ਇਸ ਸਾਲ ਜਨਵਰੀ ਵਿੱਚ ਇੱਕ ਖੋਜੀ ਪੱਤਰਕਾਰ ਵੱਲੋਂ ਲੱਭੇ ਗਏ ਉਹ ਦਸਤਾਵੇਜ਼ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਹਨ ਜਿਨ੍ਹਾਂ ਰਾਹੀਂ ਇਹ ਸੱਚ ਸਾਹਮਣੇ ਆਇਆ ਸੀ ਕਿ ਜੂਨ ੧੯੮੪ ਵਿੱਚ ਸਿੱਖਾਂ ਦੇ ਮੁਕੱਦਸ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਤੋਂ ਪਹਿਲਾਂ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬਰਤਾਨੀਆ ਦੀ ਸਰਕਾਰ ਤੋਂ ਇਸ ਸਬੰਧੀ ਸਲਾਹ ਅਤੇ ਸਹਿਯੋਗ ਲਿਆ ਸੀ। ਜਿਉਂ ਹੀ ਇਨ੍ਹਾਂ ਦਸਤਾਵੇਜ਼ਾਂ ਦੇ ਜਨਤਕ ਹੋਣ ਦੀ ਖਬਰ ਫੈਲੀ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਇੱਕਦਮ ੧੯੮੪ ਬਾਰੇ ਇੱਕ ਨਵੇਂ ਅਚੰਭੇ ਨੇ ਘੇਰ ਲਿਆ। ਹੁਣ ਤੱਕ ਸਿੱਖਾਂ ਦੇ ਵੱਡੇ ਹਿੱਸੇ ਵਿੱਚ ਇਹ ਭਾਵਨਾ ਹੀ ਕੰਮ ਕਰ ਰਹੀ ਸੀ ਕਿ ਇੰਦਰਾ ਗਾਂਧੀ ਵੱਲੋਂ ਕੀਤੀ ਗਈ ਕਾਰਵਾਈ ਭਾਰਤੀ ਸਥਾਪਤੀ ਅਤੇ ਇਸਦੀ ਫੌਜ ਵੱਲੋਂ ਹੀ ਵਿਉਂਤੀ ਅਤੇ ਸਿਰੇ ਚੜ੍ਹਾਈ ਗਈ ਸੀ। ਭਾਰਤੀ ਮੀਡੀਆ ਅਤੇ ਇਸਦੇ ਲੀਡਰਾਂ ਨੇ ਹੁਣ ਤੱਕ ਜਿੰਨਾ ਕੁ ਸੱਚ ਬਾਹਰ ਕੱਢਿਆ ਸੀ ਉਸ ਤੋਂ ਸਿੱਖਾਂ ਦੀ ਇਹੋ ਭਾਵਨਾ ਬਣ ਸਕਦੀ ਸੀ ਕਿ ਇੰਦਰਾ ਗਾਂਧੀ ਜਾਂ ਭਾਰਤ ਸਰਕਾਰ ੧੯੮੪ ਦੇ ਸਿੱਖ ਕਤਲੇਆਮ ਲਈ ਆਪ ਜੀ ਜਿੰਮੇਵਾਰ ਸੀ। ਪਰ ਬਰਤਾਨੀਆ ਦੇ ਪੁਰਾਤਤਿਵ ਵਿਭਾਗ ਵੱਲੋਂ ਜਾਰੀ ਕੀਤੇ ਗਏ ਜਾਂ ਗਲਤੀ ਨਾਲ ਜਾਰੀ ਹੋ ਗਏ ਇਨ੍ਹਾਂ ਦਸਤਾਵੇਜ਼ਾਂ ਨੇ ੧੯੮੪ ਦੇ ਘਟਨਾਕ੍ਰਮ ਨੂੰ ਇੱਕ ਮੂਲੋਂ ਹੀ ਨਵੀਂ ਦਿਸ਼ਾ ਦੇ ਦਿੱਤੀ ਹੈ।
ਇਨ੍ਹਾਂ ਦਸਤਾਵੇਜ਼ਾਂ ਨੇ ਬਲੂ-ਸਟਾਰ ਓਪਰੇਸ਼ਨ ਦੇ ਕੌਮਾਂਤਰੀ ਕੁਨੈਕਸ਼ਨ ਨੂੰ ਬੇਪਰਦ ਕਰਕੇ ਰੱਖ ਦਿੱਤਾ ਹੈ (ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਬਰਤਾਨੀਆ ਵੱਲ਼ੋਂ ਹੁਣ ਗਲਤੀ ਨਾਲ ਵੀ ਇਸ ਸਬੰਧੀ ਕੋਈ ਹੋਰ ਦਸਤਾਵੇਜ਼ ਜਾਰੀ ਨਹੀ ਹੋਣ ਦਿੱਤਾ ਜਾਵੇਗਾ)। ਇਹ ਕੋਮਾਂਤਰੀ ਕੁਨੈਕਸ਼ਨ ਬਰਤਾਨੀਆ ਤੱਕ ਹੀ ਸੀਮਤ ਹਨ ਜਾਂ ਇਨ੍ਹਾਂ ਦੀਆਂ ਤੰਦਾਂ ਅਮਰੀਕਾ, ਕੈਨੇਡਾ ਅਤੇ ਇਜ਼ਰਾਈਲ ਨਾਲ ਵੀ ਜੁੜਦੀਆਂ ਹਨ ਇਹ ਹਾਲੇ ਦੇਖਣ ਵਾਲੀ ਗੱਲ ਹੋਵੇਗੀ। ਬਰਤਾਨਵੀ ਸਰਕਾਰ ਨੇ ਇਨ੍ਹਾਂ ਦਸਤਾਵੇਜ਼ਾਂ ਦੇ ਜਾਰੀ ਹੋਣ ਨਾਲ ਸਿੱਖ ਕੌਮ ਵਿੱਚ ਫੈਲੇ ਗੁੱਸੇ ਦੇ ਮੱਦੇਨਜ਼ਰ ਪਾਰਲੀਮੈਂਟ ਵਿੱਚ ਸਿੱਖਾਂ ਦੀਆਂ ਅੱਖਾਂ ਪੂੰਝਣ ਵਾਲਾ ਇੱਕ ਘਟੀਆ ਜਿਹਾ ਬਿਆਨ ਦੇ ਕੇ ਸਾਰ ਦਿੱਤਾ ਹੈ। ਬਹੁਤ ਹੀ ਨਪੇ ਤੁਲੇ ਸ਼ਬਦਾਂ ਵਿੱਚ ਵਿਦੇਸ਼ ਸਕੱਤਰ ਵਿਲੀਅਮ ਹੇਗ ਨੇ ਇਹ ਆਖਿਆ ਹੈ ਕਿ ੧੯੮੪ ਬਾਰੇ ਬਰਤਾਨੀਆ ਨੇ ਘਟਨਾ ਤੋਂ ਬਹੁਤ ਪਹਿਲਾਂ ਭਾਰਤ ਸਰਕਾਰ ਨੂੰ ਸਿਰਫ ਸਲਾਹ ਦਿੱਤੀ ਸੀ, ਇਸ ਤੋਂ ਵੱਧ ਕੁਝ ਨਹੀ ਸੀ।
ਖੈਰ ਬਰਤਾਨਵੀ ‘ਸਲਾਹ’ ਦੀ ਇਸ ਘਟਨਾ ਨੇ ਦਰਸਾ ਦਿੱਤਾ ਹੈ ਕਿ ਆਪਣੇ ਨਿਗੂਣੇ ਜਿਹੇ ਫਾਇਦਿਆਂ ਲਈ ਪੱਛਮੀ ਤਾਕਤਾਂ ਕਿੰਨਾ ਨੀਵਾਂ ਡਿਗ ਸਕਦੀਆਂ ਹਨ। ਇਹ ਨਹੀ ਹੋ ਸਕਦਾ ਕਿ ਬਰਤਾਨਵੀ ਸਰਕਾਰ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਜਾਂ ਸ੍ਰੀ ਹਰਿਮੰਦਰ ਸਾਹਿਬ ਨਾਲ ਉਨ੍ਹਾਂ ਦੇ ਇਤਿਹਾਸਕ ਰਿਸ਼ਤੇ ਬਾਰੇ ਕੁਝ ਪਤਾ ਨਹੀ ਹੋਵੇਗਾ। ਇਸ ਸਭ ਕੁਝ ਦੇ ਬਾਵਜੂਦ ਜੇ ਉਹ ਸਿੱਖ ਕਤਲੇਆਮ ਦੀ ਉਸ ਭਾਰਤੀ ਮੁਹਿੰਮ ਵਿੱਚ ਭਾਈਵਾਲ ਬਣੀ ਤਾਂ ਇਸ ਨੂੰ ਸਿਆਸੀ ਗਲਤੀ ਦੀ ਸੰਗਿਆ ਨਹੀ ਦਿੱਤੀ ਜਾ ਸਕਦੀ। ਇਸ ਲਈ ਵੀ ਨਹੀ ਕਿ ਹੁਣ ਵੀ ਜਦੋਂ ਬਰਤਾਨਵੀ ਸਰਕਾਰ ਨੇ ੧੯੮੪ ਦੇ ਘਟਨਾਕ੍ਰਮ ਬਾਰੇ ਸੰਸਦ ਵਿੱਚ ਬਿਆਨ ਦੇਣਾਂ ਸੀ ਉਸਦੀ ਪੁਸ਼ਟੀ ਪਹਿਲਾਂ ਭਾਰਤ ਸਰਕਾਰ ਤੋਂ ਕਰਵਾਈ ਗਈ। ਭਾਰਤ ਦੀ ਸਹਿਮਤੀ ਨਾਲ ਹੀ ਬਰਤਾਨਵੀ ਸਰਕਾਰ ਨੇ ਆਪਣੀ ਸੰਸਦ ਵਿੱਚ ਬਿਆਨ ਦਿੱਤਾ।
ਇਹ ਇੱਕੀਵੀ ਸਦੀ ਦੀ ਬਰਤਾਨਵੀ ਜਮਹੂਰੀਅਤ ਹੈ ਜਿਸ ਨੂੰ ਹਾਲੇ ਵੀ ਇੰਦਰਾ ਗਾਂਧੀ ਦੇ ਪੈਰੋਕਾਰ ਚਲਾ ਰਹੇ ਹਨ। ਇਸ ਸਥਿਤੀ ਵਿੱਚ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਸਕਦੀ ਹੈ ਕਿ ੧੯੮੪ ਵਿੱਚ ਬਰਤਾਨਵੀ ਸਰਕਾਰ ਦਾ ਇੰਦਰਾ ਗਾਂਧੀ ਨਾਲ ਰਿਸ਼ਤਾ ਕਿੰਨਾ ਗੂੜ੍ਹਾ ਰਿਹਾ ਹੋਵੇਗਾ।
ਹਾਲੇ ਇਸ ਗੱਲ ਦੇ ਭੇਦ ਉਜਾਗਰ ਹੋਣੇ ਬਾਕੀ ਹਨ ਕਿ ਕੌਮਾਂਤਰੀ ਪੱਧਰ ਤੇ ਹੋਰ ਕਿੰਨੀਆਂ ‘ਜਮਹੂਰੀ’ ਅਤੇ ‘ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀਆਂ’ ਸਰਕਾਰਾਂ ਨੇ ਸਿੱਖ ਕਤਲੇਆਮ ਲਈ ਭਾਰਤ ਸਰਕਾਰ ਦਾ ਸਾਥ ਦਿੱਤਾ।
ਇਸਦੇ ਨਾਲ ਹੀ ਹੁਣ ਭਾਰਤੀ ਅਖਬਾਰਾਂ ਵਿੱਚ ਇਹ ਖਬਰਾਂ ਵੀ ਪ੍ਰਕਾਸ਼ਿਤ ਹੋ ਰਹੀਆਂ ਹਨ ਕਿ ਸਿੱਖਾਂ ਦੀ ਆਪਣੀ ਅਕਾਲੀ ਲੀਡਰਸ਼ਿੱਪ ਨੇ ਵੀ ਭਾਰਤ ਸਰਕਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਦੀ ਸਲਾਹ ਦਿੱਤੀ ਸੀ ਤਾਂ ਕਿ, ਸੰਤ ਜਰਨੈਲ ਸਿੰਘ ਦੇ ਰਾਜਸੀ ਪ੍ਰਭਾਵ ਨੂੰ ਖਤਮ ਕੀਤਾ ਜਾ ਸਕੇ।
ਇਸ ਸਥਿਤੀ ਵਿੱਚ ਜਦੋਂ ਭਾਰਤ ਸਰਕਾਰ, ਸਾਰੀਆਂ ਵੱਡੀਆਂ ਕੌਮਾਂਤਰੀ ਸਰਕਾਰਾਂ ਅਤੇ ਨਾਲ ਦੀ ਨਾਲ ਅਕਾਲੀ ਲੀਡਰਸ਼ਿੱਪ ਸਿੱਖਾਂ ਦੇ ਪਵਿੱਤਰ ਅਸਥਾਨ ਤੇ ਹਮਲਾ ਕਰਵਾਉਣ ਅਤੇ ਹਜਾਰਾਂ ਬੇਗੁਨਾਹਾਂ ਨੂੰ ਕਤਲ ਕਰਵਾਉਣ ਦੀ ਮੁਹਿੰਮ ਵਿੱਚ ਸ਼ਾਮਲ ਹਨ ਤਾਂ ਸਿੱਖਾਂ ਦਾ ਸਾਥੀ ਕੌਣ ਹੈ? ਕੌਣ ਹੈ ਜੋ ਸਿੱਖਾਂ ਦੇ ਦਰਦ ਨੂੰ ਸਮਝ ਸਕਦਾ ਹੈ? ਕੌਣ ਹੈ ਜੋ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਦੀ ਬਾਂਹ ਫੜ ਸਕਦਾ ਹੈ?
ਸਿੱਖ ਇਸ ਵਕਤ ਬਿਲਕੁਲ ਇਕੱਲੇ ਹਨ। ੨੧ਵੀਂ ਸਦੀ ਦੀ ਜਮਹੂਰੀਅਤ ਦੇ ਰੇਗਿਸਤਾਨ ਵਿੱਚ ਸਿੱਖ ਇਕੱਲੇ ਹੀ ਇਤਿਹਾਸ ਦੇ ਝੱਖੜਾਂ ਨਾਲ ਟੱਕਰ ਲੈ ਰਹੇ ਹਨ। ਚਿਕਨੇ ਚੋਪੜੇ ਚਿਹਰਿਆਂ ਵਾਲੇ ਦੁਨੀਆਂ ਭਰ ਦੇ ਸਿਆਸਤਦਾਨ ਅਤੇ ਨੀਤੀਵਾਨ ਸਿੱਖਾਂ ਦਾ ਮਜ਼ਾਕ ਉਡਾ ਰਹੇ ਹਨ।
ਇਸ ਹਾਲਤ ਵਿੱਚ ਸਿੱਖਾਂ ਦਾ ਸਿੱਖ ਦੇ ਤੌਰ ਤੇ ਏਕਾ ਹੀ ਇੱਕੋ ਇੱਕ ਸ਼ਕਤੀ ਹੈ ਜੋ ਸਿੱਖਾਂ ਦੇ ਕੋਲ ਬਚੀ ਹੈ। ਸਾਂਝੇ ਅਪਮਾਨ ਅਤੇ ਕੌਮੀ ਦਰਦ ਦੀ ਭਾਵਨਾ ਦਿਲਾਂ ਵਿੱਚ ਲੈ ਕੇ ਵਿਚਰ ਰਹੀ ਸਿੱਖ ਕੌਮ ਲਈ ਉਸਦਾ ਏਕਾ ਹੀ ਇੱਕੋ ਇੱਕ ਸਹਾਰਾ ਹੈ। ਇਹ ਏਕਾ ਹੀ ਦਾਬੇ ਦੇ ਖਿਲਾਫ ਵੱਡਾ ਹਥਿਆਰ ਬਣ ਸਕਦਾ ਹੈ। ਅਮਰੀਕਾ ਦੇ ਵਿਦਵਾਨ Prof. Verne A. Dusnerbary ਨੇ ਹਾਲ ਵਿੱਚ ਹੀ ਆਪਣੀ ਭਾਰਤ ਫੇਰੀ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ੧੯੮੪ ਦੇ ਸਾਕੇ ਤੋਂ ਬਾਅਦ ਵਿਦੇਸ਼ੀ ਵਸਦੇ ਸਿੱਖਾਂ ਨੇ ਆਪਣੀ ਕੌਮੀ ਪਹਿਚਾਣ ਸਿੱਖ ਦੇ ਤੌਰ ਤੇ ਕਰਨੀ ਅਤੇ ਕਰਵਾਉਣੀ ਅਰੰਭ ਕਰ ਦਿੱਤੀ। ਉਨ੍ਹਾਂ ਲਈ ਭਾਰਤੀ, ਪੰਜਾਬੀ ਜਾਂ ਏਸ਼ੀਅਨ ਪਹਿਚਾਣ ਦੇ ਕੋਈ ਅਰਥ ਨਹੀ ਸੀ ਰਹਿ ਗਏ। ਉਨ੍ਹਾਂ ਸਿੱਖਾਂ ਦੇ ਤੌਰ ਤੇ ਵਿਚਰਨਾ ਅਤੇ ਸੋਚਣਾਂ ਅਰੰਭ ਕਰ ਦਿੱਤਾ ਸੀ।
ਗੁਲਾਮ ਕੌਮਾਂ ਬਾਰੇ ਖੋਜ ਕਰਨ ਵਾਲੇ ਅਮਰੀਕੀ ਵਿਦਵਾਨ ਜੇਮਸ ਸੀ ਸਕਾਟ ਨੇ ਅਜਿਹੀ ਸੋਚ ਨੂੰ ਦਾਬੇ ਦੇ ਖਿਲਾਫ ਬਗਾਵਤ ਦਾ ਇੱਕ ਗੁਣ ਦੱਸਿਆ ਹੈ। ਦਾਬੇ ਦਾ ਸਾਹਮਣਾਂ ਕਰ ਰਹੇ ਭਾਈਚਾਰੇ ਦੀ ਕੌਮੀ ਪਹਚਾਣ ਅਤੇ ਇੱਕ ਦਰਦ ਨਾਲ ਇੱਕਮਿੱਕਤਾ ਬਗਾਵਤ ਦਾ ਪਹਿਲਾ ਲੱਛਣ ਅਤੇ ਸਰੂਪ ਹੁੰਦੀ ਹੈ।
ਇਸ ਲਈ ਵਰਤਮਾਨ ਸਥਿਤੀ ਵਿੱਚ ਜਦੋਂ ਸਿੱਖ ਕੌਮਾਂਤਰੀ ਤੌਰ ਤੇ ਇਕੱਲੇ ਹਨ ਉਸ ਹਾਲਤ ਵਿੱਚ ਸਿੱਖਾਂ ਦਾ ਸਿੱਖ ਦੇ ਤੌਰ ਤੇ ਵਿਚਰਨਾ, ਸੋਚਣਾਂ ਸਮਝਣਾਂ ਅਤੇ ਕੰਮ ਕਰਨਾ ਚੰਗੇਰੇ ਭਵਿੱਖ ਲਈ ਇੱਕੋ ਇੱਕ ਹਥਿਆਰ ਹੈ। ਸਿੱਖਾਂ ਨੂੰ ਏਕਤਾ ਦਾ ਇਹ ਗੁਣ ਆਪਣੇ ਮਨ ਵਿੱਚ ਧਾਰਨ ਕਰਨਾ ਚਾਹੀਦਾ ਹੈ।