ਸਮੂਹ ਸਿੱਖਾਂ ਦੀ ਸਮਝੀ ਜਾਂਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪਿਛਲੇ ਦਿਨੀ ੯੮ ਸਾਲਾ ਸਥਾਪਨਾ ਦਿਵਸ ਮਨਾਇਆ ਗਿਆ। ਇਹ ਪ੍ਰਤੀਨਿਧ ਸਿੱਖ ਸੰਸਥਾ ੧੫ ਨਵੰਬਰ ੧੯੨੦ ਨੂੰ ਗੁਰੂ ਘਰਾਂ ਦੀ ਸੇਵਾ ਸੰਭਾਲ ਤੇ ਉਨਾਂ ਦੇ ਸੁੱਚਜੇ ਪ੍ਰਬੰਧ ਨੂੰ ਚਲਾਉਣ ਲਈ ਸਿੱੱਖ ਕੌਮ ਦੀਆਂ ਵੱਡੀਆਂ ਘਾਲਣਾਵਾਂ ਤੋਂ ਬਾਅਦ ਇੱਕ ਧਾਰਮਿਕ ਸੰਸਥਾ ਵਜੋਂ ਹੋਂਦ ਵਿੱਚ ਆਈ ਤੇ ਉਸਤੋਂ ਬਾਅਦ ਵੀ ਲੰਮੇ ਅਰਸੇ ਤੱਕ ਸਮੂਹ ਸਿੱਖਾਂ ਦੀ ਪ੍ਰਤੀਨਿਧ ਸਿਰਮੌਰ ਸੰਸਥਾ ਵਜੋਂ ਉੱਭਰ ਕੇ ਪੰਥ ਦੇ ਸਾਹਮਣੇ ਆਈ ਸੀ ਤਾਂ ਕਿ ਸਿੱਖ ਕੌਮ ਤੇ ਗੁਰੁ ਘਰਾਂ ਨੂੰ ਅਜ਼ਾਦ ਕਰਵਾਇਆ ਜਾ ਸਕੇ ਕਿਉਂਕਿ ਅੰਗਰੇਜਾਂ ਦੇ ਰਾਜ ਵੇਲੇ ਤੋਂ ਲੈ ਕੇ ਆਖਰੀ ਸਿੱਖ ਰਾਜ ਦੇ ਖਾਤਮੇ ਤੱਕ ਅੰਗਰੇਜ਼ਾਂ ਤੇ ਮਹੰਤਾਂ ਨੇ ਸਾਧਾਂ ਦੇ ਗਲਬੇ ਅਧੀਨ ਸ਼੍ਰੀ ਦਰਬਾਰ ਸਾਹਿਬ ਤੋਂ ਲੈ ਕੇ ਹੋਰ ਗੁਰੂ ਘਰਾਂ ਨੂੰ ਆਪਣੇ ਕਬਜ਼ੇ ਅਧੀਨ ਕਰ ਲਿਆ ਸੀ। ਮਹੰਤਾਂ ਤੇ ਸਾਧਾਂ ਦੇ ਕਬਜ਼ੇ ਤੋਂ ਸ਼੍ਰੀ ਦਰਬਾਰ ਸਾਹਿਬ ਤੇ ਹੋਰ ਗੁਰੁ ਘਰਾਂ ਨੂੰ ਅਜ਼ਾਦ ਕਰਵਾਉਣ ਤੇ ਸਿੱਖ ਕੌਮ ਦੀ ਹਸਤੀ ਨੂੰ ਵੀ ਅਜ਼ਾਦ ਹਸਤੀ ਬਣਾਉਣ ਲਈ ਸਿੱਖ ਕੌਮ ਨੇ ਇੱਕ ਵੱਡਾ ਹੱਲਾ ਬੋਲਿਆ ਜਿਸ ਨੂੰ ਤੀਸਰੀ ਵੱਡੀ ਸਿੱਖ ਲੜਾਈ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਰਾਹੀਂ ਲਾਮਬੰਦ ਹੋ ਕਿ ਸਿੱਖ ਕੌਮ ਦੀ ਹਸਤੀ ਤੇ ਗੁਰੂ ਘਰਾਂ ਨੂੰ ਮਹੰਤਾਂ ਤੇ ਸਾਧਾਂ ਤੋਂ ਅਜ਼ਾਦ ਕਰਵਾਇਆ ਸੀ। ਉਸ ਸਮੇਂ ਦੇ ਭਾਰਤ ਉਪ ਮਹਾਂਦੀਪ ਵਿੱਚ ਸਿੱਖ ਕੌਮ ਮੁੜ ਤੋਂ ਇੱਕ ਮਜ਼ਬੂਤ ਤੀਜੀ ਧਿਰ ਵਜੋਂ ਦਾਅਵੇਦਾਰ ਬਣ ਕੇ ਸਿੱਖ ਕੌਮ ਦੇ ਸਾਹਮਣੇ ਆ ਖਲੋਤੀ ਸੀ। ਇਸ ਪੂਰੀ ਪ੍ਰਕਿਰਿਆ ਨੂੰ ਅੱਗੇ ਚਲਾਉਣ ਲਈ ਤੇ ਗੁਰੁ ਘਰਾਂ ਨੂੰ ਸਿੱਖ ਕੌਮ ਦੀ ਸੇਵਾ ਸੰਭਾਲ ਅਧੀਨ ਲਿਆਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਸਥਾਪਨਾ ਕੀਤੀ ਸੀ। ਇਸੇ ਸ਼੍ਰੋਮਣੀ ਕਮੇਟੀ ਦੀ ਹੋਂਦ ਅੱਗੇ ਝੁਕਦਿਆਂ ਅੰਗਰੇਜ਼ ਸਰਕਾਰ ਨੇ ਆਖਰਕਰ ਇੱਕ ਕਨੂੰਨ ਤਹਿਤ ੧੯੨੫ ਵਿੱਚ ਪੂਰੀ ਤਰਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੋਹਰ ਲਾ ਦਿੱਤੀ ਸੀ। ਇਸ ਸਿੱਖ ਕੌਮ ਦੀ ਕਾਮਯਾਬੀ ਨੂੰ ਉਸ ਸਮੇਂ ਦੇ ਸਿਰਮੌਰ ਲੀਡਰਾਂ ਮਹਾਤਮਾਂ ਗਾਂਧੀ ਤੇ ਨਹਿਰੂ ਨੇ ਆਪਣੇ ਭਾਰਤੀ ਰੰਗ ਵਿੱਚ ਰੰਗਣ ਦੇ ਮੰਤਵ ਤਹਿਤ ਇਸ ਨੂੰ ਭਾਰਤ ਦੀ ਅਜ਼ਾਦੀ ਦੀ ਪਹਿਲੀ ਵੱਡੀ ਜਿੱਤ ਕਰਾਰ ਦਿੱਤਾ ਸੀ ਤੇ ਸਿੱਖ ਕੌਮ ਦੇ ਪ੍ਰਤੀਨਿਧਾਂ ਨੂੰ ਇਸਦੀ ਵਧਾਈ ਵੀ ਦਿੱਤੀ ਸੀ। ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਮੁੱਖ ਆਦੇਸ਼ ਸਿੱਖੀ ਸਿਧਾਂਤਾ ਦੀ ਰਾਖੀ ਗੁਰੂ ਘਰਾਂ ਦੀ ਸੇਵਾ ਸੰਭਾਲ, ਸਿੱਖ ਕੌਮ ਨੂੰ ਜਾਤ-ਪਾਤ ਤੋਂ ਛੁਟਕਾਰਾ ਦਿਵਾਉਣਾ, ਗੁਰੂਘਰਾਂ ਨੂੰ ਸਿੱਖੀ ਦੇ ਪ੍ਰਚਾਰ ਤੇ ਪਸਾਰ ਦੇ ਕੇਂਦਰ ਬਣਾਉਣਾ, ਸਿੱਖਾਂ ਨੂੰ ਰਾਜਨੀਤਿਕ ਤੌਰ ਤੇ ਸੁਚੇਤ ਅਤੇ ਉਸ ਸਮੇਂ ਦੇ ਹਾਲਾਤਾਂ ਅਨੁਸਾਰ ਇੱਕ ਮਜ਼ਬੂਤ ਰਾਜਸੀ ਧਿਰ ਵਜੋਂ ਉਭਾਰਨ ਲਈ ਇੱਕ ਰਾਜਨੀਤਿਕ ਸਿੱਖ ਜਮਾਤ ਦੀ ਸਥਾਪਨਾ ਕਰਨਾ ਸੀ, ਜਿਸ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ ਵਿੱਚ ਲਿਆਂਦਾ ਗਿਆ ਸੀ। ਇਹ ਸਿੱਖ ਕੌਮ ਦੇ ਮੁੱਖ ਮੰਤਵ ਤੇ ਆਸ਼ੇ ਸਨ ਜਿੰਨਾਂ ਨੂੰ ਪੂਰਿਆਂ ਕਰਨ ਲਈ ਉਸ ਸਮੇਂ ਦੇ ਸਿਰਮੌਰ ਸਿੱਖ ਆਗੂਆਂ ਨੇ ਪੂਰੀ ਤਰਾਂ ਕੌਮ ਪ੍ਰਤੀ ਆਪਣੀ ਬਚਨਵੱਧਤਾ ਦਿਖਾਈ ਸੀ। ਸਮੇਂ ਦੀ ਰਫਤਾਰ ਨਾਲ ਅਤੇ ਭਾਰਤ ਦੀ ਅਜ਼ਾਦੀ ਤੋਂ ਬਾਅਦ ਇਸ ਸਿਰਮੌਰ ਸਿੱਖ ਸੰਸਥਾ ਵਿੱਚ ਤਬਦੀਲੀਆਂ ਆਉਣੀਆਂ ਸੁਭਾਵਕ ਸਨ। ਅੱਜ ਇਸਦੇ ਸਥਾਪਨਾ ਦੇ ੯੮ ਸਾਲ ਪੂਰੇ ਹੋਣ ਤੇ ਸਮੁੱਚੀ ਸਿੱਖ ਕੌਮ ਵਿੱਚ ਇਹ ਸਵਾਲ ਤੇ ਵਿਚਾਰ ਸਿੱਖ ਮੰਚਾਂ ਤੇ ਗੁਰੁ ਘਰਾਂ ਵਿੱਚ ਵਾਰ-ਵਾਰ ਉੱਠ ਰਿਹਾ ਹੈ ਕਿ ਸਮੇਂ ਨਾਲ ਇਹ ਸਿੱਖਾਂ ਦੀ ਸਿਰਮੌਰ ਸੰਸਥਾ ਆਪਣੇ ਪੁਰਾਤਨ ਇਤਿਹਾਸ ਤੇ ਸਵੈਮਾਨ ਤੋਂ ਕਿਉਂ ਥਿਰਕਦੀ ਜਾ ਰਹੀ ਹੈ? ਹੌਲੀ ਹੌਲੀ ਪਿਛਲੇ ਕੁਝ ਅਰਸੇ ਤੋਂ ਇੱਕ ਵਿਚਾਰ ਚਰਚਾ ਅਧੀਨ ਹੈ ਕਿ ਇਹ ਇੱਕ ਅਜ਼ਾਦ ਹਸਤੀ ਵਾਲੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਅੱਜ ਕਿਉਂ ਆਪਣੀ ਹਸਤੀ ਤੋਂ ਸੁੰਗੜ ਗਈ ਹੈ ਤੇ ਸਿੱਖ ਕੌਮ ਦੇ ਸਵਾਲਾਂ ਦੀ ਪਾਤਰ ਵੀ ਬਣ ਚੁੱਕੀ ਹੈ। ੧੯੮੪ ਦੇ ਭਾਰਤੀ ਫੌਜੀ ਹਮਲੇ ਤੋਂ ਬਾਅਦ ਪੂਰੀ ਤਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਰਾਜਨੀਤਿਕ ਪ੍ਰਭਾਵ ਹੇਠ ਸਿਮਟਦੀ ਹੀ ਜਾ ਰਹੀ ਹੈ। ਇਸੇ ਰਾਜਨੀਤਿਕ ਪ੍ਰਭਾਵ ਸਦਕਾ ਇਸ ਸਿਰਮੌਰ ਸਿੱਖ ਸੰਸਥਾ ਦੀ ਕਾਰਜ਼ਗਾਰੀ ਤੇ ਵੱਡੇ ਸਵਾਲੀਆ ਚਿੰਨ ਲੱਗ ਰਹੇ ਹਨ। ਇਸਦੇ ਸਥਾਪਨਾ ਦਿਵਸ ਤੇ ਇਹ ਵਿਚਾਰ ਸਿੱਖ ਕੌਮ ਅੰਦਰ ਮੁੜ ਤੋਂ ਉਭਰਦੇ ਹਨ ਕਿ ਇਸ ਸਿਰਮੌਰ ਸਿੱਖ ਸੰਸਥਾ ਦੇ ਹੁੰਦਿਆ ਸਿੱਖ ਕੌਮ ਦੇ ਮੁੱਖ ਸੇਵਾਦਾਰ ਵੀ ਵੰਡੇ ਗਏ ਹਨ ਤੇ ਇਸਦੇ ਸਵੈਮਾਨ ਤੇ ਪ੍ਰਭਾਵ ਤੇ ਵੀ ਸਵਾਲੀਆ ਚਿੰਨ ਲੱਗ ਚੁੱਕਾ ਹੈ। ਇਥੋਂ ਤੱਕ ਕੇ ਸਿੱਖ ਕੌਮ ਦੀ ਹਸਤੀ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਜਿਸ ਰਾਹੀਂ ਗੁਰੂ ਸਾਹਿਬਾਨ ਦੇ ਗੁਰਪੁਰਬਾਂ ਦੀਆਂ ਤਰੀਕਾਂ ਤਹਿ ਕੀਤੀਆਂ ਗਈਆਂ ਸਨ, ਵੀ ਵਿਵਾਦਾਂ ਦੇ ਘੇਰੇ ਵਿੱਚ ਆ ਗਈਆ ਹਨ। ਮੁੜ ਤੋਂ ਡੇਰੇਵਾਦ ਦੇ ਪ੍ਰਭਾਵ ਹੇਠਾਂ ਨਾਨਕਸ਼ਾਹੀ ਕੈਲੰਡਰ ਵੰਡਿਆ ਗਿਆ ਹੈ ਜਿਸ ਕਰਕੇ ਅੱਜ ਸਿੱਖ ਕੌਮ ਦੇ ਗੁਰਪੁਰਬ ਵੀ ਵੰਡੇ ਜਾ ਚੁੱਕੇ ਹਨ। ਕਈ ਸਾਲਾਂ ਤੋਂ ਤਾਂ ਪ੍ਰਮੁੱਖ ਗੁਰਪੁਰਬਾਂ ਦੀਆਂ ਤਾਰੀਕਾ ਇਸ ਸੰਸਥਾ ਦੇ ਕੈਲੰਡਰਾਂ ਅਨੁਸਾਰ ਹੈ ਹੀ ਨਹੀਂ ਹਨ। ਇਸ ਕਰਕੇ ਸਿੱਖ ਕੌਮ ਅੱਗੇ ਇਸ ਇਤਿਹਾਸਕ ਤੇ ਸਿਰਮੌਰ ਸੰਸਥਾ ਦਾ ਮੁੜ ਤੋਂ ਇਤਿਹਾਸ ਅਨੁਸਾਰ ਵਿਚਰਨਾ ਤੇ ਇਸਦੀ ਅਜ਼ਾਦ ਪ੍ਰਭੂਸੱਤਾ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਵਿਚਾਰ ਹੁਣ ਇਸਦੇ ਸਥਾਪਨਾ ਦਿਵਸ ਸਮੇਂ ਇੱਕ ਅਹਿਮ ਮੁੱਦਾ ਤੇ ਸਵਾਲ ਹੈ।