ਪਿਛਲੇ ੫ ਸਾਲ਼ਾਂ ਤੋਂ ਸੀਰੀਆ ਜੰਗ ਨਾਲ ਜੂਝ ਰਿਹਾ ਹੈ। ੫ ਸਾਲ ਪਹਿਲ਼ਾਂ ਅਰਬ ਜਗਤ ਵਿੱਚ ਸ਼ੁਰੂ ਹੋਏ ਜਮਹੂਰੀ ਇਨਕਲਾਬਾਂ ਦਾ ਭਿਆਨਕ ਰੂਪ ਸੀਰੀਆ ਵਿੱਚ ਪ੍ਰਗਟ ਹੋ ਰਿਹਾ ਹੈ। ਯੂਨਾਨ ਵਿੱਚ ਪੈਦਾ ਹੋਏ ਰੋਹ ਨੇ ਉ%ਥੇ ਮੁਸਲਿਮ ਬਰਦਰਹੁੱਡ ਦੀ ਸਰਕਾਰ ਨੂੰ ਸੱਤਾ ਵਿੱਚ ਲਿਆਂਦਾ ਪਰ ਬਹੁਤ ਛੇਤੀ ਹੀ ਦੇਸ਼ ਦੀ ਕਰਤਾ ਧਰਤਾ ਫੌਜ ਨੇ ਉਸ ਮੁਲਕ ਨੂੰ ਫਿਰ ਆਪਣੇ ਕਬਜੇ ਹੇਠ ਕਰ ਲਿਆ ਹੈ। ਕਰਨਲ ਗਦਾਫੀ ਨੂੰ ਕੌਮਾਂਤਰੀ ਫੌਜਾਂ ਦੇ ਦਬਾਅ ਨਾਲ ਕਤਲ ਕਰ ਦਿੱਤਾ ਗਿਆ ਅਤੇ ਬਹਿਰੀਨ ਵਿੱਚ ਪੈਦਾ ਹੋਏ ਵਿਦਰੋਹ ਨੂੰ ਸਖਤੀ ਨਾਲ ਦਬਾਅ ਦਿੱਤਾ ਗਿਆ। ਇਸ ਵੇਲੇ ਯਮਨ ਅਤੇ ਸੀਰੀਆ ਭਿਆਨਕ ਜੰਗ ਨਾਲ ਜੂਝ ਰਹੇ ਹਨ।

ਸੀਰੀਆ ਦੀ ਜੰਗ ਵਿੱਚ ਲੱਖਾਂ ਬੱਚੇ, ਬੁੱਢੇ ਅਤੇ ਔਰਤਾਂ ਮਾਰੀਆਂ ਜਾ ਚੁੱਕੀਆਂ ਹਨ। ਸ਼ਹਿਰਾਂ ਦੇ ਸ਼ਹਿਰ ਖੰਡਰ ਬਣ ਗਏ ਹਨ। ਜੋ ਰੱਬ ਦੀ ਕਿਰਪਾ ਨਾਲ ਬਚੇ ਵੀ ਹਨ ਉਹ ਏਨੇ ਭਿਆਨਕ ਹਾਲਾਤ ਵਿੱਚ ਰਹਿ ਰਹੇ ਹਨ ਕਿ ਪਲ ਪਲ ਕਰਕੇ ਮਰ ਰਹੇ ਹਨ। ਜੋ ਗੋਲੀਆਂ ਨਾਲ ਮਰਨੋ ਬਚ ਗਏ ਉਹ ਭੁੱਖ ਨਾਲ ਮਰ ਰਹੇ ਹਨ। ਛੋਟੇ ਛੋਟੇ ਬੱਚੇ ਯਤੀਮ ਹੋ ਗਏ ਹਨ ਅਤੇ ਸਹਿਮ ਦੇ ਸਾਏ ਹੇਠ ਗਲੀਆਂ ਵਿੱਚ ਘੁੰਮ ਰਹੇ ਹਨ। ਉਨ੍ਹਾਂ ਨੂੰ ਕੁਝ ਨਹੀ ਪਤਾ ਕੀ ਹੋ ਰਿਹਾ ਹੈ, ਸਾਡੇ ਮਾਂ-ਬਾਪ ਕਿੱਥੇ ਚਲੇ ਗਏ ਹਨ। ਉਨ੍ਹਾਂ ਦਾ ਕੀ ਭਵਿੱਖ ਹੋਵੇਗਾ। ਕੌਣ ਉਨ੍ਹਾਂ ਦੇ ਸਿਰ ਤੇ ਮਾਂ ਬਾਪ ਦੀ ਛਾਂ ਕਰੇਗਾ? ਜਿਹੜੇ ਜਖਮੀ ਹੋ ਗਏ ਹਨ ਉਨ੍ਹਾਂ ਦੇ ਇਲਾਜ ਲਈ ਕੋਈ ਪ੍ਰਬੰਧ ਨਹੀ ਹੈ।

ਮੁਲਕ ਦਾ ਸਾਰਾ ਢਾਂਚਾ ਖਤਮ ਹੋ ਕੇ ਰਹਿ ਗਿਆ ਹੈ। ਸਿਰਫ ਰਾਜਧਾਨੀ ਡਮਸਕਸ ਦੇ ਆਲੇ ਦੁਆਲੇ ਹੀ ਜਿੰਦਗੀ ਚਹਿਕ ਰਹੀ ਹੈ ਬਾਕੀ ਸਾਰਾ ਮੁਲਕ ਤਬਾਹ ਹੋ ਰਿਹਾ ਹੈ। ਵੱਡੀਆਂ ਤਾਕਤਾਂ ਦੇ ਦਖਲ ਦੇ ਬਾਵਜੂਦ ਹਾਲਾਤ ਦਿਨੋ ਦਿਨ ਵਿਗੜ ਰਹੇ ਹਨ। ਰੂਸ ਦੇ ਇਸ ਜੰਗ ਵਿੱਚ ਸ਼ਾਮਲ ਹੋ ਜਾਣ ਨਾਲ ਹੁਣ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਨੂੰ ਕਾਰਵਾਈਆਂ ਕਰਨੀਆਂ ਔਖੀਆਂ ਹੋ ਗਈਆਂ ਹਨ। ਨਾਟੋ ਦਾ ਰੋਲ ਸੁੰਗੜ ਕੇ ਰਹਿ ਗਿਆ ਹੈ ਕਿਉਂਕਿ ਰੂਸ ਅੱਤਵਾਦ ਨੂੰ ਖਤਮ ਕਰਨ ਦੇ ਨਾਅ ਤੇ ਸੀਰੀਆ ਦੀ ਜਾਇਜ ਵਿਰੋਧੀ ਧਿਰ ਦਾ ਵੀ ਸਫਾਇਆ ਕਰੀ ਜਾ ਰਿਹਾ ਹੈ। ਰੂਸ, ਪ੍ਰਧਾਨ ਅਸਾਦ ਨੂੰ ਹੀ ਦੇਸ਼ ਦੀ ਗੱਦੀ ਤੇ ਬਿਠਾਈ ਰੱਖਣਾਂ ਚਾਹੁੰਦਾ ਹੈ ਜਦੋਂ ਕਿ ਅਮਰੀਕਾ ਅਸਾਦ ਨੂੰ ਗੱਦੀ ਤੋਂ ਲਾਹ ਕੇ ਆਪਣੀ ਹਮਾਇਤੀ ਧਿਰ ਨੂੰ ਕਾਬਜ ਕਰਵਾਉਣਾਂ ਚਾਹੁੰਦਾ ਹੈ। ਵਿਰੋਧੀ ਧਿਰ ਨੂੰ ਅਮਰੀਕਾ ਅਤੇ ਉਸਦੇ ਸਾਥੀਆਂ ਵੱਲੋਂ ਹਥਿਆਰ, ਪੈਸਾ, ਟਰੇਨਿੰਗ ਅਤੇ ਡਿਪਲੋਮੈਟਿਕ ਸਹਾਇਤਾ ਦਿੱਤੀ ਜਾ ਰਹੀ ਹੈ ਪਰ ਇਸਦੇ ਬਾਵਜੂਦ ਵੀ ਪ੍ਰਧਾਨ ਅਸਾਦ ਦੀ ਵਿਰੋਧੀ ਧਿਰ ਆਪਣੇ ਪੈਰ ਜਮਾਉਣ ਵਿੱਚ ਕਾਮਯਾਬ ਨਹੀ ਹੋ ਸਕੀ। ਕਿਉਂਕਿ ਉਸ ਕੋਲ ਏਨੇ ਫੌਜੀ ਨਹੀ ਹਨ ਜੋ ਅਮਰੀਕੀ ਬੰਬਾਰੀ ਤੋ ਬਾਅਦ ਧਰਤੀ ਤੇ ਕਬਜਾ ਜਮਾਕੇ ਰੱਖ ਸਕਣ।

ਦੂਜੇ ਪਾਸੇ ਅਲ-ਨੁਸਰਾ ਅਤੇ ਆਈ.ਐਸ ਨੇ ਆਪਣਾਂ ਅਧਾਰ ਮਜਬੂਤ ਕਰ ਲਿਆ ਹੈ। ਅਮਰੀਕਾ ਨੂੰ ਹੁਣ ਸੀਰੀਆ ਦੀ ਸਰਕਾਰ ਅਤੇ ਅੱਤਵਾਦੀ ਜਥੇਬੰਦੀਆਂ ਨਾਲ ਲੜਾਈ ਲੜਨੀ ਪੈ ਰਹੀ ਹੈ।

ਤੁਰਕੀ ਅਤੇ ਹੋਰ ਅਰਬ ਤਾਕਤਾਂ ਦੀ ਸਹਾਇਤਾ ਨਾਲ ਅਮਰੀਕਾ ਬਾਜੀ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਹਾਲ ਦੀ ਘੜੀ ਕਿਸੇ ਪਾਸੇ ਸਫਲਤਾ ਨਹੀ ਮਿਲ ਰਹੀ।ਪਿਛਲੇ ਦਿਨੀ ਮਿਊਨਿਖ ਵਿੱਚ ਹੋਈ ਵੱਡੀਆਂ ਤਾਕਤਾਂ ਦੀ ਮੀਟਿੰਗ ਵਿੱਚ ਵੀ ਕਿਸੇ ਹੱਲ ਤੇ ਨਹੀ ਪਹੁੰਚਿਆ ਜਾ ਸਕਿਆ ਕਿਉਂਕਿ ਰੂਸ ਪ੍ਰਧਾਨ ਅਸਾਦ ਨੂੰ ਹੀ ਦੇਸ਼ ਦੀ ਵਾਗਡੋਰ ਸੌਂਪਣੀ ਚਾਹੁੰਦਾ ਹੈ, ਪ੍ਰਧਾਨ ਅਸਾਦ ਨੇ ਵੀ ਆਪਣੀ ਤਾਜ਼ਾ ਇੰਟਰਵਿਊ ਵਿੱਚ ਸਮੁੱਚੇ ਦੇਸ਼ ਤੇ ਕਬਜਾ ਜਮਾਉਣ ਦਾ ਐਲਾਨ ਕਰ ਦਿੱਤਾ ਹੈ। ਕੋਬਾਨੀ ਅਤੇ ਅਲੈਪੋ ਤੇ ਫਿਰ ਭਿਆਨਕ ਬੰਬਾਰੀ ਹੋ ਰਹੀ ਹੈ।

ਵੱਡੀਆਂ ਤਾਕਤਾਂ ਦੀ ਇਸ ਭਿਆਨਕ ਜੰਗ ਵਿੱਚ ਸਭ ਤੋਂ ਜਿਆਦਾ ਦੁਖ ਆਮ ਮਨੁੱਖ ਦਾ ਹੋ ਰਿਹਾ ਹੈ ਜੋ ਮਰ ਰਿਹਾ ਹੈ, ਘਰੋਂ ਬੇਘਰ ਹੋ ਗਿਆ ਹੈ, ਸ਼ਰਨਾਰਥੀ ਬਣ ਗਿਆ ਹੈ। ਅਤੇ ਸਭ ਤੋਂ ਦਰਦਨਾਕ ਗੱਲ ਇਹ ਹੈ ਕਿ ਕੋਈ ਕੋਮਾਂਤਰੀ ਮੀਡੀਆ ਸੀਰੀਆ ਵਿੱਚ ਵੱਡੀਆਂ ਤਾਕਤਾਂ ਦੀ ਬੰਬਾਰੀ ਨਾਲ ਮਰ ਰਹੀ ਮਨੁੱਖਤਾ ਦੀ ਕਵਰੇਜ ਨਹੀ ਕਰ ਰਿਹਾ। ਕੋਈ ਲੋਕ ਰਾਏ ਪੈਦਾ ਨਹੀ ਹੋ ਰਹੀ ਹੁਣ। ਸ਼ਾਇਦ ਉਹ ਲੋਕ ਮਰਨ ਲਈ ਹੀ ਪੈਦਾ ਹੋਏ ਹਨ।
ਸੀਰੀਆ ਦੀ ਇਸ ਜੰਗ ਵਿੱਚ ਇਤਿਹਾਸ ਆਪਣੇ ਆਪ ਨੂੰ ਦੁਹਰਾਉਣ ਜਾ ਰਿਹਾ ਹੈ। ਸੀਰੀਆ ਕੌਮਾਂਤਰੀ ਰਾਜਨੀਤੀ ਦਾ ਨਵਾਂ ਅਫਗਾਨਿਸਤਾਨ ਬਣ ਰਿਹਾ ਹੈ ਅਤੇ ਤੁਰਕੀ ਨਵਾਂ ਪਾਕਿਸਤਾਨ। ਮਿਊਨਿਖ ਵਿੱਚ ਹੋਈ ਮੀਟਿੰਗ ਤੋਂ ਬਾਅਦ ਰੂਸ ਨੇ ਬੰਬਾਰੀ ਤੇਜ ਕਰ ਦਿੱਤੀ ਹੈ। ਤੁਰਕੀ ਅਤੇ ਸਾਉਦੀ ਅਰਬ ਸੀਰੀਆ ਵਿੱਚ ਆਪਣੀਆਂ ਫੌਜਾਂ ਭੇਜਣ ਦਾ ਮਨ ਬਣਾ ਰਹੇ ਹਨ ਤਾਂ ਕਿ ਧਰਤੀ ਤੇ ਕਬਜਾ ਕੀਤਾ ਜਾ ਸਕੇ।

ਇਹ ਪੋਸਟ-ਮਾਡਰਨ ਯੁਗ ਦੀ ਕਹਾਣੀ ਹੈ। ੨੧ਵੀਂ ਸਦੀ ਦੀ ਜਿੱਥੇ ਹਾਲੇ ਵੀ ਦੇਸ਼ਾਂ ਦੀ ਹੋਂਦ ੧੮ਵੀਂ ਸਦੀ ਵਾਂਗ ਹਥਿਆਰਾਂ ਦੇ ਜੋਰ ਨਾਲ ਹੀ ਕਾਇਮ ਰੱਖੀ ਜਾ ਰਹੀ ਹੈ। ਤਰੱਕੀ, ਵਿਕਾਸ, ਆਧੁਨਿਕਤਾ, ੨੧ਵੀਂ ਸਦੀ ਸਭ ਕਹਿਣ ਕਹਾਉਣ ਦੀਆਂ ਗੱਲ਼ਾਂ ਹਨ। ਤਸ਼ੱਦਦ ਵਿਰੋਧੀ ਸੰਧੀਆਂ, ਯੂ.ਐਨ.ਓ., ਮਨੁੱਖੀ ਅਧਿਕਾਰ ਸਭ ਇਸ ਜੰਗ ਦੀ ਭੇਟ ਹੋ ਰਹੇ ਹਨ।ਸੀਰੀਆ ਅਤੇ ਦੁਨੀਆਂ ਦਾ ਭਵਿੱਖ ਹਾਲੇ ਬਹੁਤ ਭਿਆਨਕ ਨਜ਼ਰ ਆ ਰਿਹਾ ਹੈ।