ਅੱਜ ਦਾ ਪੰਜਾਬ ਇਕ ਅਜਿਹੀ ਅਸਥਿਤੀ ਦਰਸਾ ਰਿਹਾ ਹੈ ਕਿ ਕਿਸੇ ਵੀ ਸੂਝਵਾਨ ਇਨਸਾਨ ਅੱਗੇ ਇਹ ਸੁਆਲ ਖੜਾ ਕਰ ਦੇਵੇਗਾ ਕਿ ਇਹ ਗੁਰੂਆਂ ਦਾ ਚਰਨ ਛੁਹ ਪ੍ਰਾਪਤ ਹੀ ਜਗਾਹ ਹੈ ਜਾਂ ਕਿਸੇ ਪਰਿਵਾਰ ਦੀ ਰਾਜ ਕਰਨ ਲਈ ਹੀ ਬਣੀ ਹੋਈ ਜਗੀਰ ਹੈ। ਅੱਜ ਮੈਂ ਇਕ ਅੰਤਿਮ ਅਰਦਾਸ ਚ ਸ਼ਾਮਿਲ ਹੋਣ ਲਈ ਕਿਸੇ ਪਿੰਡ ਗਿਆ ਸੀ ਜਿਥੇ ਭਾਰੀ ਨਾਮਵਾਰ ਹਸਤੀਆਂ ਦਾ ਇੱਕਠ ਸੀ। ਉਥੇ ਮੈਨੂੰ ਇਕ ਇਨਸਾਨ ਮਿਲਿਆ ਜੋ ਯਾਰਾਂ ਦਾ ਯਾਰ ਮਹਿਫਲਾਂ ਦਾ ਸ਼ਿੰਗਾਰ, ਕਿਸੇ ਦੁੱਖ ਸੁੱਖ ‘ਚ ਅੱਗੇ ਹੋ ਕੇ ਖੜਣ ਵਾਲਾ ਨੌਜਵਾਨ ਨਾਮੀ ਪਰਿਵਾਰ ਨਾਲ ਸੰਬਧ ਰਖਣ ਵਾਲਾ ਇਕ ਚਿੱਟੇ ਪਾਊਅਡਰ ਦੀ ਮਹਿਕ ਥਲੇ ਇਹਨਾਂ ਮਹਿਫੂਜ਼ ਮਹਿਸੂਸ ਕਰ ਰਿਹਾ ਸੀ ਕਿ ਉਸਨੂੰ ਦੁਨੀਆਂ ਉਸ ਦੇ ਕਹਿਣ ਅਨੁਸਾਰ ਇਹਨੀਂ ਰੰਗਦਾਰ ਅਤੇ ਅਲੱਗ ਦਿਸ ਰਹੀ ਸੀ। ਜਿਸ ਵਿਚ ਉਹਦੇ ਲਚਕਦੇ ਕਦਮ ਅਤੇ ਮਸਤੀ ਅਜੀਬ ਦ੍ਰਿਸ਼ ਦਸ ਰਹੀ ਸੀ ਕਿ ਉਸ ਵਿਚ ਪੰਜਾਬ ਦੀ ਨੌਜਵਾਨੀ ਦੇ ਜੜਾਂ ਤੋਂ ਉਖੜੇ ਕਦਮ ਦਿਸ ਰਹੇ ਹੋਣ। ਇਹ ਅਜ ਦੇ ਪੰਜਾਬ ਦੀ ਇਕ ਦਿੱਖ ਹੈ ਜੋ ੧੯੮੪ ਦੇ ਦੁਖਾਂਤ ਤੋਂ ਬਾਅਦ ਉਭਰੀ ਹੈ ਜਾਂ ਉਭਾਰੀ ਗਈ ਹੈ।

ਅੰਮ੍ਰਿਤਸਰ ਸ਼ਹਿਰ ਚ ਮੁਕਬੂਲਪੂਰਾ ਇਕ ਨਗਰ ਹੈ। ਇਸ ਦੀ ਦਿੱਖ ੧੯੮੪ ਤੋਂ ਬਾਅਦ ਉਭਰੀ ਹੈ ਕਿ ਇਹ ਵਿਧਵਾਵਾਂ ਦਾ ਨਗਰ ਹੈ। ਗੁਰੂ ਛੁਹ ਧਰਤੀ ਵਿੱਚ ਇਹ ਨਗਰ ‘ਚ ਹਰ ਤੀਜਾ ਜਾਂ ਚੌਥਾ ਘਰ ਚ ਜੁਆਨ ਬੰਦਾ ਨਸ਼ੇ ਦੀ ਬਲੀ ਚੜ ਗਿਆ ਹੈ। ਭਾਵੇਂ ਅੱਜ ਕਾਫੀ ਯਤਨ ਕੀਤੇ ਜਾ ਰਹੇ ਹਨ ਕਿ ਆਉਣ ਵਾਲੀ ਉਹਨਾਂ ਘਰਾਂ ਦੀ ਪੀੜੀ ਨੂੰ ਸਾਂਭ ਲਿਆ ਜਾਵੇ ਪਰ ਦੁਖਾਂਤ ਇਹ ਹੈ ਕਿ ਉਸ ਨਗਰ ਦੀ ਬੀਮਾਰੀ ਹੁਣ ਆਪਣਾ ਪ੍ਰਭਾਵ ਇਸ ਨਗਰ ਤੋਂ ਕਿਤੇ ਅਗਾਂਹ ਲਿਜਾ ਚੁਕੀ ਹੈ। ਸੁਣਨ ਚ ਆਇਆ ਹੈ ਕਿ ਹੁਣੇ ਖਤਮ ਹੋਈਆਂ ਪੰਜਾਬ ਦੀਆਂ ਪੰਚਾਇਤ ਚੋਣਾਂ ਚ ਮੁਢਲਾ ਜਿੱਤਣ ਦਾ ਫਰਕ ਵੀ ਨਸ਼ਿਆ ਦੀ ਤਕੜੀ ਚ ਤੋਲਿਆ ਗਿਆ ਹੈ ਜੋ ਤੱਕੜੀ ਕਦੇ ਪੰਥਕ ਰਹੁ ਰੀਤਾਂ ਦੀ ਪ੍ਰਤੀਕ ਹੁੰਦੀ ਸੀ। ੧੯੮੪ ਦੀ ਪੀੜ ਅਤੇ ਉਸਦੇ ਅਰਥ ਨੂੰ ਦਬਾਉਣ ਲਈ ਆਉਣ ਵਾਲੀ ਪੀੜੀ ਅਗੇ ਇਹ ਦਰਸਾ ਹੈ ਕਿ ਇਹ ਇਕ ਕਾਲਾ ਦੌਰ ਸੀ ਇਸ ਨੂੰ ਰੰਗਦਾਰ ਨਜ਼ਰ ਚ ਬਦਲਣ ਲਈ ਇਕ ਅਜਿਹਾ ਮੋੜ ਪੰਜਾਬ ਦੀ ਨੌਜਵਾਨ ਹੋ ਰਹੀ ਅਗਲੀ ਪੀੜੀ ਅਗੇ ਆਇਆ ਕਿ ਇਸ ਨੇ ਆਪਣੇ ਰੰਗ ਨਾਲ ਪੰਜਾਬ ਦਾ ਆਉਣ ਵਾਲਾ ਭਵਿੱਖ ਹੀ ਰੰਗ ਦਿੱਤਾ ਚਾਹੇ ਉਹ ਕਾਲਾ ਸੀ ਜਾਂ ਬਦਲ ਕਿ ਭੂਰਾ ਹੋ ਗਿਆ ਤੇ ਫਿਰ ਚਿਟਾ ਤੇ ਅੰਤ ਸਾਹਮਣੇ ਹੈ। ਪੰਜਾਬ ਦੀਆਂ ਜੜ੍ਹਾਂ ਚ ਗੁਰਾਂ ਵਲੋਂ ਬਖਸ਼ਿਸ ਕੀਤੀ ਹੋਈ ਮਨੁੱਖੀ ਕਦਰਾਂ ਕੀਮਤਾਂ ਦੀ ਉਮੰਗ ਖੁਦਮੁਖਤਿਆਰੀ ਦੀ ਖਾਹਿਸ਼ ਨੂੰ ਨਸਲਾਂ ਤੱਕ ਖਤਮ ਕਰਨ ਲਈ ਕੁਰਸੀਆਂ ਦਾ ਮੋਹ, ਪਰਿਵਾਰਾਂ ਦੀ ਰਾਜ ਕਰਨ ਦੀ ਤਾਂਗ ਅਤੇ ਇਤਿਹਾਸ ਨੂੰ ਨਵੇਂ ਅਰਥ ਦੇਣ ਦੇ ਉਪਰਾਲਿਆਂ ਸਦਕਾ ਅੱਜ ਇਕ ਨਗਰ ਤੋਂ ਅਨੇਕਾਂ ਨਗਰ ਬਣ ਗਏ ਹਨ ਅਤੇ ਖੁਸ਼ਹਾਲੀ ਦੇ ਨਾਂਅ ਹੇਠ ਪਿੰਡ ਅਤੇ ਆਪਣੇ ਪੰਜਾਬ ਦੇ ਕਸਬੇ ਇਕ ਨਾਂ ਮੁਕਣ ਵਾਲੀ ਗੰਦਗੀ ਅਤੇ ਕੂੜੇ ਦਾ ਢੇਰ ਬਣ ਗਏ ਹਨ। ਜਿਸ ਵਿੱਚ ਪੱਲ ਕੇ ਆਪਣੀਆਂ ਪੰਜਾਬ ਦੀਆਂ ਜੜਾਂ ਸੁਆਹ ਹੋ ਰਹੀਆਂ ਹਨ ਅਤੇ ਉਸ ਸੁਆਹ ਚੋਂ ਹਰ ਕੋਈ ਨੌਜਵਾਨ ਇਸ ਕੋਸ਼ਿਸ ਚ ਹੈ ਕਿਵੇਂ ਪੱਛਮ ਵਲ ਰੁਖ ਕਰੀਏ ਅਤੇ ਆਪਣੇ ਆਪ ਨੂੰ ਮਹਿਫੂਜ ਕਰ ਸਕੀਏ। ਪਰ ਪਿਛੇ ਜੋ ਸੁਆਹ ਵੱਧ ਰਹੀ ਹੈ ਉਸਤੇ ਆ ਕੇ ਆਪਣੀ ਪੱਛਮੀਂ ਅਮੀਰੀ ਦੀ ਚਮਕ ਤਾਂ ਪਾਂ ਜਾਂਦੇ ਹਨ ਪਰ ਕਦੇ ਇਹ ਨਹੀਂ ਵਿਚਾਰਿਆਂ ਗਿਆ ਕਿ ਕਿਤੇ ਇਹ ਸੁਆਹ ਚੋਂ ਉਭਰੇ ਫੁਲ ਪੱਛਮ ਚ ਜਾ ਕੇ ਵੀ ਆਪਣਾ ਪ੍ਰਭਾਵ ਦਿਖਾ ਸਕਦੇ ਹਨ ਜਿਵੇਂ ਕਿ ਪੱਛਮ ਦੇ ਕੁਛ ਹਿਸਿਆ ਵਿੱਚ ਪੰਜਾਬੀ ਮਸ਼ਹੂਰ ਹੋ ਰਿਹੇ ਹਨ।