਰਦੇਸ਼ ਦੇ ਸ਼ਹਿਰ ਬੈਤੂਲ ਵਿੱਚ ਪੁਲਿਸ ਨੇ ਇੱਕ ਨੌਜਵਾਨ ਦੀ ਡਟਕੇ ਮਾਰ-ਕਟਾਈ ਕੀਤੀ। ਕਾਫੀ ਕੁੱਟ ਮਾਰ ਤੋਂ ਬਾਅਦ ਜਦੋਂ ਉਸਨੇ ਪੁੱਛਿਆ ਕਿ ਮੇਰਾ ਕਸੂਰ ਕੀ ਹੈ ਤਾਂ ਸੱਗੋਂ ਪੁਲਿਸ ਵਾਲਿਆਂ ਨੇ ਆਖਿਆ ਕਿ ਤੂੰ ਮੁਸਲਮਾਨ ਹੈਂ ਇਸ ਲਈ ਮਾਰਿਆ ਤੈਨੂੰ। ਪਰ ਉਹ ਨੌਜਵਾਨ ਮੁਸਲਮਾਨ ਨਹੀ ਬਲਕਿ ਹਿੰਦੂ ਸੀ।

ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸੇ ਵੀ ਮਨੁੱਖ ਨੇ ਜੇ ਦਾੜ੍ਹੀ ਵਧਾਈ ਹੋਈ ਹੈ ਤਾਂ ਉਸਨੂੰ ਮੁਸਲਮਾਨ ਸਮਝਕੇ ਕੁੱਟ-ਮਾਰ ਕਰਨੀ ਪੁਲਿਸ ਆਪਣਾਂ ਧਰਮ ਸਮਝਦੀ ਹੈੈ।ਅਜਿਹਾ ਹੀ ਕੇਸ ਕੁਝ ਸਾਲ ਪਹਿਲਾਂ ਮੁਕੇਰੀਆਂ ਰੇਲਵੇ ਸਟੇਸ਼ਨ ਤੇ ਵਾਪਰਿਆ ਸੀ। ਜਿੱਥੇ ਇੱਕ ਵਿਅਕਤੀ ਆਪਣੀ ਭਾਣਜੀ ਨਾਲ ਕਿਧਰੇ ਜਾਣ ਲਈ ਰੇਲ ਗੱਡੀ ਦੀ ਉਡੀਕ ਕਰ ਰਿਹਾ ਸੀ। ਉੱਥੇ ਡਿਊਟੀ ਦੇ ਰਹੇ ਪੁਲਿਸ ਅਫਸਰਾਂ ਨੇ ਉਸ ਵਿਅਕਤੀ ਨੂੰ ਏਨਾ ਕੁੱਟਿਆ ਕਿ ਉਹ ਮਰ ਗਿਆ। ਦੋਸ਼ ਲਗਾਇਆ ਗਿਆ ਕਿ ਉਹ ਬੱਚੀ ਉਸਦੀ ਰਿਸ਼ਤੇਦਾਰ ਨਹੀ ਸੀ।

ਹੁਣੇ ਹੀ ਪੰਜਾਬ ਵਿੱਚ ਕਰਫਿਊ ਲੱਗਣ ਤੋਂ ਬਾਅਦ ਜਿਵੇਂ ਪੁਲਿਸ ਨੇ ਅਣਮਨੁੱਖੀ ਢੰਗ ਨਾਲ ਲੋਕਾਂ ਤੇ ਤਸ਼ੱਦਦ ਢਾਹਿਆ ਉਸਦੀ ਮਿਸਾਲ ਕਿਸੇ ਸੱਭਿਅਕ ਸਮਾਜ ਵਿੱਚ ਨਹੀ ਮਿਲਦੀ। ਜੇ ਕਿਤੇ ਪੁਲਿਸ ਦੇ ਖਿਲਾਫ ਕੋਈ ਕਾਰਵਾਈ ਕਰਦਾ ਹੈ ਤਾਂ ਬੰਬੇ ਬੈਠੇ ਸੰਨ੍ਹੀ ਦਿਉਲ ਨੂੰ ਵੀ ਖਬਰਾਂ ਹੋ ਜਾਂਦੀਆਂ ਹਨ। ਹੁਣ ਪੁਲਿਸ ਨੇ ਇੱਕ 13 ਸਾਲ ਦੀ ਬੱਚੀ ਦੇ ਕਰੰਟ ਲਗਾ ਦਿੱਤਾ ਹੈ। ਨਾ ਕੋਈ ਮੁੱਖ ਮੰਤਰੀ ਬੋਲਿਆ, ਨਾ ਪੁਲਿਸ ਮੁੱਖੀ ਅਤੇ ਨਾ ਹੀ ਸੰਨ੍ਹੀ ਦਿਉਲ।

ਇਸ ਤੋਂ ਸਾਫ ਪਤਾ ਲਗਦਾ ਹੈ ਕਿ ਦੇਸ਼ ਦੇ ਹਾਕਮ ਭਾਰਤ ਨੂੰ ਕਿਨ੍ਹਾਂ ਲੀਹਾਂ ਤੇ ਚਲਾਉਣਾਂ ਚਾਹੁੰਦੇ ਹਨ। ਉਹ ਜਮਹੂਰੀਅਤ ਦਾ ਸਿਰਫ ਢੰਡੋਰਾ ਪਿਟਦੇ ਹਨ ਪਰ ਸਭ ਕੁਝ ਉਹ ਕਰਦੇ ਹਨ ਜੋ ਜਮਹੂਰੀਅਤ ਵਿਰੋਧੀ ਹੈੈੈ। ਦੇਸ਼ ਦਾ ਆਰਥਕ ਢਾਂਚਾ ਇਸ ਵੇਲੇ ਚਰਮਰਾ ਰਿਹਾ ਹੈੈੈ। ਦੇਸ਼ ਦਾ ਮਜ਼ਦੂਰ ਸੜਕਾਂ ਤੇ ਤੜਪ ਰਿਹਾ ਹੈ ਪਰ ਦੇਸ਼ ਦੇ ਹਾਕਮ ਕੌਮਾਂਤਰੀ ਪੱਧਰ ਤੇ ਆਪਣਾਂ ਅਕਸ ਬਣਾਉਣ ਵਿੱਚ ਮਸ਼ਰੂਫ ਹਨ। ਉਨ੍ਹਾਂ ਨੂੰ ਫਿਕਰ ਹੈ ਕਿ ਅਫਗਾਨਿਸਤਾਨ ਵਿੱਚੋਂ ਤਾਲਿਬਾਨ ਕਿਤੇ ਸਾਨੂੰ ਭਜਾ ਨਾ ਦੇਵੇ।

ਉਨ੍ਹਾਂ ਨੂੰ ਫਿਕਰ ਹੈ ਕਿ ਚੀਨ ਕਿਤੇ ਸਾਡੇ ਤੋਂ ਅੱਗੇ ਨਾ ਲੰਘ ਜਾਵੇ। ਅਮਰੀਕਾ ਨਾਲ ਮਿਲਕੇ ਚੀਨ ਨੂੰ ਕਿਵੇ ਢਾਹੁਣਾਂ ਹੂ ਇਹ ਹਾਕਮਾਂ ਦੀ ਸੋਚ ਹੈੈ। ਆਪਣੇ ਦੇਸ਼ ਨੂੰ ਦੇਸ਼ ਕਿਵੇਂ ਬਣਾਉਣਾਂ ਹੈ ਇਸਦਾ ਫਿਕਰ ਕਿਸੇ ਨੂੰ ਨਹੀ ਹੈੈ। ਇਸੇ ਲਈ ਅਫਸਰਸ਼ਾਹੀ ਮਾਸੂਮ ਲੋਕਾਂ ਨੂੰ ਕਰੰਟ ਲਗਾ ਕੇ ਮਾਰੀ ਜਾ ਰਹੀ ਹੈੈ।

ਇਸ ਜਬਰ ਅਤੇ ਤਸ਼ੱੱਦਦ ਖਿਲਾਫ ਕਿਸੇ ਜਥਬੰਦਕ ਲਹਿਰ ਦੀ ਲੋੜ ਹੈੈ।