ਕੁਝ ਦਿਨ ਪਹਿਲਾਂ ਬੀ.ਬੀ.ਸੀ. ਵੱਲੋਂ ਸੰਸਾਰ ਭਰ ਵਿੱਚ ਕੀਤੇ ਗਏ ਇੱਕ ਸਰਵੇਖਣ ਦੇ ਨਤੀਜੇ ਪ੍ਰਕਾਸ਼ਿਤ ਹੋਏ ਹਨ। ਇਹ ਸਰਵੇਖਣ ਸੰਸਾਰ ਭਰ ਦੀਆਂ ਵੱਡੀਆਂ ਕੌਮਾਂ ਵੱਲੋਂ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਕੀਤੇ ਗਏ ਦਾਨ ਪੁੰਨ ਬਾਰੇ ਸੀ। ਇਸ ਵਿੱਚ ਇਹ ਪਤਾ ਲਾਉਣ ਦਾ ਯਤਨ ਕੀਤਾ ਗਿਆ ਸੀ ਕਿ ਕਿਹੜੀ ਕੌਮ ਸਾਲ ਵਿੱਚ ਆਪਣੀ ਦਸਾਂ ਨਹੁੰਆਂ ਦੀ ਕਮਾਈ ਵਿੱਚੋਂ ਸਭ ਤੋਂ ਜਿਆਦਾ ਦਾਨ ਕਰਦੀ ਹੈ। ਸਿੱਖ ਕੌਮ ਲਈ ਇਹ ਖੁਸ਼ਕਿਸਮਤੀ ਅਤੇ ਮਾਣ ਵਾਲੀ ਗੱਲ ਹੈ ਕਿ ਉਸਨੂੰ ਇਸ ਸਰਵੇਖਣ ਵਿੱਚ ਸਭ ਤੋਂ ਪਹਿਲਾ ਨੰਬਰ ਮਿਲਿਆ ਹੈ। ਇਹ ਸਰਵੇਖਣ ਸੰਸਾਰ ਦੇ ਇੱਕ ਬਹੁਤ ਹੀ ਸਤਿਕਾਰਯੋਗ ਅਤੇ ਵਕਾਰੀ ਮੀਡੀਆ ਸਮੂਹ ਵੱਲੋਂ ਕੀਤਾ ਗਿਆ ਸੀ। ਉਹ ਵੀ ਸੰਸਾਰ ਪੱਧਰ ਦੀਆਂ ਮਾਨਤਾ ਪ੍ਰਾਪਤ ਖੋਜ ਤਕਨੀਕਾਂ ਦੇ ਜਰੀਏ। ਇਸ ਖੋਜ ਕਾਰਜ ਵਿੱਚ ਇਸਾਈ, ਯਹੂਦੀ, ਹਿੰਦੂ, ਮੁਸਲਿਮ ਅਤੇ ਸਿੱਖ ਕੌਮਾਂ ਦੇ ਨਾਲ ਨਾਲ ਹੋਰ ਛੋਟੀਆਂ ਕੌਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ।

ਸੰਸਾਰ ਭਰ ਵਿੱਚੋਂ ਕਈ ਹਜ਼ਾਰ ਵਿਅਕਤੀਆਂ ਤੇ ਕੀਤੇ ਗਏ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਕਿ ਸੌ ਫੀਸਦੀ ਸਿੱਖ ਆਪਣੀ ਦਸਾਂ ਨਹੁੰਆਂ ਦੀ ਕਮਾਈ ਵਿੱਚੋਂ ਕਿਸੇ ਨਾ ਕਿਸੇ ਸੰਸਥਾ ਨੂੰ ਦਾਨ ਦੇਂਦੇ ਹਨ। ਦੂਜੇ ਨੰਬਰ ਤੇ ਯਹੂਦੀ ਆਉਂਦੇ ਹਨ ਜੋ ੮੨ ਫੀਸਦੀ ਦਾਨ ਦੇਂਦੇ ਹਨ, ਇਸਾਈ, ਹਿੰਦੂ ਅਤੇ ਮੁਸਲਿਮ ਇਸ ਤੋਂ ਬਾਅਦ ਆਉਂਦੇ ਹਨ।

ਨਿਰਸੰਦੇਹ ਬੀ.ਬੀ.ਸੀ. ਦੇ ਇਸ ਸਰਵੇ ਨੇ ਸਿੱਖ ਧਰਮ ਦੀਆਂ ਮੁਢਲੀਆਂ ਕਦਰਾਂ ਕੀਮਤਾਂ ਨੂੰ ਸੰਸਾਰ ਭਰ ਵਿੱਚ ਪ੍ਰਸਾਰਿਤ ਕੀਤਾ ਹੈ। ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਸਿੱਖ ਸਿਧਾਂਤ ਨੂੰ ਇਸ ਨਾਲ ਬਲ ਮਿਲਿਆ ਹੈ। ਇਸ ਬਾਰੇ ਸਿੱਖਾਂ ਬਾਰੇ ਇੱਕ ਮਜਬੂਤ ਸੰਦੇਸ਼ ਗਿਆ ਹੈ ਕਿ ਸਿੱਖ ਪੱਛਮੀ ਜਗਤ ਵਿੱਚ ਰਹਿਣ ਦੇ ਬਾਵਜੂਦ ਵੀ ਆਪਣੀਆਂ ਧਾਰਮਿਕ ਕਦਰਾਂ ਕੀਮਤਾਂ ਨਾਲ ਮਜਬੂਤੀ ਨਾਲ ਜੁੜੇ ਹੋਏ ਹਨ। ਭਾਵੇਂ ਉਹ ਕਿਸੇ ਵੀ ਦੇਸ਼ ਵਿੱਚ ਰਹਿਣ ਆਪਣੇ ਗੁਰੂ ਦਾ ਸੰਦੇਸ਼ ਉਨ੍ਹਾਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣਿਆ ਹੋਇਆ ਹੈ ਅਤੇ ਬਣਿਆ ਰਹੇਗਾ। ਬੀ.ਬੀ.ਸੀ ਦੇ ਇਸ ਸਰਵੇਖਣ ਨੇ ਸੰਸਾਰ ਭਰ ਵਿੱਚ ਸਿੱਖਾਂ ਦੀ ਦਇਆਲਤਾ ਅਤੇ ਵਿਸ਼ਾਲਤਾ ਦਾ ਸੰਦੇਸ਼ ਮਜਬੂਤ ਕੀਤਾ ਹੈ।

ਇਸੇ ਸੰਦਰਭ ਵਿੱਚ ਅਸੀਂ ਕੁਝ ਸਾਲ ਪਹਿਲਾਂ ਕਨੇਡਾ ਦੇ ਇੱਕ ਮੀਡੀਆ ਸਮੂਹ ਵੱਲੋਂ ਕਰਵਾਏ ਗਏ ਇੱਕ ਹੋਰ ਸਰਵੇਖਣ ਦੀ ਗੱਲ ਵੀ ਕਰਨੀ ਚਾਹੁੰਦੇ ਹਾਂ। ੧੯੮੪ ਦੇ ਸਿੱਖ ਕਤਲੇਆਮ ਦਾ ਇਨਸਾਫ ਨਾ ਮਿਲਣ ਕਾਰਨ ਕਨੇਡਾ ਦੇ ਸਿੱਖ ਆਮ ਤੌਰ ਤੇ ਉਥੇ ਰੋਸ ਪ੍ਰਦਰਸ਼ਨ ਕਰਦੇ ਰਹਿੰਦੇ ਹਨ। ਸਿੱਖ ਨਗਰ ਕੀਰਤਨਾਂ ਵਿੱਚ ਆਮ ਤੌਰ ਤੇ ਹੀ ਪੰਜ ਪਿਆਰੇ ਗੁਰੂ ਸਾਹਿਬ ਦੇ ਸਰੂਪ ਅੱਗੇ ਸ੍ਰੀ ਸਾਹਿਬ ਨਾਲ ਚੱਲਦੇ ਹਨ। ਕੁਝ ਸਾਲ ਪਹਿਲਾਂ ਸਿੱਖਾਂ ਦੇ ਇੱਕ ਅਜਿਹੇ ਪ੍ਰਦਰਸ਼ਨ ਤੋਂ ਬਾਅਦ ਕਨੇਡਾ ਦੇ ਇੱਕ ਖਾਸ ਧਿਰ ਦੇ ਹਮਾਇਤੀ ਮੀਡੀਆ ਸਮੂਹ ਨੇ ਇੱਕ ਸਰਵੇਖਣ ਕਰਵਾਇਆ ਜਿਸ ਵਿੱਚ ਪੁੱਛਿਆ ਗਿਅਾ ਸੀ ਕਿ ਇਸਾਈ, ਮੁਸਲਿਮ ਅਤੇ ਸਿੱਖਾਂ ਵਿੱਚੋਂ ਤੁਸੀਂ ਕਿਸ ਨੂੰ ਸਭ ਤੋਂ ਵੱਧ ਹਿੰਸਕ ਸਮਝਦੇ ਹੋ ਤਾਂ ਉਸ ਸਰਵੇਖਣ ਵਿੱਚ ਕਨੇਡਾ ਵਾਸੀਆਂ ਦੇ ਇੱਕ ਹਿੱਸੇ ਨੇ ਸਿੱਖਾਂ ਦਾ ਨੰਬਰ ਸਭ ਤੋਂ ਉਪਰ ਰੱਖਿਆ ਸੀ।

ਖ਼ੈਰ ਉਸ ਸਰਵੇਖਣ ਵਿੱਚ ਬੀ.ਬੀ.ਸੀ ਵਾਲੀ ਨਿਰਪੱਖਤਾ ਅਤੇ ਖੋਜ ਨਾਲੋਂ ਸਿੱਖਾਂ ਵਿਰੁੱਧ ਆਪਣੀ ਨਫਰਤ ਦਾ ਵਿਖਾਵਾ ਕਰਨ ਵਾਲੀ ਬਿਰਤੀ ਕਾਫੀ ਭਾਰੂ ਸੀ। ਉਸ ਵੇਲੇ ਕਨੇਡਾ ਦੀਆਂ ਸਿੱਖ ਸੰਸਥਾਵਾਂ ਨੂੰ ਚਾਹੀਦਾ ਸੀ ਕਿ ਉਸ ਸਰਵੇਖਣ ਦਾ ਬਕਾਇਦਾ ਤੱਥਾਂ ਸਹਿਤ ਜੁਆਬ ਦਿੱਤਾ ਜਾਂਦਾ ਅਤੇ ਸਿੱਖਾਂ ਦੀ ਪੁਜੀਸ਼ਨ ਸਾਫ ਕੀਤੀ ਜਾਂਦੀ।

ਸੰਸਾਰ ਭਰ ਵਿੱਚ ਹੁਣ ਤੱਕ ਹੋਈ ਹਿੰਸਾ ਬਾਰੇ ਜੇ ਤੱਥਾਂ ਸਹਿਤ ਖੋਜ ਕੀਤੀ ਜਾਵੇ ਤਾਂ ਇਹ ਸਿੱਧ ਕੀਤਾ ਜਾ ਸਕਦਾ ਹੈ ਕਿ ਇਸਾਈ ਕੌਮ ਸਭ ਨਾਲੋਂ ਵੱਧ ਹਿੰਸਕ ਹੈ। ਇਸਦੀ ਸ਼ੁਰੂਆਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਤਮ ਕਰਨ, ਸਿੱਖਾਂ ਦੀ ਸਤਿਕਾਰਯੋਗ ਮਹਾਰਾਣੀ ਜਿੰਦ ਕੌਰ ਨੂੰ ਧੂਹ ਕੇ ਦਰਬਾਰ ਵਿੱਚੋਂ ਲੈ ਜਾਣ, ਕੈਦ ਕਰਨ ਅਤੇ ਉਸਦੇ ਪੁੱਤਰ ਨੂੰ ਮਾਨਸਿਕ ਤੌਰ ਤੇ ਖਤਮ ਕਰਨ ਦੇ ਵਰਤਾਰੇ ਨਾਲ ਕੀਤੀ ਜਾ ਸਕਦੀ ਹੈ।

ਇਸ ਸਬੰਧੀ ਸਾਡੇ ਕੋਲ ਏਨੀ ਸਮੱਗਰੀ ਮੌਜੂਦ ਹੈ ਜੇ ਉਸ ਸਮੱਗਰੀ ਨਾਲ ਕਨੇਡਾ ਦੇ ਅਖਬਾਰਾਂ ਵਿੱਚ ਦੋ ਤਿੰਨ ਸਫਿਆਂ ਦਾ ਵੱਡਾ ਇਸ਼ਤਿਹਾਰ ਦੇਕੇ ਤੱਥਾਂ ਸਹਿਤ ਜਾਣਕਾਰੀ ਦਿੱਤੀ ਜਾਵੇ ਕਿ ਇਸਾਈ ਕੌਮ ਨੇ ਇਰਾਕ, ਅਫਗਾਨਿਸਤਾਨ ਫਲਸਤੀਨ ਵਿੱਚ ਕੀ ਕੀਤਾ ਹੈ ਅਤੇ ਉਸ ਤੋਂ ਬਾਅਦ ਸਰਵੇਖਣ ਕਰਵਾਇਆ ਜਾਵੇ ਫਿਰ ਸੰਸਾਰ ਦੀਆਂ ਅੱਖਾਂ ਖੁੱਲ਼੍ਹ ਸਕਦੀਆਂ ਹਨ ਕਿ ਅਸਲ ਵਿੱਚ ਹਿੰਸਕ ਕੌਣ ਹੈ।

ਸਾਡੇ ਕੋਲ ੨੦੦੯ ਦਾ ‘ਦਾ ਗਾਰਡੀਅਨ’ ਅਖਬਾਰ ਹਾਲੇ ਵੀ ਸਾਂਭਿਆ ਪਿਆ ਹੈ ਜਿਸ ਵਿੱਚ ਅਫਗਾਨਿਸਤਾਨ ਦਾ ਇੱਕ ਪਿਤਾ ਅਮਰੀਕੀ ਹਵਾਈ ਹਮਲੇ ਵਿੱਚ ਮਾਰੇ ਗਏ ਆਪਣੇ ਬੱਚਿਆਂ ਦੀਆਂ ਲਾਸ਼ਾਂ ਦੇ ਟੁਕੜੇ ਪੱਲੇ ਵਿੱਚ ਪਾਈ ਖੜ੍ਹਾ ਹੈ ਅਤੇ ਬਾਕੀ ਟੁਕੜਿਆਂ ਦੀ ਭਾਲ ਕਰ ਰਿਹਾ ਹੈ। ਕੀ ਅਜਿਹੇ ਪਿਤਾ ਤੋਂ ਵੱਧ ਕੋਈ ਦਰਦਮੰਦ ਹੋ ਸਕਦਾ ਹੈ?

ਉਨ੍ਹਾਂ ੪੦ ਬਰਾਤੀਆਂ ਦਾ ਕੀ ਕਸੂਰ ਸੀ ਜੋ ਅਮਰੀਕੀ ਫੌਜਾਂ ਨੇ ਇੱਕ ਛੋਟੀ ਜਿਹੀ ਗਲਤੀ ਕਾਰਨ ਮਾਰ ਮੁਕਾਏ। ਇੱਕ ਛੋਟੀ ਜਿਹੀ ਗਲਤੀ ਨੇ ਆਪਣੇ ਜੀਵਨ ਦੀਆਂ ਸਭ ਤੋਂ ਅਨਮੋਲ ਖੁਸ਼ੀਆਂ ਮਨਾ ਰਹੇ ੪੦ ਜਿਉਂਦੇ ਬਸ਼ਿੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਹਿੰਸਾ ਸਿਰਫ ਕਤਲ ਕਰਨ ਨੂੰ ਹੀ ਨਹੀ ਕਹਿੰਦੇ ਬਲਕਿ ਹਿੰਸਾ ਦਾ ਘਿਨਾਉਣਾਂ ਰੂਪ ਉਦੋਂ ਸਾਹਮਣੇ ਆਇਆ ਜਦੋਂ ੪੦ ਮਾਸੂਮ ਬਰਾਤੀਆਂ ਦੇ ਕਤਲ ਦਾ ਮੁਕੱਦਮਾਂ ਕਿਸੇ ਇੱਕ ਅਮਰੀਕੀ ਫੌਜੀ ਤੇ ਵੀ ਦਰਜ ਨਹੀ ਹੋਣ ਦਿੱਤਾ ਗਿਆ।

ਜਿਹੜੀ ਹਿੰਸਾ ਹਥਿਆਰਾਂ ਤੋਂ ਬਿਨਾ ਹੋ ਰਹੀ ਹੈ। ਜੋ ਸ਼ਬਦਾਂ ਦੀ ਹਿੰਸਾ ਹੈ ਉਸਦਾ ਲੇਖਾ ਜੋਖਾ ਕੌਣ ਕਰੇਗਾ। ਇਰਾਕ ਅਤੇ ਅਫਗਾਨਿਸਤਾਨ ਦੇ ਮੋਰਚੇ ਤੋਂ ਵਾਪਸ ਮੁੜੇ ਬਹੁਤੇ ਫੌਜੀ ਮਾਨਸਿਕ ਬੀਮਾਰੀਆਂ ਨੇ ਘੇਰ ਲਏ ਹਨ। ਇਸੇ ਲਈ ਕਿ ਉਨ੍ਹਾਂ ਨੇ ਮਾਸੂਮ ਲੋਕਾਂ ਦਾ ਕਤਲ ਕੀਤਾ ਹੈ। ਉਸ ਹਿੰਸਾ ਬਾਰੇ ਕਿਸੇ ਮੀਡੀਆ ਵਿੱਚ ਖਬਰ ਨਹੀ ਛਪਦੀ। ਸੱਚ ਨੂੰ ਲੁਕਾ ਕੇ ਰੱਖਣਾਂ ਅਤੇ ਖਬਰ ਵੀ ਨਾ ਛਾਪਣਾਂ ਵੀ ਹਿੰਸਾ ਦਾ ਇੱਕ ਰੂਪ ਹੈ।

ਸਿੱਖਾਂ ਤੇ ਹਿੰਸਕ ਹੋਣ ਦਾ ਇਲਜਾਮ ਲਾਉਣ ਵਾਲੇ ਜੇ ਆਪਣੇ ਅੰਦਰ ਝਾਤ ਮਾਰਕੇ ਦੇਖਣ ਤਾਂ ਉਨ੍ਹਾਂ ਨੂੰ ਹਿੰਸਾ ਦਾ ਘਿਨਾਉਣਾਂ ਰੂਪ ਸਾਹਮਣੇ ਦਿਸੇਗਾ, ਹਾਲੇ ਉਹ ਇਸ ਸਭ ਕੁਝ ਦੇਖਣਾਂ ਨਹੀ ਚਾਹੁੰਦੇ। ਇਹ ਵੀ ਹਿੰਸਾ ਦਾ ਅਗਲਾ ਰੂਪ ਹੈ।

ਸ਼ੀਸੇ ਦੇ ਮਕਾਨਾਂ ਵਿੱਚ ਰਹਿਣ ਵਾਲੇ ਦੂਜਿਆਂ ਨੂੰ ਪੱਥਰ ਨਹੀ ਮਾਰਦੇ ਹੁੰਦੇ। ਇਸ ਸਬੰਧ ਵਿੱਚ ਸਿੱਖ ਸੰਸਥਾਵਾਂ ਨੂੰ ਵੀ ਆਪਣੀ ਜਿੰਮੇਵਾਰੀ ਪਹਿਚਾਨਣੀ ਚਾਹੀਦੀ ਹੈ।